1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵੈਕਸੀਨ ਮੁਹਿਮ ਮੁਖੀ ਦੇ ਅਹੁਦੇ ਤੋਂ ਬਰਖ਼ਾਸਤਗੀ ਖ਼ਿਲਾਫ਼ ਡੈਨੀ ਫ਼ੋਰਟਿਨ ਦੀ ਅਪੀਲ ਖ਼ਾਰਜ

ਫ਼ੈਡਰਲ ਅਦਾਲਤ ਨੇ ਮੇਜਰ ਜਨਰਲ ਫ਼ੌਰਟਿਨ ਨੂੰ ਫ਼ੌਜ ਦੀ ਸ਼ਿਕਾਇਤ ਪ੍ਰਕਿਰਿਆ ਵਰਤਣ ਲਈ ਆਖਿਆ

18 ਅਗਸਤ 2021 ਨੂੰ, ਕਿਉਬੈਕ ਦੇ ਗੈਟਿਨੌ ਵਿਚ ਸਥਿਤ ਇੱਕ ਪੁਲਿਸ ਸਟੇਸ਼ਨ ਤੋਂ ਵਾਪਸ ਜਾਂਦੇ ਮੇਜਰ ਜਨਰਲ ਡੈਨੀ ਫ਼ੌਰਟਿਨ

18 ਅਗਸਤ 2021 ਨੂੰ, ਕਿਉਬੈਕ ਦੇ ਗੈਟਿਨੌ ਵਿਚ ਸਥਿਤ ਇੱਕ ਪੁਲਿਸ ਸਟੇਸ਼ਨ ਤੋਂ ਵਾਪਸ ਜਾਂਦੇ ਮੇਜਰ ਜਨਰਲ ਡੈਨੀ ਫ਼ੌਰਟਿਨ

ਤਸਵੀਰ: Justin Tang

RCI

ਕੈਨੇਡਾ ਦੀ ਫ਼ੈਡਰਲ ਕੋਰਟ ਦਾ ਕਹਿਣਾ ਹੈ ਕਿ ਮੇਜਰ ਜਨਰਲ ਡੈਨੀ ਫ਼ੌਰਟਿਨ ਦੇ ਦਾਅਵੇ, ਕਿ ਉਹਨਾਂ ਨੂੰ ਸਿਆਸੀ ਦਖ਼ਲਅੰਦਾਜ਼ੀ ਕਰਕੇ, ਵੈਕਸੀਨ ਮੁਹਿਮ ਮੁਖੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਦੇ ਖ਼ਿਲਾਫ਼ ਅਪੀਲ ਕਰਨ ਲਈ ਸਭ ਤੋਂ ਵਾਜਬ ਤਰੀਕਾ ਮਿਲਿਟਰੀ ਦੀ ਖ਼ੁਦ ਦੀ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਹੈ।

ਜਸਟਿਸ ਐਨੀ ਮੈਰੀ ਮੈਕਡੌਨਲਡ ਨੇ ਲਿਖਤ ਵਿਚ ਆਪਣਾ ਫ਼ੈਸਲਾ ਜਾਰੀ ਕਰਦਿਆਂ ਕਿਹਾ, ਕਿ ਡੈਨੀ ਫ਼ੌਰਟਿਨ ਨੇ ਫ਼ੌਜ ਦੇ ਮੈਂਬਰਾਂ ਲਈ ਮੌਜੂਦ ਨਿਪਟਾਰੇ ਦੀ ਵਿਸ਼ੇਸ਼ ਪ੍ਰਣਾਲੀ ਦਾ ਪੂਰਾ ਫ਼ਾਇਦਾ ਨਹੀਂ ਲਿਆ ਹੈ। 

ਜਸਟਿਸ ਮੈਕਡੌਨਲਡ ਨੇ ਕਿਹਾ, ਮੈਂ ਇਹੀ ਨਿਚੋੜ ਕੱਢਿਆ ਹੈ ਕਿ ਇਹ ਇੱਕ ਢੁੱਕਵਾਂ ਮਾਮਲਾ ਹੈ ਜਿਸ ਤੋਂ ਅਦਾਲਤ ਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਮੇਜਰ ਜਨਰਲ ਫ਼ੌਰਟਿਨ ਨੂੰ ਅਦਾਲਤੀ ਕਾਰਵਾਈ ਕਰਨ ਤੋਂ ਪਹਿਲਾਂ ਫ਼ੌਜ ਦੀ ਅੰਦਰੂਨੀ ਸ਼ਿਕਾਇਤ ਪ੍ਰਕਿਰਿਆ ਦਾ ਮੁਕੰਮਲ ਇਸਤੇਮਾਲ ਕਰਨਾ ਚਾਹੀਦਾ ਹੈ।

ਯਾਨੀ ਨਤੀਜੇ ਵੱਜੋਂ, ਜੱਜ ਨੇ ਫ਼ੈਡਰਲ ਵਕੀਲਾਂ ਦੇ ਪੱਖ ਵਿਚ ਫ਼ੈਸਲਾ ਸੁਣਾਉਂਦਿਆਂ, ਫ਼ੈਡਰਲ ਸਰਕਾਰ ਵੱਲੋਂ ਨਿਆਂਇਕ ਸਮੀਖਿਆ ਦੀ ਅਰਜ਼ੀ ਨੂੰ ਰੱਦ ਕਰਨ ਦੀ ਬੇਨਤੀ ਨੂੰ ਪਰਵਾਨ ਕਰ ਲਿਆ ਹੈ। 

ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਦੇ ਦੋ ਮਹੀਨਿਆਂ ਬਾਅਦ, ਪਿਛਲੇ ਮਈ ਮਹੀਨੇ ਵਿਚ ਡੈਨੀ ਫ਼ੌਰਟਿਨ ਨੂੰ ਵੈਕਸੀਨ ਮੁਹਿੰਮ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 

ਅਗਸਤ ਮਹੀਨੇ ਵਿਚ, ਦਹਾਕਿਆਂ ਪਹਿਲਾਂ ਕਥਿਤ ਤੌਰ ਤੇ ਵਾਪਰੇ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਮੇਜਰ ਜਨਰਲ ਡੈਨੀ ਫ਼ੌਰਟਿਨ ਨੂੰ ਚਾਰਜ ਕਰ ਦਿੱਤਾ ਗਿਆ ਸੀ। ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਸਾਲ 1988 ਦੌਰਾਨ ਵਾਪਰੀ ਸੀ, ਜਦੋਂ ਡੈਨੀ ਰੋਇਲ ਮਿਲਿਟਰੀ ਕਾਲਜ ਵਿਚ ਵਿਦਿਆਰਥੀ ਸਨ। 

ਅਹੁਦੇ ਤੋਂ ਹਟਾਏ ਜਾਣ ਖ਼ਿਲਾਫ਼ ਡੈਨੀ ਫ਼ੋਰਟਿਨ ਨੇ ਅਦਾਲਤ ਵਿਚ ਅਪੀਲ ਕੀਤੀ ਸੀ। ਉਹਨਾਂ ਦੇ ਵਕੀਲਾਂ ਦਾ ਦਾਅਵਾ ਸੀ ਕਿ ਡੈਨੀ ਨੂੰ ਸਿਆਸੀ ਸਾਜ਼ਿਸ਼ ਕਰਕੇ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਉਹ ਅਦਾਲਤ ਕੋਲੋਂ ਡੈਨੀ ਨੂੰ ਉਸੇ ਅਹੁਦੇ ‘ਤੇ ਵਾਪਸ ਰਖਾਉਣ ਜਾਂ ਕੋਈ ਹੋਰ ਹਮਰੁਤਬਾ ਅਹੁਦਾ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ। 

ਜੱਜ ਮੁਤਾਬਿਕ ਫ਼ੌਰਟਿਨ ਮਾਮਲਾ ਕੋਈ ‘ਅਸਾਧਾਰਨ ਪਰਿਸਥਿਤੀ’ ਨਹੀਂ

ਫ਼ੌਰਟਿਨ ਦੇ ਵਕੀਲਾਂ ਦਾ ਤਰਕ ਸੀ ਕਿ ਮਿਲਿਟ੍ਰੀ ਦੀ ਅੰਦਰੂਨੀ ਸ਼ਿਕਾਇਤ ਪ੍ਰਕਿਰਿਆ ਕਾਫ਼ੀ ਪੇਚੀਦਾ ਹੈ ਅਤੇ ਅਜਿਹੇ ਮਾਮਲਿਆਂ ਲਈ ਠੀਕ ਨਹੀਂ ਹੋਵੇਗੀ। 

ਪਰ ਜੱਜ ਇਸ ਗੱਲ ਨਾਲ ਅਸਹਿਮਤ ਹਨ। 

ਮੇਰੀ ਨਜ਼ਰ ਵਿਚ, ਮੇਜਰ ਜਨਰਲ ਫ਼ੌਰਟਿਨ ਦਾ ਅਹੁਦਾ ਅਤੇ ਸਿਆਸੀ ਦਖ਼ਲ ਦੇ ਇਲਜ਼ਾਮ ਕੋਈ ਅਸਾਧਾਰਨ ਪਰਿਸਥਿਤੀ ਨਹੀਂ ਹੈ ਜਿਸ ਵਿਚ ਫ਼ੌਜ ਦੀ ਅੰਦਰੂਨੀ ਪ੍ਰਕਿਰਿਆ ਨੂੰ ਬਾਈਪਾਸ ਕੀਤਾ ਜਾਵੇ

ਉਹਨਾਂ ਨੂੰ [ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ] ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਐਕਟਿੰਗ ਚੀਫ਼ ਔਫ਼ ਡਿਫ਼ੈਂਸ ਸਟਾਫ਼ ਦਾ ਸੀ

ਜਸਟਿਨ ਮੈਕਡੌਨਲਡ ਨੇ ਕਿਹਾ ਕਿ ਫ਼ੌਰਟਿਨ ਦੀ ਬਹਾਲੀ ਬਾਰੇ ਅਦਾਲਤ ਨੂੰ ਨਹੀਂ, ਕੈਨੇਡੀਅਨ ਆਰਮਡ ਫ਼ੋਰਸੇਜ਼ ਨੂੰ ਵਿਚਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਆਰਮਡ ਫ਼ੋਰਸੇਜ਼ ਨਾਲ ਜੁੜਿਆ ਮਾਮਲਾ ਹੈ ਅਤੇ ਇਸ ਦਾ ਨਿਪਟਾਰਾ ਅੰਦਰੂਨੀ ਪ੍ਰਕਿਰਿਆ ਰਾਹੀਂ ਹੀ ਹੋਣਾ ਚਾਹੀਦਾ ਹੈ। 

ਮੈਕਡੌਨਲਡ ਨੇ ਕਿਹਾ ਕਿ ਫ਼ੌਰਟਿਨ ਵੱਲੋਂ ਇਹ ਸਾਬਤ ਨਹੀਂ ਕੀਤਾ ਗਿਆ ਹੈ ਕਿ ਉਹਨਾਂ ਨੂੰ ਅਹੁਦੇ ਤੋਂ ਹਟਾਏ ਜਾਣ ਦਾ ਮਾਮਲਾ ਫ਼ੌਜੀ ਸ਼ਿਕਾਇਤ ਪ੍ਰਣਾਲੀ ਵਿਚ ਹੱਲ ਨਹੀਂ ਕੀਤਾ ਜਾ ਸਕਦਾ।

Mme Tam et MM Trudeau, LeBlanc et Fortin en conférence de presse.

10 ਦਸੰਬਰ 2020 ਨੂੰ, ਇੱਕ ਪ੍ਰੈਸ ਕਾਨਫ਼੍ਰੰਸ ਵਿਚ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਸੱਜੇ ਹੱਥ ਬੈਠੇ ਮੇਜਰ-ਜਨਰਲ ਡੈਨੀ ਫ਼ੌਰਟਿਨ। ਤਸਵੀਰ ਵਿਚ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਅਤੇ ਅੰਤਰ-ਸੂਬਾਈ ਮਾਮਲਿਆਂ ਦੇ ਮਿਿਨਸਟਰ ਡੌਮਿਨਿਕ ਲੇਬਲੌਂ ਵੀ ਦੇਖੇ ਜਾ ਸਕਦੇ ਹਨ।

ਤਸਵੀਰ: La Presse canadienne / Sean Kilpatrick

ਫ਼ੌਰਟਿਨ ਦੇ ਵਕੀਲਾਂ ਨੇ ਫ਼ਿਲਹਾਲ ਇਹ ਨਹੀਂ ਦੱਸਿਆ ਕਿ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾਵੇਗੀ ਜਾਂ ਨਹੀਂ। 

ਫੌ਼ਰਟਿਨ ਦੀ ਵਕੀਲ ਨਤਾਲੀਆ ਰੌਡਰਿਗਜ਼ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹਨ। 

ਅਸੀਂ ਮੇਜਰ ਜਰਨਲ ਫ਼ੌਰਟਿਨ ਬਾਰੇ ਫ਼ੈਸਲੇ ਦੀ ਸਮੀਖਿਆ ਕਰ ਰਹੇ ਹਾਂ ਤਾਂ ਕਿ ਅਗਲੇ ਕਦਮ ਨਿਰਧਾਰਿਤ ਕੀਤੇ ਜਾ ਸਕਣ। ਇਹ ਮੰਦਭਾਗਾ ਹੈ ਕਿ ਅਦਾਲਤ ਨੇ ਮੇਜਰ ਜਨਰਲ ਫੌ਼ਰਟਿਨ ਦੇ ਕੇਸ ਦੀ ਯੋਗਤਾ ਨਹੀਂ ਵਿਚਾਰੀ ਅਤੇ ਇਸ ਦੀ ਬਜਾਏ ਇਹ ਨਿਰਧਾਰਤ ਕੀਤਾ ਕਿ [ਫ਼ੌਜ ਦੀ ਅੰਦਰੂਨੀ] ਸ਼ਿਕਾਇਤ ਪ੍ਰਕਿਰਿਆ ਹੀ ਇੱਕ ਢੁੱਕਵਾਂ ਵਿਕਲਪ ਹੈ।

ਰੌਡਰਿਗਜ਼ ਦਾ ਕਹਿਣਾ ਹੈ ਕਿ ਉਹ ਅਤੇ ਉਹਨਾਂ ਦੇ ਮੁਵੱਕਲ ਦਾ ਮੰਨਣਾ ਹੈ, ਕਿ ਮਿਲਿਟ੍ਰੀ ਦੀ ਸ਼ਿਕਾਇਤ ਪ੍ਰਣਾਲੀ, ਫ਼ੌਜੀ ਕਮਾਂਡ ਦੇ ਇਖ਼ਤਿਆਰ ਤੋਂ ਬਾਹਰ ਲਿੱਤੇ ਗਏ ਫ਼ੈਸਲਿਆਂ ਨੂੰ ਰੱਦ ਨਹੀਂ ਕਰ ਸਕਦੀ ਅਤੇ ਫ਼ੌਜ ਦੀ ਪ੍ਰਣਾਲੀ ਦਾ ਉਹਨਾਂ ਮਿਨਿਸਟਰਾਂ ‘ਤੇ ਕੋਈ ਅਧਿਕਾਰ ਨਹੀਂ ਹੈ, ਜਿਹਨਾਂ ਨੇ ਫ਼ੌਰਟਿਨ ਨੂੰ ਅਹੁਦੇ ਤੋਂ ਪਾਸੇ ਕੀਤਾ ਹੈ।

ਮਰੇ ਬ੍ਰੂਸਟਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ