1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਫ਼ੈਡਰਲ ਪੱਧਰ ’ਤੇ ਸਿਆਸਤ ਤੋਂ ਬਾਅਦ ਪੰਜਾਬੀ ਮੂਲ ਦੇ ਅਮਰਜੀਤ ਸੋਹੀ ਹੁਣ ਮਿਉਂਸਿਪਲ ਪੱਧਰ ’ਤੇ ਸਰਗਰਮ

ਐਡਮੰਟਨ ਤੋਂ ਮੇਅਰ ਉਮੀਦਵਾਰ ਨੇ ਸੋਹੀ , ਸਿਟੀ ਨੂੰ ਬਿਹਤਰ ਸਹੂਲਤਾਂ ਦੇਣ ਦੇ ਵਾਅਦੇ

2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ ਸੋਹੀ 2015 ਤੋਂ 2019 ਤੱਕ ਮੰਤਰੀ ਰਹਿ ਚੁੱਕੇ ਹਨ I

2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ ਸੋਹੀ 2015 ਤੋਂ 2019 ਤੱਕ ਮੰਤਰੀ ਰਹਿ ਚੁੱਕੇ ਹਨ I

ਤਸਵੀਰ: ਸਰਬਮੀਤ ਸਿੰਘ

Sarbmeet Singh

ਫ਼ੈਡਰਲ ਪੱਧਰ 'ਤੇ ਸਰਗਰਮ ਸਿਆਸਤ ਤੋਂ ਬਾਅਦ ਪੰਜਾਬੀ ਮੂਲ ਦੇ ਸਾਬਕਾ ਮੰਤਰੀ ਅਮਰਜੀਤ ਸੋਹੀ ਮੁੜ ਤੋਂ ਮਿਉਂਸਿਪਲ ਪੱਧਰ ਦੀ ਸਿਆਸਤ ਵਿੱਚ ਸਰਗਰਮ ਹੋ ਰਹੇ ਹਨ I 2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ ਸੋਹੀ , 2015 ਤੋਂ 2019 ਤੱਕ ਮੰਤਰੀ ਰਹਿ ਚੁੱਕੇ ਹਨ I

ਸੋਹੀ 2019 ਵਿੱਚ ਚੋਣ ਹਾਰ ਗਏ ਸਨ I ਕੌਂਸਲਰ ਵਜੋਂ ਕੈਨੇਡੀਅਨ ਸਿਆਸਤ ਵਿੱਚ ਆਪਣੀ ਪਾਰੀ ਸ਼ੁਰੂ ਕਰਨ ਵਾਲੇ ਸੋਹੀ ਵੱਲੋਂ ਹੁਣ ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜੀ ਜਾ ਰਹੀ ਹੈ I ਉਹਨਾਂ ਨਾਲ ਸ਼ਹਿਰ ਦੀ ਸਿਆਸਤ ਅਤੇ ਸਮੱਸਿਆਵਾਂ ਆਦਿ ਬਾਰੇ ਗੱਲਬਾਤ ਕੀਤੀ ਗਈ I ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : 

ਤੁਹਾਡੇ ਕੋਲ ਫ਼ੈਡਰਲ ਪੱਧਰ 'ਤੇ ਸਿਆਸਤ ਦਾ ਤਜ਼ਰਬਾ ਹੈI ਫ਼ੈਡਰਲ ਤੋਂ ਬਾਅਦ ਮਿਉਂਸਿਪਲ ਸਿਆਸਤ ਵਿੱਚ ਵਾਪਸੀ I ਇਸਦਾ ਕੀ ਕਾਰਨ ਹੈ ?

ਮੇਰੇ ਕੋਲ ਮਿਉਂਸਿਪਲ ਤੋਂ ਇਲਾਵਾ ਫ਼ੈਡਰਲ ਸਿਆਸਤ ਦਾ ਵੀ ਤਜ਼ਰਬਾ ਹੈ I  ਮੈਨੂੰ ਲਗਦਾ ਹੈ ਕਿ ਮੇਰਾ ਇਹ ਤਜ਼ਰਬਾ ਸਿਟੀ ਦੇ ਕੰਮ ਆ ਸਕਦਾ ਹੈ I  ਇਕ ਕੌਂਸਲਰ ਵਜੋਂ 8 ਸਾਲ ਦੇ ਵਕਫ਼ੇ ਦੌਰਾਨ ਮੈਂ ਸਿਟੀ ਦੀਆਂ ਸਮੱਸਿਆਵਾਂ ਨੂੰ ਜਾਣਿਆ ਅਤੇ ਸ਼ਹਿਰ ਦੇ ਵੱਖ ਵੱਖ ਭਾਈਚਾਰਿਆਂ ਨਾਲ ਕੰਮ ਕੀਤਾ I  ਫ਼ੈਡਰਲ ਸਿਆਸਤ ਵਿੱਚ ਮੈਂ ਵੱਖ ਵੱਖ ਪ੍ਰੋਵਿੰਸਜ਼ ਨਾਲ ਕੰਮ ਕੀਤਾ I ਫ਼ੈਡਰਲ ਅਤੇ ਲੋਕਲ ਪੱਧਰ 'ਤੇ ਪਬਲਿਕ ਸਰਵਿਸ ਨੂੰ ਮੈਂ ਇੱਕੋ ਜਿਹਾ ਹੀ ਸਮਝਦਾ ਹਾਂ I  ਫ਼ੈਡਰਲ ਮਨਿਸਟਰ ਹੁੰਦੇ ਹੋਏ ਮੈਂ ਸੂਬੇ ਅਤੇ ਸ਼ਹਿਰ ਲਈ ਕਈ ਕੰਮ ਕੀਤੇ ਜਿੰਨ੍ਹਾਂ ਵਿੱਚ ਟ੍ਰਾਂਸ ਮਾਊਂਟੇਨ ਪਾਈਪਲਾਈਨ , ਪਾਣੀ ਦੀ ਨਿਕਾਸੀ ਅਤੇ ਰੇਲਵੇ ਲਈ ਫੰਡਿੰਗ ਪ੍ਰਮੁੱਖ ਹਨ I

ਤੁਹਾਡੇ ਮੁਤਾਬਿਕ ਸ਼ਹਿਰ ਦੀਆਂ ਕਿਹੜੀਆਂ ਮੁੱਖ ਸਮੱਸਿਆਵਾਂ ਹਨ ?

ਸਭ ਤੋਂ ਵੱਡਾ ਮਸਲਾ ਆਰਥਿਕ ਮੰਦਵਾੜੇ ਨੂੰ ਦੂਰ ਕਰਨ ਦਾ ਹੈ I  ਸਾਨੂੰ ਸ਼ਹਿਰ ਵਿੱਚ ਹੋਰ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ I  ਸ਼ਹਿਰ ਵਿੱਚ ਬੇਘਰੇ ਲੋਕਾਂ ਦਾ ਇਕ ਵੱਡਾ ਮਸਲਾ ਹੈ I ਨਸ਼ੇ ਦੀ ਸਮੱਸਿਆ ਵੀ ਕਾਫ਼ੀ ਗੰਭੀਰ ਹੈ ਜਿਸਨੂੰ ਦੂਰ ਕਰਨਾ ਇਕ ਚੁਣੌਤੀ ਹੈ I  ਸ਼ਹਿਰ ਵਿੱਚ ਏਸ਼ੀਅਨ- ਕੈਨੇਡੀਅਨਜ਼ ਪ੍ਰਤੀ ਵੱਧ ਰਿਹਾ ਨਸਲਵਾਦ ਵੀ ਚਿੰਤਾ ਦਾ ਵਿਸ਼ਾ ਹੈ I  ਇਸਤੋਂ ਇਲਾਵਾ ਵਾਤਾਵਰਨ ਤਬਦੀਲੀ ਅਤੇ ਸ਼ਹਿਰ ਨਿਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਬੱਸ ਸਰਵਿਸ, ਪਾਰਕ , ਲਾਇਬਰੇਰੀ ਆਦਿ ਸਹੂਲਤਾਂ ਵੀ ਪ੍ਰਮੁੱਖ ਮੁੱਦੇ ਹਨ I  

ਪੂਰੇ ਕੈਨੇਡਾ ਵਿੱਚ ਮਹਿੰਗੇ ਘਰ ਇਕ ਵੱਡਾ ਮੁੱਦਾ ਹਨ I ਫ਼ੈਡਰਲ ਚੋਣਾਂ ਵਿੱਚ ਵੀ ਇਸਦੀ ਕਾਫ਼ੀ ਚਰਚਾ ਰਹੀ I  ਕੀ ਤੁਹਾਨੂੰ ਲਗਦਾ ਹੈ ਕਿ ਐਡਮੰਟਨ ਵਰਗੇ ਸ਼ਹਿਰ ਵਿੱਚ ਵੀ ਆਉਂਦੇ ਸਾਲਾਂ ਵਿੱਚ ਇਹ ਮੁੱਦਾ ਉਭਰ ਸਕਦਾ ਹੈ ?

ਅੱਜ ਦੇ ਸਮੇਂ ਵਿੱਚ ਐਡਮੰਟਨ ਸ਼ਹਿਰ ਬਹੁਤ ਸਸਤਾ ਹੈ ਪਰ ਇਸਨੂੰ ਬਰਕਰਾਰ ਰੱਖਣਾ ਭਵਿੱਖ ਵਿੱਚ ਇਕ ਚੁਣੌਤੀ ਹੈ I  ਦੇਖਣਾ ਹੋਵੇਗਾ ਕਿ ਸਿਟੀ ਆਪਣੇ ਸਾਧਨਾਂ ਨੂੰ ਕਿਸ ਤਰੀਕੇ ਨਾਲ ਵਰਤਦੀ ਹੈ I  ਆਉਂਦੇ ਸਾਲਾਂ ਵਿੱਚ ਐਡਮੰਟਨ ਜਿਹੇ ਸ਼ਹਿਰ ਵਿੱਚ ਵੀ ਮਹਿੰਗੇ ਮਕਾਨ ਇਕ ਵੱਡਾ ਮੁੱਦਾ ਬਣ ਸਕਦੇ ਹਨ I

ਇਹ ਵੀ ਪੜੋ :

ਸ਼ਹਿਰ ਨਿਵਾਸੀਆਂ ਵੱਲੋਂ ਲੋਕਲ ਬੱਸ ਅਤੇ ਟਰੇਨ ਬਾਬਤ ਸ਼ਿਕਾਇਤ ਕੀਤੀ ਜਾਂਦੀ ਹੈ I ਤੁਸੀਂ ਸ਼ਹਿਰ ਦੀਆਂ ਇਹਨਾਂ ਸਹੂਲਤਾਂ ਨੂੰ ਕਿਵੇਂ ਦੇਖਦੇ ਹੋI

ਆਪਣੇ ਫ਼ੈਡਰਲ ਮਨਿਸਟਰ ਦੇ ਕਾਰਜਕਾਲ ਦੌਰਾਨ ਮੈਂ ਸ਼ਹਿਰ ਦੀ ਲੋਕਲ ਟਰੇਨ ਲਈ ਫੰਡਿੰਗ ਦਿੱਤੀ ਜਿਸ ਸਦਕਾ ਸ਼ਹਿਰ ਦੇ ਟ੍ਰਾਂਜ਼ਿਟ ਸਿਸਟਮ ਵਿੱਚ ਸੁਧਾਰ ਹੋਇਆ ਹੈ ਪਰ ਐਡਮੰਟਨ ਦਾ ਦੁਖਾਂਤ ਹੈ ਕਿ ਇੱਥੇ ਵਾਰ ਵਾਰ ਟ੍ਰਾਂਜ਼ਿਟ ਦਾ ਕੰਮ ਰੁੱਕਿਆ ਹੈ ਜਿਸ ਨਾਲ ਲੋਕਾਂ ਨੂੰ ਦਿੱਕਤ ਹੋਈ ਹੈ I  ਹੁਣ ਇਸ ਵਿੱਚ ਸੁਧਾਰ ਹੋ ਰਿਹਾ ਹੈ I  ਕੌਂਸਲ ਵੱਲੋਂ ਕੀਤੀਆਂ ਕੁਝ ਤਬਦੀਲੀਆਂ ਕਾਰਨ ਸ਼ਹਿਰ ਵਿੱਚ ਬੱਸ ਸੇਵਾ ਘਟੀ ਹੈ ਜਿਸ ਵਿੱਚ ਸੁਧਾਰ ਦੀ ਲੋੜ ਹੈ I  

ਸ਼ਹਿਰ ਵਿੱਚ ਕੰਮ ਕਰਦੇ ਛੋਟੇ ਵਪਾਰੀ , ਕੋਵਿਡ -19 ਤੋਂ ਪ੍ਰਵਾਭਿਤ ਹੋ ਰਹੇ ਹਨ I ਤੁਸੀਂ ਜੇਕਰ ਮੇਅਰ ਚੁਣੇ ਜਾਂਦੇ ਹੋ ਤਾਂ ਕੀ ਕਰੋਗੇ ?

ਸਿਟੀ ਦਾ ਇਹ ਫਰਜ਼ ਬਣਦਾ ਹੈ ਕਿ ਸ਼ਹਿਰ ਵਿੱਚ ਬਿਜ਼ਨਸ ਕਰਨਾ ਸੌਖਾ ਅਤੇ ਸਸਤਾ ਹੋਵੇ I  ਮੇਰੀ ਤਰਜੀਹ ਰਹੇਗੀ ਕਿ ਪਰਮਿਟ ਇਕ ਨਿਰਧਾਰਤ ਸਮੇਂ ਵਿੱਚ ਮਿਲੇ I  ਇਸਤੋਂ ਇਲਾਵਾ ਸਾਡਾ ਬਿਜ਼ਨਸ ਕਰਨ ਵਾਲਿਆਂ ਲਈ ਸਾਰੀਆਂ ਸਹੂਲਤਾਂ ਇੱਕੋ ਛੱਤ ਥੱਲੇ ਦੇਣ ਦਾ ਟੀਚਾ ਹੈ I  ਅਸੀਂ ਇਸ ਸੰਬੰਧੀ ਇਕ ਕਮੇਟੀ ਬਣਾਵਾਂਗੇ ਜੋ ਕਿ ਬਿਜ਼ਨਸ ਕਰਨ ਵਾਲਿਆਂ, ਸਿਟੀ ਕੌਂਸਲ ਅਤੇ ਫ਼ੈਡਰਲ ਸਰਕਾਰ ਨਾਲ ਰਾਬਤਾ ਰੱਖੇਗੀ I  

ਸ਼ਹਿਰ ਵਿੱਚ ਜ਼ੁਰਮ ਅਤੇ ਨਸ਼ਾ ਇਕ ਵੱਡੀ ਸਮੱਸਿਆ ਹੈ I  ਇਸਨੂੰ ਕਿਵੇਂ ਹੱਲ ਕਰੋਗੇ ?

ਸ਼ਹਿਰ ਵਿੱਚ ਮੈਂਟਲ ਹੈਲਥ ਅਤੇ ਬੇਘਰਾਂ ਦੀ ਸਮੱਸਿਆ ਹੈ ਜੋ ਕਿ ਹੋਰ ਛੋਟੇ ਮੋਟੇ ਜ਼ੁਰਮਾਂ ਨੂੰ ਜਨਮ ਦੇ ਰਹੀ ਹੈ I  ਇਸਦੀ ਰੋਕਥਾਮ ਲਈ ਘਰਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ ਨਾਲ ਨਸ਼ੇ 'ਤੇ ਰੋਕ ਲਗਾਉਣ ਦੀ ਲੋੜ ਹੈI ਸੰਗਠਿਤ ਅਪਰਾਧ ਨੂੰ ਰੋਕਣ ਨੂੰ ਪੁਲਿਸ ਕੰਮ ਕਰ ਰਹੀ ਹੈ I ਸਾਡੀ ਕੋਸ਼ਿਸ਼ ਰਹੇਗੀ ਕਿ ਪੁਲਿਸ ਦੇ ਸਾਧਨਾਂ ਨੂੰ ਬਚਾ ਕੇ ਹੋਰਨਾਂ ਅਪਰਾਧਾਂ ਨੂੰ ਰੋਕਣ 'ਤੇ ਲਗਾਇਆ ਜਾਵੇਗਾ ਤਾਂ ਜੋ ਇਸ ਸਭ ਨੂੰ ਠੱਲ ਪਾਈ ਜਾ ਸਕੇ I  

ਤੁਸੀਂ ਲਿਬਰਲ ਪਾਰਟੀ ਤੋਂ ਟਿਕਟ ਜਿੱਤ ਕੇ ਮੰਤਰੀ ਰਹਿ ਚੁੱਕੇ ਹੋ I ਪਾਰਟੀ ਇਕ ਵਾਰ ਫ਼ਿਰ ਤੋਂ ਸੱਤਾ ਵਿੱਚ ਹੈ I ਤੁਹਾਨੂੰ ਕੀ ਲਗਦਾ ਹੈ ਕਿ ਮਿਉਂਸਿਪਲ ਚੋਣਾਂ ਵਿੱਚ ਤੁਹਾਨੂੰ ਇਸਦਾ ਲਾਭ ਮਿਲੇਗਾ ?

ਮੈਂ ਸਮਝਦਾ ਹਾਂ ਕਿ ਮਿਉਂਸਿਪਲ ਪੱਧਰ ਦੀ ਸਿਆਸਤ ਵਿੱਚ ਕਿਸੇ ਵੀ ਪਾਰਟੀ ਦੀ ਕੋਈ ਦਖ਼ਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ I  ਮੈਂ ਆਪਣੇ ਤਜ਼ਰਬੇ ਵਿੱਚੋ ਸ਼ਹਿਰ ਲਈ ਪਲੈਟਫਾਰਮ ਤਿਆਰ ਕੀਤਾ ਹੈ I  ਸਾਡੇ ਪ੍ਰਚਾਰ ਵਿੱਚ ਵੀ ਕਿਸੇ ਪਾਰਟੀ ਦਾ ਕੋਈ ਦਖ਼ਲ ਨਹੀਂ ਹੈ I  ਇਹ ਜ਼ਰੂਰ ਹੈ ਕਿ ਮੈਂ ਆਪਣੇ ਫ਼ੈਡਰਲ ਸਿਆਸਤ ਦੇ ਤਜ਼ਰਬੇ ਵਿੱਚੋ ਸ਼ਹਿਰ ਲਈ ਵਧੇਰੇ ਫੰਡਿੰਗ ਲਿਆ ਸਕਦਾ ਹਾਂ I  

Sarbmeet Singh

ਸੁਰਖੀਆਂ