1. ਮੁੱਖ ਪੰਨਾ
  2. ਸਮਾਜ
  3. ਸੰਗਠਿਤ ਅਪਰਾਧ

ਬ੍ਰੈਂਪਟਨ ਵਿਚ ਗੱਡੀ ਲੁੱਟਣ ਅਤੇ ਸਮਾਨ ਚੋਰੀ ਕਰਨ ਦੇ ਇਲਜ਼ਾਮਾਂ ਹੇਠ ਤਿੰਨ ਜਣੇ ਗ੍ਰਿਫ਼ਤਾਰ

9 ਅਕਤੂਬਰ ਨੂੰ ਵਾਪਰੀ ਸੀ ਘਟਨਾ

Un véhicule de la police de Peel.

9 ਅਕਤੂਬਰ ਦੀ ਸ਼ਾਮ ਬ੍ਰੈਂਪਟਨ ਵਿਚ ਵਾਪਰੀ ਲੁੱਟ ਖੋਹ ਦੀ ਵਾਰਦਾਤ ਦੇ ਸਬੰਧ ਵਿਚ ਪੀਲ ਪੁਲਿਸ ਨੇ ਤਿੰਨ ਜਣੇ ਹਿਰਾਸਤ ਵਿਚ ਲਏ ਹਨ ਅਤੇ ਚੌਥੇ ਮਸ਼ਕੂਕ ਦੀ ਤਲਾਸ਼ ਜਾਰੀ ਹੈ।

ਤਸਵੀਰ: CBC News

Taabish Naqvi

ਬ੍ਰੈਂਪਟਨ ਵਿਚ ਬੀਤੇ ਸ਼ਨੀਵਾਰ ਸ਼ਾਮੀ 8 ਵਜੇ ਦੇ ਕਰੀਬ ਵਾਪਰੀ ਇੱਕ ਲੁੱਟ-ਖੋਹ ਦੀ ਵਾਰਦਾਤ ਵਿਚ ਪੁਲਿਸ ਅਧਿਕਾਰੀਆਂ ਨੇ ਤਿੰਨ ਨੌਜਵਾਨਾਂ ਨੂੰ ਚਾਰਜ ਕੀਤਾ ਹੈ। ਪੀਲ ਪੁਲਿਸ ਵੱਲੋਂ ਜਾਰੀ ਮੀਡੀਆ ਰਿਲੀਜ਼ ਮੁਤਾਬਕ ਇਸ ਮਾਮਲੇ ਵਿਚ 29 ਸਾਲ ਦੇ ਸਿਮਰਨਜੀਤ ਨਾਰੰਗ, 36 ਸਾਲ ਦੇ ਦਵਿੰਦਰ ਮਾਨ ਅਤੇ 27 ਸਾਲ ਦੇ ਆਦੀਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਗਿਆ ਹੈ। ਤਿੰਨੇ ਕਥਿਤ ਦੋਸ਼ੀ ਬ੍ਰੈਂਪਟਨ ਨਿਵਾਸੀ ਹਨ।

ਪੁਲਿਸ ਮੁਤਾਬਕ 9 ਅਕਤੂਬਰ ਦੀ ਸ਼ਾਮ ਅੱਠ ਵਜੇ ਦੇ ਕਰੀਬ, ਬ੍ਰੈਂਪਟਨ ਦੇ ਵਿਲੀਅਮਜ਼ ਪਾਰਕਵੇ ਅਤੇ ਐਲਬਰਨ ਮਰਕਲ ਡਰਾਇਵ ਇਲਾਕੇ ਵਿਚ ਪੀੜਤ ਆਪਣੀ ਕਾਰ ਵਿਚ ਜਾ ਰਹੇ ਸਨ। ਉਦੋਂ ਉਹਨਾਂ ਦੀ ਕਾਰ ਵਿਚ ਪਿੱਛੋਂ ਦੀ ਇੱਕ ਐਸ ਯੂ ਵੀ ਨੇ ਟੱਕਰ ਮਾਰੀ। ਬਾਅਦ ਵਿਚ ਪਤਾ ਲੱਗਾ ਕਿ ਜਿਸ ਵਾਹਨ ਨਾਲ ਟੱਕਰ ਮਾਰੀ ਗਈ ਸੀ, ਉਹ ਵੀ ਚੋਰੀ ਦਾ ਸੀ। 

ਆਪਣੀ ਸੁਰੱਖਿਆ ਦੀ ਚਿੰਤਾ ਕਰਦਿਆਂ ਪੀੜਤਾਂ ਨੇ ਆਪਣੀ ਕਾਰ ਭਜਾ ਲਈ, ਪਰ ਚਾਰ ਸ਼ੱਕੀ ਵਿਅਕਤੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਬੰਦੂਕ ਦਿਖਾਕੇ ਬਦਮਾਸ਼ੀ ਨਾਲ ਉਹਨਾਂ ਦੀ ਕਾਰ ਅਤੇ ਕਾਰ ਚ ਪਿਆ ਇਲੈਕਟ੍ਰਾਨਿਕ ਦਾ ਸਮਾਨ ਖੋਹ ਲਿਆ। 

ਸੈਂਟਰਲ ਰੌਬਰੀ ਬਿਊਰੌ, ਪੀਲ ਪੁਲਿਸ ਦੇ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੌ ਅਤੇ ਸਟ੍ਰੈਟਜਿਕ ਟੈਕਟੀਕਲ ਐਨਫ਼ੋਰਸਮੈਂਟ ਪੈਟਰੋਲ (STEP) ਦੇ ਸਾਂਝੇ ਜਤਨਾਂ ਕਰਕੇ, ਟੋਰੌਂਟੋ ਸ਼ਹਿਰ ਤੋਂ ਦੋ ਮਸ਼ਕੂਕ ਗ੍ਰਿਫ਼ਤਾਰ ਹੋਏ ਅਤੇ ਚੋਰੀ ਦਾ ਵਾਹਨ ਵੀ ਬਰਾਮਦ ਕੀਤਾ ਗਿਆ। ਤੀਜਾ ਮਸ਼ਕੂਕ ਬ੍ਰੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ। 

ਸਿਮਰਨਜੀਤ ਨਾਰੰਗ ਨੂੰ ਲੁੱਟ-ਖੋਹ ਅਤੇ ਦਵਿੰਦਰ ਮਾਨ ਤੇ ਆਦੀਸ਼ ਸਰਮਾ ਨੂੰ ਲੁੱਟ-ਖੋਹ ਅਤੇ ਚੋਰੀ ਦੀ ਸੰਪਤੀ ਰੱਖਣ ਦੇ ਮਾਮਲਿਆਂ ਲਈ ਚਾਰਜ ਕੀਤਾ ਗਿਆ ਹੈ। 

ਪੁਲਿਸ ਇਸ ਮਾਮਲੇ ਵਿਚ ਇੱਕ ਚੌਥੇ ਮਸ਼ਕੂਕ ਦੀ ਵੀ ਭਾਲ ਕਰ ਰਹੀ ਹੈ। 

ਚੋਰੀ ਕੀਤੇ ਗਏ ਸਾਮਾਨ ਵਿਚ ਐਪਲ ਦੇ ਕੰਪਿਊਟਰ ਅਤੇ ਆਈ ਫ਼ੋਨ ਵੀ ਸ਼ਾਮਲ ਹਨ। ਫ਼ਿਲਹਾਲ ਇਹ ਸਮਾਨ ਪੁਲਸ ਦੇ ਹੱਥ ਨਹੀਂ ਲੱਗਿਆ ਹੈ। ਪੁਲਿਸ ਨੇ ਲੋਕਾਂ ਨੂੰ ਵੀ ਯਾਦ ਦਵਾਇਆ ਹੈ ਕਿ ਉਹ ਔਨਲਾਇਨ ਪਲੈਟਫ਼ੌਰਮਜ਼ ਤੋਂ ਸੈਕੰਡ ਹੈਂਡ ਸਮਾਨ ਖ਼ਰੀਦਣ ਵੇਲੇ ਸਾਵਧਾਨ ਰਹਿਣ ਕਿਉਂਕਿ ਇਹ ਸਮਾਨ ਚੋਰੀ ਦਾ ਵੀ ਹੋ ਸਕਦਾ ਹੈ। 

 ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰੇ। 

Taabish Naqvi

ਸੁਰਖੀਆਂ