1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਉਨਟੇਰਿਉ ਵਿਚ ਵਿਦਿਆਰਥਣਾਂ ਨੂੰ ਮੁਫ਼ਤ ਉਪਲਬਧ ਕਰਵਾਏ ਜਾਣਗੇ ਮਾਹਵਾਰੀ ਉਤਪਾਦ

ਹਰ ਸਾਲ 6 ਮਿਲੀਅਨ ਉਤਪਾਦ ਸਕੂਲ ਬੋਰਡਾਂ ਨੂੰ ਮੁਹੱਈਆ ਕਰਵਾਏ ਜਾਣਗੇ

ਮਾਹਵਾਰੀ ਦੌਰਾਨ ਸੈਨਿਟਰੀ ਉਤਪਾਦਾਂ ਦੀ ਘਾਟ ਕਰਕੇ ਕਈ ਲੜਕੀਆਂ ਸਿੱਖਿਆ ਅਤੇ ਸਕੂਲ ਦੀਆਂ ਹੋਰ ਗਤੀਵਿਧੀਆਂ ਵਿਚ ਪੂਰੀ ਤਰ੍ਹਾਂ ਨਾਲ ਹਿੱਸਾ ਨਹੀਂ ਲੈ ਪਾਉਂਦੀਆਂ ਹਨ।

ਮਾਹਵਾਰੀ ਦੌਰਾਨ ਸੈਨਿਟਰੀ ਉਤਪਾਦਾਂ ਦੀ ਘਾਟ ਕਰਕੇ ਕਈ ਲੜਕੀਆਂ ਸਿੱਖਿਆ ਅਤੇ ਸਕੂਲ ਦੀਆਂ ਹੋਰ ਗਤੀਵਿਧੀਆਂ ਵਿਚ ਪੂਰੀ ਤਰ੍ਹਾਂ ਨਾਲ ਹਿੱਸਾ ਨਹੀਂ ਲੈ ਪਾਉਂਦੀਆਂ ਹਨ।

ਤਸਵੀਰ: Kate Bueckert

RCI

ਉਨਟੇਰਿਉ ਸਰਕਾਰ ਨੇ ਸ਼ੌਪਰਜ਼ ਡਰੱਗ ਮਾਰਟ ਨਾਲ ਇੱਕ ਵਿਸ਼ੇਸ਼ ਪਾਰਟਰਸ਼ਿਪ ਕੀਤੀ ਹੈ ਜਿਸ ਅਧੀਨ ਸੂਬੇ ਭਰ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਵਾਏ ਜਾਣਗੇ। 

ਸੂਬਾ ਸਰਕਾਰ ਵੱਲੋਂ ਜਾਰੀ ਇੱਕ ਨਿਊਜ਼ ਰਿਲੀਜ਼ ਮੁਤਾਬਕ, ਇਹ ਨਵੀਂ ਸਾਂਝੇਦਾਰੀ ਉੇਹਨਾਂ ਵਿਦਿਆਰਥਣਾਂ ਨੂੰ ਲਾਭ ਪਹੁੰਚਾਏਗੀ, ਜਿਹਨਾਂ ਨੂੰ ਮਾਹਵਾਰੀ ਉਤਪਾਦਾਂ ਦੀ ਜ਼ਰੂਰਤ ਹੈ, ਪਰ ਇਹਨਾਂ ਉਤਪਾਦਾਂ ਨੂੰ ਨਾ ਖ਼ਰੀਦ ਸਕਣ ਜਾਂ ਪ੍ਰਾਪਤ ਕਰ ਸਕਣ ਵਿਚ ਅਯੋਗ ਹੋਣ ਦੀ ਵਜ੍ਹਾ ਕਰਕੇ, ਵਿਦਿਆਰਥਣਾ ਸਕੂਲਾਂ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈ ਪਾ ਰਹੀਆਂ

ਇਸ ਸਮਝੌਤੇ ਅਧੀਨ ਸ਼ੌਪਰਜ਼ ਡਰੱਗ ਮਾਰਟ, ਉਨਟੇਰਿਉ ਦੇ ਸਕੂਲ ਬੋਰਡਾਂ ਨੂੰ ,ਘੱਟੋ ਘੱਟ ਅਗਲੇ ਤਿੰਨ ਸਾਲ ਤੱਕ, ਹਰ ਸਾਲ 6 ਮਿਲੀਅਨ ਮਾਹਵਾਰੀ ਉਤਪਾਦ ਮੁਫ਼ਤ ਮੁਹੱਈਆ ਕਰਵਾਏਗਾ। ਫ਼ਿਲਹਾਲ ਇਸ ਪਲਾਨ ਵਿਚ ਸੈਨਿਟਰੀ ਪੈਡਜ਼ ਹੀ ਸ਼ਾਮਲ ਹਨ, ਪਰ ਬਾਅਦ ਵਿਚ ਇਸ ਵਿਚ ਟੈਮਪੋਨਜ਼ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਸਕੂਲ ਬੋਰਡ ਜ਼ਰੂਰਤ ਮੁਤਾਬਕ ਇਹਨਾਂ ਉਤਪਾਦਾਂ ਨੂੰ ਵੰਡ ਸਕਣਗੇ।

ਸੂਬੇ ਦੇ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਰਿਲੀਜ਼ ਵਿਚ ਕਿਹਾ, ਨੌਜਵਾਨ ਆਗੂਆਂ ਦੀ ਸਕੂਲਾਂ ਵਿਚ ਜ਼ਬਰਦਸਤ ਹਿਮਾਇਤ ਤੋਂ ਬਾਅਦ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਮਾਹਵਾਰੀ ਉਤਪਾਦ ਕੋਈ ਲਗਜ਼ਰੀ ਨਹੀਂ ਸਗੋਂ ਬੁਨਿਆਦੀ ਜ਼ਰੂਰਤ ਹਨ

ਇਸ ਸਮਝੌਤੇ ਰਾਹੀਂ ਲੜਕੀਆਂ ਨੂੰ ਸਕੂਲਾਂ ਵਿਚ ਸੈਨਿਟਰੀ ਪੈਡਜ਼ ਉਪਲਬਧ ਕਰਵਾਉਣ ਦੀ ਰਾਹ ਵਿਚ ਆਉਂਦੀਆਂ ਰੁਕਾਵਟਾਂ ਦੂਰ ਹੋਣਗੀਆਂ

2019 ਵਿਚ, ਬੀਸੀ ਸੂਬਾ ਸਰਕਾਰ ਨੇ ਵੀ ਸਾਰੇ ਪਬਲਿਕ ਸਕੂਲਜ਼ ਦੇ ਵਾਸ਼ਰੂਮਾਂ ਵਿਚ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਵਾਉਣ ਨੂੰ ਲਾਜ਼ਮੀ ਕਰ ਦਿੱਤਾ ਸੀ। ਬੀਸੀ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਸੀ। ਇਸ ਤੋਂ ਬਾਅਦ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਸਰਕਾਰਾਂ ਨੇ ਵੀ ਇਸ ਨੀਤੀ ਨੂੰ ਅਪਨਾਇਆ ਸੀ।

ਬਲੀਡ ਦ ਨੌਰਥ ਅਤੇ ਟੋਰੌਂਟੋ ਯੂਥ ਕੈਬਿਨੇਟ ਵਰਗੇ ਕਈ ਗਰੁੱਪਾਂ ਵੱਲੋਂ ਵੀ, ਲੰਬੇ ਸਮੇਂ ਤੋਂ ਉਨਟੇਰਿਉ ਸਰਕਾਰ ਵੱਲੋਂ ਇਹ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। 

ਟੋਰੌਂਟੋ ਯੂਥ ਕੈਬਿਨੇਟ ਨੇ 8 ਮਾਰਚ ਨੂੰ ਮਿਨਿਸਟਰ ਲੈਚੇ ਨੂੰ ਇੱਕ ਪੱਤਰ ਭੇਜਕੇ ਦੱਸਿਆ ਸੀ ਕਿ ਵੱਡੀ ਗਿਣਤੀ ਵਿਚ ਲੜਕੀਆਂ ਮਾਹਵਾਰੀ ਉਤਪਾਦ ਖ਼ਰੀਦਣ ਲਈ ਜੱਦੋ ਜਹਿਦ ਕਰਦੀਆਂ ਹਨ। 

ਪਲਾਨ ਇੰਟਰਨੈਸ਼ਨਲ ਕੈਨੇਡਾ ਰਿਪੋਰਟ ਦਾ ਹਵਾਲਾ ਦਿੰਦਿਆਂ, ਇਸ ਗਰੁੱਪ ਨੇ ਕਿਹਾ ਸੀ ਕਿ ਸਰਵੇਖਣ ਵਿਚ ਸ਼ਾਮਲ, 25 ਸਾਲ ਤੋਂ ਘੱਟ ਉਮਰ ਦੀਆਂ 83 ਫ਼ੀਸਦੀ ਔਰਤਾਂ, ਮਾਹਵਾਰੀ ਉਤਪਾਦ ਪ੍ਰਾਪਤ ਕਰਨ ਵਿਚ ਅਸਮਰੱਥ ਹੋਣ ਕਰਕੇ, ਸਕੂਲ ਦੀਆਂ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈ ਪਾ ਰਹੀਆਂ ਹਨ। ਤਕਰੀਬਨ 70 ਫ਼ੀਸਦੀ ਨੇ ਕਿਹਾ ਸੀ, ਕਿ ਉਹਨਾਂ ਨੂੰ ਪੀਰੀਅਡਜ਼ ਦੌਰਾਨ ਕੰਮ ਜਾਂ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ।

ਐਨਡੀਪੀ ਵੱਲੋਂ ਯੋਜਨਾ ਦੀ ਤਾਰੀਫ਼ ਅਤੇ ਆਲੋਚਨਾ

ਉਨਟੇਰਿਉ ਐਨਡੀਪੀ ਦੀ ਐਜੁਕੇਸ਼ਨ ਕ੍ਰਿਟਿਕ ਮੈਰਿਟ ਸਟਾਇਲਜ਼ ਨੇ ਸਰਕਾਰ ਦੀ ਇਸ ਨਵੀਂ ਯੋਜਨਾ ਦੀ ਪ੍ਰਸ਼ੰਸਾ ਕਰਦਿਆਂ ਨਿੰਦਾ ਵੀ ਕੀਤੀ। 

ਸਟਾਇਲਜ਼ ਨੇ ਕਿਹਾ ਕਿ ਭਾਵੇਂ ਇਹ ਯੋਜਨਾ ਵਿਦਿਆਰਥੀਆਂ, ਸੰਸਥਾਵਾਂ ਅਤੇ ਸਕੂਲ ਬੋਰਡਾਂ ਦੀ ਜਿੱਤ ਹੈ, ਪਰ ਇਹ ਯੋਜਨਾ ਕਾਫ਼ੀ ਨਹੀਂ ਹੈ ਅਤੇ ਇਹ ਤਾਂ ਬਹੁਤ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ। 

ਉਹਨਾਂ ਕਿਹਾ, ਇਹ ਪਲਾਨ ਸਾਰੇ ਸਕੂਲਾਂ ਨੂੰ ਉਤਪਾਦਾਂ ਦੀ ਲੋੜੀਂਦੀ ਸਪਲਾਈ ਉਪਲਬਧ ਕਰਵਾਉਣ ਨੂੰ ਸੁਨਿਸ਼ਚਿਤ ਨਹੀਂ ਕਰਦਾ ਅਤੇ ਵਿਦਿਆਰਥਣਾਂ ਨੂੰ ਪੀਰੀਡਜ਼ ਦੇ ਉਤਪਾਦਾਂ ਵਿਚ ਲੋੜੀਂਦੀ ਚੋਣ ਵੀ ਉਪਲਬਧ ਨਹੀਂ ਕਰਵਾਈ ਗਈ ਹੈ

ਸਟਾਇਲਜ਼ ਨੇ ਤਕਰੀਬਨ ਤਿੰਨ ਸਾਲ ਪਹਿਲਾਂ ਸਕੂਲਾਂ ਵਿਚ ਮੁਫ਼ਤ ਮਾਹਵਾਰੀ ਉਤਪਾਦ ਮੁਹੱਈਆ ਕਰਵਾਉਣ ਬਾਬਤ ਇੱਕ ਮੋਸ਼ਨ ਪੇਸ਼ (ਨਵੀਂ ਵਿੰਡੋ) ਕੀਤਾ ਸੀ। 

ਉਹਨਾਂ ਲਿਖਿਆ, ਡਗ ਫ਼ੋਰਡ ਅਤੇ ਸਟੀਫ਼ਨ ਲੈਚੇ, ਜੂਨ 2019 ਵਿਚ ਮੇਰੇ ਵੱਲੋਂ ਪੇਸ਼ ਕੀਤਾ ਮੋਸ਼ਨ, ਪਾਸ ਕਰ ਸਕਦੇ ਸਨ….ਪਰ ਉਹ ਪੈਸਾ ਖ਼ਰਚ ਕਰਨਾ ਨਹੀਂ ਚਾਹੁੰਦੇ ਸਨ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ