- ਮੁੱਖ ਪੰਨਾ
- ਸਮਾਜ
- ਮੂਲਨਿਵਾਸੀ
ਜੇ ਜੋਇਸ ਇਚੈਕੁਆਨ ਗੋਰੀ ਹੁੰਦੀ ਤਾਂ ਅੱਜ ਉਹ ਜਿਊਂਦੀ ਹੁੁੰਦੀ : ਕਿਉਬੈਕ ਕੋਰੋਨਰ
ਪਤੀ ਨੇ ਕਿਹਾ ਕਿ ਜੋਇਸ "ਮੂਲਨਿਵਾਸੀ ਹੋਰ ਕਰਕੇ ਮਾਰੀ ਗਈ"

ਕਿਉਬੈਕ ਕੋਰੋਨਰ ਜੀਹੈਨ ਕੈਮਲ ਮੰਗਲਵਾਰ ਨੂੰ ਆਪਣੀ ਰਿਪੋਰਟ ਦੇ ਵੇਰਵੇ ਸਾਂਝੇ ਕਰਦਿਆਂ ਭਾਵੁਕ ਹੋ ਗਏ ਸਨ।
ਤਸਵੀਰ: Radio-Canada / Ivanoh Demers
ਮੂਲਨਿਵਾਸੀ ਔਰਤ ਜੋਇਸ ਇਚੈਕੁਆਨ ਦੀ ਮੌਤ ਦੀ ਜਾਂਚ ਕਰਨ ਵਾਲੀ ਕਿਉਬੈਕ ਦੀ ਕੋਰੋਨਰ ਨੇ ਕਿਹਾ ਹੈ ਕਿ ਜੇ ਜੋਇਸ ਗੋਰੀ ਨਸਲ ਦੀ ਹੁੰਦੀ ਤਾਂ ਅੱਜ ਉਹ ਜਿਊਂਦੀ ਹੁੰਦੀ।
28 ਸਤੰਬਰ 2020 ਨੂੰ, ਸੱਤ ਬੱਚਿਆਂ ਦੀ 37 ਸਾਲਾ ਮਾਂ ਜੋਇਸ ਇਚੈਕੁਆਨ ਨੇ, ਕਿਉਬੈਕ ਦੇ ਜੋਲਿਐਟ ਸ਼ਹਿਰ ਵਿਚ ਸਥਿਤ ਹਸਪਤਾਲ ਵਿਚ ਦਮ ਤੋੜਿਆ ਸੀ। ਉਹ ਫ਼ੇਫ਼ੜਿਆਂ ਨਾਲ ਸਬੰਧਤ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਹੋਈ ਸੀ। ਜੋਇਸ ਇਚੈਕੁਆਨ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਸੀ।
ਹਸਪਤਾਲ ਦੇ ਕਮਰੇ ਚੋਂ ਜੋਇਸ ਨੇ ਆਪਣੀ ਇੱਕ ਵੀਡਿਉ ਬਣਾਕੇ ਪ੍ਰਸਾਰਿਤ ਕੀਤੀ ਸੀ ਜਿਸ ਵਿਚ ਕੁਝ ਨਰਸਾਂ ਉਸਦਾ ਅਪਮਾਨ ਕਰ ਰਹੀਆਂ ਸਨ ਅਤੇ ਮਜ਼ਾਖ਼ ਉਡਾ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਹੈਲਥ ਕੇਅਰ ਸਿਸਟਮ ਵਿਚ ਮੌਜੂਦ ਨਸਲਵਾਦ ਅਤੇ ਇਸਨੂੰ ਖ਼ਤਮ ਕਰਨ ਦੀ ਚਰਚਾ ਸਰਗਰਮ ਹੋ ਗਈ ਸੀ।
ਬੀਤੇ ਸ਼ੁੱਕਰਵਾਰ ਕੋਰੋਨਰ ਜੀਹੈਨ ਕੈਮਲ ਨੇ ਆਪਣੀ ਰਿਪੋਰਟ ਨਸ਼ਰ ਕਰਨ ਤੋਂ ਬਾਅਦ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਉਹਨਾਂ ਕਿਹਾ ਕਿ ਨਸਲਵਾਦ ਅਤੇ ਵਿਤਕਰਾ ਜੋਇਸ ਦੀ ਮੌਤ ਦਾ ਅਹਿਮ ਕਾਰਨ ਬਣੇ ਸਨ ਅਤੇ ਉਸਦੀ ਮੌਤ ਕੁਦਰਤੀ ਨਹੀਂ ਸਗੋਂ ਇੱਕ ‘ਹਾਦਸਾ’ ਸੀ ਕਿਉਂਕਿ ਉਸਨੂੰ ਉਹ ਹੈਲਥ ਸੇਵਾ ਨਹੀਂ ਮਿਲੀ ਜਿਸ ਦੀ ਉਹ ਹੱਕਦਾਰ ਸੀ।
ਕੋਰੋਨਰ ਮੁਤਾਬਕ ਜੋਇਸ ਨੂੰ ਬਿਹਤਰ ਕੇਅਰ ਦੇ ਨਾਲ ਬਚਾਇਆ ਜਾ ਸਕਦਾ ਸੀ।
ਹਾਲਾਂਕਿ, ਇਹ ਸੁਣਨ ਵਿਚ ਕਾਫ਼ੀ ਮੁਸ਼ਕਿਲ ਹੋਵੇਗਾ, ਪਰ ਪੱਖਪਾਤ ਅਤੇ ਵਿਤਕਰੇ [ਹੈਲਥ ਕੇਅਰ ਸਟਾਫ਼ ਦੇ] ਵਾਲੇ ਇਸ ਸਿਸਟਮ ਨੇ ਸਥਿਤੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ
।
ਜੋਇਸ ਦੇ ਪਰਿਵਾਰ ਨੇ ਵੀ ਅੱਜ ਪੱਤਰਕਾਰਾਂ ਨਾਲ ਵੀ ਗੱਲ ਕੀਤੀ। ਜੋਇਸ ਦੇ ਪਤੀ ਕੈਰਲ ਡੂਬ ਨੇ ਕਿਹਾ ਕਿ ਜੋਇਸ "ਮੂਲਨਿਵਾਸੀ ਹੋਰ ਕਰਕੇ ਮਾਰੀ ਗਈ" ਹੈ।
ਕੈਰਲ ਨੇ ਕੋਰੋਨਰ ਦੇ ਕੰਮ ਦੀ ਵੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਾਡੇ ਦੁੱਖਾਂ ਦਾ ਨਿਵਾਰਨ ਸੱਚ ਨਾਲ ਹੋਵੇਗਾ , ਜਿਸ ਸੱਚ ਦਾ ਕੁਝ ਹਿੱਸਾ ਅੱਜ ਸਾਹਮਣੇ ਆਇਆ ਹੈ।

ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਜੋਇਸ ਇਚੈਕੁਆਨ ਦੀ ਮੌਤ ਦੀ ਕੋਰੋਨਰ ਵੱਲੋਂ ਜਾਂਚ ਕੀਤੀ ਗਈ ਸੀ ਜਿਸ ਵਿਚ ਪਤਾ ਲੱਗਿਆ ਕਿ ਜੋਇਸ ਦੀ ਮੌਤ ਦਾ ਵੱਡਾ ਕਾਰਨ ਨਸਲਵਾਦ ਅਤੇ ਪੱਖਪਾਤ ਸੀ।
ਤਸਵੀਰ: Facebook
ਕੋਰੋਨਰ ਕੈਮਲ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਜੋਇਸ ਨੂੰ ਨਸ਼ੇੜੀ ਵੀ ਗਰਦਾਨਿਆ ਗਿਆ ਸੀ ਜਦ ਕਿ ਉਸਦੇ ਨਸ਼ੇ ਕਰਨ ਦਾ ਕੋਈ ਸਬੂਤ ਨਹੀਂ ਹੈ।
ਕੈਮਲ ਨੇ ਕਈ ਸਿਫ਼ਾਰਸ਼ਾਂ ਕੀਤੀਆਂ ਹਨ ਜਿਹਨਾਂ ਵਿਚੋਂ ਸਭ ਤੋਂ ਅਹਿਮ ਸਿਫ਼ਾਰਿਸ਼ ਹੈ ਕਿ ਕਿਉਬੈਕ ਸਰਕਾਰ ਸਵੀਕਾਰ ਕਰੇ, ਕਿ ਸੂਬੇ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੈ।
ਨਿਊਜ਼ ਕਾਨਫ਼੍ਰੰਸ ਵਿਚ ਕੋਰੋਨਰ ਕੈਮਲ ਨੇ ਕਿਹਾ, ਸੰਸਥਾਗਤ ਨਸਲਵਾਦ ਦਾ ਭਾਵ ਇਹ ਨਹੀਂ ਹੈ ਕਿ ਸਿਸਟਮ ਵਿਚ ਮੌਜੂਦ ਹਰ ਸ਼ਖ਼ਸ ਨਸਲਵਾਦੀ ਹੈ। ਇਸ ਦਾ ਭਾਵ ਹੈ - ਕਿ ਸਿਸਟਮ- ਭਾਵੇਂ ਵਿਤਕਰੇ ਨੂੰ ਬਰਦਾਸ਼ਤ ਕਰਨ ਕਰਕੇ ਜਾਂ ਇਸ ਖਿਲਾਫ਼ ਕਾਰਵਾਈ ਨਾ ਕਰਨ ਕਰਕੇ - ਮੂਲਨਿਵਾਸੀ ਭਾਈਚਾਰਿਆਂ ਦੇ ਸ਼ੋਸ਼ਣ ਵਿਚ ਭਾਗੀਦਾਰ ਹੋ ਜਾਂਦਾ ਹੈ
।
ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਲਗਾਤਾਰ ਕਿਉਬੈਕ ਵਿਚ ਸੰਸਥਾਗਤ ਨਸਲਵਾਦ (systemic racism) ਦੇ ਮੌਜੂਦ ਹੋਣ ਤੋਂ ਇਨਕਾਰ ਕਰਦੇ ਰਹੇ ਹਨ।
ਕੋਰੋਨਰ ਕੈਮਲ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਕਿਉਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਦਾ ਕਹਿਣਾ ਹੈ ਕਿ ਉਹ ਨਹੀਂ ਮੰਨਦੇ ਕਿ ਸੂਬੇ ਦੇ ਅਦਾਰਿਆਂ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੈ।
ਤਸਵੀਰ: Radio-Canada / Sylvain Roy Roussel
ਮੰਗਲਵਾਰ ਪ੍ਰੀਮੀਅਰ ਲਿਗੋਅ ਨੇ ਇੱਕ ਵਾਰੀ ਫ਼ੇਰ ਆਪਣਾ ਪੁਰਾਣਾ ਰੁਖ਼ ਦੁਹਰਾਉਂਦਿਆਂ ਕਿਹਾ ਕਿ ਉਹਨਾਂ ਦੀ ਸੰਸਥਾਗਤ ਨਸਲਵਾਦ ਦੀ ਪਰਿਭਾਸ਼ਾ, ਕੋਰੋਨਰ ਕੈਮਲ ਦੀ ਪਰਿਭਾਸ਼ਾ ਨਾਲੋਂ ਮੁਖ਼ਤਲਿਫ਼ ਹੈ।
ਉਹਨਾਂ ਹੈਲਥ ਕੇਅਰ ਸਿਸਟਮ ਦਾ ਹਵਾਲਾ ਦਿੰਦਿਆਂ ਕਿਹਾ, ਕਿ ਕਿਸੇ ਸਟਾਫ਼ ਜਾਂ ਕੁਝ ਲੋਕਾਂ ਦੇ ਨਸਲਵਾਦੀ ਹੋਣ ਦਾ ਮਤਲਬ ਪੂਰੇ ਸਿਸਟਮ ਦਾ ਨਸਲਵਾਦੀ ਹੋਣਾ ਨਹੀਂ ਹੁੰਦਾ।
ਪ੍ਰੀਮੀਅਰ ਲਿਗੋਅ ਨੇ ਕਿਹਾ ਕਿ ਕਿਉਬੈਕ ਵਿਚ ਸੰਸਥਾਗਤ ਨਸਲਵਾਦ ਉਦੋਂ ਹੁੰਦਾ ਸੀ ਜਦੋਂ ਸੂਬੇ ਵਿਚ ਰੈਜ਼ੀਡੈਂਸ਼ੀਅਲ ਸਕੂਲ ਹੁੰਦੇ ਸਨ। ਪਰ ਹੁਣ ਸੂਬੇ ਵਿਚ ਸੰਸਥਾਗਤ ਨਸਲਵਾਦ ਦਾ ਕੋਈ ਪ੍ਰਮਾਣ ਨਹੀਂ ਹੈ।
ਪਰ ਨਾਲ ਹੀ ਉਹਨਾਂ ਕਿਉਬੈਕਰਜ਼ ਨੂੰ ਅਪੀਲ ਕੀਤੀ ਕਿ ਉਹ ਨਸਲਵਾਦ - ਸੰਸਥਾਗਤ ਹੈ ਜਾਂ ਨਹੀਂ - ਦੀ ਪਰਿਭਾਸ਼ਾ ਵਿਚ ਉਲਝਣ ਦੀ ਬਜਾਏ, ਨਸਲਵਾਦ ਦੇ ਖ਼ਿਲਾਫ਼ ਇੱਕਜੁੱਟ ਹੋਣ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ