1. ਮੁੱਖ ਪੰਨਾ
  2. ਅਦਾਲਤਾਂ ਅਤੇ ਅਪਰਾਧ
  3. ਮੂਲਨਿਵਾਸੀ

ਨਸਲਵਾਦ ਅਤੇ ਪੱਖਪਾਤ ਜੋਇਸ ਇਚੈਕੁਆਨ ਦੀ ਮੌਤ ਦਾ ਵੱਡਾ ਕਾਰਨ : ਕਿਉਬੈਕ ਕੋਰੋਨਰ

ਮੂਲਨਿਵਾਸੀ ਔਰਤ ਦੀ ਪਿਛਲੇ ਸਾਲ ਸਤੰਬਰ ਚ ਹੋਈ ਸੀ ਮੌਤ

Une image de Joyce Echaquan dans un cadre avec des fleurs.

ਜੋਇਸ ਨੇ ਆਪਣੇ ਆਖ਼ਰੀ ਪਲਾਂ ਵਿਚ ਹੌਸਪਿਟਲ ਦੇ ਕਮਰੇ ਚੋਂ ਇੱਕ ਬਣਾਈ ਵੀਡਿਉ ਸੀ ਜਿਸ ਵਿਚ ਇੱਕ ਨਰਸ ਜੋਇਸ ਦਾ ਅਪਮਾਨ ਕਰਦੀ ਦੇਖੀ ਜਾ ਸਕਦੀ ਹੈ।

ਤਸਵੀਰ: Radio-Canada / Jean-François Fortier

RCI

ਕਿਉਬੈਕ ਦੀ ਇੱਕ ਮੂਲਨਿਵਾਸੀ ਔਰਤ ਜੋਇਸ ਇਚੈਕੁਆਨ ਦੀ ਮੌਤ ਦੀ ਪੜਤਾਲ ਕਰ ਰਹੇ ਕੋਰੋਨਰ ਨੇ ਆਪਣੀ ਜਾਂਚ ਮੁਕੰਮਲ ਕਰਦਿਆਂ ਕਿਹਾ ਹੈ ਕਿ ਜੋਇਸ ਦੀ ਮੌਤ ਨਸਲਵਾਦ ਅਤੇ ਪੱਖਪਾਤ ਕਰਕੇ ਹੋਈ ਹੈ।

ਕੋਰੋਨਰ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਕਿਉਬੈਕ ਸਰਕਾਰ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਸਦੇ ਅਦਾਰਿਆਂ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੈ। 

28 ਸਤੰਬਰ 2020 ਨੂੰ, ਸੱਤ ਬੱਚਿਆਂ ਦੀ 37 ਸਾਲਾ ਮਾਂ ਜੋਇਸ ਇਚੈਕੁਆਨ ਨੇ, ਕਿਉਬੈਕ ਦੇ ਜੋਲਿਐਟ ਸ਼ਹਿਰ ਵਿਚ ਸਥਿਤ ਹਸਪਤਾਲ ਵਿਚ ਦਮ ਤੋੜਿਆ ਸੀ। ਉਹ ਫ਼ੇਫ਼ੜਿਆਂ ਨਾਲ ਸਬੰਧਤ ਬਿਮਾਰੀ ਕਾਰਨ ਹਸਪਤਾਲ ਵਿਚ ਭਰਤੀ ਹੋਈ ਸੀ। ਜੋਇਸ ਇਚੈਕੁਆਨ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨਾਲ ਸਬੰਧਤ ਸੀ। 

ਹਸਪਤਾਲ ਦੇ ਕਮਰੇ ਚੋਂ ਜੋਇਸ ਨੇ ਆਪਣੀ ਦਰਦ ਚ ਰੋਂਦਿਆਂ ਦੀ ਇੱਕ ਵੀਡਿਉ ਬਣਾਕੇ ਪ੍ਰਸਾਰਿਤ ਕੀਤੀ ਸੀ ਜਿਸ ਵਿਚ ਉਸਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੌਰਾਨ ਨਰਸਾਂ ਉਸਦਾ ਅਪਮਾਨ ਕਰ ਰਹੀਆਂ ਸਨ ਅਤੇ ਮਜ਼ਾਖ਼ ਉਡਾ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਹੈਲਥ ਕੇਅਰ ਸਿਸਟਮ ਵਿਚ ਮੌਜੂਦ ਨਸਲਵਾਦ ਅਤੇ ਇਸਨੂੰ ਖ਼ਤਮ ਕਰਨ ਦੀ ਚਰਚਾ ਸਰਗਰਮ ਹੋ ਗਈ ਸੀ।

ਲੰਘੇ ਮੰਗਲਵਾਰ ਜੋਇਸ ਦੀ ਪਹਿਲੀ ਬਰਸੀ ਸੀ ਅਤੇ ਸੂਬੇ ਭਰ ਵਿਚ ਉਸਦੀ ਯਾਦ ਵਿਚ ਵਿਜਿਲ ਅਤੇ ਮੁਜ਼ਾਹਰੇ ਕਰਕੇ, ਸੂਬਾ ਸਰਕਾਰ ਨੂੰ ਅਦਾਰਿਆਂ ਵਿਚ ਮੌਜੂਦ ਸੰਸਥਾਗਤ ਨਸਲਵਾਦ ਨੂੰ ਸਵੀਕਾਰ ਕਰਨ ਦੀ ਮੰਗ ਕੀਤੀ ਗਈ। 

ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਲਗਾਤਾਰ ਕਿਉਬੈਕ ਵਿਚ ਸੰਸਥਾਗਤ ਨਸਲਵਾਦ (systemic racism) ਮੌਜੂਦ ਹੋਣ ਤੋਂ ਇਨਕਾਰ ਕਰਦੇ ਰਹੇ ਹਨ। 

ਕੋਰੋਨਰ ਜੀਹੈਨ ਕੈਮਲ ਦੀ ਰਿਪੋਰਟ ਦੀਆਂ ਮੁੱਖ ਸਿਫ਼ਾਰਸ਼ਾਂ ਵਿਚ ਸ਼ਾਮਲ ਹੈ ਕਿ ਸੂਬਾ ਸਰਕਾਰ ਸਵੀਕਾਰ ਕਰੇ ਕਿ ਸੂਬੇ ਵਿਚ ਸੰਸਥਾਗਤ ਨਸਲਵਾਦ ਮੌਜੂਦ ਹੈ ਅਤੇ ਇਸਦੇ ਖ਼ਾਤਮੇ ਲਈ ਲੋੜੀਂਦੇ ਕਦਮ ਵੀ ਉਠਾਏ ਜਾਣ। 

ਰਿਪੋਰਟ ਮੁਤਾਬਕ, ਭਾਵੇਂ ਜੋਇਸ ਇਚੈਕੁਆਨ ਦੀ ਮੌਤ ਇੱਕ ਹਾਦਸਾ ਸੀ - ਉਹ ਫ਼ੇਫ਼ੜਿਆਂ ਦੀ ਬਿਮਾਰੀ ਕਰਕੇ ਮਰੀ ਹੈ - ਪਰ ਨਸਲਵਾਦ ਅਤੇ ਪੱਖਪਾਤ ਨੇ ਉਸਦੀ ਮੌਤ ਵਿਚ ਭੂਮਿਕਾ ਨਿਭਾਈ ਹੈ। 

ਇਸ ਲਈ ਕੋਰੋਨਰ ਵੱਜੋਂ, ਇਹ ਮੇਰਾ ਫ਼ਰਜ਼ ਹੈ, ਕਿ ਮੇਰੀ ਸ਼ਕਤੀਆਂ ਅਧੀਨ, ਮੈਂ ਉਹ ਸਭ ਕਰਾਂ ਜਿਸ ਨਾਲ ਕਿਸੇ ਹੋਰ ਮੂਲਨਿਵਾਸੀ ਭਾਈਚਾਰੇ ਦੇ ਮੈਂਬਰ ਨੂੰ ਇਸ ਤਰ੍ਹਾਂ ਦੀ ‘ਕੇਅਰ’ ਤੋਂ ਬਚਾਇਆ ਜਾ ਸਕੇ ਜਿਹੋ ਜਿਹੀ ਜੋਇਸ ਇਚੈਕੁਆਨ ਨੂੰ ਦਿੱਤੀ ਗਈ ਸੀ

ਕੈਮਲ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ, ਕਿ ਜਿਹੜੀ ਨਰਸ ਅਤੇ ਮਰੀਜ਼ ਦੀ ਅਟੈਨਡੈਂਟ ਨੇ ਇਚੈਕੁਆਨ ਨਾਲ ਅਜਿਹਾ ਵਰਤਾਅ ਕੀਤਾ ਸੀ, ਉਹਨਾਂ ਨੇ ਕਿਸੇ ਕਿਸਮ ਦੇ ਨਸਲੀ ਵਿਤਕਰਾ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਬਾਕੀ ਸਟਾਫ਼, ਜਿਹਨਾਂ ਨੂੰ ਇਸ ਵੀਡਿਉ ਰਿਕਾਰਡਿੰਗ ਕੀਤੇ ਜਾਣ ਦਾ ਪਤਾ ਸੀ, ਉਹਨਾਂ ਨੇ ਵੀ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਸੀ। 

ਰਿਪੋਰਟ ਮੁਤਾਬਕ ਜੇ ਇਹ ਵਾਕਿਆ ਵੀਡਿਉ ਵਿਚ ਕੈਦ ਨਾ ਹੁੰਦਾ ਤਾਂ ਸ਼ਾਇਦ ਇਸ ਵੱਲ ਵੀ ਤਵੱਜੋ ਨਾ ਦਿੱਤੀ ਜਾਂਦੀ। 

ਜਦੋਂ ਮਈ ਮਹੀਨੇ ਵਿਚ ਇਹ ਜਾਂਚ ਮੁਕਮਮਲ ਹੋਈ ਸੀ ਤਾਂ ਕੈਮਲ ਨੇ ਵਾਅਦਾ ਕੀਤਾ ਸੀ ਕਿ ਇਸ ਮੂਲਨਿਵਾਸੀ ਔਰਤ ਦੀ ਮੌਤ ਜ਼ਾਇਆ ਨਹੀਂ ਜਾਏਗੀ। ਉਹਨਾਂ ਇਚੈਕੁਆਨ ਦੇ ਪਰਿਵਾਰ ਨੂੰ ਕਿਹਾ ਸੀ ਕਿ ਸੁਲ੍ਹਾ ਦੀ ਇਕ ਛੋਟੀ ਕ੍ਰਾਂਤੀ ਸ਼ੁਰੂ ਹੋ ਗਈ ਹੈ। 

Une femme assise dans une salle d'un palais de Justice.

ਕਿਉਬੈਕ ਕੋਰੋਨਰ ਜੀਹੈਨ ਕੈਮਲ

ਤਸਵੀਰ: Radio-Canada / Ivanoh Demers

ਜੋਇਸ ਦੀ ਮੌਤ ਤੋਂ ਬਾਅਦ ਐਟੀਕਾਮੇਕੂ ਮੂਲਨਿਵਾਸੀ ਭਾਈਚਾਰੇ ਨੇ ਸਰਕਾਰ ਨੂੰ ਜੋਇਸ ਸਿਧਾਂਤ (ਨਵੀਂ ਵਿੰਡੋ) ਦੇ ਰੂਪ ਵਿਚ, ਕੁਝ ਸਿਫ਼ਾਰਸ਼ਾਂ ਕੀਤੀਆਂ ਸਨ, ਜਿਹਨਾਂ ਦਾ ਉਦੇਸ਼ ਮੂਲਨਿਵਾਸੀ ਭਾਈਚਾਰਿਆਂ ਨੂੰ ਪੱਖਪਾਤ ਤੋਂ ਮੁਕਤ ਹੈਲਥ ਕੇਅਰ ਸੇਵਾਵਾਂ ਸੁਨਿਸ਼ਚਿਤ ਕੀਤੇ ਜਾਣ ਨੂੰ ਸੂਬਾਈ ਕਾਨੂੰਨ ਵਿਚ ਸ਼ਾਮਲ ਕਰਵਾਉਣਾ ਸੀ। 

ਸੂਬਾ ਸਰਕਾਰ ਨੇ ਇਸ ਜੋਇਸ ਸਿਧਾਂਤ ਦੀਆਂ ਤਜਵੀਜ਼ਾਂ ‘ਤੇ ਅਧਾਰਤ ਕਾਨੂੰਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਸਿਫ਼ਾਰਸ਼ਾਂ ਵਿਚ ‘ਸੰਸਥਾਗਤ ਨਸਲਵਾਦ’ ਦਾ ਜ਼ਿਕਰ ਸੀ। 

ਬੀਤੇ ਵੀਰਵਾਰ ਨੂੰ ਕੈਨੇਡਾ ਭਰ ਵਿਚ ਪਹਿਲਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਮਨਾਇਆ ਗਿਆ ਹੈ। ਪਰ ਪ੍ਰੀਮੀਅਰ ਲਿਗੋਅ ਨੇ ਇੱਕ ਵਾਰੀ ਫ਼ੇਰ ਦੁਹਰਾਇਆ ਹੈ ਕਿ ਉਹਨਾਂ ਦੀ ਸਰਕਾਰ ਜੋਇਸ ਸਿਧਾਂਤ ‘ਨੂੰ ਨਹੀਂ ਅਪਨਾਏਗੀ। 

ਬੁੱਧਵਾਰ ਨੂੰ ਪ੍ਰੀਮੀਅਰ ਲਿਗੋਅ ਨੇ ਕਿਹਾ ਸੀ, ਕਿਉਬੈਕ ਵਿਚ ਬਹੁਤ ਵੱਡੀ ਤਾਦਾਦ ਵਿਚ ਅਜਿਹੇ ਲੋਕ ਹਨ, ਜੋ ਕਹਿੰਦੇ ਹਨ ਕਿ ਕਿਉਬੈਕ ਦੇ ਸਿਸਟਮ ਵਿਚ ਨਸਲਵਾਦ ਨਹੀਂ ਹੈ

ਲੋਕ ਨਸਲਵਾਦੀ ਹੁੰਦੇ ਹਨ। ਪਰ ਇਸਦਾ ਮਤਲਬ ਇਹ ਨਹੀਂ ਕਿ ਪੂਰਾ ਸਿੱਖਿਆ ਸਿਸਟਮ, ਹੈਲਥ ਸਿਸਟਮ ਨਸਲਵਾਦੀ ਹਨ। ਮੈਨੂੰ [ਸਿਸਟਮ] ਅਜਿਹਾ ਨਹੀਂ ਲੱਗਦਾ। ਅਜਿਹੇ ਕਿਉਬੈਕਰਜ਼ ਵੀ ਹਨ ਜਿਹਨਾਂ ਨੂੰ ਲੱਗਦਾ ਹੈ ਕਿ ਸਿਸਟਮ ਨਸਲਵਾਦੀ ਹੈ। ਸਾਨੂੰ ਇਕ ਦੂਸਰੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਸਾਨੂੰ ਨਸਲਵਾਦ ਖ਼ਿਲਾਫ਼ ਲੜਾਈ ਵਿਚ ਮਿਲਕੇ ਕੰਮ ਕਰਨਾ ਹੋਵੇਗਾ।

ਐਂਟੋਨੀ ਨੈਰੈਸਟੈਂਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ