1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਵੀਂ ਸਰਕਾਰ ਦਾ ਪਹਿਲਾ ਫ਼ੋਕਸ ਫ਼ੈਡਰਲ ਮੁਲਾਜ਼ਮਾਂ ਅਤੇ ਯਾਤਰੀਆਂ ਦੀ ਲਾਜ਼ਮੀ ਵੈਕਸੀਨੇਸ਼ਨ : ਟ੍ਰੂਡੋ

ਕ੍ਰਿਸਟੀਆ ਫ੍ਰੀਲੈਂਡ ਹੀ ਨਵੀਂ ਫ਼ੈਡਰਲ ਕੈਬਿਨੇਟ ਵਿਚ ਫ਼ਾਇਨੈਂਸ ਮਿਨਿਸਟਰ ਹੋਣਗੇ

28 ਸਤੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਔਟਵਾ ਦੇ ਇੱਕ ਵੈਕਸੀਨ ਕਲਿਨਿਕ ਦਾ ਦੌਰਾ ਕੀਤਾ।

28 ਸਤੰਬਰ 2021 ਨੂੰ ਪ੍ਰਧਾਨ ਮੰਤਰੀ ਨੇ ਔਟਵਾ ਦੇ ਇੱਕ ਵੈਕਸੀਨ ਕਲਿਨਿਕ ਦਾ ਦੌਰਾ ਕੀਤਾ।

ਤਸਵੀਰ: (Sean Kilpatrick/The Canadian Press)

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਆਪਣੀ ਨਵੀਂ ਸਰਕਾਰ ਦੀਆਂ ਪੰਜ ਤਰਜੀਹਾਂ ਤਿਆਰ ਕੀਤੀਆਂ ਹਨ - ਜਿਹੜੀਆਂ ਸਾਰੀਆਂ ਹੀ ਕੋਵਿਡ ਮਹਾਮਾਰੀ ਤੋਂ ਨਜਿੱਠਣ ਨਾਲ ਹੀ ਸਬੰਧਤ ਹਨ।

ਔਟਵਾ ਇਲਾਕੇ ਦੇ ਇੱਕ ਵੈਕਸੀਨੇਸ਼ਨ ਕਲਿਨਿਕ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਟ੍ਰੁਡੋ ਨੇ ਕਿਹਾ ਕਿ ਹੁਣ ਸਰਕਾਰ ਦਾ ਫ਼ੋਕਸ ਫ਼ੈਡਰਲ ਮੁਲਾਜ਼ਮਾਂ ਅਤੇ ਯਾਤਰੀਆਂ ਦੀ ਲਾਜ਼ਮੀ ਵੈਕਸੀਨੇਸ਼ਨ ਵੱਲ ਹੋਵੇਗਾ, ਤਾਂ ਕਿ ਫ਼ੈਡਰਲ ਪਬਲਿਕ ਸਰਵੇਂਟਸ ਲਈ ਕੰਮ ਤੇ ਜਾਣ ਲੱਗਿਆਂ ਅਤੇ ਯਾਤਰੀਆਂ ਲਈ ਟ੍ਰੇਨ, ਜਹਾਜ਼ ਜਾਂ ਸ਼ਿਪ ‘ਚ ਸਫ਼ਰ ਕਰਨ ਤੋਂ ਪਹਿਲਾਂ ਕੋਵਿਡ ਵੈਕਸੀਨ ਲਏ ਹੋਣਾ ਜ਼ਰੂਰੀ ਹੋਵੇ। 

ਟ੍ਰੂਡੋ ਨੇ ਦੱਸਿਆ ਕਿ ਲਾਜ਼ਮੀ ਵੈਕਸੀਨੇਸ਼ਨ ਨੀਤੀ ਦੇ ਵੇਰਵਿਆਂ ਨੂੰ ਫ਼ਿਲਹਾਲ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ ਕਿਉਂਕਿ ਅਜੇ ਫ਼ੈਡਰਲ ਸਰਕਾਰ ਹਜ਼ਾਰਾਂ ਮੁਲਾਜ਼ਮਾਂ ਦੀਆਂ ਨੁਮਾਇੰਦਗੀ ਕਰਨ ਵਾਲੀਆਂ ਕਈ ਪਬਲਿਕ ਸੈਕਟਰ ਯੂਨੀਅਨਾਂ ਨਾਲ ਗੱਲਬਾਤ ਕਰ ਰਹੀ ਹੈ।  

ਟ੍ਰੂਡੋ ਨੇ ਆਉਂਦੇ ਹਫ਼ਤਿਆਂ ਵਿਚ ਸਫ਼ਰ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ : ਵੈਕਸੀਨ ਲਗਵਾਉ ਜਾਂ ਫ਼ੇਰ ਰੋਕਾਂ ਲਈ ਵੀ ਤਿਆਰ ਰਹੋ !

ਯੂ ਐਸ ਅਤੇ ਹੋਰ ਕਈ ਦੇਸ਼ਾਂ ਨੇ ਯਾਤਰੀਆਂ ਲਈ ਵੈਕਸੀਨੇਸ਼ਨ ਲਾਜ਼ਮੀ ਕਰ ਦਿੱਤੀ ਹੈ। ਟ੍ਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅੰਤਰਰਾਸ਼ਟਰੀ ਯਾਤਰਾ ਲਈ ਵੈਕਸੀਨ ਪਾਸਪੋਰਟ ਨੂੰ ਅੰਤਿਮ ਰੂਪ ਦੇ ਰਹੀ ਹੈ। ਕੈਨੇਡੀਅਨਜ਼ ਲਈ ਬੌਰਡਰ ਰੋਕਾਂ ਘਟਾਉਣ ਦੇ ਮਕਸਦ ਨਾਲ ਇਹ ਵੈਕਸੀਨ ਪਾਸਪੋਰਟ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। 

ਯੂ ਐਸ ਨੇ ਫ਼ਿਲਹਾਲ ਨਹੀਂ ਦੱਸਿਆ ਕਿ ਉਹ ਕਿਹੜੀਆਂ ਵੈਕਸੀਨਾਂ ਨੂੰ ਮੰਜ਼ੂਰੀ ਦਵੇਗਾ। ਇਸੇ ਕਰਕੇ ਇਹ ਅਨਿਸ਼ਚਿਤਤਾ ਉਹਨਾਂ ਕੁਝ ਲੋਕਾਂ ਲਈ ਫ਼ਿਕਰਮੰਦੀ ਦਾ ਵੀ ਕਾਰਨ ਹੈ, ਜਿਹਨਾਂ ਨੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਵੇਲੇ ਐਸਟ੍ਰਾਜ਼ੈਨੇਕਾ ਵੈਕਸੀਨ ਲਗਵਾਈ ਸੀ। 

ਟ੍ਰੂਡੋ ਨੇ ਇਹ ਵੀ ਦੱਸਿਆ ਕਿ ਕੈਨੇਡਾ ਦੀ ਨਵੀਂ ਫ਼ੈਡਰਲ ਕੈਬਿਨੇਟ ਵਿਚ ਫ਼ਾਇਨੈਂਸ ਮਿਨਿਸਟਰ ਦੇ ਅਹੁਦੇ ‘ਤੇ ਕ੍ਰਿਸਟੀਆ ਫ਼੍ਰੀਲੈਂਡ ਹੀ ਬਰਕਰਾਰ ਰਹਿਣਗੇ। ਨਾਲ ਹੀ ਫ਼੍ਰੀਲੈਂਡ, ਪਿਛਲੀ ਸਰਕਾਰ ਵਾਂਗ ਹੀ, ਇਸ ਸਰਕਾਰ ਵਿਚ ਵੀ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। 

ਟ੍ਰੂਡੋ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਨਵੀਂ ਕੈਬਿਨੇਟ ਅਕਤੂਬਰ ਮਹੀਨੇ ਦੀ ਹੀ ਕਿਸੇ ਤਾਰੀਖ਼ ਤੇ’ ਰਸਮੀ ਸਹੁੰ ਚੁੱਕੇਗੀ। ਟ੍ਰੂਡੋ ਨੇ ‘ਫ਼ੌਲ ਸੀਜ਼ਨ’ (ਸਤੰਬਰ ਤੋਂ ਨਵੰਬਰ) ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਦੀ ਵੀ ਗੱਲ ਆਖੀ ਹੈ। 

ਪ੍ਰਧਾਨ ਮੰਤਰੀ ਜਸਟਿਨ ਟ੍ਰੁਡੋ ਨੇ ਕਿਹਾ ਹੈ ਕਿ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨਵੀਂ ਫ਼ੈਡਰਲ ਕੈਬਿਨੇਟ ਵਿਚ ਵੀ ਆਪਣੇ ਇਸੇ ਅਹੁਦੇ ਤੇ ਬਣੇ ਰਹਿਣਗੇ।

ਪ੍ਰਧਾਨ ਮੰਤਰੀ ਜਸਟਿਨ ਟ੍ਰੁਡੋ ਨੇ ਕਿਹਾ ਹੈ ਕਿ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨਵੀਂ ਫ਼ੈਡਰਲ ਕੈਬਿਨੇਟ ਵਿਚ ਵੀ ਆਪਣੇ ਇਸੇ ਅਹੁਦੇ ਤੇ ਬਣੇ ਰਹਿਣਗੇ।

ਤਸਵੀਰ: (Sean Kilpatrick/The Canadian Press)

ਇਸ ਤੋਂ ਇਲਾਵਾ ਸਰਕਾਰ ਦੀਆਂ ਦੋ ਅਜਿਹੀਆਂ ਤਰਜੀਹਾਂ ਵੀ ਟ੍ਰੂਡੋ ਨੇ ਸਾਂਝੀਆਂ ਕੀਤੀਆਂ ਜਿਹਨਾਂ ਲਈ ਪਾਰਲੀਮੈਂਟ ਦੀ ਮੰਜ਼ੂਰੀ ਜ਼ਰੂਰੀ ਹੋ ਸਕਦੀ ਹੈ : ਪਹਿਲਾ, ਸੂਬੇ ਦੇ ਵੈਕਸੀਨ ਪ੍ਰਮਾਣ ਪ੍ਰੋਗਰਾਮਾਂ ਵਿਚ ਵਿੱਤੀ ਮਦਦ ਲਈ 1 ਬਿਲੀਅਨ ਡਾਲਰ ਦਾ ਫ਼ੰਡ ਅਤੇ ਦੂਸਰਾ, ਵੈਕਸੀਨ-ਵਿਰੋਧੀ ਗਰੁੱਪਾਂ ਵੱਲੋਂ ਹਸਪਤਾਲਾਂ ਦੇ ਬਾਹਰ ਅੜਿੱਕੇ ਡਾਹੁਣ ਵਰਗੇ ਮੁਜ਼ਾਹਰਿਆਂ ਦਾ ਅਪਰਾਧੀਕਰਣ ਕਰਨ ਲਈ ਕਾਨੂੰਨ ਬਣਾਉਣਾ। 

ਚੋਣ ਮੁਹਿੰਮ ਦੌਰਾਨ ਟ੍ਰੂਡੋ ਨੇ ਸੂਬਿਆਂ ਨੂੰ ਵਾਅਦਾ ਕੀਤਾ ਸੀ ਕਿ ਉਹ ਵੈਕਸੀਨ ਪ੍ਰਮਾਣ ਪ੍ਰਣਾਲੀ ਸ਼ੁਰੂ ਕਰਨ ਵਿਚ ਸੂਬਾ ਸਰਕਾਰਾਂ ਦੀ ਵਿੱਤੀ ਮਦਦ ਕਰਨਗੇ। ਉਹਨਾਂ ਕਿਹਾ ਸੀ ਕਿ ਜੇ ਕੋਈ ਸੂਬਾ ਚਾਹੁੰਦਾ ਹੈ ਕਿ ਕਿਸੇ ਰੈਸਟੋਰੈਂਟ, ਜਿਮ ਜਾਂ ਕਿਸੇ ਹੋਰ ਗ਼ੈਰ-ਜ਼ਰੂਰੀ ਦਾਇਰੇ ਵਿਚ ਆਉਂਦੇ ਕਾਰੋਬਾਰ ਵਿਚ ਜਾਣ ਵਾਲੇ ਲੋਕ, ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਵੈਕਸੀਨ ਲੱਗੇ ਹੋਣ ਦਾ ਸਬੂਤ ਦੇਣ, ਤਾਂ ਇਸ ਪ੍ਰਣਾਲੀ ਨੂੰ ਤਿਆਰ ਅਤੇ ਲਾਗੂ ਕਰਨ ਦਾ ਖ਼ਰਚਾ ਫ਼ੈਡਰਲ ਸਰਕਾਰ ਚੁੱਕੇਗੀ। 

ਟ੍ਰੂਡੋ ਨੇ ਕਿਹਾ, ਅਸੀਂ ਖ਼ਰਚਾ ਚੁੱਕਣ ਲਈ ਤਿਆਰ ਹਾਂ, ਕਿਉਂਕਿ ਇਸ ਨਾਲ ਲੋਕ ਵੈਕਸੀਨ ਲਗਵਾਉਣ ਲਈ ਉਤਸਾਹਿਤ ਹੋਣਗੇ ਅਤੇ ਜੋ ਵੈਕਸੀਨ ਲਗਵਾ ਚੁੱਕੇ ਹਨ, ਉਹ ਸੁਰੱਖਿਅਤ ਰਹਿਣਗੇ। ਇਸ ਮਹਾਮਾਰੀ ਤੋਂ ਮੁਕਤ ਹੋਣ ਦਾ ਇਹ ਇੱਕ ਅਹਿਮ ਜ਼ਰੀਆ ਹੈ

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ