1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚਾਂ ਦੀ ਭੂਮਿਕਾ ਲਈ ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ ਵੱਲੋਂ ਮੁਆਫ਼ੀ

ਪੋਪ ਫ਼੍ਰਾਂਸਿਸ ਕੋਲੋਂ ਵੀ ਮੁਆਫ਼ੀ ਮੰਗੇ ਜਾਣ ਦੀ ਮੰਗ ਤੇਜ਼ ਹੋਈ

A memorial for children who died at residential schools is seen at the Centennial Flame on Parliament Hill in Ottawa.

ਰੈਜ਼ੀਡੈਂਸ਼ੀਅਲ ਸਕੂਲਾਂ ਚ ਮਾਰੇ ਜਾਣ ਵਾਲੇ ਬੱਚਿਆਂ ਦੀ ਯਾਦ ਵਿਚ ਔਟਵਾ ਚ ਪਾਰਲੀਮੈਂਟ ਹਿੱਲ ਤੇ ਸਥਿਤ ਇੱਕ ਯਾਦਗਾਰੀ ਸਮਾਰਕ।

ਤਸਵੀਰ: La Presse canadienne / Justin Tang

RCI

ਕੈਨੇਡਾ ਵਿਚ ਕੈਥਲਿਕ ਪਾਦਰੀਆਂ ਦੀ ਰਾਸ਼ਟਰੀ ਸਭਾ, ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ (ਸੀ ਸੀ ਸੀ ਬੀ) ਨੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚ ਦੀ ਭੁਮਿਕਾ ਹੋਣ ਦੇ ਸਬੰਧ ਵਿਚ ਮੂਲਨਿਵਾਸੀ ਲੋਕਾਂ ਕੋਲੋਂ ਜਨਤਕ ਤੌਰ ਤੇ ਮੁਆਫ਼ੀ ਮੰਗੀ ਹੈ। 

ਪਰ ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ (ਏ ਐਫ਼ ਐਨ) ਦੀ ਨੈਸ਼ਨਲ ਚੀਫ਼ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣ ਤੋਂ ਬਾਅਦ ਚਰਚ ਨੂੰ ਹੁਣ ਠੋਸ ਕਾਰਵਾਈ ਵੀ ਕਰਨੀ ਚਾਹੀਦੀ ਹੈ। 

ਕੈਨੇਡਾ ਦੇ ਮੂਲਨਿਵਾਸੀ ਲੋਕਾਂ ਨੂੰ ਸੰਬੋਧਤ ਮੁਆਫ਼ੀਨਾਮੇ ਵਿਚ ਬਿਸ਼ਪਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਵੀਕਾਰ ਕਰਦੇ ਹਨ ਕਿ ਕੈਨੇਡਾ ਦੇ ਰੈਜ਼ੀਡੈਂਸੀਅਲ ਸਕੂਲਾਂ ਵਿਚ ਮੂਲਨਿਵਾਸੀਆਂ ਨੇ ਬਹੁਤ ਦੁੱਖ ਅਤੇ ਅਜ਼ਾਬ ਝੱਲਿਆ ਹੈ। 

ਬਿਆਨ ਮੁਤਾਬਕ, “ਬਹੁਤ ਸਾਰੇ ਕੈਥਲਿਕ ਧਰਮ ਦੇ ਭਾਈਚਾਰੇ ਅਤੇ ਡਾਇਸਿਸ ਇਸ ਪ੍ਰਣਾਲੀ ਦਾ ਹਿੱਸਾ ਸਨ, ਅਜਿਹੀ ਪ੍ਰਣਾਲੀ ਜਿਸ ਨੇ ਮੂਲਨਿਵਾਸੀ ਭਾਸ਼ਾਵਾਂ, ਸੱਭਿਆਚਾਰ ਅਤੇ ਅਧਿਆਤਮ ਨੂੰ ਦਬਾਇਆ ਅਤੇ ਜੋ ਮੂਲਨਿਵਾਸੀਆਂ ਦੇ ਅਮੀਰ ਵਿਰਸੇ, ਪਰੰਪਰਾਵਾਂ ਅਤੇ ਉਹਨਾਂ ਦੇ ਇਲਮ ਨੂੰ ਸਤਿਕਾਰ ਦੇਣ ਵਿਚ ਅਸਫ਼ਲ ਰਹੀ ਹੈ’।

ਅਸੀਂ ਉਨ੍ਹਾਂ ਗੰਭੀਰ ਸਰੀਰਕ, ਮਾਨਸਿਕ, ਭਾਵਨਾਤਮਕ, ਅਧਿਆਤਮਕ, ਸੱਭਿਆਚਾਰਕ ਅਤੇ ਜਿਨਸੀ ਦੁਰਵਿਹਾਰਾਂ ਨੂੰ ਸਵੀਕਾਰ ਕਰਦੇ ਹਾਂ ਜੋ ਸਾਡੇ ਕੈਥਲਿਕ ਭਾਈਚਾਰੇ ਦੇ ਕੁਝ ਮੈਂਬਰਾਂ ਦੁਆਰਾ ਕੀਤੇ ਗਏ ਸਨ। 

ਮੁਆਫ਼ੀਨਾਮੇ ਵਿਚ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਬੇਹੱਦ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਮੁਆਫ਼ੀ ਮੰਗੀ ਗਈ ਹੈ। 

ਕੈਨੇਡਾ ਦੇ ਮੂਲਨਿਵਾਸੀ ਲੋਕਾਂ ਦੀ ਸੱਭਿਆਚਾਰਕ ਨਸਲਕੁਸ਼ੀ ਵਿਚ ਆਪਣੀ ਭੂਮਿਕਾ ਹੋਣ ਨੂੰ ਦੁਰੁਸਤ ਕਰਨ ਦੇ ਤੌਰ ‘ਤੇ, ਕਾਨਫ਼੍ਰੰਸ ਵੱਲੋਂ, ਖੇਤਰੀ ਮੂਲਨਿਵਾਸੀ ਸਮੂਹਾਂ ਲਈ ਕੈਨੇਡਾ ਭਰ ਵਿਚੋਂ ਫ਼ੰਡ ਇੱਕਠਾ ਕਰਨ ਦਾ ਅਹਿਦ ਕੀਤਾ ਗਿਆ ਹੈ ਤਾਂ ਕਿ ਸਥਾਨਕ ਪੱਧਰ ‘ਤੇ ਚਲ ਰਹੇ ਮੂਲਨਿਵਾਸੀ ਪ੍ਰੋਜੈਕਟਾਂ ਵਿਚ ਮਦਦ ਕੀਤੀ ਜਾ ਸਕੇ।

ਕਾਨਫ਼੍ਰੰਸ ਦਾ ਕਹਿਣਾ ਹੈ ਕਿ ਉਹ ਮੂਲਨਿਵਾਸੀ ਲੋਕਾਂ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ‘ਪੀੜਤਾਂ’ ਦੀ ਵਧੇਰੇ ਗੱਲ ਸੁਣਨ ਲਈ ਵੀ ਵਚਨਬੱਧ ਹੈ ਤਾਂ ਕਿ ਪਾਦਰੀਆਂ ਨੂੰ ਵੀ ਇਸ ਮਾਮਲੇ ਵਿਚ ਹੋਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ। 

ਏ ਐਫ਼ ਐਨ ਚੀਫ਼ ਵੱਲੋਂ ਮੁਆਫ਼ੀ ਦਾ ਸਵਾਗਤ ਪਰ ਨਿਰਾਸ਼ਾ ਬਰਕਰਾਰ

ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ (ਏ ਐਫ਼ ਐਨ) ਦੀ ਨੈਸ਼ਨਲ ਚੀਫ਼ ਰੋਜ਼ੇਨ ਆਰਚੀਬਾਲਡ ਨੇ ਇਸ ਮੁਆਫ਼ੀ ਬਾਰੇ ਮਿਸ਼੍ਰਿਤ ਭਾਵਨਾਵਾਂ ਵਿਅਕਤ ਕੀਤੀਆਂ ਹਨ।

ਏ ਐਫ਼ ਐਨ ਚੀਫ਼ ਰੋਜ਼ੇਨ ਆਰਚੀਬਾਲਡ ਨੇ ਕਿਹਾ ਇੱਕ ਪਾਸੇ ਤਾਂ ਮੈਂ ਉਹਨਾਂ ਦੀ ਸਪਸ਼ਟ ਮੁਆਫ਼ੀ ਦਾ ਸਵਾਗਤ ਕਰਦੀ ਹਾਂ। ਪਰ ਫ਼ੇਰ ਵੀ ਮੈਨੂੰ ਨਿਰਾਸ਼ਾ ਹੈ, ਕਿਉਂਕਿ ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ ਨੇ ਅਜੇ ਤੱਕ ਪੋਪ ਨੂੰ ਰਸਮੀ ਤੌਰ ਤੇ ਬੁਲਾ ਕੇ ਮੂਲਨਿਵਾਸੀ ਲੋਕਾਂ ਕੋਲੋਂ ਮੁਆਫ਼ੀ ਮੰਗਵਾਉਣ ਬਾਬਤ ਕੋਈ ਮਤਾ/ਪ੍ਰਸਤਾਵ ਪਾਸ ਨਹੀਂ ਕੀਤਾ ਹੈ।

ਉਹਨਾਂ ਕਿਹਾ ਕਿ ਉਹ ਪੋਪ ਕੋਲੋਂ ਮੁਆਫ਼ੀ ਮੰਗਗੇ ਜਾਣ ਦੀ ਮੰਗ ਜਾਰੀ ਰੱਖਣਗੇ। 

ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ (ਏ ਐਫ਼ ਐਨ) ਦੀ ਨੈਸ਼ਨਲ ਚੀਫ਼ ਰੋਜ਼ੇਨ ਆਰਚੀਬਾਲਡ ਚਾਹੁੰਦੇ ਹਨ ਕਿ ਪੋਪ ਫ਼੍ਰਾਂਸਿਸ ਵੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚ ਦੀ ਭੂਮਿਕਾ ਲਈ ਮੁਆਫ਼ੀ ਮੰਗਣ।

ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ (ਏ ਐਫ਼ ਐਨ) ਦੀ ਨੈਸ਼ਨਲ ਚੀਫ਼ ਰੋਜ਼ੇਨ ਆਰਚੀਬਾਲਡ ਚਾਹੁੰਦੇ ਹਨ ਕਿ ਪੋਪ ਫ਼੍ਰਾਂਸਿਸ ਵੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚ ਦੀ ਭੂਮਿਕਾ ਲਈ ਮੁਆਫ਼ੀ ਮੰਗਣ।

ਤਸਵੀਰ: La Presse canadienne / Christopher Katsarov

ਉਹਨਾਂ ਇਹ ਵੀ ਕਿਹਾ ਕਿ ਚਰਚਾਂ ਨੂੰ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਨੂੰ ਕੀਤੇ ਵਿੱਤੀ ਵਾਅਦੇ ਵੀ ਪੂਰੇ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ 2006 ਵਿਚ ਚਰਚ ਨੇ ਰੈਜ਼ੀਡੈਂਸ਼ੀਅਲ ਸਕੂਲ ਮਾਮਲੇ ਵਿਚ 25 ਮਿਲੀਅਨ ਡਾਲਰ ਇਕੱਠੇ ਕਰਨ ਦਾ ਅਹਿਦ ਕੀਤਾ ਸੀ ਪਰ ਅਜੇ ਤੱਕ ਇਸਦਾ 15 ਫ਼ੀਸਦੀ ਹਿੱਸਾ ਵੀ ਇਕੱਠਾ ਨਹੀਂ ਹੋਇਆ ਹੈ। 

ਚਰਚ ਵੱਲੋਂ ਮੁਆਫ਼ੀ ਦੇ ਸ਼ਬਦ ਫ਼ਸਟ ਨੇਸ਼ਨ ਲੋਕਾਂ ਅਤੇ ਮੂਲਨਿਵਾਸੀਆਂ ਦੇ ਦੁੱਖਾਂ ਦੇ ਨਿਵਾਰਨ ਪ੍ਰਤੀ ਵਚਨਬੱਧਤਾ ਦਰਸਾਉਂਦਾ ਇੱਕ ਚੰਗਾ ਕਦਮ ਹਨ। ਪਰ ਪਾਦਰੀਆਂ ਦੇ ਪਛਤਾਵੇ ਵਾਲੇ ਇਹਨਾਂ ਸ਼ਬਦਾਂ ਤੋਂ ਬਾਅਦ ਕੋਈ ਠੋਸ ਕਾਰਵਾਈ ਵੀ ਹੋਵੇਗੀ, ਇਹ ਹੁਣ ਸਮਾਂ ਹੀ ਦੱਸੇਗਾ

ਮੈਨੀਟੋਬਾ ਮੀਟਿਸ ਫ਼ੈਡਰੇਸ਼ਨ ਅਤੇ ਮੀਟਿਸ ਨੈਸ਼ਨਲ ਕੌਂਸਿਲ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਚਾਰਟਰੈਂਡ ਨੇ ਵੀ ਮੁਆਫ਼ੀ ਦਾ ਸਵਾਗਤ ਕੀਤਾ ਹੈ ਪਰ ਉਹ ਚਾਹੁੰਦੇ ਹਨ ਕਿ ਪੋਪ ਵੀ ਇਸ ਮਾਮਲੇ ਵਿਚ ਬਾਕਾਇਦਾ ਮੁਆਫ਼ੀ ਮੰਗਣ। 

ਅਸੀਂ ਆਰਕਬਿਸ਼ਪਸ, ਸੀ ਸੀ ਸੀ ਬੀ ਅਤੇ ਕਾਨਫ਼੍ਰੰਸ ਦੇ ਨਵੇਂ ਪ੍ਰੈਜ਼ੀਡੈਂਟ ਦੇ ਇਹਨਾਂ ਬੇਹੱਦ ਜ਼ਰੂਰੀ ਸ਼ਬਦਾਂ ਦੀ ਸ਼ਲਾਘਾ ਕਰਦੇ ਹਾਂ। ਪੋਪ ਫ਼੍ਰਾਂਸਿਸ ਨਾਲ ਮੁਲਾਕਾਤ ਦੌਰਾਨ, ਅਸੀਂ ਉਹਨਾਂ ਵੱਲੋਂ, ਸਾਡੀ ਸਰਜ਼ਮੀਨ ‘ਤੇ ਆਕੇ ਸਾਡੇ ਲੋਕਾਂ ਨਾਲ ਸਿੱਧੀ ਗੱਲ ਕਰਕੇ, ਸਪਸ਼ਟ ਮੁਆਫ਼ੀ ਮੰਗੇ ਜਾਣ ਦੀ ਮਹੱਤਤਾ ਦਾ ਜ਼ਿਕਰ ਕਰਾਂਗੇ, ਕਿਉਂਕਿ ਇਹੀ ਤਕਲੀਫ਼ਾਂ ਦੇ ਨਿਵਾਰਨ ਦਾ ਰਸਤਾ ਹੈ। 

ਯੂਨੀਵਰਸਿਟੀ ਔਫ਼ ਬ੍ਰਿਟਿਸ਼ ਕੋਲੰਬੀਆ ਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਜ਼ ਹਿਸਟ੍ਰੀ ਐਂਡ ਡਾਇਲੌਗ ਸੈਂਟਰ ਦੀ ਡਾਇਰੈਕਟਰ ਮੈਰੀ ਐਲਨ ਟਰਪਲ-ਲਾਫ਼ੌਂਡ ਦਾ ਕਹਿਣਾ ਹੈ ਕਿ ਮੁਆਫ਼ੀ ਇੱਕ ਮਹੱਤਵਪੂਰਨ ਕਦਮ ਹੈ ਪਰ ਕਿਤੇ ਕਿਤੇ ਮੁਆਫ਼ੀਨਾਮੇ ਦੀ ਭਾਸ਼ਾ ਅਸਪਸ਼ਟ ਜਿਹੀ ਹੈ। 

ਇਹ ਬਿਆਨ ਸਵਾਗਤ ਕਰਨ ਯੋਗ ਹੈ। ਮੈਨੂੰ ਲੱਗਦਾ ਹੈ ਕਿ ਕੈਨੇਡੀਅਨ ਕੈਥਲਿਕ ਬਿਸ਼ਪਸ ਵੱਲੋਂ ਅਤੀਤ ਦੀ ਤੁਲਨਾ ਵਿਚ ਇਹ ਕਾਫ਼ੀ ਮਜ਼ਬੂਤ ਬਿਆਨ ਹੈ। ਪਰ ਇਸ ਵਿਚ ਵੀ ਕਮੀਆਂ ਹਨ। 

ਮੈਰੀ ਐਲਨ ਟਰਪਲ-ਲਾਫ਼ੌਂਡ ਦਾ ਕਹਿਣਾ ਹੈ ਕਿ ਮੁਆਫ਼ੀ ਇੱਕ ਮਹੱਤਵਪੂਰਨ ਕਦਮ ਹੈ ਪਰ ਇਸ ਵਿਚ ਵੀ ਕਮੀਆਂ ਹਨ।

ਮੈਰੀ ਐਲਨ ਟਰਪਲ-ਲਾਫ਼ੌਂਡ ਦਾ ਕਹਿਣਾ ਹੈ ਕਿ ਮੁਆਫ਼ੀ ਇੱਕ ਮਹੱਤਵਪੂਰਨ ਕਦਮ ਹੈ ਪਰ ਇਸ ਵਿਚ ਵੀ ਕਮੀਆਂ ਹਨ।

ਤਸਵੀਰ: (Michael McArthur/CBC)

ਮੈਰੀ ਐਲਨ ਨੇ ਕਿਹਾ ਕਿ ਬਿਆਨ ਵਿਚ ਕੈਥਲਿਕ ਭਾਈਚਾਰੇ ਦੇ ਕੁਝ ਮੈਂਬਰਾਂ ਵਰਗੇ ਸ਼ਬਦਾਂ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਜਿਵੇਂ ਇਹ ਮੁਆਫ਼ੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚ ਦੀ ਭੁਮਿਕਾ ਦੀ ਬਜਾਏ ਕੁਝ ਲੋਕਾਂ ਦੀ ਭੁਮਿਕਾ ਲਈ ਮੰਗੀ ਗਈ ਹੋਵੇ। 

ਉਹਨਾਂ ਕਿਹਾ, ਇਸ ਨਾਲ ਇਹ ਸਮਝਣ ਵਿਚ ਜ਼ਰਾ ਮੁਸ਼ਕਲ ਹੋ ਰਹੀ ਹੈ ਕਿ ਉਹ ਕਿਹਨਾਂ ਲਈ ਮੁਆਫ਼ੀ ਮੰਗ ਰਹੇ ਹਨ…..ਕਿਉਂਕੀ ਪੂਰਾ ਸਿਸਟਮ ਹੀ ‘ਮੂਲਨਿਵਾਸੀ ਬੱਚਿਆਂ ਵਿਚੋਂ ਮੂਲ’ ਕੱਢਣ ਤੇ ਕੇਂਦਰਤ ਸੀ, ਅਤੇ ਮੇਰੇ ਸਮੇਤ ਕਈ ਲੋਕਾਂ ਲਈ ਇਹ ਨਸਲਕੁਸ਼ੀ ਸੀ

ਮੈਰੀ ਐਲਨ ਨੂੰ ਉਮੀਦ ਹੈ ਕਿ ਇਸ ਮੁਆਫ਼ੀ ਤੋਂ ਬਾਅਦ ਹੁਣ ਚਰਚ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਲਈ ਆਪਣੇ ਵਿੱਤੀ ਫ਼ਰਜ਼ਾਂ ਨੂੰ ਵੀ ਪੂਰਾ ਕਰੇਗਾ , ਲਾਪਤਾ ਹੋਏ ਮੂਲਨਿਵਾਸੀ ਬੱਚਿਆਂ ਅਤੇ ਬੇਨਿਸ਼ਾਨ ਕਬਰਾਂ ਦੇ ਰਿਕਾਰਡ ਨਾਲ ਸਬੰਧਤ ਕੋਈ ਵਿਸ਼ੇਸ਼ ਪ੍ਰਬੰਧ ਕਰੇਗਾ ਅਤੇ ਨਾਲੋ ਨਾਲ ਮੂਲਨਿਵਾਸੀਆਂ ਨੂੰ ਬਣਦੇ ਮੁਆਵਜ਼ੇ ਵੀ ਦਿੱਤੇ ਜਾਣਗੇ। 

ਸਸਕੈਚਵਨ ਵਿਚ ਅਧਾਰਤ ਮੂਲਨਿਵਾਸੀ ਵਕੀਲ ਈਲੀਨੌਰ ਸਨਚਾਇਲਡ ਦਾ ਵੀ ਮੰਨਣਾ ਹੈ ਕਿ ਚਰਚ ਨੂੰ ਠੋਸ ਕਦਮ ਉਠਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਚਰਚ ਅੱਧੀਆਂ ਅਧੂਰੀਆਂ ਮੁਆਫ਼ੀਆਂ ਅਤੇ ਵਾਅਦੇ ਕਰ ਰਿਹਾ ਹੈ ਜਦਕਿ ਠੋਸ ਕਦਮ ਉਠਾਏ ਜਾਣ ਦੀ ਜਰੂਰਤ ਹੈ। 

ਉਹਨਾਂ ਨੂੰ ਮੂਲਨਿਵਾਸੀ ਭਾਈਚਾਰਿਆਂ ਨਾਲ ਰਲ਼ਕੇ ਕੰਮ ਕਰਨਾ ਹੋਵੇਗਾ, ਉਹਨਾਂ ਮਸਲਿਆਂ ਦੇ ਹੱਲ ਲਈ ਜੋ ਉਹਨਾਂ ਨੇ ਹੀ ਪੈਦਾ ਕੀਤੇ ਹਨ। 

ਬੇਨਿਸ਼ਾਨ ਕਬਰਾਂ

ਦਸ ਦਈਏ ਕਿ ਬੀਤੇ ਕੁਝ ਮਹੀਨਿਆਂ ਵਿਚ ਕੈਨੇਡਾ ਦੇ ਕਈ ਸ਼ਹਿਰਾਂ ਵਿਚ ਸਥਿਤ ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿਹੜਿਆਂ ਵਿਚੋਂ ਕਈ ਨਿਸ਼ਾਨ ਰਹਿਤ ਕਬਰਾਂ ਮਿਲੀਆਂ ਹਨ ਜੋ ਇਹਨਾਂ ਸਕੂਲਾਂ ਵਿਚ ਪੜ੍ਹਦੇ ਮੂਲਨਿਵਾਸੀ ਬੱਚਿਆਂ ਦੀਆਂ ਮੰਨੀਆਂ ਜਾ ਰਹੀਆਂ ਹਨ। 

ਬੀਸੀ ਦੇ ਕੈਮਲੂਪਸ ਵਿਚ ਜ਼ਮੀਨ ਦੇ ਹੇਠਾਂ ਤੱਕ ਜਾਣ ਵਾਲੇ ਰਾਡਾਰ ਦੀ ਮਦਦ ਨਾਲ 200 ਤੋਂ ਵੱਧ ਨਿਸ਼ਾਨ-ਰਹਿਤ ਕਬਰਾਂ ਦੀ ਖੋਜ ਕੀਤੀ ਗਈ ਸੀ। ਇਸੇ ਤਰ੍ਹਾਂ ਸਸਕੈਚਵਨ ਦੇ ਇੱਕ ਰਿਹਾਇਸ਼ੀ ਸਕੂਲ ਵਿਚੋਂ 700 ਤੋਂ ਵੱਧ ਬੇਨਿਸ਼ਾਨ ਕਬਰਾਂ ਮਿਲੀਆਂ ਸਨ। ਸਸਕੈਚਵਨ ਦੇ ਕਾਉਐਸੇਸ ਫ਼ਸਟ ਨੇਸ਼ਨ ਨੂੰ ਸਸਕੈਚਵਨ ਦੇ ਪੁਰਾਣੇ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ ਸੈਂਕੜੇ ਕਬਰਾਂ ਮਿਲੀਆਂ ਸਨ। 

ਫ਼ੇਰ ਜੂਨ 2021 ਵਿਚ ਹੀ ਬੀਸੀ ਦੇ ਇੱਕ ਫ਼ਸਟ ਨੇਸ਼ਨ ਨੇ ਇੱਕ ਸਾਬਕਾ ਰੇਜ਼ੀਡੈਂਸ਼ੀਅਲ ਸਕੂਲ ਦੇ ਨਜ਼ਦੀਕ 182 ਨਿਸ਼ਾਨ-ਰਹਿਤ ਕਬਰਾਂ ਖੋਜੇ ਜਾਣ ਦੀ ਤਸਦੀਕ ਕੀਤੀ ਸੀ। ਕਰੈਨਬਰੂਕ ਸ਼ਹਿਰ ਦੇ ਨਜ਼ਦੀਕ ਵੱਸੇ ਕਤੁਨਕਸਾ ਨੇਸ਼ਨ Ktunaxa Nation ਦੇ ਅ'ਕਮ ਮੂਲਨਿਵਾਸੀ ਭਾਈਚਾਰੇ ਨੇ ਰਡਾਰ ਦੀ ਮਦਦ ਨਾਲ ਸੇਂਟ ਯੂਜੀਨ ਮਿਸ਼ਨ ਸਕੂਲ ਨਜ਼ਦੀਕ ਇਹਨਾਂ ਨਿਸ਼ਾਨ-ਰਹਿਤ ਕਬਰਾਂ ਬਾਰੇ ਪਤਾ ਲਗਾਇਆ ਸੀ।

ਸੀ ਸੀ ਸੀ ਬੀ ਦਾ ਕਹਿਣਾ ਹੈ ਕਿ ਸਾਬਕਾ ਰੇਜ਼ਿਡੈਂਸ਼ੀਅਲ ਸਕੂਲਾਂ ਤੋਂ ਹੋਰ ਨਿਸ਼ਾਨ ਰਹਿਤ ਕਬਰਾਂ ਖੋਜਣ ਵਿਚ ਉਹ ਪੂਰਾ ਸਹਿਯੋਗ ਕਰੇਗਾ। 

ਜੂਨ ਮਹੀਨੇ ਵਿਚ ਸੀ ਸੀ ਸੀ ਬੀ ਨੇ ਐਲਾਨ ਕੀਤਾ ਸੀ ਕਿ ਦਸੰਬਰ ਮਹੀਨੇ ਵਿਚ ਵੈਟਿਕਨ ਵਿਚ ਪੋਪ ਫ਼੍ਰੈਂਸਿਸ ਨੈਸ਼ਨਲ ਮੂਲਨਿਵਾਸੀ ਲੀਡਰਾਂ ਨਾਲ ਮੁਲਾਕਾਤ ਕਰਨਗੇ। 17 ਦਸੰਬਰ ਤੋਂ 20 ਦਸੰਬਰ ਦੇ ਦਰਮਿਆਨ,ਫ਼ਸਟ ਨੇਸ਼ਨਜ਼, ਮੀਟਿਸ ਅਤੇ ਇਨੁਇਟ ਭਾਈਚਾਰਿਆਂ ਦਾ ਇੱਕ ਵਫ਼ਦ, ਵੱਖਰੇ ਤੌਰ ਤੇ ਪੋਪ ਫ਼੍ਰਾਂਸਿਸ ਨਾਲ ਮੁਲਾਕਾਤ ਕਰੇਗਾ। 

ਵਿਨੀਪੈਗ ਦੇ ਆਰਕਬਿਸ਼ਪ ਰਿਚਰਡ ਗੈਗਨਨ ਨੂੰ ਉਮੀਦ ਹੈ ਕਿ ‘ਅਨੁਕੂਲ ਸਮਾਂ’ ਆਉਣ ‘ਤੇ ਪੋਪ ਫ਼੍ਰਾਂਸਿਸ ਕੈਨੇਡਾ ਵਿਚ ਵੀ ਰਸਮੀ ਮੁਆਫ਼ੀ ਮੰਗ ਲੈਣਗੇ। ਉਹਨਾਂ ਕਿਹਾ ਕਿ ਪੋਪ ਫ਼੍ਰਾਂਸਿਸ, 2015 ਵਿਚ ਬੋਲੀਵੀਆ ਵਿਚ ਰਸਮੀ ਮੁਆਫ਼ੀ ਮੰਗਣ ਵਰਗਾ ਰਸਤਾ ਹੀ ਇਖ਼ਤਿਆਰ ਕਰਨਗੇ।  

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ