1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

[ਰਿਪੋਰਟ ] ਕੋਵਿਡ - 19 ਅਤੇ ਫ਼ੈਡਰਲ ਚੋਣਾਂ ਦੇ ਪਰਛਾਵੇਂ ਹੇਠ ਆਈਆਂ ਐਲਬਰਟਾ ਦੀਆਂ ਮਿਉਂਸਿਪਲ ਚੋਣਾਂ

18 ਅਕਤੂਬਰ ਨੂੰ ਪੈਣਗੀਆਂ ਵੋਟਾਂ

ਚੋਣਾਂ 18 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I ਐਡਵਾਂਸ ਪੋਲਿੰਗ 4 ਤੋਂ 10 ਅਕਤੂਬਰ ਦਰਮਿਆਨ ਹੋਣੀ ਹੈ I

ਚੋਣਾਂ 18 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I ਐਡਵਾਂਸ ਪੋਲਿੰਗ 4 ਤੋਂ 10 ਅਕਤੂਬਰ ਦਰਮਿਆਨ ਹੋਣੀ ਹੈ I

ਤਸਵੀਰ: Jeff McIntosh/The Canadian Press

Sarbmeet Singh

ਐਲਬਰਟਾ ਪ੍ਰੋਵਿੰਸ ਵਿੱਚ ਹੋ ਰਹੀਆਂ ਮਿਉਂਸਿਪਲ ਚੋਣਾਂ ਉੱਪਰ ਕੋਵਿਡ - 19 ਅਤੇ ਫ਼ੈਡਰਲ ਚੋਣਾਂ ਦਾ ਪਰਛਾਵਾਂ ਦੇਖਣ ਨੂੰ ਮਿਲ ਰਿਹਾ ਹੈ I

ਮਿਉਂਸਿਪਲ ਚੋਣਾਂ 18 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I  ਐਡਵਾਂਸ ਪੋਲਿੰਗ 4 ਤੋਂ 10 ਅਕਤੂਬਰ ਦਰਮਿਆਨ ਹੋਣੀ ਹੈ I ਸੂਬੇ ਵਿੱਚ ਕੈਲਗਰੀ ਅਤੇ ਐਡਮੰਟਨ ਸ਼ਹਿਰਾਂ ਵਿੱਚ ਪੰਜਾਬੀ ਵਸੋਂ ਹੈ ਅਤੇ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨI

ਕੈਲਗਰੀ ਦੇ ਮੇਅਰ ਲਈ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ 14 ਕੁੱਲ ਵਾਰਡਾਂ ਤੋਂ 100 ਤੋਂ ਵਧੇਰੇ ਵਿਅਕਤੀ ਕੌਂਸਲਰ ਲਈ ਚੋਣ ਲੜ ਰਹੇ ਹਨI ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਕੁਰਸੀ ਲਈ ਮੁਕਾਬਲਾ 11 ਉਮੀਦਵਾਰਾਂ ਦਰਮਿਆਨ ਹੈ ਜਦਕਿ 12 ਵਾਰਡਾਂ ਤੋਂ 74 ਵਿਅਕਤੀ ਕੌਂਸਲਰ ਦੀ ਸੀਟ ਲਈ ਚੋਣ ਮੈਦਾਨ ਵਿੱਚ ਹਨ I ਕੌਂਸਲਰ ਅਤੇ ਮੇਅਰ ਦੀ ਟਰਮ 4 ਸਾਲ ਦੀ ਹੁੰਦੀ ਹੈ I 

ਫ਼ੈਡਰਲ ਚੋਣਾਂ ਨਾਲ ਭੁਲੇਖਾ

ਐਲਬਰਟਾ ਦੀਆਂ ਮਿਉਂਸਿਪਲ ਚੋਣਾਂ ਦੌਰਾਨ ਵੋਟਰਾਂ ਵਿੱਚ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਦੇ ਉਮੀਦਵਾਰਾਂ ਵਿਚਕਾਰ ਭੁਲੇਖਾ ਦੇਖਣ ਨੂੰ ਮਿਲਿਆ I ਫ਼ੈਡਰਲ ਚੋਣਾਂ 20 ਸਤੰਬਰ ਨੂੰ ਸੰਪੰਨ ਹੋਈਆਂ I ਇਸੇ ਦੌਰਾਨ ਹੀ ਐਮ ਪੀ ਅਤੇ ਕੌਂਸਲਰ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ I ਸ਼ਹਿਰਾਂ ਵਿੱਚ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਪੋਸਟਰ ਵੀ ਦੇਖੇ ਜਾ ਸਕਦੇ ਹਨ I

ਕੈਨੇਡਾ ਵਿੱਚ ਫ਼ੈਡਰਲ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ 'ਤੇ ਲੜੀਆਂ ਜਾਂਦੀਆਂ ਹਨ ਜਦਕਿ ਕੌਂਸਲਰ ਆਪਣੇ ਪੱਧਰ 'ਤੇ ਚੋਣ ਲੜਦੇ ਹਨ I  

ਕੈਲਗਰੀ ਤੋਂ ਪੰਜਾਬੀ ਮੂਲ ਦੇ ਕੌਂਸਲਰ ਉਮੀਦਵਾਰ ਸਟੈਨ ਸਿੱਧੂ ਨੇ ਕਿਹਾ ਚੋਣ ਪ੍ਰਚਾਰ ਦੌਰਾਨ ਮੈਨੂੰ ਇਹ ਅਹਿਸਾਸ ਹੋਇਆ ਕਿ ਵੋਟਰਾਂ ਵਿੱਚ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਨੂੰ ਲੈ ਕੇ ਇਕ ਭੁਲੇਖਾ ਹੈ I ਪਰ ਸ਼ਹਿਰ ਵਿੱਚ ਵਿਚਰੇ ਹੋਣ ਕਰਕੇ ਲੋਕ ਮੈਨੂੰ ਜਾਣਦੇ ਹਨ I

ਕੁਝ ਕੌਂਸਲਰ ਉਮੀਦਵਾਰਾਂ ਦਾ ਕਹਿਣਾ ਹੈ ਕਿ ਫ਼ੈਡਰਲ ਚੋਣਾਂ ਦੇ ਚਲਦਿਆਂ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਫ਼ੈਡਰਲ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਕਰਨ ਦਾ ਫ਼ੈਸਲਾ ਲਿਆ I

ਐਡਮੰਟਨ ਵਿੱਚ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਪੋਸਟਰ I

ਐਡਮੰਟਨ ਵਿੱਚ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਪੋਸਟਰ I

ਤਸਵੀਰ: Radio-Canada / ਸਰਬਮੀਤ ਸਿੰਘ

ਕੈਲਗਰੀ ਨੇੜੇ ਇਕ ਛੋਟੇ ਜਿਹੇ ਕਸਬੇ , ਰੌਕੀ ਵਿਊ ਕਾਊਂਟੀ ਤੋਂ ਪੰਜਾਬੀ ਮੂਲ ਦੇ ਉਮੀਦਵਾਰ ਭਵਨਦੀਪ ਸਿੰਘ ਸਮਰਾ ਨੇ ਕਿਹਾ ਆਮ ਵੋਟਰਾਂ ਵਿੱਚ ਇਹ ਭਰਮ ਹੈ I ਚੋਣ ਪ੍ਰਚਾਰ ਦੌਰਾਨ ਇਕ ਵੋਟਰ ਨੇ ਮੈਨੂੰ ਮੇਰੀ ਪਾਰਟੀ ਬਾਰੇ ਪੁੱਛਿਆ ਤਾਂ ਮੈਂ ਉਸਨੂੰ ਦੱਸਿਆ ਕਿ ਮੈਂ ਫ਼ੈਡਰਲ ਚੋਣਾਂ ਨਹੀਂ ਸਗੋਂ ਮਿਉਂਸਿਪਲ ਚੋਣਾਂ ਲੜ ਰਿਹਾ ਹਾਂ I

ਮਿਉਂਸਿਪਲ ਚੋਣਾਂ ਦੇ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਵੋਟਰ , ਵੋਟ ਪਾ ਚੁੱਕੇ ਹੋਣ ਦੀ ਗੱਲ ਕਰਦੇ ਹਨ I ਦਰਅਸਲ ਇਹ ਵੋਟਰ ਫ਼ੈਡਰਲ ਚੋਣਾਂ ਦੀ ਗੱਲ ਕਰ ਰਹੇ ਹੁੰਦੇ ਹਨ I ਅਜਿਹੇ ਵਿੱਚ ਕੌਂਸਲਰ ਉਮੀਦਵਾਰਾਂ ਵੱਲੋਂ ਮਿਉਂਸਿਪਲ ਚੋਣਾਂ 18 ਅਕਤੂਬਰ ਨੂੰ ਪੈਣ ਬਾਰੇ ਦੱਸਿਆ ਜਾਂਦਾ ਹੈ I

ਕੈਲਗਰੀ ਨਿਵਾਸੀ ਪਰਮਵੀਰ ਸਿੰਘ ਦਾ ਕਹਿਣਾ ਹੈ ਕਿ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਦੇ ਉਮੀਦਵਾਰਾਂ ਵੱਲੋਂ ਇਕੋ ਸਮੇਂ ਪ੍ਰਚਾਰ ਕੀਤਾ ਗਿਆ I ਉਹਨਾਂ ਕਿਹਾ ਫ਼ੈਡਰਲ ਅਤੇ ਮਿਉਂਸਿਪਲ ਚੋਣਾਂ ਦੇ ਮੁੱਦਿਆਂ ਵਿੱਚ ਵੀ ਫ਼ਰਕ ਹੈ I ਇਸ ਨਾਲ ਲੋਕਲ ਮੁੱਦੇ ਰੁਲ ਗਏ ਜਾਪਦੇ ਹਨ I ਲੋਕਲ ਮੁੱਦੇ ਜ਼ਿਆਦਾ ਮਹੱਤਵ ਰੱਖਦੇ ਹਨ ਕਿਉਂਕਿ ਉਹਨਾਂ ਨਾਲ ਸਾਡਾ ਰੋਜ਼ਾਨਾ ਦਾ ਵਾਸਤਾ ਪੈਂਦਾ ਹੈ I

ਕੋਵਿਡ - 19 ਦੇ ਵਧਦੇ ਕੇਸ

ਐਲਬਰਟਾ ਵਿੱਚ ਕੋਵਿਡ -19 ਦੇ ਮਾਮਲੇ ਵਧਣ ਕਰਕੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ I  ਪ੍ਰੀਮੀਅਰ ਜੇਸਨ ਕੇਨੀ ਵੱਲੋਂ 16 ਸਤੰਬਰ ਨੂੰ ਸੂਬੇ ਵਿੱਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ I  ਇਸਦੇ ਨਾਲ ਹੀ ਸੂਬੇ ਵਿੱਚ ਸਖ਼ਤ ਰੋਕਾਂ ਵੀ ਲਗਾਈਆਂ ਗਈਆਂ ਹਨ ਜੋ ਕਿ 20 ਸਤੰਬਰ ਤੋਂ ਲਾਗੂ ਹੋ ਗਈਆਂ ਹਨ I  ਇਹਨਾਂ ਰੋਕਾਂ ਦਾ ਫ਼ੈਡਰਲ ਚੋਣਾਂ 'ਤੇ ਕੋਈ ਅਸਰ ਨਹੀਂ ਪਿਆ ਕਿਉਂਕਿ ਫ਼ੈਡਰਲ ਚੋਣਾਂ 20 ਸਤੰਬਰ ਨੂੰ ਨਿਬੜ ਗਈਆਂ ਸਨ I  

ਰੈਸਟੋਰੈਂਟ, ਇੰਡੋਰ ਇਕੱਠ, ਵਿਆਹ ਅਤੇ ਸੰਸਕਾਰ, ਰਿਟੇਲ, ਮਨੋਰੰਜਨ ਦੀਆਂ ਥਾਂਵਾਂ ਅਤੇ ਇੰਡੋਰ ਸਪੋਰਟਸ ਅਤੇ ਫ਼ਿਟਨੈਸ ਸਮੇਤ ਸੰਸਥਾਵਾਂ ਅਤੇ ਕਾਰੋਬਾਰ ਦੀਆਂ ਥਾਂਵਾਂ 'ਤੇ ਰੋਕਾਂ ਸਖ਼ਤ ਕੀਤੀਆਂ ਗਈਆਂ ਹਨ। ਨਵੇਂ ਨਿਯਮਾਂ ਅਧੀਨ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬਿਜ਼ਨਸਾਂ ਅਤੇ ਸਮਾਜਿਕ ਆਯੋਜਨਾਂ ‘ਤੇ ਜਾਣ ਲੱਗਿਆਂ, ਜਿਸ ਵਿਚ ਰੈਸਟੋਰੈਂਟ, ਬਾਰ ਅਤ ਇੰਡੋਰ ਇਵੇਂਟਸ ਵੀ ਸ਼ਾਮਲ ਹਨ, ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵੈਕਸੀਨੇਸ਼ਨ ਦਾ ਸਬੂਤ ਜਾਂ ਫ਼ਿਰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਹੋਵੇਗਾ। 

ਇਹਨਾਂ ਰੋਕਾਂ ਦਾ ਮਿਉਂਸਿਪਲ ਚੋਣਾਂ ਦੇ ਪ੍ਰਚਾਰ 'ਤੇ ਅਸਰ ਵੇਖਣ ਨੂੰ ਮਿਲ ਸਕਦਾ ਹੈ I ਉਮੀਦਵਾਰਾਂ ਦੇ ਚੋਣ ਦਫ਼ਤਰਾਂ ਵਿੱਚ ਰੌਣਕ ਗ਼ਾਇਬ ਨਜ਼ਰ ਆਉਂਦੀ ਹੈ I ਚੋਣ ਦਫ਼ਤਰਾਂ ਵਿੱਚ ਇਕੱਠ ਨਜ਼ਰ ਨਹੀਂ ਪੈਂਦਾ I

ਇਹ ਵੀ ਪੜੋ :

ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਸਾਬਕਾ ਮੰਤਰੀ ਅਮਰਜੀਤ ਸੋਹੀ ਦੀ ਚੋਣ ਪ੍ਰਚਾਰ ਟੀਮ ਵਿੱਚ ਸ਼ਾਮਲ ਲਿਨਜ਼ੀ ਦਾ ਕਹਿਣਾ ਹੈ ਕਿ ਉਹਨਾਂ ਦੇ ਵਲੰਟੀਅਰ ਘਰ ਤੋਂ ਹੀ ਕੰਮ ਕਰ ਰਹੇ ਹਨ ਅਤੇ ਦਫ਼ਤਰ ਵਿੱਚ ਜ਼ਰੂਰਤ ਪੈਣ 'ਤੇ ਹੀ ਆਉਂਦੇ ਹਨ I ਉਹਨਾਂ ਕਿਹਾ ਘਰ ਘਰ ਚੋਣ ਪ੍ਰਚਾਰ ਦੌਰਾਨ ਵਲੰਟੀਅਰ ਕੋਵਿਡ-19 ਸੰਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ I

ਐਲਬਰਟਾ ਵਿੱਚ ਕੋਵਿਡ -19 ਦੇ 250 ਤੋਂ ਵਧੇਰੇ ਪੀੜਤ ਆਈ ਸੀ ਯੂ ਵਿੱਚ ਦਾਖ਼ਲ ਹਨ I  ਸੂਬੇ ਵਿੱਚ ਕੋਵਿਡ-19 ਨਾਲ 2,645 ਮੌਤਾਂ ਹੋ ਚੁੱਕੀਆਂ ਹਨ I ਕਰੀਬ 83 ਫ਼ੀਸਦੀ ਲੋਕ ਕੋਵਿਡ -19 ਵੈਕਸੀਨ ਦੀ ਇਕ ਡੋਜ਼ ਜਦਕਿ ਕਰੀਬ 74 ਫ਼ੀਸਦੀ ਵਿਅਕਤੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ I

ਇਹਨਾਂ ਰੋਕਾਂ ਅਤੇ ਵਧਦੇ ਕੇਸਾਂ ਦਰਮਿਆਨ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਅਤੇ ਫ਼ੋਨ ਰਾਹੀਂ ਵੀ ਵੋਟਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ I  

ਪਿੱਛਲੀਆਂ ਚੋਣਾਂ ਦੌਰਾਨ ਕੈਲਗਰੀ ਵਿੱਚ ਵੋਟਿੰਗ ਫ਼ੀਸਦ ਕਰੀਬ 58 ਪ੍ਰਤੀਸ਼ਤ ਸੀ ਜੋ ਕਿ ਇਕ ਰਿਕਾਰਡ ਮੰਨਿਆ ਗਿਆ ਸੀ I  2013 ਦੌਰਾਨ ਇਹ ਸਿਰਫ 36 ਫ਼ੀਸਦੀ ਸੀ I ਉਧਰ ਐਡਮੰਟਨ ਵਿੱਚ ਵੋਟਿੰਗ ਫ਼ੀਸਦ ਸਿਰਫ਼ ਕਰੀਬ 31 ਫ਼ੀਸਦੀ ਹੀ ਸੀ I  ਕੋਵਿਡ-19 ਦੇ ਵੱਧ ਰਹੇ ਕੇਸਾਂ ਅਤੇ ਰੋਕਾਂ ਦੇ ਮੱਦੇਨਜ਼ਰ ਇਸ ਵਾਰ ਵੋਟਿੰਗ ਦਰ ਘੱਟ ਹੋਣ ਦੇ ਕਿਆਫ਼ੇ ਲਗਾਏ ਜਾ ਰਹੇ ਹਨ I  

Sarbmeet Singh

ਸੁਰਖੀਆਂ