1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਅਨੈਮੀ ਪੌਲ ਵੱਲੋਂ ਗ੍ਰੀਨ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ

ਅੰਦਰੂਨੀ ਵਿਵਾਦਾਂ ਨਾਲ ਘਿਰਿਆ ਰਿਹਾ ਪੌਲ ਦਾ ਕਾਰਜਕਾਲ

ਅਨੈਮੀ ਪੌਲ

ਅਨੈਮੀ ਪੌਲ ਨੇ ਗ੍ਰੀਨ ਪਾਰਟੀ ਦੇ ਲੀਡਰ ਦਾ ਅਹੁਦਾ ਤਿਆਗਣ ਦਾ ਫ਼ੈਸਲਾ ਲਿਆ ਹੈ।

ਤਸਵੀਰ: La Presse canadienne / Fred Chartrand

RCI

ਫ਼ੈਡਰਲ ਚੋਣਾਂ ਵਿਚ ਕਰਾਰੀ ਹਾਰ ਅਤੇ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਨੈਮੀ ਪੌਲ ਗ੍ਰੀਨ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਇੱਕ ਸਾਲ ਤੋਂ ਘੱਟ ਸਮੇਂ ਦੇ ਅੰਦਰ ਹੀ ਹੁਣ ਇੱਕ ਵਾਰੀ ਫ਼ੇਰ ਗ੍ਰੀਨ ਪਾਰਟੀ ਵਿਚ ਨਵਾਂ ਲੀਡਰ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 

ਸਾਬਕਾ ਡਿਪਲੋਮੈਟ ਅਨੈਮੀ ਪੌਲ ਪਿਛਲੇ ਸਾਲ ਅਕਤੂਬਰ ਵਿਚ ਗ੍ਰੀਨ ਪਾਰਟੀ ਦੀ ਲੀਡਰ ਬਣੀ ਸੀ। ਕੈਨੇਡਾ ਦੀ ਕਿਸੇ ਫ਼ੈਡਰਲ ਪਾਰਟੀ ਦੀ ਲੀਡਰ ਬਣਨ ਵਾਲੀ ਉਹ ਪਹਿਲੀ ਬਲੈਕ ਔਰਤ ਹਨ। ਪੌਲ ਨੇ ਭਾਵੇਂ ਆਪਣੇ ਕਾਰਜਕਾਲ ਦੌਰਾਨ ਗ੍ਰੀਨ ਪਾਰਟੀ ਨੂੰ ਹੋਰ ਵੀ ਵਧੇਰੇ ਵੰਨ-ਸੁਵੰਨਤਾ ਵਾਲੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਲੀਡਰਸ਼ਿਪ ਦੌਰਾਨ ਪਾਰਟੀ ਅੰਦਰੂਨੀ ਵਿਵਾਦਾਂ ਅਤੇ ਖ਼ਾਨਾਜੰਗੀ ਨਾਲ ਵੀ ਘਿਰੀ ਰਹੀ। 

2019 ਦੀਆਂ ਫ਼ੈਡਰਲ ਚੋਣਾਂ ਗ੍ਰੀਨ ਪਾਰਟੀ ਲਈ ਸਭ ਤੋਂ ਵੱਧ ਕਾਰਗਰ ਸਾਬਤ ਹੋਈਆਂ ਸਨ ਅਤੇ ਸਾਬਕਾ ਗ੍ਰੀਨ ਲੀਡਰ ਐਲਿਜ਼ਾਬੈਥ ਮੇਅ ਦੇ ਲੀਡਰ ਦਾ ਅਹੁਦਾ ਤਿਆਗਣ ਤੋਂ ਬਾਅਦ ਪਾਰਟੀ ਨੇ ਵਧੇਰੇ ਵੰਨ-ਸੁਵੰਨਤਾ ਦੀ ਤਰਜਮਾਨੀ ਕਰਦੇ ਚਿਹਰੇ ਤਲਾਸ਼ ਕਰਨੇ ਸ਼ੁਰੂ ਕੀਤੇ ਸਨ। ਕਲਾਇਮੇਂਟ ਚੇਂਜ ਦੇ ਮਾਮਲੇ ਵਿਚ ਠੋਸ ਕਦਮ ਉਠਾਉਣ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਜਤਨਸ਼ੀਲ ਹੋਣ ਦੇ ਵਾਅਦੇ ਨੇ ਅਨੈਮੀ ਪੌਲ ਦਾ ਨਾਂ ਗ੍ਰੀਨ ਲੀਡਰਸ਼ਿਪ ਉਮੀਦਵਾਰਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਲਿਆ ਦਿੱਤਾ ਸੀ। 

ਪਰ ਅੰਦਰੂਨੀ ਖ਼ਾਨਾਜੰਗੀ ਅਤੇ ਇਜ਼ਰਾਇਲ-ਫ਼ਿਲਸਤੀਨ ਮਾਮਲੇ ‘ਤੇ ਪਾਰਟੀ ਦਾ ਸਟੈਂਡ ਪੌਲ ਲਈ ਵਿਰੋਧ ਅਤੇ ਵਿਵਾਦਾਂ ਦਾ ਕਾਰਨ ਬਣਿਆ। 

ਮਈ ਮਹੀਨੇ ਵਿਚ ਮੱਧ-ਏਸ਼ੀਆਈ ਸੰਕਟ ਬਾਬਤ ਅਨੈਮੀ ਪੌਲ, ਜੋ ਕਿ ਖ਼ੁਦ ਯਹੂਦੀ ਹਨ, ਨੇ ਕਿਹਾ ਸੀ ਕਿ ਦੇਸ਼ਾਂ ਵਿਚਕਾਰ ਜੰਗਬੰਦੀ ਹੋਣੀ ਚਾਹੀਦੀ ਹੈ ਅਤੇ ਗੱਲਬਾਤ ਮੁੜ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੇ ਇਸ ਸਟੈਂਡ ਨੂੰ ਪਾਰਟੀ ਦੇ ਹੀ ਕੁਝ ਮੈਂਬਰਾਂ ਨੇ ਇਜ਼ਰਾਇਲ ਵਿਰੋਧੀ ਗਰਦਾਨਿਆ ਸੀ। ਗ੍ਰੀਨ ਪਾਰਟੀ ਦੀ ਸਾਬਕਾ ਐਮਪੀ ਜੈਨਿਕਾ ਐਟਵਿਨ ਵੀ ਉਹਨਾਂ ਵਿਚੋਂ ਹੀ ਸਨ। ਐਟਵਿਨ ਬਾਅਦ ਵਿਚ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ ਸਨ। 

2019 ਦੀਆਂ ਫ਼ੈਡਰਲ ਚੋਣਾਂ ਵਿਚ ਗ੍ਰੀਨ ਪਾਰਟੀ ਨੂੰ 1.1 ਮਿਲੀਅਨ ਵੋਟਾਂ ਪਈਆਂ ਸਨ ਯਾਨੀ ਪਾਰਟੀ ਦਾ ਨੈਸ਼ਨਲ ਵੋਟ ਸ਼ੇਅਰ 6.5 ਫ਼ੀਸਦੀ ਰਿਹਾ ਸੀ। ਪਰ ਪੌਲ ਦੀ ਲੀਡਰਸ਼ਿਪ ਅਧੀਨ, ਤਾਜ਼ਾ ਫ਼ੈਡਰਲ ਚੋਣਾਂ ਵਿਚ, ਗ੍ਰੀਨ ਪਾਰਟੀ ਨੂੰ 400,00 ਤੋਂ ਵੀ ਘੱਟ ਵੋਟਾਂ ਪਈਆਂ ਅਤੇ ਵੋਟ ਸ਼ੇਅਰ ਵੀ 2.3 ਫ਼ੀਸਦੀ ਰਹਿ ਗਿਆ । 

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ