1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਤਕਰੀਬਨ ਤਿੰਨ ਸਾਲ ਚੀਨ ਵਿਚ ਕੈਦ ਰਹਿਣ ਤੋਂ ਬਾਅਦ ਦੋਵੇਂ ਮਾਇਕਲਜ਼ ਦੀ ਹੋਈ ਕੈਨੇਡਾ ਵਾਪਸੀ

ਕੈਨੇਡੀਅਨ ਵਿਦੇਸ਼ ਮੰਤਰੀ ਮੁਤਾਬਕ ਮਾਇਕਲਜ਼ ਦੀ ਰਿਹਾਈ ਮੈਂਗ ਸਮਝੌਤੇ ਨਾਲ ਸਬੰਧਤ

Michael Kovrig embraces his wife, Vina Nadjibulla, following his arrival in Toronto on a Canadian Air Force jet after his release from detention in China. Michael Spavor, right, is seen leaving Calgary International Airport. Both men spent more than 1,000 days in a Chinese prison.

ਸ਼ਨੀਵਾਰ ਨੂੰ ਟੋਰੌਂਟੋ ਪੀਅਰਸਨ ਏਅਰਪੋਰਟ 'ਤੇ ਮਾਇਕਲ ਕੋਵਰਿਗ ਦੀ ਆਪਣੀ ਪਤਨੀ ਵੀਨਾ ਨਜੀਬੁੱਲਾ ਨੂੰ ਮਿਲਦਿਆਂ ਦੀ ਤਸਵੀਰ। ਦੂਸਰੀ ਤਸਵੀਰ ਵਿਚ ਮਾਇਕਲ ਸਪੈਵਰ ਕੈਲਗਰੀ ਏਅਰਪੋਰਟ ਤੋਂ ਬਾਹਰ ਨਿਕਲਦੇ ਵੇਖੇ ਜਾ ਸਕਦੇ ਹਨ। ਸ਼ਨੀਵਾਰ ਨੂੰ ਦੋਵੇਂ ਮਾਇਕਲਜ਼ ਚਾਇਨਾ ਵਿਚ 1,000 ਦਿਨਾਂ ਤੋਂ ਵੱਧ ਸਮੇਂ ਕੈਦ ਰਹਿਣ ਤੋਂ ਬਾਅਦ ਕੈਨੇਡਾ ਵਾਪਸ ਪਹੁੰਚ ਗਏ ਹਨ।

ਤਸਵੀਰ: (Cpl. Justin Dreimanis/DND-MDN Canada/Reuters; Colin Hall/CBC)

RCI

ਕੈਨੇਡੀਅਨ ਨਾਗਰਿਕ ਮਾਇਕਲ ਸਪੈਵਰ ਅਤੇ ਮਾਇਕਲ ਕੋਵਰਿਗ ਤਕਰੀਬਨ ਤਿੰਨ ਸਾਲ ਚੀਨ ਵਿਚ ਨਜ਼ਰਬੰਦ ਰਹਿਣ ਤੋਂ ਬਾਅਦ ਆਖ਼ਰ ਕੈਨੇਡਾ ਵਾਪਸ ਆ ਗਏ ਹਨ। ਸ਼ੁੱਕਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੋਵੇਂ ਮਾਇਕਲਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ। 

ਕੈਨੇਡਾ ਦੇ ਚੀਨ ਲਈ ਰਾਜਦੂਤ ਡੌਮਿਨਿਕ ਬਾਰਟਨ ਵੀ ਇਹਨਾਂ ਦੋਵਾਂ ਦੇ ਨਾਲ ਕੈਨੇਡਾ ਪਹੁੰਚੇ ਹਨ। 

ਚੀਨ ਦੀ ਟੈਕ ਕੰਪਨੀ ਵੁਆਵੀ ਦੀ ਇੱਕ ਸੀਨੀਅਰ ਅਧਿਕਾਰੀ ਮੈਂਗ ਵੌਨਜ਼ੂ ਦੀ ਵੈਨਕੂਵਰ ਵਿਚ 2018 ‘ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਮਾਇਕਲਜ਼ ਨੂੰ ਚੀਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਚੀਨ ਲਗਾਤਾਰ ਇਹਨਾਂ ਦੋਵੇਂ ਮਾਮਲਿਆਂ ਦੇ ਆਪਸ ਵਿਚ ਜੁੜੇ ਹੋਣ ਤੋਂ ਇਨਕਾਰ ਕਰਦਾ ਰਿਹਾ ਸੀ ਪਰ ਇਹਨਾਂ ਦੋਵੇਂ ਕੈਨੇਡੀਅਨਜ਼ ਦੀ ਗ੍ਰਿਫ਼ਤਾਰੀ ਮੈਂਗ ਮਾਮਲੇ ਦੀ ਜਵਾਬੀ ਕਾਰਵਾਈ ਵੱਜੋਂ ਹੀ ਦੇਖੀ ਜਾ ਰਹੀ ਸੀ। 

ਸ਼ੁੱਕਰਵਾਰ ਨੂੰ ਮੈਂਗ ਅਤੇ ਯੂ ਐਸ ਦਰਮਿਆਨ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤੋਂ ਬਾਅਦ ਕੈਨੇਡਾ ਵੱਲੋਂ ਮੈਂਗ ਨੂੰ ਯੂ ਐਸ ਦੇ ਹਵਾਲੇ ਕੀਤੇ ਜਾਣ ਦੀ ਪ੍ਰਕਿਰਿਆ ‘ਤੇ ਵਿਰਾਮ ਲੱਗ ਗਿਆ ਅਤੇ ਉਦੋਂ ਹੀ ਇਹ ਤੈਅ ਮੰਨਿਆ ਜਾ ਰਿਹਾ ਸੀ ਕਿ ਦੋਵੇਂਂ ਮਾਇਕਲ ਕੈਨੇਡਾ ਵਾਪਸ ਆ ਸਕਣਗੇ। 

ਮੈਂਗ ਵੌਨਜ਼ੂ ਵੀ ਚੀਨ ਵਾਪਸ ਪਹੁੰਚ ਗਈ ਹੈ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਗੱਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਹੁਣ ਚਾਇਨਾ-ਕੈਨੇਡਾ ਸਬੰਧਾਂ ਵਿਚ ਕੀ ਮੋੜ ਆ ਸਕਦਾ ਹੈ। ਉਹਨਾਂ ਨੇ ਕੈਨੇਡੀਅਨਜ਼ ਦੀ ਰਿਹਾਈ ਕਿਵੇਂ ਸੰਭਵ ਹੋਈ, ਇਸ ਬਾਰੇ ਵੀ ਕੋਈ ਜਵਾਬ ਨਹੀਂ ਦਿੱਤਾ ਸੀ। ਪਰ ਵਿਦੇਸ਼ ਮੰਤਰੀ ਮਾਰਕ ਗਾਰਨੌ ਨੇ ਕਿਹਾ ਹੈ ਕਿ ਚਾਇਨਾ ਨਾਲ ਸਬੰਧਾਂ ਬਾਰੇ ਕੈਨੇਡਾ ਪੂਰੀ ਚੌਕਸੀ ਨਾਲ ਅੱਗੇ ਵਧੇਗਾ।

ਮਾਇਕਲਜ਼ ਦੀ ਵਾਪਸੀ ਇੱਕ ਯਾਦਗਾਰ ਪਲ : ਗਾਰਨੌ

ਬੀਤੇ ਸ਼ਨੀਵਾਰ ਦੋਵੇਂ ਮਾਇਕਲਜ਼ ਨੂੰ ਕੈੇਨੇਡਾ ਲਿਆ ਰਿਹਾ ਜਹਾਜ਼ ਕੈਲਗਰੀ ਏਅਰਪੋਰਟ ‘ਤੇ ਲੈਂਡ ਹੋਇਆ। ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੌ ਉਹਨਾਂ ਦਾ ਸਵਾਗਤ ਕਰਨ ਲਈ ਕੈਲਗਰੀ ਪਹੁੰਚੇ ਸਨ। 

ਗਾਰਨੌ ਨੇ ਕਿਹਾ, ਉਹਨਾਂ ਨੂੰ ਕੈਨੇਡਾ ਦੀ ਸਰਜ਼ਮੀਨ ‘ਤੇ ਪਹੁੰਚਦਿਆਂ, ਜਹਾਜ਼ ਚੋਂ ਉਤਰਦਿਆਂ ਦੇਖਣਾ ਬਹੁਤ ਭਾਵੁਕ ਪਲ ਸੀ। ਮੈਨੂੰ ਲੱਗਦਾ ਹੈ ਕਿ ਤੁਸੀਂ ਹੁਣ ਕੈਨੇਡਾ ਦੀ ਇੱਕ ਸਾਂਝੀ ਰਾਹਤ ਮਹਿਸੂਸ ਕਰ ਸਕਦੇ ਹੋ, ਕਿ ਆਖ਼ਰ ਕੈਨੇਡਾ ਦੀ ਧਰਤੀ ‘ਤੇ ਦੋਵੇਂ ਮਾਇਕਲ ਵਾਪਸ ਪਹੁੰਚ ਗਏ ਹਨ।

ਚਾਇਨਾ ਦੀ ਕਮਿਉਨਿਸਟ ਪਾਰਟੀ ਨਾਲ ਜੁੜੇ ਇੱਕ ਡਿਜੀਟਲ ਮੀਡੀਆ ਅਦਾਰੇ ਨੇ ਸੋਮਵਾਰ ਨੂੰ ਆਖਿਆ ਹੈ ਕਿ ‘ਸਿਹਤ ਕਾਰਨਾਂ’ ਕਰਕੇ ਦੋਵੇਂ ਮਾਇਕਲਜ਼ ਨੂੰ ਚਾਇਨਾ ਨੇ ਰਿਹਾਅ ਕੀਤਾ ਹੈ। 

ਰਿਹਾਈ ਦਾ ਸਮਾਂ ਦੋਵੇਂ ਮਾਮਲਿਆਂ ਦੇ ਜੁੜੇ ਹੋਣ ਦੀ ਤਸਦੀਕ : ਗਾਰਨੌ

ਮਾਇਕਲ ਸਪੈਵਰ ਇੱਕ ਬਿਜ਼ਨਸਮੈਨ ਹੈ ਜੋ ਨੌਰਥ ਕੋਰੀਆ ਅਤੇ ਚਾਇਨਾ ਨਾਲ ਕੰਮ ਕਰਦਾ ਰਿਹਾ ਹੈ। ਸਪੈਵਰ ਨੂੰ ਜਾਸੂਸੀ ਦੇ ਇਲਜ਼ਾਮਾਂ ਲਈ ਦੋਸ਼ੀ ਕਰਾਰ ਦੇਕੇ 11 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਇਕਲ ਕੋਵਰਿਗ ਦੀ ਅਦਾਲਤੀ ਸੁਣਵਾਈ ਮੁਕੰਮਲ ਹੋ ਗਈ ਸੀ ਪਰ ਅਜੇ ਉਸਨੂੰ ਸਜ਼ਾ ਸੁਣਾਈ ਜਾਣੀ ਸੀ। 

ਮੈਂਗ ਵੌਨਜ਼ੂ ਦੀ ਗ੍ਰਿਫ਼ਤਾਰੀ ਦੇ ਐਨ 10 ਦਿਨਾਂ ਬਾਅਦ ਦੋਵੇਂ ਮਾਇਕਲਜ਼ ਨੂੰ ਹਿਰਾਸਤ ‘ਚ ਲਿਆ ਗਿਆ ਸੀ। 

ਗਾਰਨੌ ਨੇ ਕਿਹਾ ਕਿ ਦੋਵੇਂ ਮਾਇਕਲਜ਼ ਦੀ ਰਿਹਾਈ ਦਾ ਸਮਾਂ ਧਿਆਨਯੋਗ ਹੈ। ਮੈਂਗ ਵੌਨਜ਼ੂ ਦੇ ਮਾਮਲੇ ਤੋਂ ਤੁਰੰਤ ਬਾਅਦ ਦੋਵੇਂਂ ਮਾਇਕਲਜ਼ ਦੀ ਵਾਪਸੀ ਇਹਨਾਂ ਦੋਵੇਂ ਮਾਮਲਿਆਂ ਦੇ ਜੁੜੇ ਹੋਣ ਦੀ ਸਾਫ਼ ਤੌਰ ਤੇ ਤਸਦੀਕ ਹੈ।”

ਸਾਬਕਾ ਕੈਨੇਡੀਅਨ ਡਿਪਲੋਮੈਟ ਕੌਲਿਨ ਰੌਬਰਟਸਨ ਨੇ ਵੀ ਕਿਹਾ ਸੀ ਕਿ ਇਸ ਮਾਮਲੇ ਨੇ ਉਹਨਾਂ ਨੂੰ ਸ਼ੀਤ ਯੁੱਧ ਦੌਰਾਨ ਜਾਸੂਸਾਂ ਦੀ ਅਦਲਾ-ਬਦਲੀ ਕੀਤੇ ਜਾਣ ਦੀ ਯਾਦ ਦਵਾ ਦਿੱਤੀ ਹੈ। 

ਗਾਰਨੌ ਨੇ ਕਿਹਾ ਕਿ ਦੋਵੇਂ ਮਾਇਕਲਜ਼ ਦੀ ਗ੍ਰਿਫ਼ਤਾਰੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਚਾਇਨਾ ਦਾ ਅਕਸ ਖ਼ਰਾਬ ਕੀਤਾ ਹੈ। 

ਦੇਸ਼ਾਂ ਵਿਚ ਅਸਹਿਮਤੀ ਹੋਣਾ ਠੀਕ ਹੈ, ਪਰ ਤੁਸੀਂ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਮਨਮਾਨੀ ਨਾਲ ਗ੍ਰਿਫ਼ਤਾਰ ਕਰਕੇ ਸਿਰਫ਼ ਇਸ ਲਈ ਜੇਲ ਵਿਚ ਨਹੀਂ ਪਾ ਸਕਦੇ ਕਿਉਂਕਿ ਤੁਸੀਂ ਉਸ ਦੇਸ਼ ਨਾਲ ਖ਼ੁਸ਼ ਨਹੀਂ ਹੋ

ਚਾਇਨਾ ਵਿਚ ਕੈਦ ਬਾਕੀ ਕੈਨੇਡੀਅਨਜ਼

ਮਾਇਕਲ ਕੋਵਰਿਗ ਦੀ ਦੋਸਤ ਅਤੇ ਟੋਰੌਂਟੋ ਸਟਾਰ ਅਖ਼ਬਾਰ ਦੀ ਪੱਤਰਕਾਰ ਜੋਆਨਾ ਚੀਉ ਦਾ ਕਹਿਣਾ ਹੈ ਕਿ ਮਾਇਕਲਜ਼ ਦਾ ਕੈਨੇਡਾ ਪਹੁੰਚਣਾ ਉਹਨਾਂ ਲਈ ਵੱਡੀ ਰਾਹਤ ਹੈ ਪਰ ਕਈ ਲੋਕਾਂ ਨੂੰ ਅਜੇ ਵੀ ਫ਼ਿਕਰ ਹੈ ਕਿ ਦਰਅਸਲ ਬਹੁਤਾ ਕੁਝ ਨਹੀਂ ਬਦਲਿਆ ਹੈ।

ਉਹਨਾਂ ਕਿਹਾ ਕਿ ਮਾਇਕਲ ਕੋਵਰਿਗ ਅਤੇ ਮਾਇਕਲ ਸਪੈਵਰ ਹੀ ਚੀਨ ਵਿਚ ਕੈਦ ਹੋਣ ਵਾਲੇ ਇਕਲੌਤੇ ਕੈਨੇਡੀਅਨਜ਼ ਨਹੀਂ ਹਨ।

ਵੀਗਰ ਕਾਰਕੁੰਨ ਹੁਸੈਨ ਸੈਲਿਲ 2006 ਤੋਂ ਚਾਇਨਾ ਵਿਚ ਕੈਦ ਹੈ। ਰੌਬਰਟ ਸ਼ੈਲਨਬਰਗ, ਜ਼ੂ ਵੀਹੌਂਗ, ਯੀ ਯੌਂਹੁਈ ਅਤੇ ਫ਼ੈਨ ਵੀ ਕੈਨੇਡੀਅਨ ਨਾਗਰਿਕ ਹਨ ਜਿਹਨਾਂ ਨੂੰ ਪਿਛਲੇ ਕੁਝ ਸਾਲਾਂ ਦੇ ਦੌਰਾਨ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿਚ ਚਾਇਨਾ ਨੇ ਮੌਤ ਦੀ ਸਜ਼ਾ ਸੁਣਾਈ ਹੋਈ ਹੈ। 

ਕ੍ਰਿਸਟਿਅਨ ਪਾਸ ਲੈਂਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਨਿਕ ਬੋਇਸਵਰਟ ਤੋਂ ਪ੍ਰਾਪਤ ਜਾਣਕਾਰੀ ਸਹਿਤ

ਸੁਰਖੀਆਂ