1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਸੰਬੰਧ

ਮੈਂਗ ਵੌਨਜ਼ੂ ਅਤੇ ਯੂ ਐਸ ਸਰਕਾਰ ਦਰਮਿਆਨ ਸਮਝੌਤਾ

ਕੈਨੇਡਾ ਵੱਲੋਂ ਮੈਂਗ ਨੂੰ ਯੂਐਸ ਦੇ ਹਵਾਲੇ ਕੀਤੇ ਜਾਣ ਦੀ ਪ੍ਰਕਿਰਿਆ ਵੀ ਹੋਵੇਗੀ ਸਮਾਪਤ

ਵੁਆਵੀ ਦੀ ਚੀਫ਼ ਫ਼ਾਇਨੈਂਸ਼ੀਅਲ ਔਫ਼ਿਸਰ ਮੈਂਗ ਵੌਨਜ਼ੂ

ਵੁਆਵੀ ਦੀ ਚੀਫ਼ ਫ਼ਾਇਨੈਂਸ਼ੀਅਲ ਔਫ਼ਿਸਰ ਮੈਂਗ ਵੌਨਜ਼ੂ ਦੀ 24 ਸਤੰਬਰ 2021 ਨੂੰ ਵੈਨਕੂਵਰ ਵਿਚ ਆਪਣੇ ਨਿਵਾਸ ਚੋਂ ਨਿਕਲਦਿਆਂ ਦੀ ਤਸਵੀਰ।

ਤਸਵੀਰ: Radio-Canada / Ben Nelms

RCI

ਚਾਇਨਾ ਦੀ ਟੈਕ ਕੰਪਨੀ ਵੁਆਵੀ ਦੀ ਚੀਫ਼ ਫ਼ਾਇਨੈਂਸ਼ੀਅਲ ਔਫ਼ਿਸਰ ਮੈਂਗ ਵੌਨਜ਼ੂ ਦਾ ਯੂ ਐਸ ਸਰਕਾਰ ਨਾਲ ਸਮਝੌਤਾ ਹੋ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਮੈਂਗ ਨੂੰ ਯੂ ਐਸ ਦੇ ਹਵਾਲੇ ਕੀਤੇ ਜਾਣ ਦੀ ਚਲ ਰਹੀ ਕਾਨੂੰਨੀ ਪ੍ਰਕਿਰਿਆ ‘ਤੇ ਵਿਰਾਮ ਲੱਗਣ ਦਾ ਵੀ ਰਾਹ ਪੱਧਰਾ ਹੋ ਗਿਆ ਹੈ। 

ਮੈਂਗ ਅਤੇ ਯੂ ਐਸ ਦਰਮਿਆਨ ਡਿਫਰਡ ਪ੍ਰੌਸੀਕਿਊਸ਼ਨ ਐਗਰੀਮੈਂਟ (DPA)  ਹੋਇਆ ਹੈ। 

ਇਸ ਐਗਰੀਮੈਂਟ ਅਧੀਨ ਕਥਿਤ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੇ ਜਾਣ ਦੀ ਬਜਾਏ ,ਉਸਤੋਂ ਕੁਝ ਜੁਰਮਾਨਾ ਲਿਆ ਜਾਂਦਾ ਹੈ ,ਪਰ ਕਥਿਤ ਦੋਸ਼ੀ ਨੂੰ ਕੁਝ ਖ਼ਾਸ ਸ਼ਰਤਾਂ ਵੀ ਮੰਨਣੀਆਂ ਪੈਂਦੀਆਂ ਹਨ। 

ਮੈਂਗ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਨਹੀਂ ਕੀਤਾ ਹੈ। 

ਮੈਂਗ ਨੂੰ ਬੈਂਕ ਫ਼ਰਾਡ, ਵਾਇਰ ਫ਼ਰਾਡ ਅਤੇ ਬੈਂਕ ਨਾਲ ਧੋਖਾਧੜੀ ਕਰਨ ਦੀਆਂ ਸਾਜ਼ਿਸ਼ਾਂ ਘੜ੍ਹਨ ਦੇ ਦੋਸ਼ਾਂ ਲਈ ਕਰੀਬ ਢਾਈ ਸਾਲ ਪਹਿਲਾਂ ਚਾਰਜ ਕੀਤਾ ਗਿਆ ਸੀ। 

ਯੂ ਐਸ ਸਟੇਟ ਅਟੌਰਨੀ ਦੇ ਨਿਊਯੌਰਕ (ਈਸਟਰਨ ਡਿਸਟ੍ਰਿਕਟ) ਔਫ਼ਿਸ ਦੇ ਇੱਕ ਅਟੌਰਨੀ ਡੇਵਿਡ ਕੈਸਲਰ ਨੇ ਅਦਾਲਤ ਨੂੰ ਦੱਸਿਆ ਕਿ ਉਕਤ ਡੀ ਪੀ ਏ ਦੀ ਮਿਆਦ ਚਾਰ ਸਾਲ ਦੀ ਹੋਵੇਗੀ - ਮੈਂਗ ਦੀ 1 ਦਸੰਬਰ 2018 ਨੂੰ ਹੋਈ ਗ੍ਰਿਫ਼ਤਾਰੀ ਤੋਂ ਲੈਕੇ 1 ਦਸੰਬਰ 2022 ਤੱਕ। 

ਇਸ ਸਮਝੌਤੇ ਦੀ ਕਾਪੀ ਫ਼ਿਲਹਾਲ ਜਨਤਕ ਨਹੀਂ ਕੀਤੀ ਗਈ ਹੈ। 

ਕੈਸਲਰ ਦਾ ਕਹਿਣਾ ਹੈ ਕਿ ਜੇ ਮੈਂਗ ਆਪਣੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ ਤਾਂ ਇਸ ਮਿਆਦ ਦੇ ਖ਼ਤਮ ਹੋਣ ਤੱਕ ਉਸ ਖ਼ਿਲਾਫ਼ ਲੱਗੇ ਦੋਸ਼ ਹਟਾ ਦਿੱਤੇ ਜਾਣਗੇ ਅਤੇ ਜੇ ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਉਸ ਖ਼ਿਲਾਫ਼ ਦੁਬਾਰਾ ਕਾਨੂੰਨੀ ਕਾਰਵਾਈ ਸ਼ੁਰੂ ਹੋ ਜਾਵੇਗੀ। 

ਕੈਸਲਰ ਨੇ ਕਿਹਾ ਹੈ ਕਿ ਡੀਪੀਏ ‘ਤੇ ਸਹਿਮਤੀ ਬਣਦਿਆਂ ਹੀ, ਯੂ ਐਸ ਬਿਨਾ ਕਿਸੇ ਦੇਰੀ ਤੋਂ ਕੈਨੇਡਾ ਸਰਕਾਰ ਨੂੰ ਹਵਾਲਗੀ ਦੀ ਅਰਜ਼ੀ ਵਾਪਸ ਲੈਣ ਬਾਰੇ ਸੂਚਿਤ ਕਰੇਗਾ। 

ਯੂ ਐਸ ਦੀ ਡਿਸਟ੍ਰਿਕਟ ਜੱਜ ਐਨ ਡੌਨੈਲੀ ਮੁਤਾਬਕ ਮੈਂਗ ਸਮਝੌਤੇ ਦੀਆਂ ਸ਼ਰਤਾਂ ਨਾਲ ਸਹਿਮਤ ਹੈ। 

ਹੁਣ ਇਹ ਮਾਮਲਾ ਬੀਸੀ ਦੀ ਅਦਾਲਤ ਵਿਚ ਜਾਵੇਗਾ। 

ਇਸ ਤਾਜ਼ਾ ਘਟਨਾਕ੍ਰਮ ਨਾਲ ਕੈਨੇਡਾ ਅਤੇ ਚਾਇਨਾ ਦੇ ਤਣਾਅਪੂਰਨ ਰਿਸ਼ਤਿਆਂ ਵਿਚ ਨਵਾਂ ਮੋੜ ਆ ਸਕਦਾ ਹੈ। 

49 ਸਾਲ ਦੀ ਮੈਂਗ ਵੌਨਜ਼ੂ ‘ਤੇ ਯੂ ਐਸ ਵੱਲੋਂ ਇਰਾਨ ਤੇ ਲਗਾਈਆਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਿਆ ਹੈ। ਯੂ ਐਸ ਸਰਕਾਰ ਵੱਲੋਂ ਹਵਾਲਗੀ ਦੀ ਬੇਨਤੀ ਕੀਤੇ ਜਾਣ ਕਰਕੇ ਮੈਂਗ ਨੂੰ ਦਸੰਬਰ 2018 ਵਿਚ ਵੈਨਕੂਵਰ ਹਵਾਈਅੱਡੇ ਤੋਂ ਹਿਰਾਸਤ ਵਿਚ ਲਿਆ ਗਿਆ ਸੀ । 

ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਦੋ ਕੈਨੇਡੀਅਨ ਨਾਗਰਿਕਾਂ ਮਾਇਕਲ ਸਪੈਵਰ ਅਤੇ ਮਾਇਕਲ ਕੋਵਰਿਗ ਨੂੰ ਚੀਨ ਨੇ ਹਿਰਾਸਤ ਵਿਚ ਲੈ ਲਿਆ ਸੀ। ਇਹਨਾਂ ਦੋਵੇਂ ਗ੍ਰਿਫ਼ਤਾਰੀਆਂ ਨੂੰ ਮੈਂਗ ਵੌਨਜ਼ੂ ਦੀ ਗ੍ਰਿਫ਼ਤਾਰੀ ਦੀ ਜਵਾਬੀ ਕਾਰਵਾਈ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਹੈ। 

ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦਾ ਸਵਾਲ

ਦੋਵੇਂ ਮਾਇਕਲਜ਼ ਨੂੰ ਜਾਸੂਸੀ ਦੇ ਇਲਜ਼ਾਮਾਂ ਤਹਿਤ ਚਾਰਜ ਕੀਤਾ ਗਿਆ ਹੈ। ਸਪੈਵਰ ਨੂੰ 11 ਸਾਲ ਦੀ ਜੇਲ ਦੀ ਸਜ਼ਾ ਹੋਈ ਹੈ। ਕੋਵਰਿਗ ਦੀ ਅਦਾਲਤੀ ਸੁਣਵਾਈ ਮਾਰਚ ਵਿਚ ਖ਼ਤਮ ਹੋ ਗਈ ਸੀ ਅਤੇ ਅਜੇ ਉਸਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ। 

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੋਵੇਂ ਮਾਇਕਲਜ਼ ਉੱਪਰ ਲੱਗੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦੇ ਚੁੱਕੇ ਹਨ। ਚਾਇਨਾ ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਮੈਂਗ ਵੌਨਜ਼ੂ ਅਤੇ ਦੋਵੇਂ ਮਾਇਕਲਾਂ ਦੇ ਮਾਮਲੇ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। 

ਚਾਇਨਾ ਵਿਚ ਕੈਨੇਡਾ ਦੇ ਡਿਪਲੋਮੈਟ ਰਹੇ ਕੌਲਿਨ ਰੋਬਰਟਸਨ ਨੂੰ ਉਮੀਦ ਹੈ ਕਿ ਚਾਇਨਾ ਅਤੇ ਯੂ ਐਸ ਦਰਮਿਆਨ ਹੁਣ ਅਗਲੇਰੀ ਗੱਲਬਾਤ ਹੋਵੇਗੀ ਜਿਸ ਦੇ ਨਤੀਜੇ ਵੱਜੋਂ ਦੋਵੇਂ ਕੈਨੇਡੀਅਨ ਨਾਗਰਿਕਾਂ ਦੇ ਵੀ ਆਪਣੇ ਮੁਲਕ ਪਰਤ ਸਕਣ ਦਾ ਰਾਹ ਪੱਧਰਾ ਹੋਵੇਗਾ। 

ਕੈਥਰੀਨ ਟਨੀ, ਕ੍ਰਿਸ ਹਾਲ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ