1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

[ਰਿਪੋਰਟ] ਜਾਣੋਂ ਕੈਨੇਡਾ ਵਿੱਚ ਕਿਵੇਂ ਦੀ ਹੁੰਦੀ ਹੈ ਰਿਟਾਇਰਡ ਐਮ ਪੀਜ਼ ਦੀ ਜ਼ਿੰਦਗੀ

ਸਰਗਰਮ ਸਿਆਸਤ ਤੋਂ ਰਹਿੰਦੀ ਹੈ ਦੂਰੀ

ਕੈਨੇਡਾ ਵਿੱਚ ਐਮ ਪੀ ਦੀ ਇਕ ਟਰਮ 4 ਸਾਲ ਦੀ ਹੁੰਦੀ ਹੈ I

ਕੈਨੇਡਾ ਵਿੱਚ ਐਮ ਪੀ ਦੀ ਇਕ ਟਰਮ 4 ਸਾਲ ਦੀ ਹੁੰਦੀ ਹੈ I

ਤਸਵੀਰ: La Presse canadienne / Adrian Wyld

Sarbmeet Singh

ਕੈਨੇਡਾ ਵਿੱਚ ਫ਼ੈਡਰਲ ਚੋਣਾਂ ਹੋ ਚੁੱਕੀਆਂ ਹਨ ਅਤੇ ਨਤੀਜੇ ਸਭ ਦੇ ਸਾਹਮਣੇ ਹਨ I  ਬਹੁਤ ਸਾਰੇ ਐਮ ਪੀ ਪਹਿਲੀ ਵਾਰ ਹਾਊਸ ਆਫ਼ ਕਾਮਨਜ਼ ਵਿੱਚ ਜਾਣਗੇ ਜਦਕਿ ਕੁਝ ਦੀ ਇਹ ਆਖ਼ਰੀ ਚੋਣ ਸਿੱਧ ਹੋ ਸਕਦੀ ਹੈ I

ਜੇਕਰ ਰਿਟਾਇਰਮੈਂਟ ਘੋਸ਼ਿਤ ਕਰਨ ਵਾਲੇ ਐਮ ਪੀ ਹੁਣ ਤੁਹਾਨੂੰ ਆਮ ਵਿਅਕਤੀਆਂ ਵਾਂਗ ਕੋਈ ਹੋਰ ਕੰਮ ਕਰਦੇ ਨਜ਼ਰ ਆਉਣ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ I ਇਥੇ ਇਹ ਆਮ ਗੱਲ ਹੈ I ਜਾਣੋਂ ਕੈਨੇਡਾ ਵਿੱਚ ਕਿਵੇਂ ਦੀ ਹੁੰਦੀ ਹੈ ਰਿਟਾਇਰਡ ਐਮ ਪੀ ਦੀ ਜ਼ਿੰਦਗੀ :

ਨਹੀਂ ਮਿਲਦੀ ਸਕਿਉਰਿਟੀ

ਕੈਨੇਡਾ ਵਿੱਚ ਸਾਬਕਾ ਐਮ ਪੀਜ਼ ਨੂੰ ਕਿਸੇ ਤਰ੍ਹਾਂ ਦੀ ਸਕਿਉਰਿਟੀ ਨਹੀਂ ਮਿਲਦੀ I  ਸਾਬਕਾ ਐਮ ਪੀ ਆਮ ਲੋਕਾਂ ਨਾਲ ਰੋਜ਼ਾਨਾ ਤੌਰ 'ਤੇ ਹੀ ਆਮ ਵਾਂਗ ਵਿਚਰਦੇ ਹਨ I  ਇਥੇ ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਐਮ ਪੀਜ਼ ਨਾਲ ਵੀ ਸਕਿਉਰਿਟੀ ਦਾ ਲਾਮ ਲਸ਼ਕਰ ਦੇਖਣ ਨੂੰ ਨਹੀਂ ਮਿਲਦਾ I  ਓਨਟੇਰੀਓ ਪ੍ਰੋਵਿੰਸ ਦੇ ਬ੍ਰੈਂਪਟਨ ਸ਼ਹਿਰ ਵਿੱਚੋਂ ਚੁਣੇ ਗਏ ਕੈਨੇਡਾ ਦੇ ਪਹਿਲੇ ਪਗੜੀਧਾਰੀ ਐਮ ਪੀ ਗੁਰਬਖਸ਼ ਮੱਲ੍ਹੀ ਦਾ ਕਹਿਣਾ ਹੈ ਕਿ ਸਕਿਉਰਿਟੀ ਦੀ ਕੋਈ ਲੋੜ ਹੀ ਨਹੀਂ ਪੈਂਦੀ ਅਤੇ ਨਾ ਹੀ ਅਜਿਹੀ ਕੋਈ ਵਿਵਸਥਾ ਹੈ  I  

ਬਹੁਤ ਥੋੜੀ ਪੈਨਸ਼ਨ

ਕੈਨੇਡਾ ਵਿੱਚ ਸਾਬਕਾ ਐਮ ਪੀਜ਼ ਨੂੰ ਭਾਰਤ ਵਾਂਗ ਬਹੁਤ ਸਾਰੇ ਭੱਤੇ ਅਤੇ ਪੈਨਸ਼ਨਾਂ ਨਹੀਂ ਮਿਲਦੀਆਂ I ਇਸੇ ਲਈ ਸਾਬਕਾ ਐਮ ਪੀ ਨੌਕਰੀ ਜਾਂ ਆਪਣਾ ਵਪਾਰ ਕਰਦੇ ਹਨ I ਐਮ ਪੀਜ਼ ਆਪਣੇ ਕਾਰਜਕਾਲ ਦੌਰਾਨ ਆਪਣੀ ਤਨਖ਼ਾਹ ਦਾ ਕੁਝ ਹਿੱਸਾ ਕਟਾਉਂਦੇ ਹਨ ਜੋ ਕਿ ਉਹਨਾਂ ਦੀ ਪੈਨਸ਼ਨ ਵੱਲ ਜਾਂਦਾ ਹੈ I  ਇਸ ਵਿੱਚ ਕੁਝ ਹਿੱਸਾ ਸਰਕਾਰ ਵੀ ਪਾਉਂਦੀ ਹੈ I

ਪੈਨਸ਼ਨ ਵੀ ਹਰ ਸਾਬਕਾ ਐਮ ਪੀ ਨੂੰ ਨਸੀਬ ਨਹੀਂ ਹੁੰਦੀ I  ਪੈਨਸ਼ਨ ਲੈਣ ਲਈ 65 ਸਾਲ ਦੀ ਉਮਰ ਜਾਂ 6 ਸਾਲ ਤੱਕ ਐਮ ਪੀ ਰਹੇ ਹੋਣਾ ਲਾਜ਼ਮੀ ਹੈ I  ਕੈਨੇਡਾ ਵਿੱਚ ਐਮ ਪੀ ਦੀ ਇਕ ਟਰਮ 4 ਸਾਲ ਦੀ ਹੁੰਦੀ ਹੈ I  ਪੈਨਸ਼ਨ ਲਈ ਯੋਗ ਹੋਣ ਲਈ ਲਗਾਤਾਰ 6 ਸਾਲ ਐਮ ਪੀ ਰਹਿਣਾ ਜ਼ਰੂਰੀ ਨਹੀਂ ਹੈ I

ਇਹਨਾਂ ਚੋਣਾਂ ਦੌਰਾਨ 142 ਅਜਿਹੇ ਐਮ ਪੀਜ਼ ਨੇ ਚੋਣ ਲੜੀ ਜਿੰਨ੍ਹਾਂ ਬਾਰੇ ਚਰਚਾ ਸੀ ਕਿ ਇਹਨਾਂ ਵਿੱਚੋਂ ਹਾਰਨ ਵਾਲਿਆਂ ਦੀ ਪੈਨਸ਼ਨ ਜਾ ਸਕਦੀ ਹੈ I ਇਹ ਵਿਅਕਤੀ ਪਹਿਲੀ ਵਾਰ ਅਕਤੂਬਰ 2015 ਦੌਰਾਨ ਚੋਣ ਜਿੱਤ ਕੇ ਐਮ ਪੀ ਬਣੇ ਸਨ ਅਤੇ 2019 ਦੌਰਾਨ ਦੂਸਰੀ ਚੋਣ ਜਿੱਤਣ ਕਰਕੇ ਇਹਨਾਂ ਦੇ 6 ਸਾਲ , ਅਕਤੂਬਰ 2021 ਵਿੱਚ ਪੂਰੇ ਹੋਣੇ ਸਨ ਪਰ ਲਿਬਰਲ ਲੀਡਰ ਜਸਟਿਨ ਟ੍ਰੂਡੋ ਵੱਲੋਂ ਅਗਸਤ 2021 ਦੌਰਾਨ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ I

ਇਹ ਵੀ ਪੜੋ :

ਸਰੀ ਤੋਂ ਸਾਬਕਾ ਐਮ ਪੀ ਗੁਰਮੰਤ ਗਰੇਵਾਲ, ਜੋ ਕਿ ਅੱਜ ਕਲ ਸਰੀ ਸ਼ਹਿਰ ਵਿੱਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਹਨ, ਨੇ ਕਿਹਾ ਕੈਨੇਡਾ ਵਿੱਚ ਐਨੀ ਪੈਨਸ਼ਨ ਨਹੀਂ ਮਿਲਦੀ ਕਿ ਘਰ ਬੈਠ ਕੇ ਗੁਜ਼ਾਰਾ ਹੋ ਸਕੇ I ਸੋ ਖ਼ਰਚਿਆਂ ਦੇ ਹਿਸਾਬ ਨਾਲ ਕੰਮ ਕਰਨਾ ਹੀ ਪੈਂਦਾ ਹੈ I

ਉਹਨਾਂ ਕਿਹਾ 2012 ਦੌਰਾਨ ਸਟੀਫ਼ਨ ਹਾਰਪਰ ਦੀ ਸਰਕਾਰ ਦੌਰਾਨ ਸਾਬਕਾ ਐਮ ਪੀਜ਼ ਦੀ ਪੈਨਸ਼ਨ ਵਿੱਚ ਸਰਕਾਰ ਵੱਲੋ ਪਾਏ ਜਾਂਦੇ ਹਿੱਸੇ 'ਤੇ ਕਟੌਤੀ ਲਗਾਈ ਗਈ ਸੀ I ਗਰੇਵਾਲ ਤਿੰਨ ਵਾਰ ਐਮ ਪੀ ਰਹਿ ਚੁੱਕੇ ਹਨ I ਉਹਨਾਂ ਦੀ ਪਤਨੀ ਨੀਨਾ ਗਰੇਵਾਲ ਵੀ ਤਿੰਨ ਵਾਰ ਐਮ ਪੀ ਵਜੋਂ ਚੋਣ ਜਿੱਤ ਚੁੱਕੇ ਹਨI

ਸਾਬਕਾ ਐਮ ਪੀ ਗੁਰਮੰਤ ਗਰੇਵਾਲ ਹਾਊਸ ਆਫ਼ ਕਾਮਨਜ਼ ਦੌਰਾਨ

ਸਾਬਕਾ ਐਮ ਪੀ ਗੁਰਮੰਤ ਗਰੇਵਾਲ ਹਾਊਸ ਆਫ਼ ਕਾਮਨਜ਼ ਦੌਰਾਨ

ਤਸਵੀਰ: ਧੰਨਵਾਦ ਸਾਹਿਤ ਗੁਰਮੰਤ ਗਰੇਵਾਲ

ਪ੍ਰਾਪਤ ਜਾਣਕਾਰੀ ਅਨੁਸਾਰ ਇਸਤੋਂ ਪਹਿਲਾਂ ਐਮ ਪੀ ਜਦੋਂ ਆਪਣੀ ਤਨਖ਼ਾਹ ਵਿੱਚੋਂ ਪੈਨਸ਼ਨ ਲਈ 1 ਡਾਲਰ ਪਾਉਂਦੇ ਸਨ ਤਾਂ ਸਰਕਾਰ 1.62 ਡਾਲਰ ਪਾਉਂਦੀ ਸੀ ਜਿਸਨੂੰ ਕਿ 2012 ਦੌਰਾਨ ਘਟਾ ਕੇ 1 ਡਾਲਰ ਕਰ ਦਿੱਤਾ ਗਿਆ I  

ਸਾਬਕਾ ਐਮ ਪੀ ਦਵਿੰਦਰ ਸ਼ੌਰੀ ਅੱਜਕਲ ਕੈਲਗਰੀ ਸ਼ਹਿਰ ਵਿੱਚ ਵਕਾਲਤ ਦੇ ਖ਼ੇਤਰ ਵਿੱਚ ਸਰਗਰਮ ਹਨ I ਸ਼ੌਰੀ ਨੇ ਕਿਹਾ 2012 ਦੌਰਾਨ ਐਮ ਪੀਜ਼ ਦੀਆਂ ਪੈਨਸ਼ਨਾਂ ਵਿੱਚ ਕਟੌਤੀ ਕਰਨਾ ਇਕ ਸ਼ਲਾਘਾਯੋਗ ਕਦਮ ਸੀI

ਸ਼ੌਰੀ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਪੈਨਸ਼ਨ ਮਿਲਦੀ ਹੈ ਪਰ ਵਕਾਲਤ ਕੀਤੇ ਹੋਣ ਕਰਕੇ ਉਹ ਇਸ ਕਿੱਤੇ ਵਿੱਚ ਸਰਗਰਮ ਹਨI

ਗਰੇਵਾਲ ਦਾ ਕਹਿਣਾ ਹੈ ਕਿ ਰਿਟਾਇਰਡ ਐਮ ਪੀਜ਼ ਨੂੰ ਆਮ ਜ਼ਿੰਦਗੀ ਵਿੱਚ ਨੌਕਰੀ ਲੈਣ ਵਿੱਚ ਵੀ ਪ੍ਰੇਸ਼ਾਨੀ ਹੁੰਦੀ ਹੈ I

ਉਹਨਾਂ ਕਿਹਾ ਅਜਿਹੇ ਵਿੱਚ ਕਈ ਵਾਰ ਵਿਅਕਤੀ 'ਤੇ ਇਕ ਪਾਰਟੀ ਦਾ ਠੱਪਾ ਲੱਗੇ ਹੋਣ ਕਰਕੇ ਬਹੁਤ ਸਾਰੀਆਂ ਕੰਪਨੀਆਂ ਨੌਕਰੀ ਦੇਣ ਤੋਂ ਕਿਨਾਰਾ ਕਰਦੀਆਂ ਹਨ I ਯੋਗਤਾ ਹੋਣ ਦੇ ਬਾਵਜੂਦ ਸਿਆਸੀ ਅਤੀਤ ਵਿਚਾਲੇ ਆ ਜਾਂਦਾ ਹੈ I

ਉਧਰ ਸਾਬਕਾ ਐਮ ਪੀ ਦਵਿੰਦਰ ਸ਼ੌਰੀ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੋਈ ਤਜ਼ਰਬਾ ਨਾ ਹੋਣ ਦੀ ਗੱਲ ਆਖੀ I

ਗੱਲਬਾਤ ਦੌਰਾਨ ਸਾਬਕਾ ਐਮ ਪੀ ਗੁਰਬਖਸ਼ ਮੱਲੀ

ਗੱਲਬਾਤ ਦੌਰਾਨ ਸਾਬਕਾ ਐਮ ਪੀ ਗੁਰਬਖਸ਼ ਮੱਲੀ

ਤਸਵੀਰ: Radio-Canada / ਸਰਬਮੀਤ ਸਿੰਘ

ਸਰਗਰਮ ਸਿਆਸਤ ਤੋਂ ਦੂਰੀ

ਕੈਨੇਡਾ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਰਿਟਾਇਰਡ ਐਮ ਪੀਜ਼ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਬਣਦੇ I

ਸਾਬਕਾ ਐਮ ਪੀ ਮੱਲ੍ਹੀ ਨੇ ਕਿਹਾ ਜੇਕਰ ਕੋਈ ਉਮੀਦਵਾਰ ਚੋਣਾਂ ਦੌਰਾਨ ਮੈਨੂੰ ਆਪਣੀ ਚੋਣ ਮੁਹਿੰਮ ਲਈ ਬੁਲਾਉਂਦਾ ਹੈ ਤਾਂ ਮੈਂ ਚਲਾ ਜਾਂਦਾ ਹਾਂ I  ਇਸਤੋਂ ਇਲਾਵਾ ਮੈਂ ਭਾਈਚਾਰੇ ਦੇ ਦੁੱਖ - ਸੁੱਖ ਵਿੱਚ ਲਗਾਤਾਰ ਸ਼ਾਮਿਲ ਹੋ ਰਿਹਾ ਹਾਂ I

ਬਹੁਤ ਸਾਰੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਕ ਵਾਰ ਚੋਣ ਹਾਰਨ ਤੋਂ ਬਾਅਦ ਸਿਆਸਤ ਵਿੱਚ ਮੁੜ ਵਾਪਸੀ ਔਖੀ ਹੋ ਜਾਂਦੀ ਹੈ I ਟਿਕਟ ਲੈਣ ਲਈ ਦੋਬਾਰਾ ਤੋਂ ਨੌਮੀਨੇਸ਼ਨ ਜਿੱਤਣੀ ਪੈਂਦੀ ਹੈ I ਅਜਿਹੇ ਵਿੱਚ ਬਹੁਤ ਸਾਰੇ ਰਿਟਾਇਰਡ ਸਿਆਸਤਦਾਨ ਸਰਗਰਮ ਸਿਆਸਤ ਤੋਂ ਦੂਰ ਹੋ ਕੇ ਕੋਈ ਨੌਕਰੀ ਕਰਦੇ ਹਨ ਜਾਂ ਆਪਣਾ ਕੋਈ ਵਪਾਰ ਸ਼ੁਰੂ ਕਰਦੇ ਹਨ I

Sarbmeet Singh

ਸੁਰਖੀਆਂ