1. ਮੁੱਖ ਪੰਨਾ
  2. ਵਾਤਾਵਰਨ
  3. ਪ੍ਰਦੂਸ਼ਨ

ਯੂਰਪੀਅਨ ਯੂਨੀਅਨ ਵੱਲੋਂ ਸਾਰੇ ਫ਼ੋਨਾਂ ਲਈ ਇਕੋ ਜਿਹੇ ਚਾਰਜਰ ਹੋਣ ਬਾਰੇ ਕਾਨੂੰਨ ਪ੍ਰਸਤਾਵਿਤ

11,000 ਮੀਟ੍ਰਿਕ ਟਨ ਇਲੈਕਟ੍ਰੌਨਿਕ ਵੇਸਟ ਨੂੰ ਘਟਾਉਣ ਦੇ ਇਰਾਦੇ ਨਾਲ ਲਿਆ ਗਿਆ ਕਦਮ

ਪਿੱਛਲੇ ਸਾਲ ਯੂਰਪੀਅਨ ਯੂਨੀਅਨ ਵਿੱਚ ਲਗਭਗ 420 ਮਿਲੀਅਨ ਮੋਬਾਈਲ ਫੋਨ ਜਾਂ ਪੋਰਟੇਬਲ ਇਲੈਕਟ੍ਰੌਨਿਕ ਉਪਕਰਣ ਵੇਚੇ ਗਏ ਸਨ I

ਪਿੱਛਲੇ ਸਾਲ ਯੂਰਪੀਅਨ ਯੂਨੀਅਨ ਵਿੱਚ ਲਗਭਗ 420 ਮਿਲੀਅਨ ਮੋਬਾਈਲ ਫੋਨ ਜਾਂ ਪੋਰਟੇਬਲ ਇਲੈਕਟ੍ਰੌਨਿਕ ਉਪਕਰਣ ਵੇਚੇ ਗਏ ਸਨ I

ਤਸਵੀਰ: David Paul Morris/Bloomberg

RCI

ਯੂਰਪੀਅਨ ਯੂਨੀਅਨ ਵੱਲੋਂ ਸਾਰੇ ਸਮਾਰਟਫ਼ੋਨ ਨਿਰਮਾਤਾਵਾਂ ਦੁਆਰਾ ਬਣਾਏ ਜਾ ਰਹੇ ਫ਼ੋਨਾਂ ਲਈ ਇਕੋ ਜਿਹੇ ਚਾਰਜਰ ਹੋਣ ਬਾਰੇ ਇਕ ਕਾਨੂੰਨ ਪ੍ਰਸਤਾਵਿਤ ਕੀਤਾ ਗਿਆ ਹੈ I

ਇਹ ਪ੍ਰਸਤਾਵਿਤ ਕਾਨੂੰਨ ਯੂਐਸਬੀ-ਸੀ ਕੇਬਲਾਂ ਨੂੰ ਚਾਰਜਿੰਗ ਲਈ ਲਾਜ਼ਮੀ ਬਣਾਏਗਾ I  ਐਪਲ ਤੋਂ ਬਿਨ੍ਹਾਂ ਫ਼ੋਨ ਬਣਾਉਣ ਵਾਲੀਆਂ ਬਹੁਤੀਆਂ ਕੰਪਨੀਆਂ ਪਹਿਲਾਂ ਹੀ ਇਸਨੂੰ ਅਪਣਾ ਚੁੱਕੀਆਂ ਹਨ I  ਐਪਲ ਕੰਪਨੀ ਦੇ ਫ਼ੋਨ ਆਪਣੇ ਅਲੱਗ ਚਾਰਜਿੰਗ ਪੋਰਟ ਦੇ ਨਾਲ ਆਉਂਦੇ ਹਨ, ਹਾਲਾਂਕਿ ਨਵੇਂ ਮਾਡਲ ਕੇਬਲ ਦੇ ਨਾਲ ਆਉਂਦੇ ਹਨ , ਜਿਨ੍ਹਾਂ ਨੂੰ ਇੱਕ ਯੂਐਸਬੀ-ਸੀ ਸਾਕਟ ਨਾਲ ਜੋੜਿਆ ਜਾ ਸਕਦਾ ਹੈ I  

ਯੂਰਪੀਅਨ ਯੂਨੀਅਨ ਵੱਲੋਂ ਇਹ ਕਦਮ ਯੂਰਪੀਅਨ ਲੋਕਾਂ ਦੁਆਰਾ ਹਰ ਸਾਲ ਸੁੱਟੇ ਜਾਂਦੇ 11,000 ਮੀਟ੍ਰਿਕ ਟਨ ਇਲੈਕਟ੍ਰੌਨਿਕ ਵੇਸਟ ਨੂੰ ਘਟਾਉਣ ਦੇ ਇਰਾਦੇ ਨਾਲ ਲਿਆ ਗਿਆ ਹੈ I  ਰੋਜ਼ਾਨਾ ਜ਼ਿੰਦਗੀ ਵਿੱਚ ਅਲੱਗ ਅਲੱਗ ਚਾਰਜਰਜ਼ ਵਿੱਚੋ ਆਪਣੇ ਫ਼ੋਨ ਲਈ ਸਹੀ ਚਾਰਜਰ ਲੱਭਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਦੇ ਲੋਕਾਂ ਵੱਲੋਂ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ I

ਕਮਿਸ਼ਨ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਵਿੱਚ ਰਹਿਣ ਵਾਲਾ ਆਮ ਵਿਅਕਤੀ ਘੱਟੋ ਘੱਟ ਤਿੰਨ ਚਾਰਜਰ ਰੱਖਦਾ ਹੈ ਜਿੰਨ੍ਹਾਂ ਵਿੱਚੋ ਦੋ ਰੋਜ਼ਾਨਾ ਦੀ ਤਰ੍ਹਾਂ ਹੀ ਵਰਤਦਾ ਹੈ I  ਕਮਿਸ਼ਨ ਦਾ ਕਹਿਣਾ ਹੈ ਕਿ 38 ਪ੍ਰਤੀਸ਼ਤ ਲੋਕ ਸਹੀ ਚਾਰਜਰ ਨਾ ਮਿਲਣ ਦੇ ਚਲਦਿਆਂ ਘੱਟੋ ਘੱਟ ਇੱਕ ਵਾਰ ਆਪਣੇ ਫ਼ੋਨ ਚਾਰਜ ਨਾ ਹੋ ਪਾਉਣ ਦੀ ਗੱਲ ਆਖਦੇ ਹਨ I  ਪਿੱਛਲੇ ਸਾਲ ਯੂਰਪੀਅਨ ਯੂਨੀਅਨ ਵਿੱਚ ਲਗਭਗ 420 ਮਿਲੀਅਨ ਮੋਬਾਈਲ ਫ਼ੋਨ ਅਤੇ ਪੋਰਟੇਬਲ ਇਲੈਕਟ੍ਰੌਨਿਕ ਉਪਕਰਣ ਵੇਚੇ ਗਏ ਸਨ I 

ਯੂਰਪੀਅਨ ਯੂਨੀਅਨ ਦੇ ਇੰਟਰਨਲ ਮਾਰਕੀਟ ਕਮਿਸ਼ਨਰ, ਥੀਰੀ ਬ੍ਰੇਟਨ ਨੇ ਕਿਹਾ, ਚਾਰਜਰ ਸਾਡੇ ਸਭ ਤੋਂ ਜ਼ਰੂਰੀ ਇਲੈਕਟ੍ਰੌਨਿਕ ਉਪਕਰਣਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ I  ਜ਼ਿਆਦਾ ਤੋਂ ਜ਼ਿਆਦਾ ਉਪਕਰਣਾਂ ਦੇ ਨਾਲ, ਜ਼ਿਆਦਾ ਤੋਂ ਜ਼ਿਆਦਾ ਚਾਰਜਰ ਵੇਚੇ ਜਾਂਦੇ ਹਨ ਜੋ ਨਾ ਬਦਲਣਯੋਗ ਹੁੰਦੇ ਹਨ ਅਤੇ ਨਾ ਹੀ ਜ਼ਰੂਰੀ ਹੁੰਦੇ ਹਨ I  ਅਸੀਂ ਇਸ ਨੂੰ ਖ਼ਤਮ ਕਰ ਰਹੇ ਹਾਂ I 

ਉਹਨਾਂ ਕਿਹਾ ਸਾਡੇ ਇਸ ਪ੍ਰਸਤਾਵ ਨਾਲ , ਯੂਰਪੀਅਨ ਗ਼ਾਹਕ ਆਪਣੇ ਸਾਰੇ ਪੋਰਟੇਬਲ ਇਲੈਕਟ੍ਰੌਨਿਕਸ ਲਈ ਇੱਕ ਹੀ ਚਾਰਜਰ ਦੀ ਵਰਤੋਂ ਕਰ ਸਕਣਗੇ ਜੋ ਇਲੈਕਟ੍ਰੌਨਿਕ ਵੇਸਟ ਨੂੰ ਘਟਾਉਣ ਲਈ ਇੱਕ ਮਹੱਤਵਪੂਰਨ ਕਦਮ ਹੋਵੇਗਾ I

ਪ੍ਰਸਤਾਵਿਤ ਕਾਨੂੰਨ, ਜਿਸਦੀ ਕਿ ਹਾਲੇ ਯੂਰਪੀਅਨ ਸੰਸਦ ਦੁਆਰਾ ਜਾਂਚ ਕੀਤੀ ਜਾਣੀ ਹੈ, ਦੇ ਤਹਿਤ ਯੂਰਪੀਅਨ ਯੂਨੀਅਨ ਵਿੱਚ ਵੇਚੇ ਜਾਣ ਵਾਲੇ ਫ਼ੋਨ, ਟੈਬਲੇਟ, ਡਿਜੀਟਲ ਕੈਮਰੇ, ਹੈੱਡਫ਼ੋਨਾਂ ਅਤੇ ਹੋਰ ਅਜਿਹੇ ਉਪਕਰਣਾਂ ਲਈ ਯੂਐਸਬੀ-ਸੀ ਚਾਰਜਿੰਗ ਪੋਰਟ ਲਾਜ਼ਮੀ ਹੋ ਜਾਵੇਗੀ I

ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ