1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਲਿਬਰਲ ਪਾਰਟੀ ਤੋਂ ਬੇਦਖ਼ਲ ਹੋ ਕੇ ਚੋਣ ਜਿੱਤਣ ਵਾਲਾ ਉਮੀਦਵਾਰ ਆਜ਼ਾਦ ਐਮ ਪੀ ਵੱਜੋਂ ਕਰੇਗਾ ਨੁਮਾਇੰਦਗੀ

ਨਾਰਾਜ਼ ਵੋਟਰਾਂ ਨੇ ਨਵੇਂ ਐਮ ਪੀ ਕੈਵਿਨ ਵੁਔਂਗ ਖ਼ਿਲਾਫ਼ ਔਨਲਾਇਨ ਪਟੀਸ਼ਨ ਸ਼ੁਰੂ ਕੀਤੀ

ਕੈਵਿਨ ਵੁਔਂਗ

ਕੈਵਿਨ ਵੁਔਂਗ ਆਜ਼ਾਦ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਹਾਉਸ ਔਫ਼ ਕਾਮਨਜ਼ ਵਿਚ ਆਪਣੀ ਰਾਇਡਿੰਗ ਦੀ ਨੁਮਾਇੰਦਗੀ ਕਰਨਗੇ।

ਤਸਵੀਰ: (Pedro Marques/Kevin Vuong)

RCI

ਟੋਰੌਂਟੋ ਦੀ ਰਾਇਡਿੰਗ ਤੋਂ ਜੇਤੂ ਹੋਏ ਸਾਬਕਾ ਲਿਬਰਲ ਉਮੀਦਵਾਰ ਕੈਵਿਨ ਵੁਔਂਗ ਨੇ ਫੈ਼ਸਲਾ ਕੀਤਾ ਹੈ ਕਿ ਉਹ ਹੁਣ ਆਜ਼ਾਦ ਐਮ ਪੀ ਦੇ ਤੌਰ ‘ਤੇ ਪਾਰਲੀਮੈਂਟ ਵਿਚ ਆਪਣੇ ਚੋਣ ਹਲਕੇ ਦੀ ਨੁਮਾਇੰਦਗੀ ਕਰਨਗੇ। ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਜਿਨਸੀ ਦੋਸ਼ਾਂ ਦੇ ਚਲਦਿਆਂ ਲਿਬਰਲ ਪਾਰਟੀ ਨੇ ਕੈਵਿਨ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ ਸੀ। 

2019 ਵਿਚ ਕੈਵਿਨ ਵੁਔਂਗ ਨੂੰ ਜਿਨਸੀ ਹਮਲੇ ਦੇ ਦੋਸ਼ਾਂ ਲਈ ਚਾਰਜ ਕੀਤਾ ਗਿਆ ਸੀ ਅਤੇ ਇਸ ਗੱਲ ਬਾਰੇ ਉਹਨਾਂ ਨੇ ਲਿਬਰਲ ਪਾਰਟੀ ਨੂੰ ਸੂਚਿਤ ਨਹੀਂ ਕੀਤਾ ਸੀ। ਪ੍ਰਾਇਮ ਮਿਨਿਸਟਰ ਜਸਟਿਨ ਟ੍ਰੂਡੋ ਨੇ ਕਿਹਾ ਸੀ ਕਿ ਲਿਬਰਲ ਪਾਰਟੀ ਨੂੰ ਟੋਰੌਂਟੋ ਸਟਾਰ ਵਿਚ ਛਪੀ ਇਕ ਖ਼ਬਰ ਤੋਂ ਬਾਅਦ ਕੈਵਿਨ ਨੂੰ ਚਾਰਜ ਕੀਤੇ ਜਾਣ ਦਾ ਪਤਾ ਲੱਗਿਆ ਸੀ ਅਤੇ ਉਦੋਂ ਹੀ ਉਹਨਾਂ ਨੇ ਕੈਵਿਨ ਨੂੰ ਆਪਣਾ ਚੋਣ ਪ੍ਰਚਾਰ ਰੋਕਣ ਲਈ ਕਹਿ ਦਿੱਤਾ ਸੀ। 

ਚੋਣਾਂ ਤੋਂ ਦੋ ਦਿਨ ਪਹਿਲਾਂ ਕੈਵਿਨ ਨੂੰ ਬਤੌਰ ਲਿਬਰਲ ਉਮੀਦਵਾਰ ਹਟਾਇਆ ਗਿਆ ਸੀ ਪਰ ਉਹਨਾਂ ਦਾ ਨਾਂ ਬੈਲਟ ਪੇਪਰ ‘ਤੇ ਛਪ ਚੁੱਕਾ ਸੀ। ਪਾਰਟੀ ਨੇ ਕਿਹਾ ਸੀ ਕਿ ਕੈਵਿਨ ਵੁਔਂਗ ਲਿਬਰਲ ਕੌਕਸ ਦਾ ਹਿੱਸਾ ਨਹੀਂ ਹੋਣਗੇ। ਚੋਣ ਨਤੀਜਿਆਂ ਵਿਚ ਕੈਵਿਨ ਦਾ ਐਨਡੀਪੀ ਉਮੀਦਵਾਰ ਨਾਲ ਫ਼ਸਵਾਂ ਮੁਕਾਬਲਾ ਰਿਹਾ ਪਰ ਅਖ਼ੀਰ ਵਿਚ ਕੈਵਿਨ 2094 ਵੋਟਾਂ ਤੋਂ ਜੇਤੂ ਰਹੇ। 

ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿਚ ਕੈਵਿਨ ਨੇ ਖ਼ੁਦ ਨੂੰ ਬੇਕਸੂਰ ਦਸਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਹਰ ਕੋਈ ਉਹਨਾਂ ਦੀ ਜਿੱਤ ਤੋਂ ਖ਼ੁਸ਼ ਨਹੀਂ ਹੈ। 

ਉਹਨਾਂ ਕਿਹਾ, ਮੈਂ ਤੁਹਾਡੇ ਸ਼ੰਕੇ ਸਮਝ ਸਕਦਾ ਹਾਂ ਅਤੇ ਮੈਂ ਤੁਹਾਡਾ ਭਰੋਸਾ ਜਿੱਤਣ ਲਈ ਸਖ਼ਤ ਮਿਹਨਤ ਕਰਾਂਗਾ

ਕੈਵਿਨ ਦਾ ਕਹਿਣਾ ਹੈ ਕਿ ਉਹ ਜਿਨਸੀ ਦੁਰਵਿਵਹਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹਿਮਾਇਤੀ ਹਨ ਅਤੇ ਉਹਨਾਂ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਬਾਰੇ ਤਫ਼ਸੀਲ ਵਿਚ ਗੱਲ ਕਰਨ ਦਾ ਵੀ ਵਾਅਦਾ ਕੀਤਾ ਹੈ। 

ਜਿਨਸੀ ਹਮਲੇ ਦੇ ਦੋਸ਼ ਇੱਕ ਗੰਭੀਰ ਮਾਮਲਾ ਹੈ ਜਿਸ ‘ਤੇ, ਇਸ ਬਿਆਨ ਤੋਂ ਕਿਤੇ ਵੱਧ, ਵਿਚਾਰ ਚਰਚਾ ਦੀ ਜ਼ਰੂਰਤ ਹੈ। ਇਹਨਾਂ ਕਾਰਨਾਂ ਕਰਕੇ, ਮੈਂ ਚਾਹੁੰਦਾ ਹਾਂ, ਕਿ ਇਸ ਨੂੰ ਕਿਸੇ ਅਗਲੀ ਤਾਰੀਖ਼ ‘ਤੇ ਬਿਹਤਰ ਅਤੇ ਤਫ਼ਸੀਲੀ ਤੌਰ ਤੇ ਭੁਗਤਾਇਆ ਜਾਵੇ। 

ਪਰ ਉਹਨਾਂ ਦੇ ਐਮ ਪੀ ਬਣਨ ਦੇ ਫ਼ੈਸਲੇ ਨੇ ਕੁਝ ਵੋਟਰਾਂ ਨੂੰ ਖ਼ਾਸਾ ਨਾਰਾਜ਼ ਕੀਤਾ ਹੈ ਅਤੇ ਨਾਰਾਜ਼ ਲੋਕ ਸੋਸ਼ਲ ਮੀਡੀਆ ‘ਅਤੇ ਔਨਲਾਇਨ ਪਲੈਟਫ਼ੌਰਮਜ਼ ‘ਤੇ ਆਪਣੀ ਭੜਾਸ ਕੱਢ ਰਹੇ ਹਨ। 

ਇੱਕ ਸ਼ਖ਼ਸ ਨੇ ਕੈਵਿਨ ਵੁਔਂਗ ਦੇ ਦਫ਼ਤਰ ਦੇ ਬਾਹਰ ਵੋਟਰਾਂ ਨੂੰ ਧਰਨਾ ਦੇਣ ਲਈ ਵੀ ਆਖਿਆ ਹੈ। 

ਕੈਵਿਨ ਵੁਔਂਗ ਟੋਰੌਂਟੋ ਦੀ ਸਪੇਡਾਇਨਾ-ਫ਼ੋਰਟ ਯੌਰਕ ਰਾਇਡਿੰਗ ਤੋਂ ਜੇਤੂ ਹੋਏ ਹਨ। ਇਸ ਰਾਇਡਿੰਗ ਦੇ ਨਾਲ ਲਗਦੀ ਬੀਚੇਜ਼-ਈਸਟ ਯੌਰਕ ਰਾਇਡਿੰਗ ਤੋਂ ਜੇਤੂ ਹੋਏ ਲਿਬਰਲ ਐਮ ਪੀ ਨੇਟ ਅਰਸਕਿਨ-ਸਮਿਥ ਨੇ ਵੀ ਕੈਵਿਨ ਵੁਔਂਗ ਨੂੰ ਅਸਤੀਫ਼ਾ ਦੇ ਦੇਣ ਦੀ ਗੱਲ ਆਖੀ ਹੈ। 

ਜ਼ਿਮਨੀ ਚੋਣ ਲਈ ਪਟੀਸ਼ਨ

ਕੈਵਿਨ ਵੁਔਂਗ ਕੋਲੋਂ ਅਸਤੀਫ਼ਾ ਅਤੇ ਰਾਇਡਿੰਗ ਲਈ ਨਵਾਂ ਨੁਮਾਇੰਦਾ ਚੁਣਨ ਲਈ ਜਿਮਨੀ ਚੋਣ ਕਰਵਾਉਣ ਬਾਬਤ ਇੱਕ ਔਨਲਾਇਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਇਸ ਖ਼ਬਰ ਦੇ ਛਾਪੇ ਜਾਣ ਤੱਕ ਇਸ ਪਟੀਸ਼ਨ ਵਿਚ 2700 ਤੋਂ ਵੱਧ ਲੋਕ ਹਸਤਾਖਰ ਕਰ ਚੁੱਕੇ ਹਨ। 

ਰਾਇਡਿੰਗ ਰੈਜ਼ਿਡੈਂਟ ਅਸੋਸੀਏਸ਼ਨ ਦੇ ਫ਼ੇਸਬੁਕ ਪੇਜ ‘ਤੇ ਇੱਕ ਸ਼ਖ਼ਸ ਨੇ ਲਿਖਿਆ ਕਿ ਉਹਨਾਂ ਨੇ ਕੈਵਿਨ ਨੂੰ ਲਿਬਰਲ ਉਮੀਦਵਾਰ ਸਮਝ ਕੇ ਵੋਟ ਪਾਈ ਸੀ। ਇੱਕ ਹੋਰ ਸ਼ਖ਼ਸ ਨੇ ਲਿਖਿਆ ਕਿ ਉਹਨਾਂ ਨੇ ਐਨਡਵਾਂਸ ਪੋਲਿੰਗ ਵੇਲੇ ਹੀ ਕੈਵਿਨ ਨੂੰ ਵੋਟ ਪਾ ਦਿੱਤੀ ਸੀ ਅਤੇ ਉਦੋਂ ਤੱਕ ਇਸ ਸਭ ਦੀ ਜਾਣਕਾਰੀ ਨਹੀਂ ਸੀ। 

ਵੋਟਰ ਲੌਰਾ ਰੀਨਹੌਲਜ਼ ਦਾ ਕਹਿਣਾ ਹੈ ਕਿ ਇਸ ਵਿਵਾਦ ਤੋਂ ਪਹਿਲਾਂ ਹੀ ਉਹਨਾਂ ਨੇ ਕੈਵਿਨ ਨੂੰ ਡਾਕ ਰਾਹੀਂ ਵੋਟ ਪਾ ਦਿੱਤੀ ਸੀ ਅਤੇ ਉਹਨਾਂ ਨੂੰ ਇਸ ਬਾਰੇ ਗ਼ੁੱਸਾ ਹੈ। 

ਮੈਂ ਨਹੀਂ ਚਾਹੁੰਦੀ ਕਿ ਇੱਕ ਆਜ਼ਾਦ ਐਮ ਪੀ ਮੇਰੀ ਨੁਮਾਇੰਦਗੀ ਕਰੇ, ਖ਼ਾਸ ਤੌਰ ਤੇ ਇਹ [ਐਮ ਪੀ]। ਇਹ ਸਾਡੀ ਚੋਣ ਪ੍ਰਕਿਰਿਆ ਦੀ ਨਾਕਾਮੀ ਹੈ

ਕੁਝ ਲੋਕਾਂ ਨੇ ਕੈਵਿਨ ਵੁਔਂਗ ਦੇ ਦਫ਼ਤਰ ਅਤੇ ਇਲੈਕਸ਼ਨਜ਼ ਕੈਨੇਡਾ ਨੂੰ ਵੀ ਚਿੱਠੀਆਂ ਭੇਜ ਕੇ ਆਪਣਾ ਰੋਸ ਜ਼ਾਹਰ ਕੀਤਾ ਹੈ। 

ਐਡੁਆਰਡੋ ਰੌਡਰਿਗਜ਼ ਨੇ ਫ਼ੇਸਬੁਕ ‘ਤੇ ਲਿਖਿਆ, ਸਪੇਡਾਇਨਾ-ਫ਼ੋਰਟ ਯੌਰਕ ਜ਼ਿਮਨੀ ਚੋਣ ਦੀ ਹੱਕਦਾਰ ਹੈ

ਕੈਵਿਨ ਵੁਔਂਗ ਮਾਮਲੇ ਦਾ ਮਿਲਿਟ੍ਰੀ ਰੀਵਿਉ ਅਤੇ ਇੱਕ ਵੱਖਰਾ ਮੁਕਦਮਾ

ਕੈਵਿਨ ਵੁਔਂਗ ਦੇ ਇਸ ਮਾਮਲੇ ਦਾ ਕੈਨੇਡੀਅਨ ਆਰਮਡ ਫ਼ੋਰਸੇਜ਼ (ਸੀ ਏ ਐਫ਼ ) ਵੱਲੋਂ ਵੀ ਰੀਵਿਉ ਕੀਤਾ ਜਾ ਰਿਹਾ ਹੈ। ਦਰਅਸਲ ਕੈਵਿਨ ਵੁਔਂਗ , ਇੱਕ ਨੇਵਲ ਰਿਜ਼ਰਵਿਸਟ ਵੀ ਹੈ, ਭਾਵ ਕੈਨੇਡਾ ਦੀ ਰਿਜ਼ਰਵ ਨੇਵੀ ਨਾਲ ਵੀ ਜੁੜਿਆ ਹੋਇਆ ਹੈ। 2019 ਵਿਚ ਆਪਣੀ ਗ੍ਰਿਫ਼ਤਾਰੀ ਬਾਰੇ ਕੈਵਿਨ ਨੇ ਫ਼ੌਜ ਨੂੰ ਸੂਚਿਤ ਨਹੀਂ ਕੀਤਾ ਸੀ। 

ਕੈਨੇਡੀਅਨ ਫ਼ੌਜ ਦੇ ਕਾਇਦੇ ਕਾਨੂੰਨਾਂ ਮੁਤਾਬਕ ਫ਼ੌਜ ਦੇ ਮੈਂਬਰਾਂ ਨੂੰ ਆਪਣੇ ਖ਼ਿਲਾਫ਼ ਅਪਰਾਧਕ ਦੋਸ਼ ਆਇਦ ਕੀਤੇ ਜਾਣ ਬਾਰੇ ਆਪਣੇ ਕਮਾਂਡਿੰਗ ਅਫ਼ਸਰ ਨੂੰ ਰਿਪੋਰਟ ਕਰਨਾ ਜ਼ਰੂਰੀ ਹੁੰਦਾ ਹੈ। ਰੱਖਿਆ ਵਿਭਾਗ ਦਾ ਕਹਿਣਾ ਹੈ ਕੈਨੇਡੀਅਨ ਆਰਮਡ ਫ਼ੋਰਸੇਜ਼ ਵੱਲੋਂ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ, ਜੋ ਕਿ ਪ੍ਰਸ਼ਾਸਨਿਕ ਹੋ ਸਕਦੀ ਹੈ, ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। 

ਰੱਖਿਆ ਵਿਭਾਗ ਮੁਤਾਬਕ ਸੀ ਏ ਐਫ਼ ਇਸ ਅਪਰਾਧਕ ਮਾਮਲੇ ਦੀ ਜਾਂਚ ਨਹੀਂ ਕਰ ਰਹੀ - ਸਗੋਂ ਮਾਮਲੇ ਨੂੰ ਇਸ ਨੁਕਤੇ ਤੋਂ ਦੇਖਿਆ ਜਾ ਰਿਹਾ ਹੈ, ਕਿ 2019 ਦੌਰਾਨ ਫ਼ੌਜ ਦੇ ਇਸ ਮੈਂਬਰ ਨੇ ਆਪਣੇ ਕਮਾਂਡਿੰਗ ਅਫ਼ਸਰਾਂ ਨੂੰ ਆਪਣੀ ਗ੍ਰਿਫ਼ਤਾਰੀ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਸੀ।

ਕੈਵਿਨ ਖ਼ਿਲਾਫ਼ ਔਨਲਾਇਨ ਪਟੀਸ਼ਨ ਵਿਚ ਉਹਨਾਂ ਦਾ ਨਾਂ ਇੱਕ ਵੱਖਰੇ ਮੁਕਦਮੇ ਵਿਚ ਸ਼ਾਮਲ ਹੋਣ ਕਰਕੇ ਵੀ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ। ਦ ਗਲੋਬ ਐਂਡ ਮੇਲ  ਮੁਤਾਬਕ ਮਹਾਮਾਰੀ ਦੌਰਾਨ ਮਾਸਕ-ਬਣਾਉਣ ਦੇ ਇੱਕ ਬਿਜ਼ਨਸ ਵਿਚ, ਕੈਵਿਨ ਵੁਔਂਗ ਦੇ ਹੀ ਬਿਜ਼ਨਸ ਪਾਰਟਨਰ ਨੇ ਉਹਨਾਂ ਖ਼ਿਲਾਫ਼ 1.5 ਮਿਲੀਅਨ ਡਾਲਰ ਦਾ ਮੁਕਦਮਾ ਦਾਇਰ ਕੀਤਾ ਹੋਇਆ ਹੈ। 

ਦ ਗਲੋਬ ਐਂਡ ਮੇਲ  ਮੁਤਾਬਕ ਲਿਬਰਲ ਪਾਰਟੀ ਦੀ ਉਮੀਦਵਾਰਾਂ ਨੂੰ ਚੁਣਨ ਦੀ ਪ੍ਰਕਿਰਿਆ ਅਧੀਨ ਉਮੀਦਵਾਰਾਂ ਖ਼ਿਲਾਫ਼ ਕੋਈ ਵਿਵਾਦਤ ਮੁਕਦਮਾ ਦਾਇਰ ਨਹੀਂ ਹੋਇਆ ਹੋਣਾ ਚਾਹੀਦਾ। 

ਇਹਨਾਂ ਚੋਣਾਂ ਦੀ ਪ੍ਰਚਾਰ ਮੁਹਿੰਮ ਦੌਰਾਨ ਸੀਬੀਸੀ ਨੇ ਜਸਟਿਨ ਟ੍ਰੂਡੋ ਨੂੰ ਪੁੱਛਿਆ ਸੀ ਕਿ ਪਾਰਟੀ ਦਾ ਕੰਮ ਪੱਤਰਕਾਰਾਂ ਨੂੰ ਕਿਉਂ ਕਰਨਾ ਪੈ ਰਿਹਾ ਹੈ ਅਤੇ ਕੀ ਕੈਨੇਡੀਅਨਜ਼ ਇਸ ਗੱਲ ‘ਤੇ ਭਰੋਸਾ ਕਰ ਸਕਦੇ ਹਨ ਕਿ ਲਿਬਰਲ ਪਾਰਟੀ ਨੇ ਉਮੀਦਵਾਰਾਂ ਨੂੰ ਚੁਣਨ ਵੇਲੇ ਪੂਰੇ ਅਹਿਤਿਆਤ ਅਤੇ ਬਣਦੀ ਪ੍ਰਕਿਰਿਆ ਦਾ ਪਾਲਣ ਕੀਤਾ ਹੈ। 

ਟ੍ਰੂਡੋ ਨੇ ਕਿਹਾ ਸੀ, ਅਸੀਂ ਇਸ ਪ੍ਰਕਿਰਿਆ ਦੀ ਲਗਾਤਾਰ ਸਮੀਖਿਆ ਅਤੇ ਇਸ ‘ਚ ਸੁਧਾਰ ਕਰ ਰਹੇ ਹਾਂ। ਮੈਂ ਈਮਾਨਦਾਰੀ ਨਾਲ ਕਹਾਂ ਤਾਂ, ਅਸੀਂ ਅਜਿਹੀ ਸਥੀਤੀ ਵਿਚ ਦੁਬਾਰਾ ਨਹੀਂਂ ਪੈਣਾ ਚਾਹੁੰਦੇ। 

ਐਸ਼ਲੇ ਬਰਕ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ