1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

[ਰਿਪੋਰਟ] ਕੈਨੇਡਾ ਫ਼ੈਡਰਲ ਚੋਣਾਂ ਵਿੱਚ ਭਾਰਤੀ ਮੂਲ ਦੇ 16 ਉਮੀਦਵਾਰ ਜੇਤੂ

2019 ਦੌਰਾਨ 23 ਉਮੀਦਵਾਰ ਰਹੇ ਸਨ ਜੇਤੂ

Sarbmeet Singh

ਕੈਨੇਡਾ ਵਿੱਚ ਫ਼ੈਡਰਲ ਚੋਣਾਂ ਹੋ ਚੁੱਕੀਆਂ ਹਨ ਅਤੇ ਲਿਬਰਲ ਪਾਰਟੀ ਵੱਡੀ ਧਿਰ ਬਣ ਕੇ ਉਭਰੀ ਹੈ I ਕੈਨੇਡਾ ਵਿੱਚ ਇਕ ਵਾਰ ਫ਼ਿਰ ਤੋਂ ਘੱਟ ਗਿਣਤੀ ਸਰਕਾਰ ਬਣਨ ਜਾ ਰਹੀ ਹੈ I ਬਹੁਮਤ ਲਈ 338 ਵਿੱਚੋਂ 170 ਸੀਟਾਂ ਉੱਤੇ ਜਿੱਤ ਹਾਸਲ ਕਰਨ ਦੀ ਲੋੜ ਸੀ। ਮੁੱਖ ਮੁਕਾਬਲਾ ਲਿਬਰਲ , ਕੰਜ਼ਰਵੇਟਿਵ ਅਤੇ ਐਨਡੀਪੀ ਦਰਮਿਆਨ ਸੀ I

ਲਿਬਰਲ ਪਾਰਟੀ 158 ਸੀਟਾਂ 'ਤੇ ਕਾਬਜ਼ ਰਹੀ ਹੈ I ਕੰਜ਼ਰਵੇਟਿਵ ਨੇ 119 ਜਦਕਿ ਐਨਡੀਪੀ ਨੇ 25 ਸੀਟਾਂ ਹਾਸਲ ਕੀਤੀਆਂ ਹਨ I ਇਹਨਾਂ ਚੋਣਾਂ ਵਿੱਚ ਭਾਰਤੀ ਮੂਲ ਦੇ 16 ਉਮੀਦਵਾਰ ਜੇਤੂ ਰਹੇ ਹਨ I ਇਹਨਾਂ ਚੋਣਾਂ ਵਿੱਚ ਭਾਰਤੀ ਮੂਲ ਦੇ 50 ਵਿਅਕਤੀ ਚੋਣ ਮੈਦਾਨ ਵਿੱਚ ਸਨ I ਲਿਬਰਲ ਪਾਰਟੀ ਨੇ ਭਾਰਤੀ ਮੂਲ ਦੇ 15 ਜਦਕਿ ਕੰਜ਼ਰਵੇਟਿਵ ਪਾਰਟੀ ਨੇ 16 ਵਿਅਕਤੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ I ਭਾਰਤੀ ਮੂਲ ਦੇ 12 ਵਿਅਕਤੀ ਐੱਨਡੀਪੀ ਦੀ ਟਿਕਟ 'ਤੇ ਚੋਣ ਲੜੇ I ਪੀਪਲਜ਼ ਪਾਰਟੀ ਆਫ਼ ਕੈਨੇਡਾ ਨੇ 6 ਵਿਅਕਤੀਆਂ ਨੂੰ ਟਿਕਟ ਦਿੱਤੀ ਸੀ I

ਪੰਜਾਬੀ ਮੂਲ ਦੇ ਸਭ ਤੋਂ ਜਿਆਦਾ ਉਮੀਦਵਾਰ ਓਨਟੇਰੀਓ ਪ੍ਰੋਵਿੰਸ ਤੋਂ ਜੇਤੂ ਰਹੇ ਹਨ I ਬਰੈਂਪਟਨ ਦੀਆਂ ਪੰਜੇ ਰਾਈਡਿੰਗਜ਼ (ਚੋਣ ਹਲਕਾ) ਤੋਂ ਲਿਬਰਲ ਉਮੀਦਵਾਰ ਜੇਤੂ ਰਹੇ ਹਨ ਜਿੰਨ੍ਹਾਂ ਵਿੱਚੋ 4 ਭਾਰਤੀ ਮੂਲ ਦੇ ਹਨ I ਬਰੈਂਪਟਨ ਵੈਸਟ ਤੋਂ ਕਮਲ ਖਹਿਰਾ ਅਤੇ ਬਰੈਂਪਟਨ ਸਾਊਥ ਤੋਂ ਸੋਨੀਆ ਸਿੱਧੂ ਤੀਸਰੀ ਵਾਰ ਚੋਣ ਜਿੱਤੇ ਹਨI ਸੋਨੀਆ ਸਿੱਧੂ ਨੇ ਕੰਜ਼ਰਵੇਟਿਵ ਉਮੀਦਵਾਰ ਰਮਨਦੀਪ ਬਰਾੜ ਅਤੇ ਕਮਲ ਖਹਿਰਾ ਨੇ ਕੰਜ਼ਰਵੇਟਿਵ ਪਾਰਟੀ ਦੇ ਜਰਮੇਨ ਚੈਂਬਰਜ਼ ਨੂੰ ਹਰਾਇਆ ਹੈ I ਇਸੇ ਤਰਾਂ ਹੀ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਪੰਜਾਬੀ ਮੂਲ ਦੀ ਹੀ ਕੰਜ਼ਰਵੇਟਿਵ ਉਮੀਦਵਾਰ ਮੇਧਾ ਜੋਸ਼ੀ ਨੂੰ ਹਰਾ ਕੇ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ ਹਨ I ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਨੇ ਵਿਰੋਧੀਆਂ ਨੂੰ ਹਰਾਇਆ ਹੈ I ਟ੍ਰੂਡੋ ਸਰਕਾਰ ਵਿੱਚ ਪ੍ਰਕਿਉਰਮੈਂਟ ਮਿਨਿਸਟਰ ਰਹਿ ਚੁੱਕੇ ਅਨੀਤਾ ਆਨੰਦ ਓਕਵਿੱਲੇ ਰਾਈਡਿੰਗ ਤੋਂ ਜੇਤੂ ਰਹੇ ਹਨ।

ਭਾਰਤੀ ਮੂਲ ਦੀਆਂ 5 ਔਰਤਾਂ ਜਿੱਤ ਕੇ ਹਾਊਸ ਆਫ਼ ਕਾਮਨਜ਼ ਪਹੁੰਚੀਆਂ ਹਨ I ਇਸ ਵਾਰ ਭਾਰਤੀ ਮੂਲ ਦੀਆਂ 23 ਔਰਤਾਂ ਚੋਣ ਮੈਦਾਨ ਵਿੱਚ ਸਨ I ਲਿਬਰਲ ਪਾਰਟੀ ਵੱਲੋਂ 10 ਭਾਰਤੀ ਮੂਲ ਦੀਆਂ ਔਰਤਾਂ ਨੂੰ ਟਿਕਟ ਦਿੱਤੀ ਗਈ ਸੀ I 8 ਔਰਤਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਸਨ ਜਦਕਿ ਐਨਡੀਪੀ ਨੇ 3 ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ I

ਇਹ ਵੀ ਪੜ੍ਹੋ:

ਸਾਬਕਾ ਮੰਤਰੀ ਬਰਦੀਸ਼ ਚੱਗਰ ਵਾਟਰਲੂ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਵਜੋਂ ਚੋਣ ਜਿੱਤੇ ਹਨ I ਬਰਦੀਸ਼ ਚੱਗਰ ਲਿਬਰਲ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ I ਮਿਸੀਸਾਗਾ ਮਾਲਟਨ ਤੋਂ ਨੌਜਵਾਨ ਇਕਵਿੰਦਰ ਗਹੀਰ ਪਹਿਲੀ ਵਾਰ ਐਮ ਪੀ ਬਣੇ ਹਨ I  ਨੇਪੀਅਨ ਸੀਟ ਤੋਂ ਚੰਦਰਾ ਆਰੀਆ ਜੇਤੂ ਰਹੇ ਹਨ I ਕਿਉਬੈਕ ਪ੍ਰੋਵਿੰਸ ਵਿੱਚੋਂ ਅੰਜੂ ਢਿੱਲੋਂ ਲਿਬਰਲ ਪਾਰਟੀ ਵੱਲੋਂ ਤੀਸਰੀ ਵਾਰ ਜਿੱਤੇ ਹਨ I  

ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚੋਂ ਸਰੀ ਨਿਊਟਨ ਤੋਂ ਸੁਖ ਧਾਲੀਵਾਲ ਅਤੇ ਸਰੀ ਸੈਂਟਰ ਤੋਂ ਰਣਦੀਪ ਸਰਾਏ ਮੁੜ ਤੋਂ ਐਮ ਪੀ ਬਣੇ ਹਨ I ਸੁਖ ਧਾਲੀਵਾਲ ਨੇ ਐੱਨਡੀਪੀ ਉਮੀਦਵਾਰ ਅਵਨੀਤ ਜੌਹਲ ਅਤੇ ਸਰਾਏ ਨੇ ਐੱਨਡੀਪੀ ਦੀ ਉਮੀਦਵਾਰ ਸੋਨੀਆ ਆਂਧੀ ਨੂੰ ਹਰਾਇਆ ਹੈ I ਸਾਬਕਾ ਡਿਫੈਂਸ ਮਨਿਸਟਰ ਹਰਜੀਤ ਸੱਜਣ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਸੁਖਬੀਰ ਗਿੱਲ ਨੂੰ ਹਰਾ ਕੇ ਵੈਨਕੂਵਰ ਸਾਊਥ ਸੀਟ ਤੋਂ ਫ਼ਿਰ ਤੋਂ ਜੇਤੂ ਰਹੇ ਹਨ I ਐਨਡੀਪੀ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਤੀਸਰੀ ਵਾਰ ਚੋਣ ਜਿੱਤੇ ਹਨ I ਇਸ ਜਿੱਤ ਤੋਂ ਬਾਅਦ ਜਗਮੀਤ ਸਿੰਘ ਨੇ ਲੜਾਈ ਜਾਰੀ ਰੱਖਣ ਦੀ ਗੱਲ ਆਖੀ I ਉਹਨਾਂ ਕਿਹਾ ਕਿ ਪਿੱਛਲੀ ਸਰਕਾਰ ਦੌਰਾਨ ਵੀ ਐਨਡੀਪੀ ਨੇ ਬਿਹਤਰੀਨ ਭੂਮਿਕਾ ਨਿਭਾਈ ਅਤੇ ਇਸ ਵਾਰ ਵੀ ਐਨਡੀਪੀ ਹਾਊਸ ਆਫ਼ ਕਾਮਨਜ਼ ਵਿੱਚ ਲੋਕਾਂ ਦੇ ਮੁੱਦਿਆਂ ਬਾਰੇ ਆਵਾਜ਼ ਬੁਲੰਦ ਕਰੇਗੀ

ਐਨਡੀਪੀ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਚੋਣ ਜਿੱਤੇ ਹਨ I

ਐਨਡੀਪੀ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਚੋਣ ਜਿੱਤੇ ਹਨ I

ਤਸਵੀਰ: La Presse canadienne / Jonathan Hayward

ਅਲਬਰਟਾ ਪ੍ਰੋਵਿੰਸ ਵਿੱਚੋਂ ਕੈਲਗਰੀ ਸਕਾਈਵਿਊ ਤੋਂ ਜੌਰਜ ਚਾਹਲ ਅਤੇ ਜਸਰਾਜ ਹੱਲਣ ਨੇ ਕੈਲਗਰੀ ਫੌਰੈਸਟ ਲਾਅਨ ਸੀਟ ਤੋਂ ਬਾਜ਼ੀ ਮਾਰੀ ਹੈI ਜੌਰਜ ਚਾਹਲ ਜੋ ਕਿ ਪਹਿਲਾਂ ਕਾਊਂਸਲਰ ਰਹਿ ਚੁੱਕੇ ਹਨ , ਨੇ ਪਹਿਲੀ ਵਾਰ ਚੋਣ ਲੜੀ ਸੀ ਅਤੇ ਕੰਜ਼ਰਵੇਟਿਵ ਪਾਰਟੀ ਤੋਂ ਚੋਣ ਲੜ ਰਹੀ ਪੰਜਾਬੀ ਮੂਲ ਦੀ ਐਮ ਪੀ ਜੈਗ ਸਹੋਤਾ ਨੂੰ ਹਰਾ ਕੇ ਇਹ ਸੀਟ ਲਿਬਰਲ ਦੀ ਝੋਲੀ ਪਾਈ ਹੈ। ਇਹ ਰਾਈਡਿੰਗ ਕੰਜ਼ਰਵੇਟਿਵ ਦੀ ਮੰਨੀ ਜਾਂਦੀ ਸੀI ਪੂਰੇ ਅਲਬਰਟਾ ਪ੍ਰੋਵਿੰਸ ਵਿੱਚੋਂ ਕੈਲਗਰੀ ਸਕਾਈਵਿਊ ਇੱਕੋ ਸੀਟ ਹੈ ਜਿਥੋਂ ਲਿਬਰਲ ਪਾਰਟੀ ਜਿੱਤੀ ਹੈ I ਸੂਬੇ ਦੀਆਂ ਬਾਕੀ 9 ਸੀਟਾਂ ਉੱਪਰ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ I

ਜਸਰਾਜ ਹੱਲਣ ਆਪਣੀ ਕੈਲਗਰੀ ਫੌਰੈਸਟ ਲਾਅਨ ਸੀਟ ਬਚਾਉਣ ਵਿੱਚ ਕਾਮਯਾਬ ਰਹੇ ਹਨ ਅਤੇ ਦੂਸਰੀ ਵਾਰ ਐਮ ਪੀ ਚੁਣੇ ਗਏ ਹਨ I ਜਸਰਾਜ ਨੇ ਲਿਬਰਲ ਉਮੀਦਵਾਰ ਜੌਰਡਨ ਸਟੇਨ ਨੂੰ ਹਰਾਇਆ ਹੈI ਐਡਮੰਟਨ ਮਿਲ ਵੂਡਜ਼ ਰਾਈਡਿੰਗ ਤੋਂ 2019 ਦੌਰਾਨ ਸਾਬਕਾ ਮੰਤਰੀ ਅਮਰਜੀਤ ਸੋਹੀ ਨੂੰ ਹਰਾ ਕੇ ਚਰਚਾ ਵਿੱਚ ਆਏ ਕੰਜ਼ਰਵੇਟਿਵ ਉਮੀਦਵਾਰ ਟਿਮ ਉੱਪਲ , ਸਾਬਕਾ ਕਾਊਂਸਲਰ ਬੈਨ ਹੈਨਡਰਸਨ ਨੂੰ ਹਰਾ ਕੇ ਦੂਸਰੀ ਵਾਰ ਜੇਤੂ ਰਹੇ ਹਨ I

ਜ਼ਿਕਰਯੋਗ ਹੈ ਕਿ 2019 ਦੀਆਂ ਚੋਣਾਂ ਦੌਰਾਨ ਭਾਰਤੀ ਮੂਲ ਦੇ 23 ਉਮੀਦਵਾਰ ਜੇਤੂ ਰਹੇ ਸਨ ਜਿਨ੍ਹਾਂ ਵਿੱਚੋਂ ਚਾਰ ਲਿਬਰਲ ਸਰਕਾਰ ਵਿੱਚ ਮੰਤਰੀ ਚੁਣੇ ਗਏ ਸਨ I

Sarbmeet Singh

ਸੁਰਖੀਆਂ