1. ਮੁੱਖ ਪੰਨਾ
  2. ਸਮਾਜ
  3. ਸਾਈਬਰ-ਅਪਰਾਧ

ਉਨਟੇਰਿਉ ਸਰਕਾਰ ਨਾਲ ਕਈ ਮਿਲੀਅਨ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਸੰਜੇ ਮਦਾਨ ‘ਤੇ ਅਪਰਾਧਕ ਦੋਸ਼ ਆਇਦ

$ 5000 ਤੋਂ ਵੱਧ ਦੀ ਰਾਸ਼ੀ ਦੇ ਗਬਨ ਅਤੇ ਧੋਖਾਧੜੀ ਦੇ ਇਲਜ਼ਾਮਾਂ ਵਿਚ ਚਾਰਜ

ਕੁਈਨਜ਼ ਪਾਰਕ ਦੀ ਤਸਵੀਰ

ਉਨਟੇਰਿਉ ਸਰਕਾਰ ਵੱਲੋਂ ਸੰਜੇ ਮਦਾਨ, ਉਸਦੀ ਪਤਨੀ ਅਤੇ ਦੋ ਬੇਟਿਆਂ ਖ਼ਿਲਾਫ਼ ਸੂਬੇ ਦੇ ਕੋਵਿਡ ਸਹਾਇਤਾ ਫ਼ੰਡ ਵਿਚੋਂ ਕਈ ਮਿਲਿਅਨ ਡਾਲਰ ਦੀ ਠੱਗੀ ਕਰਨ ਦੇ ਮਾਮਲੇ ਵਿਚ ਅਦਾਲਤ 'ਚ ਮੁਕਦਮਾ ਦਾਇਰ ਕੀਤਾ ਗਿਆ ਹੈ।

ਤਸਵੀਰ: (Ed Middleton/CBC)

RCI

ਉਨਟੇਰਿਉ ਸਰਕਾਰ ਦੇ ਕੋਵਿਡ ਫ਼ੰਡਾਂ ਵਿਚੋਂ 11 ਮਿਲੀਅਨ ਡਾਲਰ ਦੀ ਠੱਗੀ ਮਾਰਨ ਦੇ ਮਾਮਲੇ ਵਿਚ, ਉਨਟੇਰਿਉ ਦੇ ਇੱਕ ਸਾਬਕਾ ਨੌਕਰਸ਼ਾਹ (ਬਿਉਰੋਕ੍ਰੈਟ) ‘ਤੇ ਹੁਣ ਅਪਰਾਧਕ ਦੋਸ਼ ਵੀ ਲਗਾ ਦਿੱਤੇ ਗਏ ਹਨ। 

ਵਕੀਲ ਸਟੀਫ਼ਨ ਹੈਬਸ਼ਰ ਨੇ ਦੱਸਿਆ ਕਿ ਸੰਜੇ ਦੀ ਪਤਨੀ ਸ਼ਾਲਿਨੀ ਮਦਾਨ ਨੂੰ ਵੀ ਅਪਰਾਧਕ ਤਰੀਕੇ ਨਾਲ ਇਕੱਠੀ ਕੀਤੀ 5000 ਡਾਲਰ ਤੋਂ ਵੱਧ ਦੀ ਰਾਸ਼ੀ ਰੱਖਣ ਅਤੇ ਇਸ ਮਾਮਲੇ ਵਿਚ ਹਿੱਸੇਦਾਰ ਹੋਣ ਨਾਲ ਸਬੰਧਤ ਇਲਜ਼ਾਮਾਂ ਤਹਿਤ ਚਾਰਜ ਕੀਤਾ ਗਿਆ ਹੈ। 

ਉਨਟੇਰਿਉ ਸਰਕਾਰ ਵੱਲੋਂ ਸੰਜੇ ਮਦਾਨ, ਸ਼ਾਲਿਨੀ ਮਦਾਨ ਅਤੇ ਉਹਨਾਂ ਦੇ ਦੋ ਬਾਲਗ਼ ਬੇਟਿਆਂ ਖ਼ਿਲਾਫ਼ ਮੁਕਦਮਾ ਦਾਇਰ ਕੀਤਾ ਗਿਆ ਸੀ। ਸਰਕਾਰ ਦਾ ਇਲਜ਼ਾਮ ਹੈ ਕਿ ਇਸ ਪਰਿਵਾਰ ਨੇ ਗ਼ੈਰ-ਕਾਨੂੰਨੀ ਤਰੀਕੇ ਵਰਤ ਕੇ ਕੋਵਿਡ ਸਹਾਇਤਾ ਲਈ ਚਲਾਏ ਗਏ, ਸਪੋਰਟ ਫ਼ਾਰ ਫ਼ੈਮਲੀਜ਼ ਪ੍ਰੋਗਰਾਮ, ਦੀ ਰਾਸ਼ੀ ਵਿਚੋਂ ਹੇਰਾ-ਫ਼ੇਰੀ ਕੀਤੀ ਹੈ। 

ਉਕਤ ਪ੍ਰੋਗਰਾਮ ਬੱਚਿਆਂ ਨੂੰ ਘਰਾਂ ਤੋਂ ਹੀ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਵਿੱਤੀ ਮਦਦ ਪ੍ਰਦਾਨ ਕਰਨ ਲਈ ਚਲਾਇਆ ਗਿਆ ਸੀ। 

ਸੰਜੇ ‘ਤੇ ਇਲਜ਼ਾਮ ਹੈ ਕਿ ਉਸਨੇ ਬੈਂਕ ਵਿਚ 400 ਤੋਂ ਵੱਧ ਖਾਤੇ ਖੁਲਵਾਕੇ , ਸਪੋਰਟ ਪ੍ਰੋਗਰਾਮ ਦੇ ਫ਼ਰਜ਼ੀ ਬਿਨੈਕਾਰਾਂ ਦੇ ਨਾਂ ‘ਤੇ ਕੱਟੇ ਗਏ ਹਜ਼ਾਰਾਂ ਬੈਂਕ ਚੈੱਕਸ (ਨਵੀਂ ਵਿੰਡੋ) ਨੂੰ ਇਹਨਾਂ ਖਾਤਿਆਂ ਵਿਚ ਜਮ੍ਹਾਂ ਕਰਕੇ ਕਈ ਮਿਲੀਅਨ ਦੀ ਚੋਰੀ ਕੀਤੀ ਹੈ। 

ਸਰਕਾਰ ਵੱਲੋਂ ਸੰਜੇ ਮਦਾਨ ‘ਤੇ ਕਰੀਬ 30 ਮਿਲੀਅਨ ਡਾਲਰ ਦੇ ਇੱਕ ਹੋਰ ਘਪਲੇ ਵਿਚ ਸ਼ਾਮਲ ਹੋਣ ਦਾ ਵੀ ਇਲਜ਼ਾਮ (ਨਵੀਂ ਵਿੰਡੋ) ਲਗਾਇਆ ਜਾ ਚੁੱਕਾ ਹੈ। 

ਅਪਰਾਧਕ ਮਾਮਲਿਆਂ ਦੇ ਸਬੰਧ ਵਿਚ ਬੁੱਧਵਾਰ ਨੂੰ ਸੰਜੇ ਮਦਾਨ ਅਦਾਲਤ ਵਿਚ ਪੇਸ਼ ਹੋਵੇਗਾ। 

ਸੰਜੇ ਮਦਾਨ, ਉਨਟੇਰਿਉ ਸਰਕਾਰ ਅਧੀਨ ਇੱਕ ਸੀਨੀਅਰ ਕੰਪਿਊਟਰ ਮਾਹਰ ਦੇ ਤੌਰ ਤੇ ਕੰਮ ਕਰਦਾ ਸੀ। ਕੋਵਿਡ ਬੈਨਿਫ਼ਿਟ ਨਾਲ ਸਬੰਧਤ ਇੱਕ ਕੰਪਿਊਟਰ ਐਪਲੀਕੇਸ਼ਨ ਤਿਆਰ ਕਰਨ ਵਿਚ ਵੀ ਸੰਜੇ ਨੇ ਮਦਦ ਕੀਤੀ ਸੀ। ਨਵੰਬਰ ਵਿਚ ਸੰਜੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਸੰਜੇ ਦੀ ਪਤਨੀ ਅਤੇ ਦੋਵੇਂ ਬੇਟੇ ਵੀ ਉਨਟੇਰਿਉ ਸਰਕਾਰ ਦੇ ਇਨਫ਼ਰਮੇਸ਼ਨ ਟੈਕਨੋਲੌਜੀ ਖੇਤਰ ਵਿਚ ਹੀ ਕੰਮ ਕਰਦੇ ਸਨ। 

ਸੁਪੀਰੀਅਰ ਕੋਰਟ ਵਿਚ ਆਪਣੇ ਬਚਾਅ ਵਿਚ ਬਿਆਨ ਦਾਖ਼ਲ ਕਰਦਿਆਂ ਮਦਾਨ ਨੇ ਸਰਕਾਰ ਉੱਤੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਦੇ ਢਿੱਲੇ ਅਤੇ ਕਮਜ਼ੋਰ ਸੁਰੱਖਿਆ ਉਪਾਅ ਕਰਕੇ ਕੋਵਿਡ ਫ਼ੰਡਾਂ ਦੀ ਚੋਰੀ ਹੋਈ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ