1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰਿਪੋਰਟ; ਕੈਨੇਡਾ ਚੋਣਾਂ : ਕੀ ਉਮੀਦਵਾਰ ਚੋਣ ਮੈਦਾਨ ਵਿੱਚੋਂ ਪਿੱਛੇ ਹਟਣ ਤੋਂ ਬਾਅਦ ਵੀ ਜਿੱਤ ਸਕਦਾ ਹੈ ?

ਚੋਣਾਂ ਤੋਂ ਕੁਝ ਦਿਨ ਪਹਿਲਾਂ ਪਿੱਛੇ ਹਟੇ ਕੁਝ ਉਮੀਦਵਾਰ

ਜੇਕਰ ਕੋਈ ਉਮੀਦਵਾਰ ਨੌਮੀਨੇਸ਼ਨ ਦੀ ਆਖਰੀ ਮਿਤੀ ਲੰਘਣ ਤੋਂ ਬਾਅਦ ਚੋਣ ਮੈਦਾਨ ਵਿੱਚੋਂ ਹਟਦਾ ਹੈ ਤਾਂ ਨਿਯਮਾਂ ਮੁਤਾਬਿਕ ਬੈਲਟ 'ਤੇ ਉਸ ਵਿਅਕਤੀ ਅਤੇ ਪਾਰਟੀ ਦਾ ਨਾਮ ਰਹਿੰਦਾ ਹੈ I

ਜੇਕਰ ਕੋਈ ਉਮੀਦਵਾਰ ਨੌਮੀਨੇਸ਼ਨ ਦੀ ਆਖਰੀ ਮਿਤੀ ਲੰਘਣ ਤੋਂ ਬਾਅਦ ਚੋਣ ਮੈਦਾਨ ਵਿੱਚੋਂ ਹਟਦਾ ਹੈ ਤਾਂ ਨਿਯਮਾਂ ਮੁਤਾਬਿਕ ਬੈਲਟ 'ਤੇ ਉਸ ਵਿਅਕਤੀ ਅਤੇ ਪਾਰਟੀ ਦਾ ਨਾਮ ਰਹਿੰਦਾ ਹੈ I

ਤਸਵੀਰ: La Presse canadienne / Adrian Wyld

Sarbmeet Singh

ਫ਼ੈਡਰਲ ਚੋਣਾਂ ਨਜ਼ਦੀਕ ਆ ਰਹੀਆਂ ਹਨ ਪਰ ਕੁਝ ਉਮੀਦਵਾਰ ਅਜਿਹੇ ਵੀ ਹਨ ਜੋ ਵੱਖ- ਵੱਖ ਕਾਰਨਾਂ ਕਰਕੇ ਚੋਣ ਮੈਦਾਨ ਵਿੱਚੋਂ ਪਿੱਛੇ ਹਟ ਰਹੇ ਹਨ I ਪਰ ਇਹਨਾਂ ਉਮੀਦਵਾਰਾਂ ਦੇ ਨਾਮ ਬੈਲਟ 'ਤੇ ਹੋਣ ਕਰਕੇ ਇਹ ਫ਼ਿਰ ਵੀ ਚਰਚਾ ਵਿੱਚ ਹਨ I  ਜਾਣੋ ਕੀ ਕੈਨੇਡਾ ਵਿੱਚ ਚੋਣ ਮੈਦਾਨ ਵਿੱਚੋਂ ਪਿੱਛੇ ਹਟਣ 'ਤੇ ਵੀ ਕੋਈ ਉਮੀਦਵਾਰ ਜਿੱਤ ਸਕਦਾ ਹੈ ?

ਕੌਣ- ਕੌਣ ਹਟੇ ਪਿੱਛੇ

ਓਨਟੇਰੀਓ ਪ੍ਰੋਵਿੰਸ ਵਿੱਚ ਕਿਚਨਰ ਸੈਂਟਰ ਰਾਈਡਿੰਗ (ਚੋਣ ਹਲਕਾ) ਤੋਂ ਦੂਸਰੀ ਵਾਰ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਰਾਜ ਸੈਣੀ ਨੇ ਜਵਾਨ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਕਥਿੱਤ ਦੋਸ਼ਾਂ ਦੇ ਚਲਦਿਆਂ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕਰ ਦਿੱਤਾ ਸੀ I  ਟੋਰੌਂਟੋ- ਸੇਂਟ ਪੌਲ ਰਾਇਡਿੰਗ ਤੋਂ ਐਨਡੀਪੀ ਉਮੀਦਵਾਰ ਸਿਡਨੀ ਕੋਲਜ਼ ਅਤੇ ਨੋਵਾ ਸਕੋਸ਼ੀਆ ਦੀ ਕੰਬਰਲੈਂਡ-ਕੋਲਚੈਸਟਰ ਰਾਇਡਿੰਗ ਤੋਂ ਉਮੀਦਵਾਰ ਡੈਨ ਔਸਬੌਰਨ ਵੀ ਚੋਣ ਮੈਦਾਨ ਵਿੱਚੋਂ ਪਿੱਛੇ ਹਟ ਗਏ ਹਨ I

ਦੱਸਣਯੋਗ ਹੈ ਕਿ ਸੈਣੀ ‘ਤੇ ਆਪਣੇ ਦਫ਼ਤਰ ਵਿਚ ਕੰਮ ਕਰਨ ਵਾਲੀਆਂ ਨੌਜਵਾਨ ਲੜਕੀਆਂ ਨਾਲ ਜਿਨਸੀ ਛੇੜਛਾੜ ਕਰਨ ਦੇ ਇਲਾਜ਼ਾਮ ਲੱਗੇ ਸਨ ਜਿਸਤੋਂ ਬਾਅਦ ਐਨਡੀਪੀ ਵੱਲੋਂ ਜਸਟਿਨ ਟ੍ਰੂਡੋ ਤੋਂ ਰਾਜ ਸੈਣੀ ਨੂੰ ਉਮੀਦਵਾਰੀ ਤੋਂ ਹਟਾਏ ਜਾਣ ਦੀ ਮੰਗ ਕੀਤੀ ਗਈ ਸੀ। ਉਧਰ ਐਨਡੀਪੀ ਉਮੀਦਵਾਰ ਆਪਣੇ ਐਂਟੀ-ਸੈਮਿਟਿਜ਼ਮ ਬਿਆਨਾਂ ਦੇ ਚਲਦਿਆ ਪਿੱਛੇ ਹਟੇ ਹਨ I

ਕੀ ਨੇ ਨਿਯਮ

ਕੈਨੇਡਾ ਵਿੱਚ ਚੋਣਾਂ ਕਰਾਉਣ ਵਾਲੀ ਏਜੰਸੀ, ਇਲੈਕਸ਼ਨਜ਼ ਕੈਨੇਡਾ ਵੱਲੋਂ ਨੌਮੀਨੇਸ਼ਨ ਦੀ ਆਖਰੀ ਮਿਤੀ 30 ਅਗਸਤ ਰੱਖੀ ਗਈ ਸੀ I  ਇਸ ਤਾਰੀਖ਼ ਤੱਕ ਸਿਆਸੀ ਪਾਰਟੀਆਂ ਉਮੀਦਵਾਰ ਐਲਾਨਣ ਤੋਂ ਇਲਾਵਾ ਉਹਨਾਂ ਨੂੰ ਬਦਲ ਵੀ ਸਕਦੀਆਂ ਸਨ I  ਕੈਨੇਡਾ ਵਿੱਚ ਚੋਣਾਂ 20 ਸਤੰਬਰ ਨੂੰ ਹੋਣ ਜਾ ਰਹੀਆਂ ਹਨI

ਵਿਰੋਧ ਦੇ ਚਲਦਿਆਂ ਸੈਣੀ ਵੱਲੋਂ 4 ਸਤੰਬਰ ਨੂੰ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕੀਤਾ ਗਿਆ I  ਨੌਮੀਨੇਸ਼ਨ ਦੀ ਆਖਰੀ ਮਿਤੀ ਲੰਘ ਚੁੱਕੇ ਹੋਣ ਦੇ ਚਲਦਿਆਂ ਲਿਬਰਲ ਪਾਰਟੀ ਉਕਤ ਰਾਈਡਿੰਗ ਤੋਂ ਕਿਸੇ ਹੋਰ ਨੂੰ ਉਮੀਦਵਾਰ ਨਹੀਂ ਖੜਾ ਕਰ ਸਕਦੀ ਸੀ ਅਤੇ ਰਾਜ ਸੈਣੀ ਦਾ ਨਾਮ ਬੈਲਟ 'ਤੇ ਰਹੇਗਾ ਜਿਸਦਾ ਮਤਲਬ ਹੈ ਕਿ ਵੱਧ ਵੋਟਾਂ ਪ੍ਰਾਪਤ ਹੋਣ 'ਤੇ ਉਹ ਐਮ ਪੀ ਚੁਣੇ ਜਾ ਸਕਦੇ ਹਨ I ਸਿਡਨੀ ਕੋਲਜ਼ ਅਤੇ ਡੈਨ ਔਸਬੌਰਨ ਚੋਣਾਂ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਹੀ ਪਿੱਛੇ ਹਟੇ ਹਨ I ਪਾਰਟੀ ਲੀਡਰ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਸਿਡਨੀ ਕੋਲਜ਼ ਅਤੇ ਡੈਨ ਔਸਬੌਰਨ ਦਾ ਨਾਮ ਬੈਲਟ 'ਤੇ ਰਹੇਗਾ I

ਜੇਕਰ ਕੋਈ ਉਮੀਦਵਾਰ ਨੌਮੀਨੇਸ਼ਨ ਦੀ ਆਖਰੀ ਮਿਤੀ ਲੰਘਣ ਤੋਂ ਬਾਅਦ ਚੋਣ ਮੈਦਾਨ ਵਿੱਚੋ ਹਟਦਾ ਹੈ ਤਾਂ ਨਿਯਮਾਂ ਮੁਤਾਬਿਕ ਬੈਲਟ 'ਤੇ ਉਸ ਵਿਅਕਤੀ ਅਤੇ ਪਾਰਟੀ ਦਾ ਨਾਮ ਰਹਿੰਦਾ ਹੈ Iਅਜਿਹੇ ਹਾਲਾਤ ਵਿੱਚ ਉਕਤ ਵਿਅਕਤੀ 'ਤੇ ਆਪਣਾ ਪ੍ਰਚਾਰ ਜਾਰੀ ਰੱਖਣ ਦੀ ਕੋਈ ਸ਼ਰਤ ਨਹੀਂ ਹੁੰਦੀI
ਮੈਰੀ ਫਰਾਂਸ ਕੈਨੀ , ਮੀਡੀਆ ਅਧਿਕਾਰੀ , ਇਲੈਕਸ਼ਨਜ਼ ਕੈਨੇਡਾ

ਇਸ ਬਾਬਤ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਐਮ ਪੀ ਗੁਰਮੰਤ ਗਰੇਵਾਲ ਨੇ ਕਿਹਾ ਅਜਿਹੇ ਹਾਲਾਤ ਵਿੱਚ ਉਮੀਦਵਾਰ ਵੱਧ ਵੋਟਾਂ ਪੈਣ 'ਤੇ ਚੋਣ ਜਿੱਤ ਵੀ ਸਕਦਾ ਹੈ I ਪਰ ਕਿਉਂਕਿ ਜਸਟਿਨ ਟ੍ਰੂਡੋ , ਸੈਣੀ ਨੂੰ ਦੁਬਾਰਾ ਪਾਰਟੀ ਕਾਕਸ ਵਿੱਚ ਲੈਣ ਤੋਂ ਇਨਕਾਰ ਕਰ ਚੁੱਕੇ ਹਨ ਸੋ ਅਜਿਹੇ ਵਿੱਚ ਸੈਣੀ , ਆਜ਼ਾਦ ਐਮ ਪੀ ਵਜੋਂ ਵਿਚਰ ਸਕਣਗੇ I

ਇਹ ਵੀ ਪੜੋ :

ਆਪਣੀ ਚੋਣ ਮੁਹਿੰਮ ਖ਼ਤਮ ਕਰਨ ਮੌਕੇ ਮੀਡੀਆ ਨੂੰ ਜਾਰੀ ਇੱਕ ਸਟੇਟਮੈਂਟ ਵਿੱਚ ਸੈਣੀ ਨੇ ਆਪਣੇ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਿਆ ਹੈ I  ਸੈਣੀ ਨੇ ਕਿਹਾ ਮੈਂ ਆਪਣੇ ਕਿਸੇ ਵੀ ਵਲੰਟੀਅਰ ਜਾਂ ਸਟਾਫ਼ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ I  ਮੇਰੇ ਆਫ਼ਿਸ ਵਿੱਚ ਅਜਿਹਾ ਇਕ ਮਾਮਲਾ ਮੇਰੇ ਧਿਆਨ ਵਿੱਚ ਆਉਣ 'ਤੇ ਮੈਂ ਖ਼ੁਦ ਹਾਊਸ ਆਫ਼ ਕਾਮਨਜ਼ ਰਾਹੀਂ ਥਰਡ ਪਾਰਟੀ ਰਿਵਿਊ ਲਈ ਜ਼ੋਰ ਪਾਇਆ I  ਜੂਨ 2020 ਦੌਰਾਨ ਇਸ ਬਾਬਤ ਆਈ ਰਿਪੋਰਟ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ I

ਸੈਣੀ ਨੇ 2019 ਦੀਆਂ ਚੋਣਾਂ ਦੌਰਾਨ ਗ੍ਰੀਨ ਪਾਰਟੀ ਦੇ ਉਮੀਦਵਾਰ ਮਾਈਕ ਮੌਰਿਸ ਨੂੰ ਲਗਭਗ 6,000 ਵੋਟਾਂ ਨਾਲ ਹਰਾਇਆ ਸੀ I ਅੰਕੜਿਆਂ ਮੁਤਾਬਿਕ ਕਿਚਨਰ ਸੈਂਟਰ ਰਾਈਡਿੰਗ ਵਿੱਚ ਕਰੀਬ 83 ਹਜ਼ਾਰ ਵੋਟਰ ਹਨ ਜਿੰਨ੍ਹਾਂ ਵਿੱਚੋਂ 17 ਹਜ਼ਾਰ ਤੋਂ ਵਧੇਰੇ ਵਿਅਕਤੀ ਘੱਟ ਗਿਣਤੀ ਵਾਲੇ ਭਾਈਚਾਰਿਆਂ ਨਾਲ ਸੰਬੰਧਿਤ ਹਨ I ਪ੍ਰਾਪਤ ਜਾਣਕਾਰੀ ਅਨੁਸਾਰ ਪਿੱਛਲੀਆਂ ਚੋਣਾਂ ਦੌਰਾਨ ਕਰੀਬ 67 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ I

ਲਿਬਰਲ ਪਾਰਟੀ ਵੱਲੋਂ ਰਾਜ ਸੈਣੀ ਨੂੰ ਟਿਕਟ ਦਿੱਤੀ ਗਈ ਸੀ ਗ੍ਰੀਨ ਪਾਰਟੀ ਵੱਲੋਂ ਮਾਈਕ ਮੌਰਿਸ ਨੂੰ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਮੈਰੀ ਹੈਨਿਨ ਥੋਰਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ I   

ਜ਼ਿਕਰਯੋਗ ਹੈ ਜਿਨਸੀ ਛੇੜਛਾੜ ਦੇ ਦੋਸ਼ਾਂ ਦੇ ਚਲਦਿਆਂ ਸੈਣੀ ਉਮੀਦਵਾਰੀ ਤਿਆਗਣ ਵਾਲੇ ਦੂਜੇ ਵਿਅਕਤੀ ਹਨ I  ਇਸਤੋਂ ਪਹਿਲਾਂ ਨੋਵਾ ਸਕੋਸ਼ੀਆ ਸੂਬੇ ਦੀ ਡਾਰਟਮਾਉਥ-ਕੋਲ ਰਾਇਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਟਰੋਏ ਮਾਯਰਜ਼ ਨੂੰ ਜਿਨਸੀ ਹਮਲੇ ਦੇ ਇਲਜ਼ਾਮਾਂ ਦੇ ਚਲਦਿਆਂ ਆਪਣੀ ਉਮੀਦਵਾਰੀ ਤਿਆਗਣੀ ਪਈ ਸੀ I  ਲੌਰੇਨ ਸਕੈਬਰ ਨਾਂ ਦੀ ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਅਕਤੂਬਰ 2019 ਵਿਚ ਨੋਵਾ ਸਕੋਸ਼ੀਆ ਲਾਇਬ੍ਰੇਰੀ ਅਸੋਸੀਏਸ਼ਨ ਦੀ ਇੱਕ ਕਾਨਫ਼ਰੰਸ ਵੇਲੇ ਟਰੋਏ ਨੇ ਉਸ ਉੱਤੇ ਜਿਸਮਾਨੀ ਹਮਲਾ ਕੀਤਾ ਸੀ।

Sarbmeet Singh

ਸੁਰਖੀਆਂ