1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਕੈਨੇਡਾ ਵਿਚ ਮੁੜ ਘੱਟ ਗਿਣਤੀ ਸਰਕਾਰ ਬਣਨ ਦੀ ਸੰਭਾਵਨਾ, ਪਰ ਪਹਿਲਾਂ ਨਾਲੋਂ ਵੱਖਰੀ ਹੋ ਸਕਦੀ ਹੈ ਸਥਿਤੀ

ਘੱਟ ਗਿਣਤੀ ਸਰਕਾਰਾਂ ਬਣਨ ਵਿਚ ਕਈ ਅਹਿਮ ਨੁਕਤਿਆਂ ‘ਤੇ ਹੁੰਦਾ ਹੈ ਵਿਚਾਰ

ਭਾਵੇਂ ਕਿ ਆਉਂਦੀਆਂ ਫ਼ੈਡਰਲ ਚੋਣਾਂ ਵਿਚ ਮੁੜ ਘੱਟ ਗਿਣਤੀ ਸਰਕਾਰ ਬਣਨ ਦੀ ਪੇਸ਼ੀਨਹੋਈ ਕੀਤੀ ਜਾ ਰਹੀ ਹੈ ਪਰ ਇਸ ਵਾਰ ਦੀ ਘੱਟ ਗਿਣਤੀ ਸਰਕਾਰ ਕੁਝ ਵੱਖਰੀ ਵੀ ਹੋ ਸਕਦੀ ਹੈ।

ਭਾਵੇਂ ਕਿ ਆਉਂਦੀਆਂ ਫ਼ੈਡਰਲ ਚੋਣਾਂ ਵਿਚ ਮੁੜ ਘੱਟ ਗਿਣਤੀ ਸਰਕਾਰ ਬਣਨ ਦੀ ਪੇਸ਼ੀਨਹੋਈ ਕੀਤੀ ਜਾ ਰਹੀ ਹੈ ਪਰ ਇਸ ਵਾਰ ਦੀ ਘੱਟ ਗਿਣਤੀ ਸਰਕਾਰ ਕੁਝ ਵੱਖਰੀ ਵੀ ਹੋ ਸਕਦੀ ਹੈ।

ਤਸਵੀਰ: (Christian Patry/CBC)

RCI

ਬੀਤੀਆਂ ਛੇ ਫ਼ੈਡਰਲ ਚੋਣਾਂ ਵਿੱਚੋਂ ਚਾਰ ਚੋਣਾਂ ਦੌਰਾਨ ਕਿਸੇ ਇੱਕ ਪਾਰਟੀ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ ਹੈ ਅਤੇ ਸੋਮਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਪੰਜਵੀਂ ਵਾਰੀ ਅਜਿਹਾ ਵਾਪਰਨ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।

ਹੁਣ ਭਾਵੇਂ ਸਰਕਾਰ ਲਿਬਰਲ ਦੀ ਹੋਵੇਗੀ ਜਾਂ ਕੰਜ਼ਰਵੇਟਿਵਜ਼ ਦੀ, ਪਰ ਲੋਕਾਂ ਨੂੰ ਘੱਟ ਗਿਣਤੀ ਸਰਕਾਰ ਦੀ ਹੀ ਵਧੇਰੇ ਸੰਭਾਵਨਾ ਨਜ਼ਰ ਆ ਰਹੀ ਹੈ। 

ਚੋਣ ਦੇ ਰੁਝਾਨ ਵੀ ਇਹੀ ਇਸ਼ਾਰਾ ਕਰ ਰਹੇ ਹਨ ਕਿ ਕਿਸੇ ਵੀ ਇੱਕ ਪਾਰਟੀ ਨੂੰ 2019 ਦੀਆਂ ਚੋਣਾਂ ਵਾਂਗ ਬਹੁਮਤ ਨਹੀਂ ਮਿਲੇਗਾ। 

2019 ਵਿਚ ਜਸਟਿਨ ਟ੍ਰੂਡੋ ਦੀ ਘੱਟ ਗਿਣਤੀ ਸਰਕਾਰ ਮੁਕਾਬਲਤਨ ਸਥਿਰ ਸੀ ਪਰ ਇਸਦਾ ਮਤਲਬ ਇਹ ਨਹੀਂ ਕਿ 20 ਸਤੰਬਰ ਨੂੰ ਵੀ ਚੋਣਾਂ ਦੇ ਇਹੋ ਜਿਹੇ ਹੀ ਨਤੀਜੇ ਨਿਕਲਣਗੇ। 

ਆਉ ਜਾਣਦੇ ਹਾਂ ਕਿ ਘੱਟ ਗਿਣਤੀ ਸਰਕਾਰਾਂ ਕਿਵੇਂ ਬਣਦੀਆਂ ਹਨ ਅਤੇ ਅਗਲੀ ਸੰਭਾਵਿਤ ਘੱਟ ਗਿਣਤੀ ਸਰਕਾਰ ਕਿਵੇਂ ਦੀ ਹੋ ਸਕਦੀ ਹੈ। 

ਵੋਟਾਂ ਬਨਾਮ ਸੀਟਾਂ

ਕਿਹੜੀਆਂ ਦੋ ਪਾਰਟੀਆਂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਜਾਂ ਕਿਹਨਾਂ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ, ਜ਼ਰੂਰੀ ਨਹੀਂ ਕਿ ਸਰਕਾਰ ਬਣਨਾ ਸਿਰਫ਼ ਇਸ ਨੁਕਤੇ ‘ਤੇ ਹੀ ਆਧਾਰਤ ਹੋਵੇ। 

ਯੂਨੀਵਰਸੀਟੀ ਔਫ਼ ਬ੍ਰਿਟਿਸ਼ ਕੋਲੰਬੀਆ ਦੇ ਰਾਜਨੀਤੀ ਵਿਗਿਆਨੀ ਮੈਕਸਵੈਲ ਕੈਮਰੌਨ ਮੁਤਾਬਕ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿਹੜੀ ਪਾਰਟੀ ਨੂੰ ਹਾਉਸ ਔਫ਼ ਕੌਮਨਜ਼ ਵਿਚ ਭਰੋਸਾ ਹਾਸਲ ਹੁੰਦਾ ਹੈ। 

ਇਸਦਾ ਮਤਲਬ ਇਹ ਹੈ ਕਿ ਕਿਹੜੀ ਪਾਰਟੀ ਭਰੋਸਗੀ ਦਾ ਮਤਾ ਜਿੱਤਣ ਲਈ ਇੱਕ ਜਾਂ ਵੱਧ ਛੋਟੀਆਂ ਪਾਰਟੀਆਂ ਕੋਲੋਂ ਲੋੜੀਂਦਾ ਸਮਰਥਨ ਪ੍ਰਾਪਤ ਕਰਦੀ ਹੈ। 

ਸੱਤਾ ਵਿਚ ਬਣੇ ਰਹਿਣ ਦਾ ਅਧਿਕਾਰ

ਜੇ ਟ੍ਰੂਡੋ ਨੂੰ ਸਰਕਾਰ ਚਲਾਉਂਦੇ ਰਹਿਣ ਲਈ ਵਿਰੋਧੀ ਧਿਰ ਕੋਲੋਂ ਲੋੜੀਂਦਾ ਸਮਰਥਨ ਪ੍ਰਾਪਤ ਹੋਣ ਦੀ ਸੰਭਾਵਨਾ ਘੱਟ ਲਗਦੀ ਹੈ ਤਾਂ ਉਹ ਅਸਤੀਫ਼ਾ ਦੇ ਦੇਣਗੇ ਅਤੇ ਕੰਜ਼ਰਵੇਟਿਵਜ਼ ਨੂੰ ਸਰਕਾਰ ਬਣਾਉਣ ਲਈ ਕਹਿਣਗੇ। 

ਉਮੀਦਵਾਰਾਂ ਦੇ ਪਾਰਟੀ ਚਿੰਨ੍ਹਾਂ ਦੀ ਤਸਵੀਰ

13 ਸਤੰਬਰ 2021 ਦੀ ਔਟਵਾ ਸੈਂਟਰ ਰਾਇਡਿੰਗ ਵਿਚ ਚੋਣ ਲੜ ਰਹੇ 8 ਉਮੀਦਵਾਰਾਂ ਵਿਚੋਂ ਪੰਜ ਉਮੀਦਵਾਰਾਂ ਦੇ ਪਾਰਟੀ ਚਿੰਨ੍ਹਾਂ ਦੀ ਤਸਵੀਰ। ਚੋਣ ਰੁਝਾਨਾਂ ਮੁਤਾਬਕ ਕਿਸੇ ਇੱਕ ਪਾਰਟੀ ਨੂੰ ਵੀ ਹਾਉਸ ਔਫ਼ ਕੌਮਨਜ਼ ਵਿਚ ਬਹੁਮਤ ਮਿਲਦਾ ਪ੍ਰਤੀਤ ਨਹੀਂ ਹੋ ਰਿਹਾ ਹੈ।

ਤਸਵੀਰ:  (Francis Ferland/CBC News)

ਨਤੀਜਾ ਜੋ ਵੀ ਹੋਵੇ, ਪਰ ਟ੍ਰੂਡੋ ਕੋਲ ਉਦੋਂ ਤੱਕ ਸੱਤਾ ‘ਚ ਬਣੇ ਰਹਿਣ ਦਾ ਅਧਿਕਾਰ ਹੋਵੇਗਾ ਜਦੋਂ ਤੱਕ ਹਾਉਸ ਔਫ਼ ਕੌਮਨਜ਼ ਵਿਚ ਬੇ-ਭਰੋਸਗੀ ਦਾ ਮਤਾ ਮੰਜ਼ੂਰ ਨਹੀਂ ਹੋ ਜਾਂਦਾ। ਫਿਰ ਪਾਰਲੀਮੈਂਟ ਦੇ ਹਰੇਕ ਨਵੇਂ ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਥ੍ਰੋਨ ਸਪੀਚ ਦੇ ਖ਼ਿਲਾਫ਼ ਵੋਟ ਪਾਕੇ, ਵਿਰੋਧੀ ਧਿਰ ਕੋਲ ਸਰਕਾਰ ਪਲਟਣ ਦਾ ਮੌਕਾ ਹੋਵੇਗਾ। 

ਜੇ ਥ੍ਰੋਨ ਸਪੀਚ ਖ਼ਿਲਾਫ਼ ਮਤਾ ਪਾਸ ਹੋ ਜਾਂਦਾ ਤਾਂ ਗਵਰਨਰ ਜਨਰਲ, ਆਪਣੇ ਵਿਸ਼ੇਸ਼ ਅਧਿਕਾਰਾਂ ਅਧੀਨ, ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੂੰ ਸਰਕਾਰ ਬਣਾਉਣ ਲਈ ਸੱਦਾ ਦਵੇਗਾ। ਫ਼ਿਰ ਐਰਿਨ ੳ’ਟੂਲ ਨੂੰ ਕਿਸੇ ਇੱਕ ਜਾਂ ਵੱਧ ਵਿਰੋਧੀ ਪਾਰਟੀਆਂ ਦਾ ਸਮਰਥਨ ਹਾਸਲ ਕਰਕੇ ਹਾਉਸ ਵਿਚ ਭਰੋਸਾ ਸਾਬਤ ਕਰਨਾ ਪਵੇਗਾ। ਅਜਿਹਾ ਨਾ ਹੋ ਸਕਣ ਦੀ ਸਥਿਤੀ ਵਿਚ ਦੁਬਾਰਾ ਚੋਣਾਂ ਕਰਵਾਈਆਂ ਜਾਣਗੀਆਂ। 

ਕੀ ਹੋਰ ਪਾਰਟੀਆਂ ਸਰਕਾਰ ਬਣਾਉਣ ਲਈ ਸਮਰਥਨ ਦੇਣਗੀਆਂ?

2019 ਵਿਚ ਕੰਜ਼ਰਵੇਟਿਵਜ਼ ਨੂੰ ਲਿਬਰਲਾਂ ਨਾਲੋਂ ਵਧੇਰੇ ਵੋਟ ਮਿਲੇ ਸੀ ਪਰ ਕਿਉਂਕਿ ਉਹਨਾਂ ਦੇ ਵੋਟ ਜ਼ਿਆਦਾਤਰ ਪ੍ਰੇਰੀ ਸੂਬਿਆਂ ਵਿਚ ਹੀ ਕੇਂਦਰਤ ਰਹੇ, ਲਿਬਰਲਾਂ ਦੇ ਮੁਕਾਬਲੇ ਉਹਨਾਂ ਨੂੰ 36 ਸੀਟਾਂ ਘੱਟ ਮਿਲੀਆਂ। 

ਲਿਬਰਲ ਪਾਰਟੀ ਕੋਲ ਬਹੁਮਤ ਤੋਂ ਸਿਰਫ਼ 13 ਸੀਟਾਂ ਘੱਟ ਸਨ ਅਤੇ ਐਨਡੀਪੀ, ਜਿਹਨਾਂ ਨੂੰ 24 ਸੀਟਾਂ ਮਿਲੀਆਂ ਸਨ, ਨੇ ਚੋਣ ਪ੍ਰਚਾਰ ਦੌਰਾਨ ਹੀ ਸਾਫ਼ ਕੀਤਾ ਸੀ ਕਿ ਉਹ ਕੰਜ਼ਰਵੇਟਿਵ ਦੀ ਘੱਟ ਗਿਣਤੀ ਸਰਕਾਰ ਲਈ ਸਮਰਥਨ ਨਹੀਂ ਦੇਣਗੇ। 

ਭਰੋਸਗੀ ਮਤਾ ਪਾਸ ਕਰਵਾਉਣ ਲਈ, ਅਲੱਗ ਅਲੱਗ ਪਾਰਟੀਆਂ ਤੋਂ ਅਲੱਗ ਅਲੱਗ ਸਮਿਆਂ ‘ਤੇ, ਟ੍ਰੂਡੋ ਨੂੰ ਸਮਰਥਨ ਮਿਲਦਾ ਰਿਹਾ ਅਤੇ ਲਿਬਰਲ ਪਾਰਟੀ ਵਿਰੋਧੀ ਪਾਰਟੀਆਂ ਨਾਲ ਕੋਈ ਅਧਿਕਾਰਕ ਸਮਝੌਤਾ ਕੀਤੇ ਬਿਨਾ ਹੀ ਸਰਕਾਰ ਚਲਾਉਣ ਅਤੇ ਕਾਨੂੰਨ ਪਾਸ ਕਰਨ ਦੇ ਯੋਗ ਬਣੀ ਰਹੀ। 

ਪਰ ਇਸ ਵਾਰੀ ਜਗਮੀਤ ਸਿੰਘ ਅਤੇ ਬਲੌਕ ਲੀਡਰ ਈਵ ਫ਼੍ਰੈਂਸੁਆ ਬਲੌਂਸ਼ੇ, ਦੋਵਾਂ ਨੇ ਹੀ ਕੰਜ਼ਰਵੇਟਿਵ ਘੱਟ ਗਿਣਤੀ ਸਰਕਾਰ ਲਈ ਸਮਰਥਨ ਦੇਣ ਤੋਂ ਇਨਕਾਰ ਨਹੀਂ ਕੀਤਾ ਹੈ। 

ਭਾਵੇਂ ਕਿ ਕੰਜ਼ਰਵੇਟਿਵਜ਼ ਨੇ ਆਪਣਾ ਝੁਕਾਅ ਸੱਜੇ ਪੱਖ ਤੋਂ ਥੋੜਾ ਮੱਧ ਪੱਖ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੈਮਰੌਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੌਮਨਜ਼ ਵਿਚ ਕੋਈ ਸਾਥੀ ਮਿਲਣਾ ਔਖਾ ਹੋ ਸਕਦਾ ਹੈ ਕਿਉਂਕਿ ਵਿਚਾਰਧਾਰਾ ਦੇ ਪੱਖੋਂ ਬਲੌਕ ਅਤੇ ਐਨਡੀਪੀ ਲਿਬਰਲ ਪਾਰਟੀ ਦੇ ਵਧੇਰੇ ਨੇੜੇ ਖੜੀਆਂ ਨਜ਼ਰ ਆਉਂਦੀਆਂ ਹਨ।

ਹਾਲਾਂਕਿ, ਕਿਉਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਵੱਲੋਂ ਕੰਜ਼ਰਵੇਟਿਵਜ਼ ਦੀ ਹਿਮਾਇਤ ਕੀਤੇ ਜਾਣ ਤੋਂ ਬਾਅਦ, ਸ਼ਾਇਦ ਬਲੌਕ ਲੀਡਰ ੳ’ਟੂਲ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਵਾਉਣ ਵਿਚ ਮਦਦ ਵੀ ਕਰ ਦੇਣ। 

ਸੰਭਾਵਿਤ ਸਥਿਤੀਆਂ

ਪਰ ਕੀ ਹੋਵੇਗਾ ਜੇ ਐਨਡੀਪੀ ਲਿਬਰਲ ਪਾਰਟੀ ਦਾ ਸਮਰਥਨ ਕਰ ਦੇਵੇ ਅਤੇ ਬਲੌਕ ਕੰਜ਼ਰਵੇਟਿਵਜ਼ ਦਾ ਸਮਰਥਨ ਕਰ ਦਵੇ, ਪਰ ਦੋਵਾਂ ਚੋਂ ਕਿਸੇ ਧਿਰ ਕੋਲ ਵੀ ਹਾਉਸ ਔਫ਼ ਕੌਮਨਜ਼ ਵਿਚ ਬਹੁਮਤ ਨਾ ਹੋਵੇ?

ਅਜਿਹੀ ਸਥਿਤੀ ਵਿਚ, ਗ੍ਰੀਨ ਪਾਰਟੀ ਜਾਂ ਪੀਪਲਜ਼ ਪਾਰਟੀ ਦੇ ਮੁੱਠੀ ਭਰ ਐਮ ਪੀ ਵੀ ਸਰਕਾਰ ਬਣਾਉਣ ਵਿਚ ਨਿਰਣਾਇਕ ਭੁਮਿਕਾ ਨਿਭਾ ਸਕਦੇ ਹਨ ਅਤੇ ਇਸਦੇ ਬਦਲੇ ਉਹ ਯਕੀਨੀ ਤੌਰ ਤੇ ਆਪਣੀਆਂ ਸ਼ਰਤਾਂ ਨੂੰ ਵੀ ਮੂਹਰੇ ਰੱਖਣਗੇ। 

ਕੈਮਰੌਨ ਮੁਤਾਬਕ ਘੱਟ ਗਿਣਤੀ ਸਰਕਾਰ ਦੀਆਂ ਤਿੰਨ ਤਰੀਕੇ ਦੀ ਅਪ੍ਰੋਚ ਹੁੰਦੀ ਹੈ। 

ਇਹਨਾਂ ਵਿਚੋਂ ਸਭ ਤੋਂ ਆਮ ਹੁੰਦੀ ਹੈ ਗ਼ੈਰ-ਰਸਮੀ ਵੋਟ-ਬਾਏ-ਵੋਟ  ਦੀ ਅਪ੍ਰੋਚ, ਜਿਹੜੀ ਪਿਛਲੇ ਦੋ ਸਾਲ ਤੋਂ ਜਸਟਿਨ ਟ੍ਰੁਡੋ ਨੇ ਜਾਰੀ ਰੱਖੀ ਹੈ। ਪਰ ਕੈਮਰੌਨ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬਣ ਰਹੀ ਸੰਭਾਵਿਤ ਘਟ ਗਿਣਤੀ ਸਰਕਾਰ ਵਿਚ ਮੁੜ ਅਜਿਹਾ ਹੋਣ ਦੇ ਘੱਟ ਆਸਾਰ ਹਨ। 

Yves-François Blanchet, Annamie Paul, Justin Trudeau, Jagmeet Singh et Erin O'Toole sur le plateau sur débat des chefs.

9 ਸਤੰਬਰ 2021 ਨੂੰ ਕਿਉਬੈਕ ਵਿਚ ਆਯੋਜਿਤ ਅੰਗ੍ਰੇਜ਼ੀ ਭਾਸ਼ਾ ਦੀ ਔਫ਼ੀਸ਼ੀਅਲ ਡਿਬੇਟ ਵਿਚ ਸ਼ਾਮਲ ਕੈਨੇਡਾ ਦੀ ਪੰਜੇ ਮੁੱਖ ਪਾਰਟੀਆਂ ਦੇ ਲੀਡਰ।

ਤਸਵੀਰ: La Presse canadienne / Adrian Wyld

ਵੈਸੇ, ਇਹ ਵੀ ਮੁਮਕਿਨ ਹੈ ਕਿ ੳ’ਟੂਲ ਜਾਂ ਟ੍ਰੂਡੋ, ਕਿਸੇ ਇੱਕ ਜਾਂ ਵੱਧ ਛੋਟੀਆਂ ਪਾਰਟੀਆਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਦੇ ਕਿਸੇ ਖ਼ਾਸ ਮੁੱਦੇ ‘ਤੇ ਕਨੂੰਨ ਬਣਾਉਣ ਦੇ ਬਦਲੇ ਵਿਚ ਕੁਝ ਸਮੇਂ ਲਈ ਉਹਨਾਂ ਕੋਲੋਂ ਸਮਰਥਨ ਹਾਸਲ ਕਰ ਲੈਣ। 

1985 ਵਿਚ ਉਨਟੇਰਿਉ ਵਿਚ ਡੇਵਿਡ ਪੀਟਰਸਨ ਦੀ ਅਗਵਾਈ ਵਿਚ ਲਿਬਰਲ ਸਰਕਾਰ ਐਂਵੈਂ ਹੀ ਬਣੀ ਸੀ, ਜਦੋਂ ਕੰਜ਼ਰਵੇਟਿਵਜ਼ ਨੂੰ ਸੱਤਾ ਚੋਂ ਬਾਹਰ ਕਰਨ ਲਈ ਲਿਬਰਲ ਅਤੇ ਐਨਡੀਪੀ ਨੇ ਦੋ ਸਾਲ ਦੇ ਸਮਰਥਨ ਦਾ ਸਮਝੌਤਾ ਕੀਤਾ ਸੀ। ਕੰਜ਼ਰਵੇਟਿਵਜ਼ ਨੁੰ ਉਹਨਾਂ ਚੋਣਾਂ ਵਿਚ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। 

2017 ਵਿਚ ਬੀਸੀ ਵਿਚ ਐਨਡੀਪੀ ਲੀਡਰ ਜੌਨ ਹੌਰਗਨ ਨੇ ਵੀ ਇਸੇ ਤਰ੍ਹਾਂ ਗ੍ਰੀਨ ਪਾਰਟੀ ਦੇ ਸਮਰਥਨ ਨਾਲ, ਵਧੇਰੇ ਸੀਟਾਂ ਜਿੱਤਣ ਦੇ ਬਾਵਜੂਦ ਲਿਬਰਲ ਪਾਰਟੀ ਨੂੰ ਸੱਤਾ ਚੋਂ ਬਾਹਰ ਕੀਤਾ ਸੀ। 

ਗਠਜੋੜ?

ਇਹ ਵੀ ਸੰਭਵ ਹੈ ਕਿ ਛੋਟੀਆਂ ਪਾਰਟੀਆਂ ਗਠਜੋੜ ਦੀ ਸਰਕਾਰ ਦੀ ਮੰਗ ਕਰਨ। ਗਠਜੋੜ ਦੀ ਸਰਕਾਰ ਕਈ ਦੇਸ਼ਾਂ ਵਿਚ ਆਮ ਵਰਤਾਰਾ ਹੈ ਪਰ ਕੈਨੇਡਾ ਵਿਚ ਇਹ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਅਤੇ ਇਹ ਵਰਤਾਰਾ ਕੁਝ 'ਦਾਗ਼ਦਾਰ' ਜਿਹਾ ਮੰਨਿਆ ਜਾਂਦਾ ਹੈ।

ਸਟੀਫ਼ਨ ਹਾਰਪਰ ਨੇ ਜਦੋਂ 2008 ਵਿਚ ਮੁੜ ਘੱਟ-ਗਿਣਤੀ ਸਰਕਾਰ ਬਣਾਈ ਸੀ ਉਦੋਂ ਲਿਬਰਲ ਅਤੇ ਐਨਡੀਪੀ ਨੇ ਗਠਜੋੜ ਬਣਾਉਣ ਦਾ ਸਮਝੌਤਾ ਕੀਤਾ ਸੀ ਪਰ ਇਸ ਦੇ ਬਾਵਜੂਦ ਦੋਵੇਂ ਪਾਰਟੀਆਂ ਕੋਲ ਬਹੁਮਤ ਯੋਗ ਸੀਟਾਂ ਨਹੀਂਂ ਬਣੀਆਂ ਸਨ। ਇਸ ਤੋਂ ਬਾਅਦ ਉਹਨਾਂ ਨੂੰ ਵੱਖਵਾਦੀ ਬਲੌਕ ਕਿਉਬੈਕਵਾ ਤੋਂ ਸਮਰਥਨ ਦਾ ਵਾਅਦਾ ਲੈਣਾ ਪਿਆ ਸੀ। ਪਰ ਇਸ ਸਭ ਦੇ ਦਰਮਿਆਨ ਗਠਜੋੜ ਸਰਕਾਰ ਦਾ ਬਣਨ ਵਾਲਾ ਪ੍ਰਧਾਨ ਮੰਤਰੀ ਸਟੀਫ਼ਨ ਡਾਇਨ ਪਹਿਲਾਂ ਹੀ ਲਿਬਰਲ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕਾ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਸੀ।  

ਹਾਰਪਰ ਨੇ ਇਸ ਗਠਜੋੜ ਦੇ ਵਰਤਾਰੇ ਨੂੰ ਲੋਕਤੰਤਰ ਦੀ ਤੌਹੀਨ ਆਖਦਿਆਂ ਵੱਖਵਾਦੀ ਵਿਚਾਰਧਾਰਾ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਦੀ ਕੋਸ਼ਿਸ਼ ਆਖਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਗਰਵਨਰ ਜਨਰਲ ਨੂੰ ਪਾਰਲੀਮੈਂਟ ਨੂੰ ਸਥਗਿਤ ਕਰਨ ਲਈ ਰਜ਼ਾਮੰਦ ਕਰ ਲਿਆ ਸੀ ਜਿਸ ਕਰਕੇ ਉਹਨਾਂ ਨੂੰ ਕੁਝ ਸਮਾਂ ਮਿਲ ਗਿਆ ਸੀ। 

ਜਦੋਂ ਪਾਰਲੀਮੈਂਟ ਦੁਬਾਰਾ ਸ਼ੁਰੂ ਹੋਈ , ਉਦੋਂ ਤੱਕ ਸਟੀਫ਼ਨ ਡਾਇਨ ਜਾ ਚੁੱਕੇ ਸਨ ਜਿਸਦਾ ਲਿਬਰਲਾਂ ਨੂੰ ਖ਼ਾਸਾ ਝਟਕਾ ਲੱਗਿਆ ਸੀ ਅਤੇ ਗਠਜੋੜ ਵੀ ਟੁੱਟ ਗਿਆ ਸੀ। 

ਕੈਮਰੌਨ ਦਾ ਕਹਿਣਾ ਹੈ ਕਿ ਭਾਵੇਂ ਛੋਟੀਆਂ ਪਾਰਟੀਆਂ ਸਮਰਥਨ ਦੇਣ ਦੇ ਬਦਲੇ ਆਪਣੀਆਂ ਮੰਗਾਂ ਮਨਵਾਉਣ 'ਤੇ ਆਮਾਦਾ ਹੋ ਸਕਦੀਆਂ ਹਨ ਪਰ ਉਹਨਾਂ ਦੇ ਬਹੁਤੇ ਨਿਰਣਾਇਕ ਹੋਣ ਦੀ ਭੂਮਿਕਾ ਸੀਮਤ ਹੀ ਜਾਪਦੀ ਹੈ ਕਿਉਂਕਿ ਕੋਵਿਡ ਦੀ ਚੌਥੀ ਵੇਵ ਦੇ ਦੌਰਾਨ ਕੋਈ ਵੀ ਪਾਰਟੀ ਦੇਸ਼ ਵਿਚ ਇਕ ਵਾਰੀ ਹੋਰ ਚੋਣਾਂ ਨਹੀਂ ਕਰਵਾਉਣਾ ਚਾਹੇਗੀ।

ਜੋਨ ਬ੍ਰਾਈਡਨ - ਸੀਬੀਸੀ ਨਿਉਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ