1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਦੌਲਤਮੰਦਾਂ ‘ਤੇ ਟੈਕਸ ਲਾਉਣ ਬਾਰੇ ਕੈਨੇਡਾ ਦੀਆਂ ਮੁੱਖ ਪਾਰਟੀਆਂ ਦੀਆਂ ਕੀ ਹਨ ਯੋਜਨਾਵਾਂ

ਵਧੇਰੇ ਟੈਕਸ ਤੋਂ ਲੈਕੇ ਸੀ ਆਰ ਏ ਸੁਧਾਰ ਤੱਕ ਕਈ ਅਹਿਮ ਵਾਅਦੇ ਕਰ ਰਹੀਆਂ ਹਨ ਪਾਰਟੀਆਂ

NDP Leader Jagmeet Singh takes part in CBC The National’s Face to Face, hosted by Rosemary Barton, on Sept. 14.

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਅਮੀਰ ਤਰੀਨ ਕੈਨੇਡੀਅਨਜ਼ ਉੱਪਰ ਵਧੇਰੇ ਟੈਕਸ ਲਗਾਇਆ ਜਾਵੇਗਾ।

ਤਸਵੀਰ:  (Evan Mitsui/CBC)

RCI

ਫ਼ੈਡਰਲ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਬਹੁਤੀਆਂ ਚੀਜ਼ਾਂ ’ਤੇ ਆਪਸ ਵਿਚ ਸਹਿਮਤੀ ਨਹੀਂ ਹੁੰਦੀ ਪਰ ਇਹਨਾਂ ਚੋਣਾਂ ਦੌਰਾਨ ਜਿਹੜੇ ਇੱਕ ਮੁੱਦੇ ਨੂੰ ਲੈ ਕੇ ਦੋਵੇਂ ਪਾਰਟੀਆਂ ਇੱਕਸੁਰ ਹਨ ਉਹ ਹੈ - ਦੌਲਤਮੰਦ ਕੈਨੇਡੀਅਨਜ਼ ਕੋਲੋਂ ਸੁਨਿਸ਼ਚਿਤ ਕਰਵਾਉਣਾ ਕਿ ਉਹ 'ਆਪਣੇ ਬਣਦੇ ਹਿੱਸੇ ਦਾ ਭੁਗਤਾਨ' ਕਰਨ।

ਤੁਸੀਂ ਕੰਜ਼ਰਵੇਟਿਵਜ਼ ਦਾ ਇਲੈਕਸ਼ਨ ਪਲੈਟਫ਼ੌਰਮ ਇੱਥੋਂ ਪ੍ਰਾਪਤ (ਨਵੀਂ ਵਿੰਡੋ) ਕਰ ਸਕਦੇ ਹੋ ਅਤੇ 157 ਨੰਬਰ ਪੰਨੇ ‘ਤੇ ਜਾ ਸਕਦੇ ਹੋ। 

ਐਨਡੀਪੀ ਲੀਡਰ ਜਗਮੀਤ ਸਿੰਘ ਕਹਿ ਚੁੱਕੇ ਹਨ ਕਿ ਬੇਹੱਦ ਧਨਵਾਨ ਕੈਨੇਡੀਅਨਜ਼ ਨੂੰ ਵੀ ਆਪਣਾ ਬਣਦਾ ਹਿੱਸਾ ਅਦਾ ਕਰਨਾ ਚਾਹੀਦਾ ਹੈ। (ਨਵੀਂ ਵਿੰਡੋ)

ਆਉ ਜਾਣਦੇ ਹਾਂ ਕਿ ਇਸ ਮੁੱਦੇ ‘ਤੇ ਕੈਨੇਡਾ ਦੀਆਂ ਮੁੱਖ ਪਾਰਟੀਆਂ ਦਾ ਕੀ ਕਹਿਣਾ ਹੈ ਅਤੇ ਦੌਲਤਮੰਦਾਂ ਵਿਚ ਦਰਅਸਲ ਕਿਸਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ)

ਜਿੱਥੇ ਸਾਰੀ ਪਾਰਟੀਆਂ ਕੈਨੇਡਾ ਦੇ ਟੈਕਸ ਨਿਯਮਾਂ ਵਿਚ ਤਬਦੀਲੀ ਕਰਨ ਦੀਆਂ ਚਾਹਵਾਨ ਹਨ, ਐਨਡੀਪੀ ਨੇ ਇਹਨਾਂ ਵਿਚੋਂ ਸਭ ਤੋਂ ਕ੍ਰਾਂਤੀਕਾਰੀ ਸੁਝਾਅ ਪ੍ਰਸਤਾਵਿਤ ਕੀਤੇ ਹਨ। 

ਐਨਡੀਪੀ ਨੇ ਵਾਅਦਾ ਕੀਤਾ ਹੈ ਜਿਹਨਾਂ ਪਰਿਵਾਰਾਂ ਕੋਲ 10 ਮਿਲੀਅਨ ਤੋਂ ਵੱਧ ਦਾ ਸਰਮਾਇਆ ਹੈ ਉਹਨਾਂ ਉਪੱਰ ਇੱਕ ਨਵਾਂ ਸਾਲਾਨਾ ਇੱਕ ਫ਼ੀਸਦੀ ਟੈਕਸ ਲਗਾਇਆ ਜਾਵੇਗਾ।

ਉਦਾਹਰਣ ਵੱਜੋਂ ਜੇ ਕਿਸੇ ਪਰਿਵਾਰ ਕੋਲ 100 ਮਿਲੀਅਨ ਦਾ ਸਰਮਾਇਆ ਹੈ ਤਾਂ ਉਸਨੂੰ ਬਾਕੀ ਹੋਰ ਮੌਜੂਦਾ ਟੈਕਸਾਂ ਦੇ ਨਾਲ ਨਾਲ, ਹਰ ਸਾਲ 1 ਮਿਲੀਅਨ ਡਾਲਰ ਦਾ ਟੈਕਸ ਵੀ ਦੇਣਾ ਪਵੇਗਾ। 

ਚੋਣ ਵਾਅਦਿਆਂ ਅਤੇ ਦਾਅਵਿਆਂ ਦੀ ਸਮੀਖਿਆ ਕਰਨ ਵਾਲੇ ਪਾਰਲੀਮੈਂਟਰੀ ਬਜਟ ਔਫ਼ਿਸਰ ਦਾ ਕਹਿਣਾ ਹੈ ਕਿ ਐਨਡੀਪੀ ਦੇ ਇਸ ਪਲਾਨ ਅਧੀਨ ਅਗਲੇ ਪੰਜ ਸਾਲਾਂ ਦੌਰਾਨ ਤਕਰੀਬਨ 60 ਬਿਲੀਅਨ ਡਾਲਰ ਦੀ ਰਾਸ਼ੀ ਇਕੱਠੀ ਹੋ ਸਕੇਗੀ। ਪਰ ਨਾਲ ਹੀ ਪੀਬੀਉ ਨੇ ਆਗਾਹ ਵੀ ਕੀਤਾ ਹੈ ਕਿ ਕੁਝ ਦੌਲਤਮੰਦ ਕੈਨੇਡੀਅਨਜ਼ ਟੈਕਸ ਤੋਂ ਬਚਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ। 

ਐਨਡੀਪੀ ਨੇ 216,000 ਡਾਲਰ ਅਤੇ ਵੱਧ ਦੀ ਆਮਦਨ ‘ਤੇ ਸਾਲਾਨਾ ਇਨਕਮ ਟੈਕਸ ਵੀ 33 ਫ਼ੀਸਦੀ ਤੋਂ 35 ਫ਼ੀਸਦੀ ਕਰਨ ਦਾ ਤਹੱਈਆ ਕੀਤਾ ਹੈ। 

ਐਨਡੀਪੀ ਨੇ ਕੈਪਿਟਲ ਗੇਨਜ਼ ਰੇਟ ਨੂੰ ਵੀ 50 ਫ਼ੀਸਦੀ ਤੋਂ 75 ਫ਼ੀਸਦੀ ਕਰਨ ਦਾ ਅਹਿਦ ਕੀਤਾ ਹੈ। ਇਸ ਤਬਦੀਲੀ ਨਾਲ ਸਟੌਕ ਮਾਰਕਿਟ, ਬੌਂਡਜ਼ ਅਤੇ ਪ੍ਰੋਪਰਟੀ ‘ਤੇ ਹੋਣ ਵਾਲੇ ਮੁਨਾਫ਼ੇ ਵਿਚੋਂ ਹੁਣ ਵਧੇਰੇ ਟੈਕਸ ਸਰਕਾਰ ਨੂੰ ਜਮ੍ਹਾਂ ਕਰਨਾ ਹੋਵੇਗਾ। 

ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਉਪਾਅ ਨਾਲ ਵੱਡੀ ਗਿਣਤੀ ਵਿਚ ਕੈਨੇਡੀਅਨਜ਼ ਲਈ ਕਿਫ਼ਾਇਤੀ ਜ਼ਿੰਦਗੀ ਸੰਭਵ ਹੋ ਸਕੇਗੀ। 

ਲਿਬਰਲ ਪਾਰਟੀ

ਲਿਬਰਲ ਪਲੈਟਫ਼ੌਰਮ ਮੁਤਾਬਕ  ਮੁਲਕ ਦੇ ਸਿੱਖਰਲੇ 1 % ਦੌਲਤਮੰਦਾਂ ‘ਤੇ ਪਹਿਲਾਂ ਹੀ ਟੈਕਸ ਵਾਧਾ ਕੀਤਾ ਜਾ ਚੁੱਕਾ ਹੈ। 

ਪੀਬੀਉ ਦੇੇ 2019 ਦੇ ਅੰਕੜਿਆਂ ਮੁਤਾਬਕ ਕੈਨੇਡਾ ਦੇ ਸਿੱਖਰਲੇ 1 ਫ਼ੀਸਦੀ ਪਰਿਵਾਰਾਂ ਕੋਲ ਘੱਟੋ ਘੱਟ 6.1 ਮਿਲੀਅਨ ਦਾ ਸਰਮਾਇਆ ਹੈ। ਇਹਨਾਂ 1 ਫ਼ੀਸਦੀ ਲੋਕਾਂ ਕੋਲ ਕੈਨੇਡਾ ਦੀ 25 ਫ਼ੀਸਦੀ ਧਨ-ਸੰਪਤੀ ਦੀ ਮਲਕੀਅਤ ਹੈ। 

ਲਿਬਰਲਾਂ ਦੇ 2021 ਦੇ ਵਾਅਦਿਆਂ ਵਿਚ ਇਹਨਾਂ ਦੌਲਤਮੰਦਾਂ ਵੱਲੋਂ ਟੈਕਸ ਭੁਗਤਾਨ ਸੁਨਿਸ਼ਚਿਤ ਕੀਤੇ ਜਾਣ ਨੂੰ ਸ਼ਾਮਲ ਕੀਤਾ ਗਿਆ ਹੈ। 

ਲਿਬਰਲ ਪਾਰਟੀ ਨੇ ਕੈਨੇਡਾ ਦੀ ਸਿੱਖਰਲੀ ਬ੍ਰੈਕੇਟ ਵਿਚ ਆਉਣ ਵਾਲੇ ਲੋਕਾਂ ‘ਤੇ ਘੱਟੋ ਘੱਟ 15 ਫ਼ੀਸਦੀ ਦੇ ਟੈਕਸ ਦਾ ਪ੍ਰਸਤਾਵ ਰੱਖਿਆ ਹੈ। ਕੁਝ ਸਥਿਤੀਆਂ ਵਿਚ ਖ਼ਰਚੇ ਪਾ ਕੇ ਅਤੇ ਕ੍ਰੈਡਿਟ ਪ੍ਰਾਪਤ ਕਰਕੇ ਇਹ ਦਰ ਘਟ ਵੀ ਸਕਦੀ ਹੈ। 

ਔਟਵਾ ਵਿਚ ਮੌਜੂਦ ਕੈਨੇਡਾ ਰੈਵਨਿਉ ਏਜੰਸੀ ਦੇ ਹੈਡਕੁਆਰਟਰ।

ਔਟਵਾ ਵਿਚ ਮੌਜੂਦ ਕੈਨੇਡਾ ਰੈਵਨਿਉ ਏਜੰਸੀ ਦੇ ਹੈਡਕੁਆਰਟਰ। ਪੀਪਲਜ਼ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸੀ ਆਰ ਏ ਨੂੰ ਫ਼ੰਡਿੰਗ ਵਧਾਉਣ ਦਾ ਵਾਅਦਾ ਕੀਤਾ ਹੈ।

ਤਸਵੀਰ: Sean Kilpatrick/The Canadian Press

ਪੀਬੀਉ ਦੇ ਅਨੁਮਾਨ ਮੁਤਾਬਕ 15 ਫ਼ੀਸਦੀ ਮਿਨਿਮਮ ਟੈਕਸ ਰਾਹੀਂ ਅਗਲੇ ਪੰਜ ਸਾਲਾਂ ਦੌਰਾਨ 1.7 ਬਿਲੀਅਨ ਡਾਲਰ ਇਕੱਠਾ ਹੋਵੇਗਾ। 

ਲਿਬਰਲਜ਼ ਵੱਲੋਂ ਸੀ ਆਰ ਏ ਨੂੰ ਸਾਲਾਨਾ ਇੱਕ ਬਿਲੀਅਨ ਦੀ ਵਧੇਰੇ ਫ਼ੰਡਿੰਗ ਦਿੱਤੀ ਜਾਵੇਗੀ ਤਾਂ ਕਿ ਸੀ ਆਰ ਏ ਦੇ ਸਰੋਤਾਂ ਵਿਚ ਇਜ਼ਾਫ਼ਾ ਹੋ ਸਕੇ ਅਤੇ ਚਤਰਾਈ ਅਤੇ ਸੂਖਮ ਤਰੀਕੇ ਨਾਲ ਟੈਕਸ ਤੋਂ ਕਿਨਾਰਾਕਸ਼ੀ ਕਰਨ ਵਾਲੀਆਂ ਕੰਪਨੀਆਂ ਤੇ ਸ਼ਿਕੰਜਾ ਕੱਸਿਆ ਜਾ ਸਕੇ। 

ਕੰਜ਼ਰਵੇਟਿਵ ਪਾਰਟੀ 

ਕੰਜ਼ਰਵੇਟਿਵਜ਼ ਨੇ ਮੁੱਖ ਤੌਰ ‘ਤੇ ਆਪਣੇ ਪਲੈਟਫ਼ੌਰਮ ਵਿਚ ਵੱਡੀਆਂ ਕਾਰਪੋਰੇਸ਼ਨਾਂ - ਵਿਸ਼ੇਸ਼ ਤੌਰ ‘ਤੇ ਵਿਦੇਸ਼ੀ ਕੰਪਨੀਆਂ ਅਤੇ ਵੱਡੀਆਂ ਟੈਕ ਕੰਪਨੀਆਂ ਨੂੰ ਸ਼ਾਮਲ ਕੀਤਾ ਹੈ। 

ਪਲੈਟਫ਼ੌਰਮ ਵਿਚ ਆਮ ਕੈਨੇਡੀਅਨ ਕੋਲੋਂ ਵਧੇਰੇ ਟੈਕਸ ਪ੍ਰਾਪਤ ਕਰਨ ਵਰਗੀ ਟੈਕਸ ਦਰਾਂ ਵਿਚ ਕੋਈ ਤਬਦੀਲੀ ਜਾਂ ਅਜਿਹੇ ਕਿਸੇ ਪ੍ਰੋਗਰਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

ਕੰਜ਼ਰਵੇਟਿਵਜ਼ ਨੇ ਵੀ ਸੀ ਆਰ ਏ ਨੂੰ 750 ਮਿਲੀਅਨ ਡਾਲਰ ਦੀ ਵਧੇਰੇ ਫ਼ੰਡਿੰਗ ਦਾ ਵਾਅਦਾ ਕੀਤਾ ਹੈ ਤਾਂ ਕਿ ਟੈਕਸ ਚੋਰੀ ਜਾਂ ਟੈਕਸ ਸਿਸਟਮ ਦੀਆਂ ਚੋਰ ਮੋਰੀਆਂ ਦਾ ਫ਼ਾਇਦਾ ਚੁੱਕਣ ਵਾਲੇ ਲੋਕਾਂ ਨੂੰ ਘੇਰਿਆ ਜਾ ਸਕੇ। 

ਗ੍ਰੀਨ ਪਾਰਟੀ

ਗ੍ਰੀਨ ਪਾਰਟੀ ਨੇ ਵੀ ਐਨਡੀਪੀ ਵਾਂਗੂ ਇੱਕ ਪਰਸੈਂਟ ਦਾ ਨਵਾਂ ਵੈਲਥ ਟੈਕਸ ਦਾ ਵਾਅਦਾ ਕੀਤਾ ਹੈ ਪਰ ਇਹ ਟੈਕਸ 20 ਮਿਲੀਅਨ ਤੋਂ ਵੱਧ ਦੇ ਸਰਮਾਏ ਵਾਲੇ ਪਰਿਵਾਰਾਂ ਉੱਪਰ ਲਗਾਇਆ ਜਾਵੇਗਾ। 

ਪਾਰਟੀ ਦਾ ਕਹਿਣਾ ਹੈ ਕਿ ਉਹ ਸਟੌਕ ਵਿਕਲਪਾਂ ਅਤੇ ਕੈਪਿਟਲ ਗੇਨਜ਼ ਟੈਕਸ ਨਾਲ ਸਬੰਧਤ ਚੋਰ ਮੋਰੀਆਂ ਨੂੰ ਵੀ ਦੁਰੁਸਤ ਕਰੇਗੀ। 

ਗ੍ਰੀਨ ਪਾਰਟੀ ਨੇ ਵੀ ਸੀ ਆਰ ਏ ਲਈ ਫ਼ੰਡਿੰਗ ਵਧਾਉਣ ਦਾ ਵਾਅਦਾ ਕੀਤਾ ਹੈ ਤਾਂ ਕਿ ਆਪਣੀ ਰਾਸ਼ੀ ਅਤੇ ਸੰਪਤੀ ਛਿਪਾਉਣ ਵਾਲੇ ਕੈਨੇਡੀਅਨਜ਼ ‘ਤੇ ਸ਼ਿਕੰਜਾ ਕਸਿਆ ਜਾ ਸਕੇ। ਪਾਰਟੀ ਦਾ ਕਹਿਣਾ ਹੈ ਕਿ ਮੁਲਕੋਂ ਬਾਹਰ ਲੁਕਾਈ ਗਈ ਧਨ ਰਾਸ਼ੀ ‘ਤੇ ਵੀ ਟੈਕਸ ਲਗਾਇਆ ਜਾਵੇਗਾ। 

ਪੀਪਲਜ਼ ਪਾਰਟੀ ਔਫ਼ ਕੈਨੇਡਾ

ਪੀਪਲਜ਼ ਪਾਰਟੀ ਦਾ ਕਹਿਣਾ ਹੈ ਕਿ ਬਜਟ ਘਾਟਾ ਖ਼ਤਮ ਹੋ ਜਾਣ ਤੋਂ ਬਾਅਦ ਨਿਜੀ ਇਨਕਮ ਟੈਕਸ, ਕਾਰਪੋਰੇਟ ਟੈਕਸ ਅਤੇ ਕੈਪਿਟਲ ਗੇਨਜ਼ ਟੈਕਸ ਵਿਚ ਕਟੌਤੀ ਕੀਤੀ ਜਾਵੇਗੀ। ਪਾਰਟੀ ਦਾ ਦਾਅਵਾ ਹੈ ਕਿ ਆਪਣੇ ਪਹਿਲੇ ਕਾਰਜਕਾਲ ਦੇ ਅੰਤ ਤੱਕ ਬਜਟ ਘਾਟੇ ਨੂੰ ਸਮਾਪਤ ਕਰਨ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇਗਾ। 

ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ