1. ਮੁੱਖ ਪੰਨਾ
 2. ਰਾਜਨੀਤੀ
 3. ਪ੍ਰਾਂਤਿਕ ਰਾਜਨੀਤੀ

ਐਲਬਰਟਾ ਵੀ ਸ਼ੁਰੂ ਕਰੇਗਾ ‘ਵੈਕਸੀਨੇਸ਼ਨ ਪ੍ਰਮਾਣ ਸਿਸਟਮ’, ਸੂਬੇ ਵਿਚ ਹੈਲਥ ਐਮਰਜੈਂਸੀ ਦਾ ਐਲਾਨ

ਕੋਵਿਡ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਚੁੱਕੇ ਗਏ ਕਈ ਸਖ਼ਤ ਕਦਮ

Alberta Premier Jason Kenney announced a state of public health emergency and sweeping new COVID-19 measures for the province on Wednesday, as he apologized for his government's handling of the pandemic.

ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਨੇ ਬੁੱਧਵਾਰ ਨੂੰ ਸੂਬੇ ਵਿਚ ਹੈਲਥ ਐਰਮਜੈਂਸੀ ਦਾ ਏਲਾਨ ਕਰਦਿਆਂ ਕੋਵਿਡ ਰੋਕਾਂ ਨੂੰ ਸਖ਼ਤ ਕਰ ਦਿੱਤਾ ਹੈ। ਉਹਨਾਂ ਨੇ ਕੋਵਿਡ ਨਾਲ ਨਜਿੱਠਣ ਬਾਬਤ ਸਰਕਾਰ ਦੀ ਕਾਰਗੁਜ਼ਾਰੀ ਲਈ ਮੁਆਫ਼ੀ ਵੀ ਮੰਗੀ ਹੈ।

ਤਸਵੀਰ: (JeffMcIntosh/The Canadian Press)

RCI

ਐਲਬਰਟਾ ਵਿਚ ਕੋਵਿਡ ਕੇਸਾਂ ਵਿਚ ਲਗਾਤਾਰ ਹੋ ਰਹੇ ਇਜ਼ਾਫ਼ੇ ਨਾਲ ਨਜਿੱਠਣ ਵਿਚ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈਕੇ ਪ੍ਰੀਮੀਅਰ ਜੇਸਨ ਕੇਨੀ ਨੇ ਮੁਆਫ਼ੀ ਮੰਗਦਿਆਂ ਨਵੇਂ ਨਿਯਮਾਂ ਅਤੇ ਸਖ਼ਤ ਰੋਕਾਂ ਦਾ ਐਲਾਨ ਕੀਤਾ ਹੈ।

ਨਵੇਂ ਨਿਯਮਾਂ ਅਧੀਨ, ਨਵੀਂ ਪ੍ਰਣਾਲੀ ਵਿਚ ਹਿੱਸਾ ਲੈਣ ਵਾਲੇ ਕਾਰੋਬਾਰੀ ਅਦਾਰਿਆਂ ਅਤੇ ਸੰਸਥਾਂਵਾਂ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਵੈਕਸੀਨੇਸ਼ਨ ਦਾ ਸਬੂਤ ਜਾਂ ਫ਼ਿਰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਹੋਵੇਗਾ। 

ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਅਸੀਂ ਗ਼ਲਤ ਸੀ ਅਤੇ ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ!

ਪ੍ਰੀਮੀਅਰ ਕੇਨੀ ਨੇ ਸੂਬੇ ਵਿਚ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਹੈਲਥ ਕੇਅਰ ਸਿਸਟਮ ‘ਤੇ ਪਏ ਬੋਝ ਨੂੰ ਘਟਾਉਣ ਲਈ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ ਦਾ ਅਹਿਦ ਕੀਤਾ ਹੈ। 

ਉਹਨਾਂ ਕਿਹਾ, ਇਸ ਮੌਜੂਦਾ ਸੰਕਟ ਤੋਂ ਬਚਣ ਲਈ, ਸਾਨੂੰ ਫ਼ੌਰੀ ਤੌਰ ‘ਤੇ ਤਿੰਨ ਚੀਜ਼ਾਂ ਕਰਨੀਆਂ ਪੈਣਗੀਆਂ

ਪਹਿਲਾਂ, ਸਾਨੂੰ ਹੈਲਥ ਕੇਅਰ ਸਮਰੱਥਾ ਨੂੰ ਵਧਾਉਣਾ ਪਵੇਗਾ। ਦੂਸਰਾ, ਸਾਨੂੰ ਲੋਕਾਂ ਦੇ ਆਪਸੀ ਮਿਲਵਰਤਣ ਨੂੰ ਘਟਾ ਕੇ ਵਾਇਰਸ ਦੇ ਫ਼ੈਲਾਅ ਨੂੰ ਘਟਾਉਣਾ ਹੈ। ਅਤੇ ਤੀਸਰਾ, ਸਾਨੂੰ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨਾ ਪੈਣਾ ਹੈ। 

ਕੇਨੀ ਨੇ ਕਿਹਾ ਕਿ ਜੇ ਕਦਮ ਨਾ ਉਠਾਏ ਗਏ ਤਾਂ ਆਉਂਦੇ ਦਸ ਦਿਨਾਂ ਨੂੰ ਐਲਬਰਟਾ ਦੇ ਹਸਪਤਾਲਾਂ ਵਿਚ ਸਟਾਫ਼ ਅਤੇ ਆਈ ਸੀ ਯੂ ਬੈਡਜ਼ ਦੀ ਕਿੱਲਤ ਹੋ ਜਾਵੇਗੀ। 

ਐਬਰਟਾ ਵਿਚ ਇਸ ਸਮੇਂ, ਮੁਲਕ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ, 18,000 ਐਕਟਿਵ ਕੋਵਿਡ ਮਾਮਲੇ ਹਨ। ਉਨਟੇਰਿਉ ਦੀ ਆਬਾਦੀ ਐਲਬਰਟਾ ਨਾਲੋਂ ਤਿੰਨ ਗੁਣਾ ਵੱਧ ਹੈ, ਪਰ ਜੇ ਤੁਲਨਾ ਕਰੀਏ ਤਾਂ ਉਨਟੇਰਿਉ ਵਿਚ 346 ਕੋਵਿਡ ਮਰੀਜ਼ ਹਸਪਤਾਲਾਂ ਵਿਚ ਭਰਤੀ ਹਨ ਜਦਕਿ ਐਲਬਰਟਾ ਵਿਚ ਇਹ ਗਿਣਤੀ 877 ਹੈ। 

ਰੋਕਾਂ - ਅਤੇ ਰੋਕਾਂ ਤੋਂ ਛੋਟ ਵਾਲਾ ਪ੍ਰੋਗਰਾਮ

ਨਵੇਂ ਨਿਯਮਾਂ ਅਧੀਨ ਰੈਸਟੋਰੈਂਟ, ਇੰਡੋਰ ਇਕੱਠ, ਵਿਆਹ ਅਤੇ ਸੰਸਕਾਰ, ਰਿਟੇਲ, ਮਨੋਰੰਜਨ ਦੀਆਂ ਥਾਂਵਾਂ ਅਤੇ ਇੰਡੋਰ ਸਪੋਰਟਸ ਅਤੇ ਫ਼ਿਟਨੈਸ ਸਮੇਤ ਸੰਸਥਾਵਾਂ ਅਤੇ ਕਾਰੋਬਾਰ ਦੀਆਂ ਥਾਂਵਾਂ 'ਤੇ ਰੋਕਾਂ ਸਖ਼ਤ ਕੀਤੀਆਂ ਗਈਆਂ ਹਨ। 

ਬੀਤੇ ਕੁਝ ਹਫ਼ਤਿਆਂ ਦੌਰਾਨ, ਵਿਰੋਧੀ ਧਿਰ ਤੋਂ ਇਲਾਵਾ ਕਈ ਡਾਕਟਰਾਂ ਅਤੇ ਹੈਲਥ ਮਾਹਰਾਂ ਵੱਲੋਂ ਐਲਬਰਟਾ ਨੂੰ ਹੋਰ ਸੂਬਿਆਂ ਦੀ ਤਰਜ਼ ‘ਤੇ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। 

ਸਰਕਾਰ ਦਾ ਕਹਿਣਾ ਹੈ ਉਹਨਾਂ ਨੇ ਰੋਕਾਂ ਤੋਂ ਛੋਟ ਵਾਲੀ ਪ੍ਰਣਾਲੀ ਸ਼ੁਰੂ ਕੀਤੀ ਹੈ। 

ਪ੍ਰੀਮੀਅਰ ਕੇਨੀ ਮੁਤਾਬਕ ਸਰਕਾਰ ਨੇ ‘ਝਿਜਕਦੇ ਹੋਏ’ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। 

ਉਹਨਾਂ ਕਿਹਾ ਕਿ ਉਹਨਾਂ ਨੇ ਨਿੱਜਤਾ ਦੇ ਅਧਿਕਾਰਾਂ (ਪ੍ਰਾਇਵੇਸੀ ਰਾਇਟਸ) ਨੂੰ ਧਿਆਨ ਵਿਚ ਰੱਖਦਿਆਂ ਵੈਕਸੀਨੇਸ਼ਨ ਪ੍ਰਮਾਣ ਪ੍ਰਣਾਲੀ ਨਾ ਸ਼ੁਰੂ ਕਰਨ ਦਾ ਅਹਿਦ ਕੀਤਾ ਸੀ। ਪਰ ਉਹਨਾਂ ਕਿਹਾ ਕਿ ਸਰਕਾਰ ਦਾ ਪਹਿਲਾ ਕਰਤੱਵ ਲੋਕਾਂ ਦੀਆਂ ਜਾਨਾਂ ਦੀ ਹਿਫ਼ਾਜ਼ਤ ਕਰਨਾ ਹੈ। ਕੇਨੀ ਨੇ ਕਿਹਾ ਕਿ ਜ਼ਿੰਦਗੀਆਂ ਬਚਾਉਣਾ - ਨੈਤਿਕ ਅਤੇ ਕਨੂੰਨੀ ਕਰਤੱਵ ਹੈ। 

ਨਵੇਂ ਨਿਯਮਾਂ ਅਧੀਨ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬਿਜ਼ਨਸਾਂ ਅਤੇ ਸਮਾਜਿਕ ਆਯੋਜਨਾਂ ‘ਤੇ ਜਾਣ ਲੱਗਿਆਂ, ਜਿਸ ਵਿਚ ਰੈਸਟੋਰੈਂਟ, ਬਾਰ ਅਤ ਇੰਡੋਰ ਇਵੇਂਟਸ ਵੀ ਸ਼ਾਮਲ ਹਨ, ਸਰਕਾਰ ਵੱਲੋਂ ਜਾਰੀ ਕੀਤਾ ਗਿਆ ਵੈਕਸੀਨੇਸ਼ਨ ਦਾ ਸਬੂਤ ਜਾਂ ਫ਼ਿਰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਹੋਵੇਗਾ। 

ਕੇਨੀ ਨੇ ਕਿਹਾ, ਕਿਸੇ ਨੂੰ ਵੀ ਉਸਦੀ ਮਰਜ਼ੀ ਦੇ ਉਲਟ ਵੈਕਸੀਨ ਲਗਵਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਇਸੇ ਲਈ ਨੈਗਟਿਵ ਕੋਵਿਡ ਟੈਸਟ ਦਾ ਵਿਕਲਪ ਰੱਖਿਆ ਗਿਆ ਹੈ। ਪਰ ਬਗ਼ੈਰ ਵੈਕਸੀਨ ਵਾਲੇ ਮਰੀਜ਼ਾਂ ਦੇ ਹਸਪਤਾਲਾਂ ਵਿਚ ਦਾਖ਼ਲਿਆਂ ਨੂੰ ਦੇਖਦੇ ਹੋਏ, ਸਾਡੇ ਕੋਲ ਇਹੀ ਇੱਕ ਜ਼ਿੰਮੇਵਾਰ ਵਿਕਲਪ ਮੌਜੂਦ ਸੀ। 

ਜਿਹੜੇ ਬਿਜ਼ਨਸ ਵੈਕਸੀਨੇਸ਼ਨ ਪ੍ਰਮਾਣ ਜਾਂ ਕੋਵਿਡ ਦੇ ਨੈਗਟਿਵ ਟੈਸਟ ਵਾਲੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਉਹ ਘੱਟ ਰੋਕਾਂ ਤਹਿਤ ਕੰਮ ਕਰਨਗੇ। ਜਿਹੜੇ ਬਿਜ਼ਨਸ ਅਤੇ ਅਦਾਰੇ ਵੈਕਸੀਨੇਸ਼ਨ ਪ੍ਰਮਾਣ ਪ੍ਰਣਾਲੀ ਲਾਗੂ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਨਵੇਂ ਸਖ਼ਤ ਨਿਯਮਾਂ ਤਹਿਤ ਕੰਮ ਕਰਨਾ ਹੋਵੇਗਾ।

ਹੇਠਾਂ ਦਰਜ ਕੁਝ ਨਵੇਂ ਨਿਯਮ ਵੀਰਵਾਰ ਤੋਂ ਹੀ ਲਾਗੂ ਹੋ ਰਹੇ ਹਨ :

 • ਜਦੋਂ ਤੱਕ ਇੰਪਲੋਇਰ (ਮਾਲਕ) ਕੰਮਕਾਜ ਦੀ ਥਾਂ ’ਤੇ ਕਾਮੇ ਦੀ ਸਰੀਰਕ ਮੌਜੂਦਗੀ ਨਿਰਧਾਰਿਤ ਨਹੀਂ ਕਰਦਾ ਉਦੋਂ ਤੱਕ ਵਰਕ-ਫ਼ਰੌਮ-ਹੋਮ (ਘਰੋਂ ਕੰਮ ਕਰਨਾ) ਲਾਜ਼ਮੀ ਹੋਵੇਗਾ। 
 • ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਲਈ ਇੰਡੋਰ ਪ੍ਰਾਇਵੇਟ ਇਕੱਠ ਹੁਣ ਇੱਕ ਪਰਿਵਾਰ ਤੱਕ ਹੀ ਸੀਮਤ ਹੋਣਗੇ, ਬਸ ਕਿਸੇ ਹੋਰ ਪਰਿਵਾਰ ਦਾ ਇੱਕ ਹੋਰ ਸ਼ਖ਼ਸ ਸ਼ਾਮਲ ਹੋ ਸਕਦਾ ਹੈ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਕੋਈ ਰੋਕ ਨਹੀਂ ਹੈ। 
 • ਬਗ਼ੈਰ ਵੈਕਸੀਨ ਵਾਲੇ ਲੋਕਾਂ ਨੂੰ ਪ੍ਰਾਇਵੇਟ ਸਮਾਜਕ ਇਕੱਠ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। 
 • ਆਉਟਡੋਰ ਪ੍ਰਾਇਵੇਟ ਸਮਾਜਿਕ ਇਕੱਠ ‘ਤੇ 200 ਲੋਕਾਂ ਦੀ ਸੀਮਾ ਨਿਰਧਾਰਤ ਕਰ ਦਿੱਤੀ ਗਈ ਹੈ ਅਤੇ ਹਰ ਵੇਲੇ 2 ਮੀਟਰ ਦੀ ਦੂਰੀ ਬਰਕਰਾਰ ਰੱਖਣਾ ਲਾਜ਼ਮੀ ਹੋਵੇਗਾ। 
 • ਧਾਰਮਿਕ ਸਥਾਂਨਾਂ ’ਤੇ ਫ਼ਾਇਰ-ਕੋਡ ਸਮਰੱਥਾ ਦੇ ਇੱਕ-ਤਿਹਾਈ ਲੋਕ ਹੀ ਇੱਕ ਵੇਲੇ ਮੌਜੂਦ ਹੋ ਸਕਦੇ ਹਨ ,ਸਮਾਜਿਕ ਦੂਰੀ ਦੀ ਪਾਲਣਾ ਅਤੇ ਮਾਕਸ ਪਹਿਨਣਾ ਲਾਜ਼ਮੀ ਹੋਵੇਗਾ। 
 • ਸਕੂਲਾਂ ਵਿਚ ਗ੍ਰੇਡ 4 ਅਤੇ ਉਪਰਲੇ ਗ੍ਰੇਡਜ਼ ਦੇ ਵਿਦਿਆਰਥਿਆਂ ਲਈ ਮਾਸਕ ਲਾਜ਼ਮੀ ਹੋਣਗੇ। ਸਟਾਫ਼ ਅਤੇ ਹਰੇਕ ਗ੍ਰੇਡ ਦੇ ਟੀਚਰਜ਼ ਨੂੰ ਵੀ ਮਾਸਕ ਪਹਿਨਣੇ ਜ਼ਰੂਰੀ ਹੋਣਗੇ। 
 • ਬੱਚਿਆਂ ਦੀਆਂ ਇੰਡੋਰ ਖੇਡਾਂ ਅਤੇ ਮਨੋਰੰਜਨ ਦੀਆਂ ਥਾਂਵਾਂ ਨੂੰ ਛੋਟ ਦਿੱਤੀ ਗਈ ਹੈ ਪਰ ਸਰੀਰਕ ਦੂਰੀ ਅਤੁ ਜਿੱਥੇ ਸੰਭਵ ਹੋਵੇ ਤਾਂ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ। 

ਅਗਲੇ ਸੋਮਵਾਰ ਤੋਂ ਲਾਗੂ ਹੋ ਰਹੇ ਨਿਯਮ:

 • ਰੈਸਟੋਰੈਂਟਾਂ ਵਿਚ ਸਿਰਫ਼ ਆਉਟਡੋਰ ਡਾਇਨਿੰਗ ਦੀ ਇਜਾਜ਼ਤ ਹੋਵੇਗੀ ਅਤੇ ਇਕ ਟੇਬਲ ‘ਤੇ ਵੱਧ ਤੋਂ ਵੱਧ 6 ਲੋਕ ਹੋ ਸਕਣਗੇ। ਰਾਤੀਂ 10 ਵਜੇ ਤੋਂ ਬਾਅਦ ਸ਼ਰਾਬ ਨਹੀਂ ਪਰੋਸੀ ਜਾਵੇਗੀ ਅਤੇ ਸ਼ਰਾਬਨੋਸ਼ੀ 11 ਵਜੇ ਰਾਤ ਨੂੰ ਬੰਦ ਹੋ ਜਾਵੇਗੀ।
 • ਇੰਡੋਰ ਵਿਆਹਾਂ ਅਤੇ ਸੰਸਕਾਰਾਂ ਲਈ 50 ਲੋਕਾਂ ਜਾਂ ਫ਼ਾਇਰ-ਕੋਡ ਸਮਰੱਥਾ ਦੀ 50 ਫ਼ੀਸਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇੰਡੋਰ ਰਿਸੈਪਸ਼ਨਾਂ ਦੀ ਇਜਾਜ਼ਤ ਨਹੀਂ ਹੋਵੇਗੀ। 
 • ਵਿਆਹਾਂ ਅਤੇ ਸੰਸਕਾਰਾਂ ਦੇ ਆਉਟਡੋਰ ਆਯੋਜਨਾਂ ਵਿਚ ਵੱਧ ਤੋਂ ਵੱਧ 200 ਲੋਕਾਂ ਦੀ ਲਿਮਿਟ ਤੈਅ ਕੀਤੀ ਗਈ ਹੈ। ਸ਼ਰਾਬ ਵਾਲੀਆਂ ਰੋਕਾਂ ਵੀ ਲਾਗੂ ਹੋਣਗੀਆਂ।
 • ਰਿਟੇਲ, ਮਨੋਰੰਜਨ ਅਤੇ ਰੈਕਰੇਸ਼ਨ ਫ਼ੈਸਿਲਟੀਜ਼ ਵਿਚ ਵੀ ਫ਼ਾਇਰ-ਕੋਡ ਸਮਰੱਥਾ ਦੀ ਇੱਕ ਤਿਹਾਈ ਗਿਣਤੀ ਦੇ ਦਾਇਰੇ ਵਿਚ ਲੋਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। 
 • ਬਾਲਗ਼ਾਂ (ਐਡਲਟਸ) ਵਾਸਤੇ ਕਿਸੇ ਇੰਡੋਰ ਸਪੋਰਟਸ ਅਤੇ ਫ਼ਿਟਨੈਸ ਗਤੀਵਿਧੀ ਦੀ ਇਜ਼ਾਜ਼ਤ ਨਹੀਂ ਹੋਵੇਗੀ। 

ਜੁਲਾਈ ਵਿਚ ਰੋਕਾਂ ਹਟਾਉਣ ਦਾ ਫ਼ੈਸਲਾ ਗ਼ਲਤ ਨਹੀਂ ਸੀ - ਕੇਨੀ

ਕੇਨੀ ਨੇ ਆਪਣੀ ਮੁਆਫ਼ੀ ਨੂੰ ਇਕ ਦਲੀਲ ਨਾਲ ਜੋੜਦਿਆਂ ਕਿਹਾ ਕਿ ਇੰਨੀ ਜਲਦੀ ਮਹਾਮਾਰੀ ਨੂੰ ਕਿਸੇ ਆਮ ਬਿਮਾਰੀ ਵਾਂਗ ਦੇਖਿਆ ਜਾਣਾ ਇੱਕ ਗ਼ਲਤੀ ਸੀ, ਪਰ ਉਹਨਾਂ ਨੂੰ ਨਹੀਂ ਲੱਗਦਾ ਕਿ ਜੁਲਾਈ ਵਿਚ ਰੋਕਾਂ ਹਟਾਉਣ ਦਾ ਫ਼ੈਸਲਾ ਗ਼ਲਤ ਸੀ। 

ਨਹੀਂ, ਮੈਂ ਗਰਮੀਆਂ ਦੌਰਾਨ ਪਬਲਿਕ ਹੈਲਥ ਰੋਕਾਂ ਵਿਚ ਨਰਮਾਈ ਲਿਆਉਣ ਦੇ ਫ਼ੈਸਲੇ ਲਈ ਮੁਆਫ਼ੀ ਨਹੀਂ ਮੰਗਦਾ ਹਾਂ….ਉਦੋਂ ਕੋਵਿਡ ਕੇਸ ਘਟ ਰਹੇ ਸਨ ਅਤੇ ਵੈਕਸੀਨੇਸ਼ਨ ਵਧ ਰਹੀ ਸੀ। 

ਉਹਨਾਂ ਕਿਹਾ ਕਿ ਜੇ ਰੋਕਾਂ ਨਰਮ ਨਾ ਕੀਤੀਆਂ ਜਾਂਦੀਆਂ ਤਾਂ ਲੋਕਾਂ ਵਿਚ ਰੋਸ ਪੈਦਾ ਹੋ ਜਾਣਾ ਸੀ ਅਤੇ ਨਿਯਮਾਂ ਦੀ ਉਲੰਘਣਾ ਸ਼ੁਰੂ ਹੋ ਜਾਣੀ ਸੀ। 

ਵਿਰੋਧੀ ਐਨਡੀਪੀ ਲੀਡਰ ਰੇਚਲ ਨੌਟਲੀ ਦਾ ਕਹਿਣਾ ਹੈ ਕਿ ਪ੍ਰੀਮੀਅਰ ਕੇਨੀ ਦੀ ਮੁਆਫ਼ੀ ਕੋਈ ਮੁਆਫ਼ੀ ਨਹੀਂ ਹੈ ਅਤੇ ਉਹਨਾਂ ਦੀ ਕਾਰਗੁਜ਼ਾਰੀ ਬੇਹੱਦ ਅਸਫ਼ਲ ਰਹੀ ਹੈ ਜਿਸਦਾ ਹਰਜਾਨਾ ਐਲਬਰਟਨਜ਼ ਨੂੰ ਭੁਗਤਣਾ ਹੋਵੇਗਾ। 

ਸੂਬੇ ਦੀ ਚੀਫ਼ ਮੈਡਿਕਲ ਔਫ਼ਿਸਰ ਔਫ਼ ਹੈਲਥ ਡਾ ਦੀਨਾ ਹਿੰਸ਼ਾ ਨੇ ਲੋਕਾਂ ਨੂੰ ਆਗਾਹ ਕੀਤਾ ਹੈ ਕਿ ਸੂਬੇ ਵਿਚ ਕੋਵਿਡ ਦੀ ਸਥਿਤੀ ਬੇਹੱਦ ਗੰਭੀਰ ਹੈ ਅਤੇ ਉਹਨਾਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ