1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰਿਪੋਰਟ; ਫ਼ੈਡਰਲ ਚੋਣਾਂ : ਬਹੁਤ ਜ਼ਰੂਰੀ ਹੈ ਫ਼ੈਡਰਲ ਅਤੇ ਪ੍ਰੋਵਿੰਸ਼ੀਅਲ ਮੁੱਦਿਆਂ ਵਿੱਚ ਫ਼ਰਕ ਸਮਝਣਾ

ਬਹੁਤੇ ਲੋਕਾਂ ਲਈ ਇਮੀਗ੍ਰੇਸ਼ਨ ਹੀ ਵੱਡਾ ਮੁੱਦਾ

ਫ਼ੈਡਰਲ ਚੋਣਾਂ ਦੌਰਾਨ ਬਹੁਤ ਸਾਰੇ ਵੋਟਰ ਫ਼ੈਡਰਲ ਅਤੇ ਲੋਕਲ ਮੁੱਦਿਆਂ ਵਿਚਕਾਰ ਫ਼ਰਕ ਕਰਨ ਤੋਂ ਅਸਮਰੱਥ ਜਾਪਦੇ ਹਨ I

ਫ਼ੈਡਰਲ ਚੋਣਾਂ ਦੌਰਾਨ ਬਹੁਤ ਸਾਰੇ ਵੋਟਰ ਫ਼ੈਡਰਲ ਅਤੇ ਲੋਕਲ ਮੁੱਦਿਆਂ ਵਿਚਕਾਰ ਫ਼ਰਕ ਕਰਨ ਤੋਂ ਅਸਮਰੱਥ ਜਾਪਦੇ ਹਨ I

ਤਸਵੀਰ: getty images/istockphoto / BrianAJackson

Sarbmeet Singh

ਕੈਨੇਡਾ ਦੀ ਸਿਆਸੀ ਦਹਿਲੀਜ਼ 'ਤੇ ਫ਼ੈਡਰਲ ਚੋਣਾਂ ਨੇ ਦਸਤਕ ਦੇ ਦਿੱਤੀ ਹੈ ਅਤੇ ਉਮੀਦਵਾਰਾਂ ਵੱਲੋਂ ਵੀ ਵੋਟਰਾਂ ਦੇ ਦਰਾਂ 'ਤੇ ਦਸਤਕ ਦੇਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਅਸੀਂ ਸਰੀ ਤੋਂ ਲੈ ਕੇ ਬਰੈਂਪਟਨ ਸ਼ਹਿਰ ਦੀਆਂ ਪੰਜਾਬੀ ਵਸੋਂ ਵਾਲੀਆਂ ਰਾਈਡਿੰਗਜ਼ (ਚੋਣ ਹਲਕਾ) ਦਾ ਦੌਰਾ ਕੀਤਾ I ਬਰੈਂਪਟਨ ਸ਼ਹਿਰ ਵਿੱਚ ਉਮੀਦਵਾਰ ਇਕ ਘਰ ਦਾ ਬੂਹਾ ਖੜਕਾਉਂਦਾ ਹੈ ਅਤੇ ਇਕ ਔਰਤ ਬਾਹਰ ਆਉਂਦੀ ਹੈI ਉਮੀਦਵਾਰ ਜੋ ਕਿ ਇਕ ਤੋਂ ਵਧੇਰੇ ਵਾਰ ਐਮ ਪੀ ਦੀ ਚੋਣ ਜਿੱਤ ਚੁੱਕਾ ਹੈ , ਆਪਣੇ ਆਉਣ ਦਾ ਕਾਰਨ ਦੱਸਦਾ ਹੈI ਔਰਤ ਆਪਣੇ ਕਿਰਾਏਦਾਰਾਂ ਨਾਲ ਕਿਰਾਏ ਦੇ ਕਿਸੇ ਮਸਲੇ ਦੀ ਗੱਲ ਰੱਖਦੀ ਅਤੇ ਹੱਲ ਕਰਾਉਣ ਲਈ ਕਹਿੰਦੀ ਹੈ I  ਉਮੀਦਵਾਰ ਇਸਨੂੰ ਪ੍ਰੋਵਿੰਸ਼ੀਅਲ ਮਸਲਾ ਕਰਾਰ ਦਿੰਦਾ ਹੈ ਪਰ ਮਸਲੇ ਦੇ ਹੱਲ ਵਿੱਚ ਸੰਭਵ ਮਦਦ ਦਾ ਭਰੋਸਾ ਦਿੰਦਾ ਹੋਇਆ ਵੋਟ ਪਾਉਣ ਲਈ ਕਹਿੰਦਾ ਹੈ I

ਤੁਹਾਨੂੰ ਅਜਿਹੇ ਮਾਮਲੇ ਕੈਨੇਡਾ ਦੀ ਹਰ ਪ੍ਰੋਵਿੰਸ ਵਿੱਚ ਦੇਖਣ ਨੂੰ ਮਿਲਣਗੇ I ਫ਼ੈਡਰਲ ਚੋਣਾਂ ਦੌਰਾਨ ਕੁਝ ਵੋਟਰ ਫ਼ੈਡਰਲ ਅਤੇ ਲੋਕਲ ਮੁੱਦਿਆਂ ਵਿਚਕਾਰ ਫ਼ਰਕ ਕਰਨ ਤੋਂ ਅਸਮਰੱਥ ਜਾਪਦੇ ਹਨ I

ਓਨਟੇਰੀਓ ਪ੍ਰੋਵਿੰਸ ਦੇ ਬਰੈਂਪਟਨ ਸ਼ਹਿਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਅਤੇ ਐਬਟਸਫੋਰਡ ਸ਼ਹਿਰ , ਜਿੱਥੇ ਕਿ ਪੰਜਾਬੀਆਂ ਦੀ ਵੱਡੀ ਗਿਣਤੀ ਹੈ , ਉੱਥੇ ਕੁਝ ਵਿਅਕਤੀ ਹਸਪਤਾਲ ਅਤੇ ਸਿਹਤ ਸਹੂਲਤਾਂ ਨੂੰ ਵੱਡਾ ਮੁੱਦਾ ਮੰਨਦੇ ਹਨ ਪਰ ਇਹ ਮੁੱਦਾ ਵੀ ਪ੍ਰੋਵਿੰਸ਼ੀਅਲ ਸਰਕਾਰ ਦਾ ਹੈ I

ਬਰੈਂਪਟਨ ਸ਼ਹਿਰ ਦੀ ਆਬਾਦੀ 6 ਲੱਖ ਤੋਂ ਵਧੇਰੇ ਹੈ ਅਤੇ ਸ਼ਹਿਰ ਵਿੱਚ ਇਕ ਹੀ ਹਸਪਤਾਲ ਹੈ I ਇਸੇ ਤਰਾਂ ਹੀ 5 ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸਰੀ ਸ਼ਹਿਰ ਵਿੱਚ ਵੀ ਇਕ ਹੀ ਹਸਪਤਾਲ ਹੈ I ਆਮ ਲੋਕਾਂ ਨੂੰ ਸਿਹਤ ਸੇਵਾਵਾਂ ਲੈਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ I

ਬਰੈਂਪਟਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਭੰਗ ਦੇ ਸਟੋਰ ਨੂੰ ਲੈ ਕੇ ਚਿੰਤਤ ਹਨ ਅਤੇ ਇਸਨੂੰ ਇਕ ਚੁਣਾਵੀ ਮੁੱਦਾ ਸਮਝਦੇ ਹਨ ਪਰ ਇਹ ਮਾਮਲਾ ਮਿਉਂਸਿਪਲ ਸਰਕਾਰ ਦੇ ਅਧਿਕਾਰ ਖ਼ੇਤਰ ਵਿੱਚ ਆਉਂਦਾ ਹੈ I  ਇਸਤੋਂ ਇਲਾਵਾ ਕੁਝ ਵਿਅਕਤੀ ਗੱਡੀਆਂ ਦੇ ਇੰਸ਼ੋਰੈਂਸ਼, ਜੋ ਪ੍ਰੋਵਿੰਸ਼ੀਅਲ ਸਰਕਾਰ ਦੇ ਅਧਿਕਾਰ ਖ਼ੇਤਰ ਵਿੱਚ ਆਉਂਦਾ ਹੈ, ਬਾਰੇ ਵੀ ਫ਼ਿਕਰਮੰਦ ਦਿਖਾਈ ਦਿੰਦੇ ਹਨ I

ਚੁਣੇ ਹੋਏ ਐਮ ਪੀਜ਼ ਦਾ ਕਹਿਣਾ ਹੈ ਕਿ ਉਹਨਾਂ ਕੋਲ ਬਹੁਤ ਸਾਰੇ ਵੋਟਰ ਅਜਿਹੇ ਕੰਮ ਲੈ ਕੇ ਆਉਂਦੇ ਹਨ ਜੋ ਕਿ ਉਹਨਾਂ ਦੇ ਅਧਿਕਾਰ ਖ਼ੇਤਰ ਵਿੱਚ ਨਹੀਂ ਆਉਂਦੇ ਹੁੰਦੇ ਸੋ ਉਹ ਵੋਟਰਾਂ ਦਾ ਸੰਪਰਕ ਸਬੰਧਿਤ ਅਧਿਕਾਰੀਆਂ/ ਵਿਭਾਗ ਨਾਲ ਕਰਾ ਦਿੰਦੇ ਹਨ I 

ਸਰੀ ਤੋਂ ਸਾਬਕਾ ਐਮ ਪੀ ਗੁਰਮੰਤ ਗਰੇਵਾਲ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਮਿਉਂਸਿਪਲ ਸਰਕਾਰ, ਪ੍ਰੋਵਿੰਸ਼ੀਅਲ ਅਤੇ ਫ਼ੈਡਰਲ ਮਸਲਿਆਂ ਵਿੱਚ ਸਾਫ਼ ਡਿਵੀਜ਼ਨ ਹੈ ਪਰ ਬਹੁਤ ਸਾਰੇ ਵਿਅਕਤੀ , ਖਾਸ ਕਰ 'ਕੇ ਸਾਡੇ ਭਾਈਚਾਰੇ ਦੇ ਲੋਕ ਇਹ ਫ਼ਰਕ ਨਹੀਂ ਸਮਝ ਪਾਉਂਦੇ I

ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਾਸ਼ਟਰੀ ਸੁਰੱਖਿਆ, ਵਿਦੇਸ਼ ਮਾਮਲੇ , ਡਾਕ , ਸੰਚਾਰ , ਰੇਲਵੇ , ਪਾਈਪਲਾਈਨ ਅਤੇ ਅਪਰਾਧਿਕ ਕਨੂੰਨ ਵਰਗੇ ਮਸਲੇ ਫ਼ੈਡਰਲ ਸਰਕਾਰ ਦੇ ਅਧਿਕਾਰ ਖ਼ੇਤਰ ਵਿੱਚ ਆਉਂਦੇ ਹਨ ਜਦਕਿ ਪਬਲਿਕ ਸਕੂਲ , ਹਸਪਤਾਲ , ਹਾਈਵੇ , ਇੰਸ਼ੋਰੈਂਸ਼ , ਨਿਆਂ ਪ੍ਰਬੰਧ ਅਤੇ ਜੇਲ੍ਹਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਕੰਮ ਹਨ I ਇਸੇ ਤਰਾਂ ਹੀ ਲਾਇਬ੍ਰੇਰੀ , ਜਨਤਕ ਪਾਰਕ , ਸਥਾਨਕ ਆਵਾਜਾਈ ਆਦਿ ਮਾਮਲੇ ਮਿਉਂਸਿਪਲ ਸਰਕਾਰ ਦੇ ਅਧੀਨ ਹੁੰਦੇ ਹਨ I

ਇਸ ਲਈ ਸਾਡੇ ਭਾਈਚਾਰੇ ਦੇ ਚੁਣੇ ਹੋਏ ਨੁਮਾਇੰਦੇ ਵੀ ਜ਼ਿੰਮੇਵਾਰ ਹਨ ਜੋ ਵੋਟਰਾਂ ਨੂੰ ਜਾਗਰੂਕ ਨਹੀਂ ਕਰ ਸਕੇ I ਪੰਜਾਬੀ ਮੂਲ ਦੇ ਐਮ ਪੀਜ਼ ਨੂੰ ਵਿਆਹ - ਸ਼ਾਦੀਆਂ ਅਤੇ ਅਫ਼ਸੋਸ 'ਤੇ ਜਾਣ ਨਾਲੋਂ ਜਨਤਾ ਨੂੰ ਮੁੱਦਿਆਂ ਬਾਰੇ ਦੱਸਣ ਦੀ ਵੀ ਵੱਡੀ ਲੋੜ ਹੈ I
ਗੁਰਮੰਤ ਗਰੇਵਾਲ , ਸਾਬਕਾ ਐਮ ਪੀ

ਕੈਲਗਰੀ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਪੱਤਰਕਾਰੀ ਖ਼ੇਤਰ ਨਾਲ ਜੁੜੇ ਹਰਬੰਸ ਸਿੰਘ ਬੁੱਟਰ ਆਖਦੇ ਹਨ ਕਿ ਸਾਡੇ ਭਾਈਚਾਰੇ ਦੇ ਲੋਕ ਪਾਰਟੀਆਂ ਦੀਆਂ ਨੀਤੀਆਂ ਤੋਂ ਬਹੁਤੇ ਜਾਣੂ ਨਹੀਂ ਹਨ I ਉਹਨਾਂ ਕਿਹਾ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਵਿਅਕਤੀ ਇਕੋ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ਵਿੱਚ ਮਿਲ ਜਾਣਗੇ I ਅਸੀਂ ਐਥੇ ਆ ਕੇ ਵੀ ਪੰਜਾਬ ਦੇ ਪਿੰਡਾਂ ਅਤੇ ਗੋਤਾਂ ਦੇ ਹਿਸਾਬ ਨਾਲ ਵੋਟ ਪਾਉਂਦੇ ਹਾਂ I

ਪੰਜਾਬੀ ਮੂਲ ਦੇ ਵਿਅਕਤੀਆਂ ਦੀ ਬੈਠਕ ਵਿੱਚ ਸਿਆਸਤ ਬਾਰੇ ਚਰਚਾ ਹੋਣਾ ਆਮ ਗੱਲ ਹੈ

ਪੰਜਾਬੀ ਮੂਲ ਦੇ ਵਿਅਕਤੀਆਂ ਦੀ ਬੈਠਕ ਵਿੱਚ ਸਿਆਸਤ ਬਾਰੇ ਚਰਚਾ ਹੋਣਾ ਆਮ ਗੱਲ ਹੈ

ਤਸਵੀਰ: Radio-Canada / ਸਰਬਮੀਤ ਸਿੰਘ

ਰੇਡੀਓ ਹੋਸਟ ਸਮੀਰ ਕੌਸ਼ਲ ਦਾ ਕਹਿਣਾ ਹੈ ਕਿ ਪੰਜਾਬੀ ਮੂਲ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੈਨੇਡਾ ਦੇ ਸਾਊਥ ਏਸ਼ੀਅਨ ਮੀਡੀਆ ਦਾ ਵੀ ਹੈ ਜੋ ਕਿ ਨਹੀਂ ਹੋ ਸਕਿਆ I ਸਮੀਰ ਨੇ ਕਿਹਾ ਪੰਜਾਬ ਤੋਂ ਆਏ ਲੋਕ ਐਥੋਂ ਦੇ ਸਿਆਸੀ ਤਾਣੇ ਬਾਣੇ ਨੂੰ ਪੰਜਾਬ ਵਾਂਗ ਹੀ ਦੇਖਦੇ ਹਨ ਪਰ ਇਸ ਵਿੱਚ ਬਹੁਤ ਫ਼ਰਕ ਹੈ I ਸਾਊਥ ਏਸ਼ੀਅਨ ਮੀਡੀਏ ਨੂੰ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਕੰਮ ਕਰਨ ਦੀ ਲੋੜ ਹੈ I

ਪੰਜਾਬ ਦੀ ਸਿਆਸਤ ਵਿੱਚ ਵਧੇਰੇ ਦਿਲਚਸਪੀ

ਵੱਖ-ਵੱਖ ਸ਼ਹਿਰਾਂ ਵਿੱਚ ਜਾਣ 'ਤੇ ਇਹ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਪਾਰਕਾਂ ਵਿੱਚ ਬੈਠੇ ਬਜ਼ੁਰਗਾਂ ਅਤੇ ਨੌਜਵਾਨਾਂ ਦੀ ਗੱਲਬਾਤ ਦਾ ਵਿਸ਼ਾ ਪੰਜਾਬ ਦੀ ਸਿਆਸਤ ਰਹਿੰਦਾ ਹੈ I

ਪੰਜਾਬੀ ਨੌਜਵਾਨ ਗੁਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਲੋਕਾਂ ਵਿੱਚ ਕਨੇਡੀਅਨ ਸਿਆਸਤ ਬਾਰੇ ਜਾਣਕਾਰੀ ਦੀ ਵੱਡੀ ਘਾਟ ਹੈ I ਉਹਨਾਂ ਕਿਹਾ ਆਮ ਵਿਚਾਰ ਚਰਚਾ ਦੌਰਾਨ ਕਨੇਡੀਅਨ ਸਿਆਸਤ ਅਤੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਨਾ ਹੋਣਾ ਵੀ ਇਸਦਾ ਇਕ ਕਾਰਨ ਹੈ I

ਸਰੀ ਦੇ ਗੁਰਪ੍ਰੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਪੰਜਾਬ ਵਾਂਗ ਐਥੇ ਵੀ ਸਿਆਸੀ ਨੇਤਾਵਾਂ ਨਾਲ ਨੇੜਤਾ ਰੱਖਣ ਦਾ ਸ਼ੌਂਕ ਹੈ I ਉਹਨਾਂ ਕਿਹਾ ਮੀਡੀਆ ਵੱਲੋਂ ਲੋਕਾਂ ਨੂੰ ਕਨੇਡੀਅਨ ਸਿਆਸਤ ਬਾਰੇ ਜਾਣੂ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਬਹੁਤੀ ਕਾਮਯਾਬੀ ਨਹੀਂ ਮਿਲੀ ਹੈI

ਇਹ ਵੀ ਪੜੋ :

ਫ਼ੈਡਰਲ ਚੋਣਾਂ : ਜਾਣੋ ਕੀ ਨੇ ਕਨੇਡੀਅਨ ਨੌਜਵਾਨਾਂ ਦੇ ਮੁੱਦੇ

ਕੈਨੇਡਾ ਫ਼ੈਡਰਲ ਚੋਣਾਂ : ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾਉਂਦੇ ਹਨ ਕੈਂਪੇਨ ਮੈਨੇਜਰ

ਫ਼ੈਡਰਲ ਚੋਣਾਂ : ਜਾਣੋ ਕੈਨੇਡਾ ਵਿੱਚ ਕਿਵੇਂ ਹੁੰਦਾ ਹੈ ਚੋਣ ਪ੍ਰਚਾਰ

ਸਰੀ ਸ਼ਹਿਰ ਦੇ ਇਕ ਪਾਰਕ ਵਿੱਚ ਬੈਠੇ ਕੁਝ ਬਜ਼ੁਰਗ , ਜੋ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਲਈ ਜ਼ਿਆਦਾ ਫ਼ਿਕਰਮੰਦ ਜਾਪਦੇ ਹਨ , ਦਾ ਕਹਿਣਾ ਹੈ ਕਿ ਐਥੇ ਤਾਂ ਸਭ ਠੀਕ ਠਾਕ ਹੈ ਅਤੇ ਉਹ ਇਹਨਾਂ ਚੋਣਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਲੈਂਦੇ I

ਸਰੀ ਸ਼ਹਿਰ ਵਿੱਚ ਸਥਿਤ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਪੌਲੀਟੀਕਲ ਸਾਇੰਟਿਸਟ ਸ਼ਿੰਦਰ ਪੁਰੇਵਾਲ ਨੇ ਕਿਹਾ ਇਹ ਸਾਡੀ ਸਿਆਸੀ ਤੌਰ 'ਤੇ ਚੇਤਨਤਾ ਦੀ ਘਾਟ ਦਾ ਸਬੂਤ ਹੈ I ਉਹਨਾਂ ਕਿਹਾ ਕੈਨੇਡਾ ਵਿੱਚ ਬਹੁਤੇ ਲੋਕ ਪਾਰਟੀ ਦੇ ਲਈ ਵੋਟ ਕਰਦੇ ਹਨI ਉਹਨਾਂ ਨੂੰ ਮੁੱਦਿਆਂ ਬਾਰੇ ਵੀ ਕੋਈ ਬਾਹਲੀ ਜਾਣਕਾਰੀ ਨਹੀਂ ਹੁੰਦੀ I

ਸਰੀ ਵਿਚਲੇ ਰੇਡੀਓ ਹੋਸਟ ਡਾ. ਜਸਬੀਰ ਰੋਮਾਣਾ ਆਖਦੇ ਹਨ ਕਿ ਇਸ ਵਰਤਾਰੇ ਪਿੱਛੇ ਲੋਕ ਕਸੂਰਵਾਰ ਨਹੀਂ ਸਗੋਂ ਸਿਆਸੀ ਪਾਰਟੀਆਂ ਜ਼ਿਆਦਾ ਜ਼ਿੰਮੇਵਾਰ ਹਨ I ਉਹਨਾਂ ਕਿਹਾ ਇਸ ਵਾਰ ਕੋਵਿਡ -19 ਦੇ ਚਲਦਿਆਂ ਡਿਬੇਟਸ ਘੱਟ ਹੋਈਆਂ ਹਨ ਅਤੇ ਮੁੱਦੇ ਰੁਲ ਗਏ ਜਾਪਦੇ ਹਨ I

ਡਿਬੇਟ ਦੌਰਾਨ ਸਿਆਸੀ ਪਾਰਟੀਆਂ ਦੇ ਲੀਡਰ

ਡਿਬੇਟ ਦੌਰਾਨ ਸਿਆਸੀ ਪਾਰਟੀਆਂ ਦੇ ਲੀਡਰ

ਤਸਵੀਰ: Radio-Canada

ਇਮੀਗ੍ਰੇਸ਼ਨ ਹੀ ਵੱਡਾ ਮੁੱਦਾ

ਕੈਨੇਡਾ ਵਿੱਚ ਪੰਜਾਬੀ ਮੂਲ ਦੇ ਬਹੁਤੇ ਲੋਕਾਂ ਲਈ ਇਮੀਗ੍ਰੇਸ਼ਨ ਹੀ ਵੱਡਾ ਮੁੱਦਾ ਜਾਪਦਾ ਹੈ I ਇਥੇ ਵਸਦੇ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਕੈਨੇਡਾ ਬੁਲਾਉਣਾ ਲੋਚਦੇ ਹਨ I

ਸਾਬਕਾ ਐਮ ਪੀ ਗੁਰਮੰਤ ਗਰੇਵਾਲ ਨੇ ਕਿਹਾ ਜਦੋਂ ਮੈਂ ਐਮ ਪੀ ਸੀ ਤਾਂ ਪੰਜਾਬੀ ਮੂਲ ਦੇ 95 ਫ਼ੀਸਦੀ ਵਿਅਕਤੀ ਇਮੀਗ੍ਰੇਸ਼ਨ ਸੰਬੰਧੀ ਹੀ ਮਾਮਲੇ ਲੈ ਕੇ ਆਉਂਦੇ ਸਨ I ਇਸਦੇ ਉਲਟ ਲੋਕਲ ਲੋਕ ਵੱਖ ਵੱਖ ਵਿਭਾਗਾਂ ਨਾਲ ਜੁੜੇ ਮਾਮਲੇ ਲੈ ਕੇ ਆਉਂਦੇ ਸਨ I

ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਦੇ ਕਾਰਨ ਹੀ ਪੰਜਾਬੀ ਮੂਲ ਨਾਲ ਜੁੜੇ ਬਹੁਤ ਸਾਰੇ ਵਿਅਕਤੀ ਲਿਬਰਲ ਪਾਰਟੀ ਦਾ ਸਮਰਥਨ ਕਰਦੇ ਨਜ਼ਰ ਆਉਂਦੇ ਹਨ I ਬਹੁਤ ਸਾਰੇ ਪੰਜਾਬੀਆਂ ਦਾ ਮੰਨਣਾ ਹੈ ਕਿ ਲਿਬਰਲ ਪਾਰਟੀ ਦੇ ਰਾਜ ਵਿੱਚ ਇਮੀਗ੍ਰੇਸ਼ਨ ਵਧੀ ਹੈ I ਬਰੈਂਪਟਨ ਦੀਆਂ 5 ਰਾਈਡਿੰਗਜ਼ ਉੱਪਰ ਲਿਬਰਲ ਐਮ ਪੀ ਕਾਬਜ਼ ਹਨ ਅਤੇ ਸਾਰੇ ਹੀ ਪੰਜਾਬੀ ਮੂਲ ਦੇ ਹਨ I ਸਰੀ ਦੀਆਂ ਤਿੰਨ ਸੀਟਾਂ ਵਿੱਚੋ 2 ਮੌਜੂਦਾ ਐਮ ਪੀ ਪੰਜਾਬੀ ਮੂਲ ਦੇ ਹਨ ਜੋ ਕਿ ਲਿਬਰਲ ਪਾਰਟੀ ਦੀ ਟਿਕਟ 'ਤੇ ਚੋਣ ਜਿੱਤੇ ਹਨ I

ਉਧਰ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਪੰਜਾਬੀ ਮੂਲ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਇਮੀਗ੍ਰੇਸ਼ਨ ਬਾਬਤ ਆਪਣੀ ਸੁਰ ਬਦਲੀ ਹੈ ਅਤੇ ਕੈਨੇਡਾ ਵਿੱਚ ਇਮੀਗ੍ਰੇਸ਼ਨ ਹੋਣ ਦਾ ਕਾਰਨ ਕੰਜ਼ਰਵੇਟਿਵ ਵੱਲੋਂ ਇਸ ਪ੍ਰਤੀ ਨਰਮ ਸੁਰ ਰੱਖਣਾ ਵੀ ਹੈ I

Sarbmeet Singh

ਸੁਰਖੀਆਂ