1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਟ੍ਰੂਡੋ ਦੀ ਬ੍ਰੈਂਪਟਨ ਰੈਲੀ ਦੌਰਾਨ ਵੱਡਾ ਇੰਡੋਰ ਇਕੱਠ ਹੋਣ ‘ਤੇ ੳ’ਟੂਲ ਦਾ ਤਿੱਖਾ ਹਮਲਾ

ਇਕੱਠ ਦੌਰਾਨ ਪਬਲਿਕ ਹੈਲਥ ਨਿਰਦੇਸ਼ਾਂ ਦੀ ਪਾਲਣਾ ਹੋਈ: ਟ੍ਰੂਡੋ

14 ਸਤੰਬਰ 2021 ਨੂੰ ਬ੍ਰੈਂਪਟਨ ਵਿਚ ਆਯੋਜਿਤ ਇੱਕ ਚੋਣ ਰੈਲੀ ਵਿਚ ਸ਼ਾਮਲ ਲਿਬਰਲ ਲੀਡਰ ਜਸਟਿਨ ਟ੍ਰੂਡੋ।

14 ਸਤੰਬਰ 2021 ਨੂੰ ਬ੍ਰੈਂਪਟਨ ਵਿਚ ਆਯੋਜਿਤ ਇੱਕ ਚੋਣ ਰੈਲੀ ਵਿਚ ਸ਼ਾਮਲ ਲਿਬਰਲ ਲੀਡਰ ਜਸਟਿਨ ਟ੍ਰੂਡੋ।

ਤਸਵੀਰ: La Presse canadienne / Sean Kilpatrick

RCI

ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੇ ਅੱਜ ਲਿਬਰਲ ਲੀਡਰ ਜਸਟਿਨ ਟ੍ਰੂਡੋ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਾਮਾਰੀ ਦੇ ਇਸ ਦੌਰ ਵਿਚ ਇੰਡੋਰ ਰੈਲੀ ਵਿਚ ਸੈਂਕੜੈ ਲੋਕਾਂ ਦਾ ਇਕੱਠ ਕਰਨਾ ਟ੍ਰੂਡੋ ਦੀ ਇੱਕ ਬਹੁਤ ਹੀ ਗ਼ੈਰ-ਜ਼ਿੰਮੇਵਾਰੀ ਵਾਲੀ ਹਰਕਤ ਹੈ।

ਕਿਉਬੈਕ ਵਿਚ ਚੋਣ ਮੁਹਿੰਮ ਦੌਰਾਨ ਬੋਲਦਿਆਂ ਐਰਿਨ ੳ’ਟੂਲ ਨੇ ਕਿਹਾ ਕਿ ਬ੍ਰੈਂਪਟਨ ਦੇ ਇੱਕ ਬੈਂਕੁਏਟ ਹਾਲ ਵਿਚ ਕਰੀਬ 400 ਲੋਕਾਂ ਦਾ ਇਕੱਠ ਕਰਕੇ ਟ੍ਰੂਡੋ ਨੇ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। 

ਉਹਨਾਂ ਕਿਹਾ, ਇਹ ਹਨ ਜਸਟਿਨ ਟ੍ਰੂਡੋ - ਜੋ ਲੋਕਾਂ ਨੂੰ ਤਾਂ ਨਿਯਮਾਂ ਦਾ ਪਾਠ ਪੜ੍ਹਾਉਂਦੇ ਹਨ ਪਰ ਖ਼ੁਦ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਨਹੀਂ। 

ਕੋਵਿਡ ਦਾ ਹੌਟਸਪੌਟ ਰਹਿ ਚੁੱਕੇ ਬ੍ਰੈਂਪਟਨ ਵਿਚ ਆਯੋਜਿਤ ਇੱਕ ਇੰਡੋਰ ਇਕੱਠ ਦੀਆਂ ਕੁਝ ਤਸਵੀਰਾਂ ਵਿਚ ਲਿਬਰਲ ਸਮਰਥਕ ਇੱਕ ਦੁਸਰੇ ਦੇ ਕਾਫ਼ੀ ਨਜ਼ਦੀਕ ਖੜੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ, ਇਸ ਆਯੋਜਨ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਕਥਿਤ ਉਲੰਘਣਾ ਹੋਣ ਦੀ ਵੀ ਚਰਚਾ ਗਰਮਾ ਗਈ ਹੈ। 

ਇਸ ਬੈਂਕੁਏਟ ਹਾਲ ਵਿਚ 1000 ਲੋਕਾਂ ਦੇ ਇਕੱਠ ਦੀ ਸਮਰੱਥਾ ਹੈ ਜਿਸ ਨੂੰ ਮਹਾਮਾਰੀ ਕਾਰਨ 500 ਕਰ ਦਿੱਤਾ ਗਿਆ ਹੈ। ਤਸਵੀਰਾਂ ਮੁਤਾਬਕ ਹਾਲ ਦਾ ਬਹੁਤਾ ਹਿੱਸਾ ਖ਼ਾਲੀ ਪਿਆ ਸੀ ਕਿਉਂਕਿ ਜ਼ਿਆਦਾਤਰ ਲੋਕ ਸਟੇਜ ਦੇ ਨਜ਼ਦੀਕ ਖੜੇ ਸਨ। 

ਸੂਬਾ ਸਰਕਾਰ ਦੇ ਨਿਯਮਾਂ ਮੁਤਾਬਕ 400 ਲੋਕਾਂ ਦਾ ਇਕੱਠ, ਇਸ ਹਾਲ ਦੀ 50 ਫ਼ੀਸਦੀ ਸਮਰੱਥਾ ਦੇ ਦਾਇਰੇ ਵਿਚ ਆਉਂਦਾ ਹੈ ਇਸ ਲਈ ਇੰਡੋਰ ਇਕੱਠ ਸਬੰਧਤ ਸੂਬੇ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋਈ ਹੈ। 

ਪਰ ਮੌਜੂਦਾ ਨਿਯਮਾਂ ਮੁਤਾਬਕ ਅਜਿਹੇ ਇੰਡੋਰ ਇਕੱਠਾਂ ਦੇ ਆਯੋਜਨ ਲਈ 2 ਮੀਟਰ ਦੀ ਸਮਾਜਿਕ ਦੂਰੀ ਸੁਨਿਸ਼ਚਿਤ ਕਰਨ ਦੀ ਵੀ ਸ਼ਰਤ ਹੈ। 

ਭਾਵੇਂ ਕਿ ਲਿਬਰਲ ਆਯੋਜਕ ਲਗਾਤਾਰ ਇਸ ਪ੍ਰੋਗਰਾਮ ਵਿਚ ਸ਼ਾਮਲ ਲੋਕਾਂ ਨੂੰ ਇੱਕ ਦੂਸਰੇ ਤੋਂ ਫ਼ਾਸਲਾ ਬਰਕਰਾਰ ਰੱਖਣ ਲਈ ਕਹਿੰਦੇ ਸੁਣੇ ਜਾ ਸਕਦੇ ਸਨ, ਪਰ ਜਸਟਿਨ ਟ੍ਰੁਡੋ, ਸਾਬਕਾ ਪ੍ਰਧਾਨ ਮੰਤਰੀ ਜੌਨ ਕ੍ਰੇਟੀਅਨ ਅਤੇ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਦੀ ਮੌਜੂਦਗੀ ਵਾਲੇ ਸਟੇਜ ਦੇ ਆਲੇ ਦੁਆਲੇ ਪੂਰੀ ਭੀੜ੍ਹ ਇਕੱਠੀ ਹੋ ਗਈ ਸੀ। 

14 ਸਤੰਬਰ ਨੂੰ ਬ੍ਰੈਂਪਟਨ ਦੇ ਸਪਰੈਜ਼ਾ ਬੈਂਕੁਏਟ ਗਾਲ ਵਿਚ ਆਯੋਜਿਤ ਲਿਬਰਲ ਪਾਰਟੀ ਦੀ ਚੋਣ ਰੈਲੀ ਵਿਚ ਸ਼ਾਮਲ ਜਸਟਿਨ ਟ੍ਰੂਡੋ।

14 ਸਤੰਬਰ ਨੂੰ ਬ੍ਰੈਂਪਟਨ ਦੇ ਸਪਰੈਜ਼ਾ ਬੈਂਕੁਏਟ ਗਾਲ ਵਿਚ ਆਯੋਜਿਤ ਲਿਬਰਲ ਪਾਰਟੀ ਦੀ ਚੋਣ ਰੈਲੀ ਵਿਚ ਸ਼ਾਮਲ ਜਸਟਿਨ ਟ੍ਰੂਡੋ।

ਤਸਵੀਰ: La Presse canadienne / Sean Kilpatrick

ਪ੍ਰੋਗਰਾਮ ਵਿਚ ਪਹੁੰਚੇ ਲੋਕ ਸਟੇਜ ਦੇ ਨਜ਼ਦੀਕ, ਸਾਹਮਣੇ ਵੱਲ ਇਕੱਠੇ ਹੋ ਗਏ ਸਨ ਅਤੇ ਉਹਨਾਂ ਵਿਚ ਕੋਈ ਬਹੁਤੀ ਦੂਰੀ ਵੀ ਨਹੀਂ ਸੀ। ਦੂਜੇ ਪਾਸੇ ਹਾਲ ਦਾ ਪਿਛਲਾ ਹਿੱਸਾ ਤਸਵੀਰਾਂ ਵਿਚ ਖ਼ਾਲੀ ਪਿਆ ਨਜ਼ਰ ਆ ਰਿਹਾ ਹੈ।

ਟ੍ਰੂਡੋ ਨੇ ਆਪਣੇ ਬਚਾਅ ਵਿਚ ਕਿਹਾ ਕਿ ਇਸ ਰੈਲੀ ਆਯੋਜਨ ਦੌਰਾਨ ਪਬਲਿਕ ਹੈਲਥ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ। ਉਹਨਾਂ ਕਿਹਾ ਕਿ ਵਧੇਰੇ ਵੈਕਸੀਨੇਸ਼ਨ ਕਵਰੇਜ ਦੇ ਨਾਲ ਅਜਿਹੀਆਂ ਰੈਲੀਆਂ ਸੁਰੱਖਿਅਤ ਤਰੀਕੇ ਨਾਲ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ। 

“ਤਕਰੀਬਨ 80 ਫ਼ੀਸਦੀ ਕੈਨੇਡੀਅਨਜ਼ ਨੇ ਵੈਕਸੀਨੇਸ਼ਨ ਕਰਵਾ ਕੇ ਸਹੀ ਕੰਮ ਅੰਜਾਮ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਜੋ ਚੰਗਾ ਲੱਗਦਾ ਹੈ,ਉਹ ਕਰ ਸਕਣ ਦੀ ਸੰਭਾਵਨਾ ਬਣ ਰਹੀ ਹੈ। 

ਟ੍ਰੂਡੋ ਨੇ ਕਿਹਾ ਕਿ ਉਹ ੳ’ਟੂਲ ਕੋਲੋਂ ਮਹਾਮਾਰੀ ਨਾਲ ਨਜਿੱਠਣ ਬਾਬਤ ਸਬਕ ਨਹੀਂ ਸਿੱਖਣਗੇ ਕਿਉਂਕਿ ਕੰਜ਼ਰਵੇਟਿਵਜ਼ ਨੇ ਤਾਂ ਚੋਣ ਪ੍ਰਚਾਰ ਲਈ ਜਾਣ ਵਾਲੇ ਆਪਣੇ ਉਮੀਦਵਾਰਾਂ ਤੱਕ ਲਈ ਵੈਕਸੀਨ ਦੀ ਜ਼ਰੂਰਤ ਨਹੀਂ ਸਮਝੀ ਹੈ। ੳ’ਟੂਲ ਫ਼ੈਡਰਲ ਮੁਲਾਜ਼ਮਾਂ ਲਈ ਕੋਵਿਡ ਵੈਕਸੀਨ ਲਾਜ਼ਮੀ ਕੀਤੇ ਜਾਣ ਦਾ ਵੀ ਵਿਰੋਧ ਕਰ ਚੁੱਕੇ ਹਨ। 

ਐਨਡੀਪੀ ਲੀਡਰ ਜਗਮੀਤ ਸਿੰਘ ਦੀ ਉਨਟੇਰਿਉ ਦੇ ਵਿੰਡਸਰ ਦੇ ਏਅਰਪੋਰਟ ਹੈਂਗਰ ਵਿਚ ਆਯੋਜਿਤ ਇੱਕ ਇੰਡੋਰ ਰੈਲੀ ਵੀ ਸਵਾਲਾਂ ਵਿਚ ਘਿਰਦੀ ਨਜ਼ਰ ਆਈ। ਵਿੰਡਸਰ ਇਲਾਕਾ ਵੀ ਉਨਟੇਰਿਉ ਦਾ ਕੋਵਿਡ ਹੌਟਸਪੌਟ ਰਹਿ ਚੁੱਕਾ ਹੈ। 

14 ਸਤੰਬਰ 2021 ਨੂੰ ਉਨਟੇਰਿਉ ਦੇ ਵਿੰਡਸਰ ਸ਼ਹਿਰ ਵਿਚ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਦੀ ਤਸਵੀਰ।

14 ਸਤੰਬਰ 2021 ਨੂੰ ਉਨਟੇਰਿਉ ਦੇ ਵਿੰਡਸਰ ਸ਼ਹਿਰ ਵਿਚ ਚੋਣ ਮੁਹਿੰਮ ਦੌਰਾਨ ਜਗਮੀਤ ਸਿੰਘ ਦੀ ਤਸਵੀਰ।

ਤਸਵੀਰ: (Jonathan Hayward/The Canadian Press)

ਟ੍ਰੂਡੋ ਉੱਪਰ ਨਿਸ਼ਾਨਾ ਸਾਧਣ ਤੋਂ ਪਹਿਲਾਂ ਜਗਮੀਤ ਸਿੰਘ ਨੇ ਕਿਹਾ, ਮੈਂ ਲੋਕਾਂ ਦੀ ਫ਼ਿਕਰਮੰਦੀ ਸਮਝਦਾ ਹਾਂ। 

ਉਹਨਾਂ ਕਿਹਾ ਅੱਵਲ ਤਾਂ ਇਹ ਚੋਣਾਂ ਹੋਣੀਆਂ ਹੀ ਨਹੀਂ ਸੀ ਚਾਹੀਦੀਆਂ। ਚੌਥੀ ਵੇਵ ਦੌਰਾਨ ਚੋਣਾਂ ਕਰਵਾਉਣਾ, ਮਿਸਟਰ ਟ੍ਰੂਡੋ ਦਾ ਖ਼ੁਦਗ਼ਰਜ਼ੀ ਵਾਲਾ ਫ਼ੈਸਲਾ ਹੈ। ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ [ਆਯੋਜਨਾਂ ਲਈ] ਆਉਟਡੋਰ ਅਤੇ ਹਵਾਦਾਰ ਥਾਂਵਾਂ ਨੂੰ ਹੀ ਸੁਨਿਸ਼ਚਿਤ ਕਰੀਏ। ਅਸੀਂ ਹੈਂਗਰ ਡੋਰਜ਼ (ਵੱਡੇ ਦਰਵਾਜ਼ੇ) ਖੁੱਲੇ ਰੱਖੇ ਸੀ ਪਰ ਇਹ ਇੱਕ ਜਾਇਜ਼ ਨੁਕਤਾ ਹੈ। ਅਸੀਂ ਭਵਿੱਖ ਵਿਚ ਵਧੇਰੇ ਅਹਿਤਿਆਤ ਵਰਤਾਂਗੇ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ