1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਬ੍ਰੈਂਪਟਨ ‘ਚ ਟ੍ਰੂਡੋ ਦੀ ਰੈਲੀ ‘ਚ ਸ਼ਾਮਲ ਹੇਜ਼ਲ ਮਕੈਲੀਅਨ ਵੱਲੋਂ ਚੋਣਾਂ ਕਰਵਾਉਣ ਦੇ ਫ਼ੈਸਲੇ ਦੀ ਨਿੰਦਾ

36 ਸਾਲ ਮਿਸਿਸਾਗਾ ਦੀ ਮੇਅਰ ਰਹੇ ਹਨ ਹੇਜ਼ਲ ਮਕੈਲੀਅਨ

ਸਾਬਕਾ ਮਿਸਿਸਾਗਾ ਮੇਅਰ, ਹੇਜ਼ਲ ਮਕੈਲੀਅਨ।

ਮੰਗਲਵਾਰ ਨੂੰ ਬ੍ਰੈਂਪਟਨ ਵਿਚ ਆਯੋਜਿਤ ਲਿਬਰਲ ਪਾਰਟੀ ਦੀ ਇੱਕ ਰੈਲੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਸਾਬਕਾ ਮਿਸਿਸਾਗਾ ਮੇਅਰ, ਹੇਜ਼ਲ ਮਕੈਲੀਅਨ।

ਤਸਵੀਰ: CBC

RCI

ਮਿਸਿਸਾਗਾ ਦੀ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਨੇ ਜਸਟੀਨ ਟ੍ਰੂਡੋ ਦੇ ਮਹਾਮਾਰੀ ਦੇ ਇਸ ਦੌਰ ਵਿਚ ਚੋਣਾਂ ਕਰਵਾਉਣ ਦੇ ਫ਼ੈਸਲੇ ਦੀ ਨਿੰਦਾ ਕੀਤੀ ਹੈ। ਮੰਗਲਵਾਰ ਨੂੰ ਬ੍ਰੈਂਪਟਨ ਵਿਚ ਆਯੋਜਿਤ ਲਿਬਰਲ ਪਾਰਟੀ ਦੀ ਇਕ ਰੈਲੀ ਵਿਚ ਸ਼ਮੂਲੀਅਤ ਤੋਂ ਬਾਅਦ ਉਹਨਾਂ ਨੇ ਇਹ ਬਿਆਨ ਦਿੱਤਾ। 

ਮੈਂ ਮਹਾਮਰੀ ਦੌਰਾਨ ਚੋਣਾਂ ਨੂੰ ਮੰਦਭਾਗਾ ਮੰਨਦੀ ਹਾਂ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਰਿਕਵਰੀ ਅਤੇ ਲੋਕਾਂ ਦੀ ਕੰਮ ‘ਤੇ ਵਾਪਸੀ ਤੇ ਤਵੱਜੋ ਦੇਣੀ ਚਾਹੀਦੀ ਹੈ। ਸਰਕਾਰਾਂ ਕਹੀ ਜਾ ਰਹੀਆਂ ਹਨ ਕਿ ਘਰ ਰਹੋ, ਇਕੱਠ ਨਾ ਕਰੋ ਅਤੇ ਫ਼ਿਰ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਜਿਸ ਵਿਚ ਲੋਕ ਗਰੁੱਪਾਂ ਵਿਚ ਇਕੱਠੇ ਹੋ ਰਹੇ ਹਨ। 
ਹੇਜ਼ਲ ਮਕੈਲੀਅਨ, ਸਾਬਕਾ ਮੇਅਰ, ਸਿਟੀ ਔਫ਼ ਮਿਸਿਸਾਗਾ

100 ਸਾਲ ਦੀ ਹੇਜ਼ਲ ਮਕੈਲੀਅਨ 1978 ਤੋਂ 2014 ਤੱਕ ਮਿਸਿਸਾਗਾ ਦੀ ਮੇਅਰ ਰਹੇ ਹਨ। ਬ੍ਰੈਂਪਟਨ ਦੇ ਸਪਰੈਂਜ਼ਾ ਬੈਂਕੁਏਟ ਹਾਲ ਵਿਚ ਆਯੋਜਿਤ ਇਸ ਲਿਬਰਲ ਰੈਲੀ ਵਿਚ 400 ਤੋਂ ਵੱਧ ਲੋਕ ਇੱਕਠੇ ਹੋਏ ਸਨ ਜਿਸ ਵਿਚ ਹੇਜ਼ਲ ਮਕੈਲੀਅਨ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕ੍ਰੇਟੀਅਨ ਵੀ ਸ਼ਾਮਲ ਸਨ। 

ਇਸ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਵਿਚ ਲਿਬਰਲ ਸਮਰਥਕ ਇੱਕ ਦੁਸਰੇ ਦੇ ਕਾਫ਼ੀ ਨਜ਼ਦੀਕ ਖੜੇ ਨਜ਼ਰ ਆਏ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ, ਇਸ ਆਯੋਜਨ ਵਿਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਕਥਿਤ ਉਲੰਘਣਾ ਹੋਣ ਦੀ ਵੀ ਚਰਚਾ ਛਿੜ ਗਈ। 

ਇਸ ਹਾਲ ਵਿਚ 1000 ਲੋਕਾਂ ਦੇ ਇਕੱਠ ਦੀ ਸਮਰੱਥਾ ਹੈ ਜਿਸ ਨੂੰ ਮਹਾਮਾਰੀ ਕਾਰਨ 500 ਕਰ ਦਿੱਤਾ ਗਿਆ ਹੈ। ਤਸਵੀਰਾਂ ਮੁਤਾਬਕ ਹਾਲ ਦਾ ਬਹੁਤਾ ਹਿੱਸਾ ਖ਼ਾਲੀ ਪਿਆ ਸੀ ਕਿਉਂਕਿ ਜ਼ਿਆਦਾਤਰ ਲੋਕ ਸਟੇਜ ਦੇ ਨਜ਼ਦੀਕ ਖੜੇ ਸਨ। 

14 ਸਤੰਬਰ ਨੂੰ ਬ੍ਰੈਂਪਟਨ ਦੇ ਸਪਰੈਜ਼ਾ ਬੈਂਕੁਏਟ ਗਾਲ ਵਿਚ ਆਯੋਜਿਤ ਲਿਬਰਲ ਪਾਰਟੀ ਦੇ ਪ੍ਰੋਗਰਾਮ ਵਿਚ ਜ਼ਿਆਦਾਤਰ ਲੋਕ ਸਟੇਜ ਦੇ ਨਜ਼ਦੀਕ ਇਕੱਠੇ ਹੋਏ ਸਨ ਅਤੇ ਹਾਲ ਦਾ ਇੱਕ ਵੱਡਾ ਹਿੱਸਾ ਖ਼ਾਲੀ ਪਿਆ ਸੀ।

14 ਸਤੰਬਰ ਨੂੰ ਬ੍ਰੈਂਪਟਨ ਦੇ ਸਪਰੈਜ਼ਾ ਬੈਂਕੁਏਟ ਗਾਲ ਵਿਚ ਆਯੋਜਿਤ ਲਿਬਰਲ ਪਾਰਟੀ ਦੇ ਪ੍ਰੋਗਰਾਮ ਵਿਚ ਜ਼ਿਆਦਾਤਰ ਲੋਕ ਸਟੇਜ ਦੇ ਨਜ਼ਦੀਕ ਇਕੱਠੇ ਹੋਏ ਸਨ ਅਤੇ ਹਾਲ ਦਾ ਇੱਕ ਵੱਡਾ ਹਿੱਸਾ ਖ਼ਾਲੀ ਪਿਆ ਸੀ।

ਤਸਵੀਰ: CBC/Ashley Burke

ਇਸ ਇਵੈਂਟ ਦੌਰਾਨ ਜਸਟਿਨ ਟ੍ਰੂਡੋ ਨੇ ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਦੀ ਉਹਨਾਂ ਦੇ ਕਲਾਇਮੇਟ ਪਲਾਨ ਸਮੇਤ ਕਈ ਮਾਮਲਿਆਂ ‘ਤੇ ਆਲੋਚਨਾ ਕੀਤੀ। 

ਟ੍ਰੂਡੋ ਨੇ ਕਿਹਾ, ਜੇ ਤੁਹਾਡੇ ਕੋਲ ਵਾਤਾਵਰਨ ਲਈ ਕੋਈ ਯੋਜਨਾ ਨਹੀਂ ਤਾਂ ਤੁਹਾਡੇ ਕੋਲ ਅਰਥਚਾਰੇ ਲਈ ਵੀ ਕੋਈ ਯੋਜਨਾ ਨਹੀਂ ਹੈ। 

87 ਸਾਲ ਦੇ ਕ੍ਰੇਟੀਅਨ ਨੇ, ਮਹਾਮਰੀ ਦੌਰਾਨ ਰੈਲੀ ਵਿਚ ਸ਼ਾਮਲ ਹੋਣ ਬਾਰੇ, ਹੇਜ਼ਲ ਮਕੈਲੀਅਨ ਦੇ ਮੁਕਾਬਲੇ ਲਿਬਰਲਾਂ ਦੇ ਵਧੇਰੇ ਪੱਖ ਦੀ ਗੱਲ ਕੀਤੀ। 

ਉਹਨਾਂ ਕਿਹਾ, ਮੈਨੂੰ ਫ਼ੌਰਮੈਟ (ਰੂਪ-ਰੇਖਾ) ਨਹੀਂ ਪਤਾ ਸੀ, ਪਰ ਤੁਹਾਨੂੰ ਪਤਾ ਹੈ ਕਿ ਮੈਂ ਵੈਕਸੀਨੇਸ਼ਨ ਕਰਵਾ ਚੁੱਕਾ ਹਾਂ। ਹਾਂ ! ਇਹ ਇੱਕ ਵੱਖਰਾ ਫ਼ੌਰਮੈਟ ਸੀ, ਮੈਨੂੰ ਇਸਦੀ ਆਦਤ ਨਹੀਂ ਸੀ….ਪਰ ਮੈਨੂੰ ਖ਼ੁਸ਼ੀ ਹੈ ਕਿ ਮੈਂ ਆਇਆ, ਕਿਉਂਕਿ ਮੈਂ ਕਾਫ਼ੀ ਚਿਰ ਤੋਂ ਪਾਸੇ ਰਿਹਾਂ ਹਾਂ ਅਤੇ ਥੋੜਾ ਟ੍ਰੈਕ ਤੇ ਆਉਣਾ ਅੱਛਾ ਲੱਗਿਆ

ਮਕੈਲੀਅਨ ਨੇ ਕਿਹਾ ਕਿ ਉਹਨਾਂ ਨੂੰ 20 ਸਤੰਬਰ ਨੂੰ ਇੱਕ ਬਹੁਗਿਣਤੀ ਸਰਕਾਰ (ਮੇਜੌਰਟੀ ਗਵਰਨਮੈਂਟ) ਬਣਨ ਦੀ ਉਮੀਦ ਹੈ।

ਉਹਨਾਂ ਕਿਹਾ, “ਮੈਂ ਜਸਟਿਨ ਦਾ ਸਮਰਥਨ ਕਰਦੀ ਹਾਂ, ਮੈਨੂੰ ਲੱਗਦਾ ਹੈ ਕਿ ਉਹ ਇੱਕ ਅਜਿਹਾ ਨੌਜਵਾਨ ਹੈ ਜਿਸਨੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸਦਾ ਇਹ ਮਤਲਬ ਨਹੀਂ ਹੈ ਕਿ ਮੈਂ ਉਸਦੇ ਹਰ ਕੰਮ ਦਾ ਸਮਰਥਨ ਕਰਦੀ ਹਾਂ। ਮੈਂ ਲਿਬਰਲ ਨਹੀਂ ਹਾਂ, ਮੈਂ ਕੰਜ਼ਰਵੇਟਿਵ ਨਹੀਂ ਹਾਂ ਅਤੇ ਮੈਂ ਐਨਡੀਪੀ ਸਮਰਥਕ ਤਾਂ ਬਿਲਕੁਲ ਨਹੀਂ ਹਾਂ। 

ਪਰ ਉਹਨਾਂ ਕਿਹਾ ਕਿ ਚੋਣਾਂ ਕਰਵਾਏ ਜਾਣਾ ਅਜੇ ਵੀ ਵੋਟਰਾਂ ਦੇ ਮਨਾਂ ਵਿਚ ਇੱਕ ਵੱਡਾ ਮੁੱਦਾ ਹੈ। 

ਮੈਂ ਰਾਹ ਜਾਂਦੇ ਆਮ ਲੋਕਾਂ ਤੋਂ ਵੀ ਇਹੀ ਸੁਣਿਆ ਹੈ ਕਿ ਮਹਾਮਾਰੀ ਦੇ ਦੌਰ ਵਿਚ ਚੋਣਾਂ ਕਿਉਂ ਹੋ ਰਹੀਆਂ ਹਨ?

ਰੀਚਰਡ ਰੇਕ੍ਰਾਫ਼ਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਐਸ਼ਲੇ ਬਰਕ ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ