1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਮੱਛੀ ਫੜ੍ਹਨ ਸੰਬੰਧੀ ਉਦਯੋਗ

ਅਗਸਤ ਮਹੀਨੇ ‘ਚ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 4.1 % ਪਹੁੰਚੀ

2003 ਤੋਂ ਬਾਅਦ ਪਹਿਲੀ ਵਾਰੀ ਇੰਨੀ ਵਧੀ ਮਹਿੰਗਾਈ

ਵਾਲ ਕਟਾਉਣ ਤੋਂ ਲੈਕੇ ਤਕਰੀਬਨ ਹਰੇਕ ਸੇਵਾਵਾਂ ਅਤੇ ਵਸਤਾਂ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਹੋਇਆ ਹੈ।

ਵਾਲ ਕਟਾਉਣ ਤੋਂ ਲੈਕੇ ਤਕਰੀਬਨ ਹਰੇਕ ਸੇਵਾਵਾਂ ਅਤੇ ਵਸਤਾਂ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਹੋਇਆ ਹੈ।

ਤਸਵੀਰ: Reuters / Clodagh Kilcoyne

RCI

ਕੈਨੇਡਾ ਵਿਚ ਮੌਜੂਦਾ ਮਹਿੰਗਾਈ ਦਰ ਤਕਰੀਬਨ ਦੋ ਦਹਾਕਿਆਂ ਵਿਚ ਸਭ ਤੋਂ ਉਤਲੇ ਪੱਧਰ ਤੇ ਪਹੁੰਚ ਗਈ ਹੈ ਅਤੇ ਤਕਰੀਬਨ ਹਰੇਕ ਚੀਜ਼ ਦੀਆਂ ਹੀ ਕੀਮਤਾਂ ਵਿਚ ਇਜ਼ਾਫ਼ਾ ਦੇਖਣ ਨੂੰ ਮਿਲੀਆ ਹੈ। 

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਅਗਸਤ ਮਹੀਨੇ ਵਿਚ ਕੈਨਡਾ ਦੀ ਸਲਾਨਾ ਮਹਿੰਗਾਈ ਦਰ 4.1 ਫ਼ੀਸਦੀ ਦਰਜ ਕੀਤੀ ਗਈ ਹੈ। ਜੁਲਾਈ ਵਿਚ ਮਹਿੰਗਾਈ ਦਰ 3.7 ਫ਼ੀਸਦੀ ਸੀ, ਜੋ ਕਿ ਪਿਛਲੇ ਇੱਕ ਦਹਾਕੇ ਵਿਚ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਸੀ। 

ਅਗਸਤ ਮਹੀਨੇ ਵਿਚ ਤਕਰੀਬਨ ਹਰੇਕ ਵਸਤੂ ਅਤੇ ਸੇਵਾਵਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਦਰਜ ਕੀਤੀਆਂ ਗਈਆਂ ਹਨ। 

ਅੰਕੜਿਆਂ ਮੁਤਾਬਕ ਰਿਹਾਇਸ਼ੀ ਕੀਮਤਾਂ ਵਿਚ 4.8 ਫੀਸਦੀ, ਆਵਾਜਾਈ ਦੀਆਂ ਕੀਮਤਾਂ ਵਿਚ 8.7 ਫ਼ੀਸਦੀ ਅਤੇ ਖਾਣ-ਪੀਣ ਦੀਆਂ ਕੀਮਤਾਂ ਵਿਚ 2.7 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। 

ਅੰਕੜਿਆਂ ਅਨੁਸਾਰ ਨਵੇਂ ਘਰਾਂ ਦੀਆਂ ਕੀਮਤਾਂ ਨਾਲ ਸਬੰਧਤ ਹੋਮਉਨਰਜ਼ ਰਿਪਲੇਸਮੈਂਟ ਕੌਸਟ ਇੰਡੈਕਸ  ਵਿਚ ਜੁਲਾਈ ਮਹੀਨੇ 14 % ਦਾ ਵਾਧਾ ਦਰਜ ਹੋਇਆ ਹੈ। 1987 ਤੋਂ ਬਾਅਦ ਪਹਿਲੀ ਵਾਰੀ ਇਸ ਇੰਡੈਕਸ ਵਿਚ ਇੰਨੀ ਤੇਜ਼ੀ ਦਰਜ ਕੀਤੀ ਗਈ ਹੈ। 

ਬੈਂਕ ਔਫ਼ ਮੌਂਟਰੀਅਲ ਦੇ ਅਰਥਸ਼ਾਸਤਰੀ ਡਗ ਪੋਰਟਰ ਮੁਤਾਬਕ ਕੋਵਿਡ ਰੋਕਾਂ ਵਿਚ ਨਰਮਾਈ ਕੀਤੇ ਜਾਣ ਤੋਂ ਬਾਅਦ ਏਅਰ ਟ੍ਰੈਵਲ ਦਾ ਦੁਬਾਰਾ ਸ਼ੁਰੂ ਹੋਣਾ ਵੀ ਮਹਿੰਗਾਈ ਦਰ ਵਧਣ ਦਾ ਵੱਡਾ ਕਾਰਕ ਰਿਹਾ ਹੈ। ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ 37.5 % ਦਾ ਵਾਧਾ ਹੋਇਆ ਹੈ ਅਤੇ ਹੋਟਲਾਂ ਦੇ ਕਿਰਾਇਆਂ ਵਿਚ 12 % ਵਾਧਾ ਹੋਇਆ ਹੈ। ਗੈਸ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਦੇ ਵਕਫ਼ੇ ਦੌਰਾਨ 32 ਫ਼ੀਸਦੀ ਵੱਧ ਚੁੱਕੀਆਂ ਹਨ।

ਸਪਲਾਈ ਚੇਨ ਦੇ ਮਸਲਿਆਂ ਕਰਕੇ ਵੀ ਅਰਥਚਾਰੇ ਵਿਚ ਕਈ ਵਸਤਾਂ ਦੀਆਂ ਕੀਮਤਾਂ ਵਿਚ ਇਜ਼ਾਫ਼ਾ ਹੋਇਆ ਹੈ। 

ਦੁਨੀਆ ਭਰ ਵਿਚ ਸੈਮੀ-ਕੰਡਕਟਰਜ਼ ਦੀ ਕਮੀ ਕਾਰਨ ਕਾਰਾਂ ਦੀ ਕੀਮਤਾਂ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਨਵੀਆਂ ਕਾਰਾਂ ਦੀਆਂ ਕੀਮਤਾਂ 7.2 ਫ਼ੀਸਦੀ ਵਧੀਆਂ ਹਨ। ਸੈਮੀ-ਕੰਡਕਟਰਜ਼ ਦੀ ਕਮੀ ਕਾਰਨ ਕਾਰਾਂ ਦੇ ਉਤਪਾਦਨ ‘ਤੇ ਅਸਰ ਪਿਆ ਹੈ ਜਿਸ ਦੇ ਨਤੀਜੇ ਵੱਜੋਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਨਵੀਆਂ ਕਾਰਾਂ ਦੀ ਕਮੀ ਕਾਰਨ ਪੁਰਾਣੀਆਂ ਕਾਰਾਂ ਦੀ ਮੰਗ ਵਧ ਗਈ ਹੈ ਅਤੇ ਹੁਣ ਡੀਲਰਾਂ ਕੋਲ ਪੁਰਾਣੀਆਂ ਕਾਰਾਂ ਦੀ ਕਮੀ ਆ ਰਹੀ ਹੈ ਜਿਸ ਕਰਕੇ ਪੁਰਾਣੀਆਂ ਕਾਰਾਂ ਦੀਆਂ ਕੀਮਤਾਂ ਵਿਚ ਵੀ ਤੇਜ਼ੀ ਦਰਜ ਹੋਈ ਹੈ। 

ਸਟੈਟਿਸਟਿਕਸ ਕੈਨੇਡਾ ਅਨੁਸਾਰ ਮਹਿੰਗਾਈ ਦਰ ਵਿਚ ਵਾਧੇ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਬੀਤੇ ਸਾਲ ਦੀ ਤੁਲਨਾ ਵਿਚ ਦਰਜ ਹੋਇਆ ਵਾਧਾ ਹੈ ਜਦੋਂ ਮਹਾਮਾਰੀ ਕਰਕੇ ਲੋਕਾਂ ਵੱਲੋਂ ਖ਼ਰਚਿਆਂ ਵਿਚ ਕਟੌਤੀ ਕਰਕੇ ਚੀਜ਼ਾਂ ਦੀਆਂ ਕੀਮਤਾਂ ਘਟ ਗਈਆਂ ਸਨ। ਅਰਥਸ਼ਾਸਤਰੀਆਂ ਮੁਤਾਬਕ ਇਹ ਵਾਧਾ ਅਸਥਾਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਹਿੰਗਾਈ ਦਰ ਵਿਚ ਬਿਹਤਰੀ ਆਵੇਗੀ।

ਪਰ ਅਗਸਤ ਦੇ ਅੰਕੜੇ ਇਸ ਗੱਲ ਦਾ ਸੰਕੇਤ ਜ਼ਰੁਰ ਹਨ ਕਿ ਮੁਲਕ ਵਿਚ ਰਹਿਣ-ਸਹਿਣ ਲਈ ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।

ਪੀਟ ਈਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ