1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

‘ਅਸਵੀਕਾਰਨਯੋਗ’ ਟਿੱਪਣੀਆਂ ਕਾਰਨ ਦੋ ਐਨਡੀਪੀ ਉਮੀਦਵਾਰਾਂ ਨੇ ਦਿੱਤਾ ਅਸਤੀਫ਼ਾ

ਉਮੀਦਵਾਰ ਉਨਟੇਰਿਉ ਅਤੇ ਨੋਵਾ ਸਕੋਸ਼ੀਆ ਦੀਆਂ ਰਾਇਡਿੰਗਜ਼ ਵਿਚ ਚੋਣ ਮੈਦਾਨ ‘ਚ ਸਨ

ਫ਼ੈਡਰਲ ਚੋਣਾਂ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਦੋ ਐਨਡੀਪੀ ਉਮੀਦਵਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਫ਼ੈਡਰਲ ਚੋਣਾਂ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਹੈ ਅਤੇ ਦੋ ਐਨਡੀਪੀ ਉਮੀਦਵਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਤਸਵੀਰ: (Adrian Wyld/The Canadian Press)

RCI

ਫ਼ੈਡਰਲ ਚੋਣਾਂ ਨੂੰ ਇੱਕ ਹਫ਼ਤੇ ਦਾ ਸਮਾਂ ਵੀ ਨਹੀਂ ਰਹਿ ਗਆ ਹੈ ਅਤੇ ਅਜਿਹੇ ਸਮੇਂ ਵਿਚ ਐਨਡੀਪੀ ਦੇ ਦੋ ਉਮੀਦਵਾਰ ਚੋਣ ਮੁਕਾਬਲੇ ਚੋਂ ਬਾਹਰ ਹੋ ਗਏ ਹਨ। ਐਨਡੀਪੀ ਨੇ ਦੱਸਿਆ ਹੈ ਕਿ ਐਂਟੀ-ਸੈਮਿਟਿਜ਼ਮ ਯਾਨੀ ਯਹੂਦੀ-ਵਿਰੋਧ ਬਾਰੇ ਹੋਰ ਜਾਨਣ ਅਤੇ ਸਿੱਖਣ ਦੇ ਵਾਅਦੇ ਨਾਲ ਦੋਵੇਂ ਉਮੀਦਵਾਰਾਂ ਨੇ ਆਪਣੇ ਅਹੁਦੇ ਤਿਆਗੇ ਹਨ।

ਯਹੂਦੀ-ਵਿਰੋਧ ਯਹੂਦੀ ਕੌਮ ਨਾਲ ਵਿਤਕਰਾ,ਨਫ਼ਰਤ ਜਾਂ ਪੱਖਪਾਤ ਕਰਨ ਨੂੰ ਆਖਦੇ ਹਨ ਅਤੇ ਇਸਨੂੰ ਨਸਲਵਾਦ ਦੀ ਇੱਕ ਕਿਸਮ ਮੰਨਿਆ ਜਾਂਦਾ ਹੈ। 

ਪਾਰਟੀ ਦੇ ਬੁਲਾਰੇ ਜੌਰਜ ਸੂਲ ਨੇ ਰੇਡਿਉ-ਕੈਨੇਡਾ ਨੂੰ ਦੱਸਿਆ, ਕਿ ਟੋਰੌਂਟੋ- ਸੇਂਟ ਪੌਲ ਰਾਇਡਿੰਗ ਤੋਂ ਐਨਡੀਪੀ ਉਮੀਦਵਾਰ ਸਿਡਨੀ ਕੋਲਜ਼ ਅਤੇ ਨੋਵਾ ਸਕੋਸ਼ੀਆ ਦੀ ਕੰਬਰਲੈਂਡ-ਕੋਲਚੈਸਟਰ ਰਾਇਡਿੰਗ ਤੋਂ ਉਮੀਦਵਾਰ ਡੈਨ ਔਸਬੌਰਨ, ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਰਹੇ ਹਨ ਅਤੇ ਪਾਰਟੀ ਉਹਨਾਂ ਦੇ ਇਸ ਫ਼ੈਸਲੇ ਦਾ ਸਮਰਥਨ ਕਰਦੀ ਹੈ। 

ਸੂਲ ਮੁਤਾਬਕ ਦੋਵੇਂ ਉਮੀਦਵਾਰਾਂ ਨੇ ਯਹੂਦੀ-ਵਿਰੋਧ ਨੂੰ ਹੋਰ ਸਮਝਣ ਅਤੇ ਜਾਨਣ ਦਾ ਵੀ ਅਹਿਦ ਕੀਤਾ ਹੈ। 

ਸਭ ਤੋਂ ਪਹਿਲਾਂ ਟੋਰੌਂਟੋ ਸਟਾਰ (ਨਵੀਂ ਵਿੰਡੋ) ਵਿਚ ਛਪੀ ਖ਼ਬਰ ਮੁਤਾਬਕ, ਸਿਡਨੀ ਕੋਲਜ਼ ਨੇ ਟਵਿੱਟਰ ‘ਤੇ ਦਾਅਵਾ ਕੀਤਾ ਸੀ ਕਿ ਲੰਘੀਆਂ ਸਰਦੀਆਂ ਦੌਰਾਨ ਯੂ ਐਸ ਵਿਚ ਲਾਪਤਾ ਹੋਈਆਂ ਕੋਵਿਡ ਵੈਕਸੀਨ ਡੋਜ਼ਾਂ ਲਈ ਕਿਸੇ ਤਰੀਕੇ ਇਜ਼ਰਾਇਲ ਜ਼ਿੰਮੇਵਾਰ ਸੀ। 

ਹਾਲਾਂਕਿ ਬਾਅਦ ਵਿਚ ਉਹਨਾਂ ਨੇ ਵੈਕਸੀਨ ਸਪਲਾਈ ਨੂੰ ਲੈਕੇ ਇਜ਼ਾਰਾਇਲ ਨਾਲ ਸਬੰਧਤ ਬੇਬੁਨਿਆਦ ਥਿਊਰੀਆਂ ਪੋਸਟ ਕਰਨ ਤੇ ਮੁਆਫ਼ੀ ਵੀ ਮੰਗੀ ਸੀ। ਉਹਨਾਂ ਕਿਹਾ ਸੀ ਕਿ ਆਮ ਯਹੂਦੀ-ਵਿਰੋਧ ਵਾਲਾ ਬਿੰਬ ਸਿਰਜਣ ਦੀ ਉਹਨਾਂ ਦੀ ਕੋਈ ਮੰਸ਼ਾ ਨਹੀਂ ਸੀ। 

ਔਸਬੌਰਨ ‘ਤੇ ਇਲਜ਼ਾਮ ਹੈ ਕਿ ਉਹਨਾਂ ਨੇ ਮਸ਼ਹੂਰ ਟੀਵੀ ਐਂਕਰ ਉਪਰਾਹ ਵਿਨਫ਼ਰੇ ਨੂੰ 2019 ਵਿਚ ਟਵੀਟ ਕਰਕੇ ਪੁੱਛਿਆ ਸੀ, "ਕੀ ਆਉਸ਼ਵਿਤਸ ਸੱਚ-ਮੁੱਚ ਕੋਈ ਜਗ੍ਹਾ ਸੀ”?

ਆਉਸ਼ਵਿਤਸ ਪੋਲੈਂਡ ਵਿਚ ਸਥਿਤ ਇੱਕ ਨਾਜ਼ੀ ਨਜ਼ਰਬੰਦੀ ਕੈਂਪ ਸੀ ਜਿਸ ਵਿਚ ਲੱਖਾਂ ਯਹੂਦੀਆਂ ਦੀ ਜਾਨ ਲੈ ਲਈ ਗਈ ਸੀ। 

ਔਸਬੌਰਨ ਨੇ ਇਸ ਹਫ਼ਤੇ, ਇੱਕ ਹੋਰ ਟਵਿੱਟਰ ਅਕਾਉਂਟ ਤੋਂ ਪੋਸਟ ਕਰਦਿਆਂ ਲਿਖਿਆ ਕਿ ਉਹਨਾਂ ਨੂੰ ਉਕਤ ਟਿੱਪਣੀ ਕੀਤੇ ਜਾਣਾ ਯਾਦ ਨਹੀਂ ; ਪਰ ਉਹਨਾਂ ਮੁਆਫ਼ੀ ਮੰਗੀ ਹੈ। 

ਉਹਨਾਂ ਕਿਹਾ, ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਆਉਸ਼ਵਿਤਸ ਦੀ ਭੂਮਿਕਾ ਅਤੇ ਘੱਲੂ-ਘਾਰੇ ਦਾ ਇਤਿਹਾਸ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਯਹੂਦੀ-ਵਿਰੋਧ ਦਾ ਵਿਰੋਧ ਹੋਣਾ ਚਾਹੀਦਾ ਹੈ ਅਤੇ ਇਹ ਰੋਕਿਆ ਜਾਣਾ ਚਾਹੀਦਾ ਹੈ। 

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇਹਨਾਂ ਟਿੱਪਣੀਆਂ ਨੂੰ "ਅਸਵੀਕਾਰਨਯੋਗ' ਆਖਿਆ ਹੈ।

ਬੁੱਧਵਾਰ ਸਵੇਰੇ ਉਨਟੇਰਿਉ ਦੇ ਐਸੈਕਸ ਵਿਚ ਚੋਣ ਮੁਹਿੰਮ ਦੌਰਾਨ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ, "ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਦੀਆਂ ਟਿੱਪਣੀਆਂ ਗ਼ਲਤ ਸਨ ਅਤੇ ਸਾਡੀ ਪਾਰਟੀ ਵਿਚ ਇਹਨਾਂ ਦੀ ਕੋਈ ਜਗ੍ਹਾ ਨਹੀਂ ਹੈ। ਇਸ ਮਾਮਲੇ ਵਿਚ ਸਹੀ ਫ਼ੈਸਲਾ ਲਿਆ ਗਿਆ ਹੈ"।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ