1. ਮੁੱਖ ਪੰਨਾ
 2. ਰਾਜਨੀਤੀ
 3. ਪ੍ਰਾਂਤਿਕ ਰਾਜਨੀਤੀ

ਉਨਟੇਰਿਉ ਸਰਕਾਰ ਵੱਲੋਂ ਸੂਬੇ ਵਿਚ ਸ਼ੁਰੂ ਹੋਣ ਵਾਲੇ ਵੈਕਸੀਨ ਪਾਸਪੋਰਟ ਸਿਸਟਮ ਦੇ ਹੋਰ ਵੇਰਵੇ ਜਾਰੀ

22 ਸਤੰਬਰ ਤੋਂ ਵੈਕਸੀਨ ਪ੍ਰਮਾਣ ਦਿਖਾਉਣਾ ਜ਼ਰੂਰੀ

ਉਨਟੇਰਿਉ ਵਿਚ 22 ਸਤੰਬਰ 2021 ਤੋਂ ਸ਼ੁਰੂ ਹੋ ਰਹੇ ਵੈਕਸੀਨ ਪਾਸਪੋਰਟ ਸਿਸਟਮ ਅਧੀਨ ਲੋਕਾਂ ਲਈ ਕਈ ਗ਼ੈਰ-ਜ਼ਰੂਰੀ ਦਾਇਰੇ ਵਿਚ ਆਉਣ ਵਾਲੀਆਂ ਥਾਂਵਾਂ ਤੇ ਜਾਣ ਲੱਗਿਆਂ ਆਪਣੇ ਟੀਕਾਕਰਨ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ।

ਉਨਟੇਰਿਉ ਵਿਚ 22 ਸਤੰਬਰ 2021 ਤੋਂ ਸ਼ੁਰੂ ਹੋ ਰਹੇ ਵੈਕਸੀਨ ਪਾਸਪੋਰਟ ਸਿਸਟਮ ਅਧੀਨ ਲੋਕਾਂ ਲਈ ਕਈ ਗ਼ੈਰ-ਜ਼ਰੂਰੀ ਦਾਇਰੇ ਵਿਚ ਆਉਣ ਵਾਲੀਆਂ ਥਾਂਵਾਂ ਤੇ ਜਾਣ ਲੱਗਿਆਂ ਆਪਣੇ ਟੀਕਾਕਰਨ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ।

ਤਸਵੀਰ: (Lars Hagberg/The Canadian Press)

RCI

ਉਨਟੇਰਿਉ ਸਰਕਾਰ ਵੱਲੋਂ ਸੂਬੇ ਵਿਚ 22 ਸਤੰਬਰ ਤੋਂ ਲਾਗੂ ਹੋਣ ਵਾਲੀ ਵੈਕਸੀਨ ਪ੍ਰਮਾਣ ਪ੍ਰਣਾਲੀ ਦੇ ਕੁਝ ਹੋਰ ਵੇਰਵੇ ਜਾਰੀ ਕੀਤੇ ਗਏ ਹਨ। 

ਇਸ ਨਵੇਂ ਸਿਸਟਮ ਅਧੀਨ ਜਿਹੜੀਆਂ ‘ਵਧੇਰੇ ਖ਼ਤਰੇ’ ਵਾਲੀਆਂ ਇੰਡੋਰ ਥਾਂਵਾਂ ‘ਤੇ ਹਰ ਸਮੇਂ ਮਾਸਕ ਪਹਿਨੇ ਰੱਖਣਾ ਮੁਮਕਿਨ ਨਹੀਂ ਹੈ, ਉੱਥੇ ਵੈਕਸੀਨ ਸਰਟੀਫ਼ਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ। ਸੂਬਾ ਸਰਕਾਰ ਵੱਲੋਂ ਸੋਧ ਕੀਤੀ ਨਵੀਂ ਸੂਚੀ ਅਧੀਨ ਹੇਠ ਲਿਖੀਆਂ ਥਾਂਵਾਂ 'ਤੇ ਵੈਕਸੀਨ ਪ੍ਰਮਾਣ ਦੇਣਾ ਜ਼ਰੂਰੀ ਹੋਵੇਗਾ।

 • ਰੈਸਟੋਰੈਂਟ ਅਤੇ ਬਾਰ ( ਪੈਟਿਉ, ਡਿਲਿਵਰੀ ਅਤੇ ਟੇਕ-ਆਉਟ ਨੂੰ ਛੱਡਕੇ)

 • ਨਾਇਟਕਲੱਬ, ਇਸ ਵਿਚ ਆਉਟਡੋਰ ਥਾਂਵਾਂ ਵੀ ਸ਼ਾਮਲ ਹਨ

 • ਬੈਂਕੇਟ ਹਾਲ, ਕਨਵੈਂਸ਼ਨ ਸੈਂਟਰ

 • ਜਿਮ ਅਤੇ ਸਪੋਰਟਸ ਫ਼ੈਸਿਲਟੀਜ਼

 • ਖੇਡ ਆਯੋਜਨ

 • ਕਸੀਨੋ, ਬਿੰਗੋ ਬਾਲ ਅਤੇ ਹੋਰ ਗੇਮ ਦੀਆਂ ਥਾਂਵਾਂ

 • ਮਿਉਜ਼ਿਕ ਫ਼ੈਸਟਿਵਲ, ਥੀਏਟਰ, ਸਿਨੇਮਾ, ਕੰਸਟਰਸ

 • ਸਟ੍ਰਿਪ ਕਲੱਬ, ਸੈਕਸ ਕਲੱਬ, ਬਾਥ ਹਾਉਸ

 • ਰੇਸਿੰਗ ਵਾਲੀਆਂ ਥਾਂਵਾਂ

 • ਵਾਟਰ ਪਾਰਕਸ ਦੀਆਂ ਇੰਡੋਰ ਥਾਂਵਾਂ

 • ਕਮਰਸ਼ੀਅਲ ਟੀਵੀ ਦੀਆਂ ਥਾਂਵਾਂ, ਜਿੱਥੇ ਸਟੂਡਿਉ ਵਿਚ ਮੌਜੂਦ ਸਰੋਤਿਆਂ/ਦਰਸ਼ਕਾਂ ਨੂੰ ਗਾਹਕ ਮੰਨਿਆ ਜਾਵੇਗਾ ਅਤੇ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਹੋਣਾ ਜ਼ਰੂਰੀ ਹੈ। 

ਉਕਤ ਸੂਚੀ ਨਾਲ ਸਬੰਧਤ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਲੋਕਾਂ ਦੀਆਂ ਵੈਕਸੀਨ ਰਸੀਦਾਂ ਦੀ, ਉਹਨਾਂ ਦੀ ਸ਼ਨਾਖ਼ਤ (ਡਰਾਇਵਰਜ਼ ਲਾਇਸੈਂਸ, ਪਾਸਪੋਰਟ ਜਾਂ ਜਨਮ ਪ੍ਰਮਾਣ ਪੱਤਰ ਰਾਹੀਂ) ਨਾਲ ਤਸਦੀਕ ਕਰਨੀ ਹੋਵੇਗੀ ਅਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਲੋੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੋਏ ਨੂੰ 14 ਦਿਨ ਹੋ ਗਏ ਹੋਣ। 

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਹਫ਼ਤੇ ਤੋਂ ਹੀ ਸੂਬਾਈ ਅਧਿਕਾਰੀ ਕਾਰੋਬਾਰਾਂ ਅਤੇ ਸੰਸਥਾਂਵਾਂ ਦਾ ਦੌਰਾ ਕਰਨਗੇ ਤਾਂਕਿ ਇਸ ਨਵੀਂ ਪ੍ਰਣਾਲੀ ਬਾਰੇ ਜਾਗਰੂਕਤਾ ਫ਼ੈਲਾਅ ਸਕਣ। 

ਅਧਿਕਾਰੀਆਂ ਮੁਤਾਬਕ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰਾਂ ਅਤੇ ਲੋਕਾਂ ਖ਼ਿਲਾਫ਼ ਦੋਸ਼ ਆਇਦ ਹੋ ਸਕਦੇ ਹਨ ਅਤੇ ਜੁਰਮਾਨੇ ਵੀ ਕੀਤੇ ਜਾ ਸਕਦੇ ਹਨ। 

ਕੁਝ ਛੋਟਾਂ ਮੌਜੂਦ

ਪਰ ਅਧੀਕਾਰੀਆਂ ਮੁਤਾਬਕ ਹੇਠਾਂ ਦਰਜ ਸਥਿਤੀਆਂ ਵਿਚ ਕੁਝ ਛੋਟਾਂ ਵੀ ਦਿੱਤੀਆਂ ਗਈਆਂ ਹਨ :

 • ਜੇ ਕੋਈ ਸ਼ਖ਼ਸ ਸਿਰਫ਼ ਵਾਸ਼ਰੂਮ ਦਾ ਇਸਤੇਮਾਲ ਕਰਨ ਲਈ,ਕਿਸੇ ਔਰਡਰ ਦਾ ਭੁਗਤਾਨ ਕਰਨ ਲਈ ਜਾਂ ਕਿਸੇ ਆਉਟਡੋਰ ਥਾਂ ਤੇ ਜਾਣ ਲਈ ਇੰਡੋਰ ਥਾਂ ਤੇ ਜਾਵੇ, ਜਿੱਥੇ ਆਉਟਡੋਰ ਥਾਂ ਲਈ ਇੰਡੋਰ ਰਸਤੇ ਚੋਂ ਹੋ ਕੇ ਜਾਣਾ ਪੈਂਦਾ ਹੋਵੇ।
 • ਜਦੋਂ ਕੋਈ ਸ਼ਖ਼ਸ ਕੋਈ ਔਰਡਰ ਪਿਕ-ਅਪ ਕਰਨ ਲਈ (ਜਿਸ ਵਿਚ ਘੋੜਿਆਂ ਦੇ ਰੇਸ ਟ੍ਰੈਕ ਤੇ ਸੱਟਾ ਲਗਾਉਣ ਜਾਂ ਜਿੱਤ ਦੀ ਰਾਸ਼ੀ ਪ੍ਰਾਪਤ ਕਰਨਾ ਸ਼ਾਮਲ ਹੈ), ਕੋਈ ਰਿਟੇਲ ਖ਼ਰੀਦ ਲਈ ਜਾਂ 'ਸਿਹਤ ਅਤੇ ਸੁਰੱਖਿਆ ਲਈ ਜ਼ਰੂਰੀ' ਉਦੇਸ਼ ਲਈ ਕਿਸੇ ਇੰਡੋਰ ਥਾਂ ਤੇ ਜਾਵੇ। 
 • 12 ਸਾਲ ਤੋਂ ਘੱਟ ਉਮਰ ਦੇ ਬੱਚੇ
 • 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਜੋ ਕਿਸੇ ਰੈਕਰੇਸ਼ਨਲ ਫ਼ੈਸਿਲਟੀ ਦੀ ਇੰਡੋਰ ਥਾਂ ‘ਤੇ ਕਿਸੇ ਸੰਗਠਿਤ ਸਪੋਰਟਸ ਵਿਚ ਹਿੱਸਾ ਲੈਣ ਲਈ ਦਾਖ਼ਲ ਹੋ ਰਹੇ ਹੋਣ
 • ਵਿਆਹ, ਸੰਸਕਾਰ ਜਾਂ ਰਸਮਾਂ, ਜਦੋਂ ਸ਼ਾਮਲ ਹੋਣ ਵਾਲਾ ਸ਼ਖ਼ਸ ਕਿਸੇ ਹੋਰ ਸਬੰਧਤ ਸਮਾਜਿਕ ਇਕੱਠ ਵਿਚ ਸ਼ਾਮਲ ਨਾ ਹੋ ਰਿਹਾ ਹੋਵੇ (ਜਿਵੇਂ ਕਿ, ਵਿਆਹ ਤੋਂ ਬਾਅਦ ਰਿਸੈਪਸ਼ਨ ਦਾ ਆਯੋਜਨ)
 • ਜਿਹਨਾਂ ਲੋਕਾਂ ਕੋਲ ਕਿਸੇ ਡਾਕਟਰ ਜਾਂ ਨਰਸ ਕੋਲੋਂ ਲਿਖਤੀ ਰੂਪ ਵਿਚ ਤਸਦੀਕ ਕੀਤਾ ਦਸਤਾਵੇਜ਼ ਹੋਵੇ ਕਿ ਉਹਨਾਂ ਨੂੰ ਮੈਡਿਕਲ ਕਾਰਨਾਂ ਕਰਕੇ ਛੋਟ ਦਿੱਤੀ ਗਈ ਹੈ। 

ਪ੍ਰੈਸ ਕਾਨਫ਼ਰੰਸ ਵਿਚ ਸੂਬੇ ਦੇ ਚੀਫ਼ ਮੈਡਿਕਲ ਔਫ਼ਿਸਰ ਡਾ ਮੂਰ ਨੂੰ ਇਹ ਸੁਆਲ ਵੀ ਪੁੱਛਿਆ ਗਿਆ ਕਿ ਵਾਸ਼ਰੂਮ ਇਸਤੇਮਾਲ ਕਰਨ ਜਾਂ ਬਿਲ ਦਾ ਭੁਗਤਾਨ ਕਰਨ ਲਈ ਬਿਨਾ ਵੈਕਸੀਨ ਵਾਲੇ ਸ਼ਖ਼ਸ ਨੂੰ ਇੰਡੋਰ ਥਾਂ ‘ਤੇ ਇਜਾਜ਼ਤ ਦੇਣ ਦਾ ਕੀ ਕਾਰਨ ਹੈ, ਤਾਂ ਉਹਨਾਂ ਕਿਹਾ ਕਿ ਇਸ ਨੂੰ ‘ਵੱਧ ਖ਼ਤਰੇ’ ਵਾਲਾ ਸੰਪਰਕ ਨਹੀਂ ਮੰਨਿਆ ਗਿਆ ਹੈ। 

ਨਿਯਮ ਇਸ ਧਾਰਨਾ ‘ਤੇ ਆਧਾਰਤ ਹਨ ਕਿ ਬਿਨਾ ਵੈਕਸੀਨ ਵਾਲੇ ਲੋਕਾਂ ਨੇ ਮਾਸਕ ਪਹਿਨਿਆ ਹੋਣਾ ਅਤੇ ਉਹ 15 ਮਿੰਟ ਤੋਂ ਵੱਧ ਦਾ ਸਮਾਂ ਇੰਡੋਰ ਨਹੀਂ ਗੁਜ਼ਾਰਨਗੇ। 15 ਮਿੰਟ ਤੋਂ ਘੱਟ ਸਮੇਂ ਵਾਲੇ ਸੰਪਰਕ ਨੂੰ ਹਾਈ-ਰਿਸਕ ਕੌਂਟੈਕਟ ਨਹੀਂ ਮੰਨਿਆ ਜਾਂਦਾ। 

ਨਵੀਂ ਪ੍ਰਣਾਲੀ ਅਧੀਨ, ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਉਨਟੇਰਿਅਨਜ਼ ਨੂੰ ਉਕਤ ਕਾਰੋਬਾਰਾਂ ਅਤੇ ਸੰਸਥਾਂਵਾਂ ਵਿਚ ਦਾਖ਼ਲ ਹੋਣ ਲੱਗਿਆਂ, ਆਪਣੀ ਵੈਕਸੀਨੇਸ਼ਨ ਦੀ ਰਸੀਦ, ਇਕ ਫ਼ੋਟੋ ਵਾਲੀ ਸ਼ਨਾਖ਼ਤ ਦੇ ਨਾਲ ਦਿਖਾਉਣੀ ਹੋਵੇਗੀ। 

ਜਿਹਨਾਂ ਕੋਲ ਹਰੇ ਰੰਗ ਦਾ ਫ਼ੋਟੋ ਵਾਲਾ ਉਹਿਪ ਹੈਲਥ ਕਾਰਡ (OHIP card) ਹੈ, ਉਹ ਸਰਕਾਰੀ ਵੈਬਸਾਇਟ (ਨਵੀਂ ਵਿੰਡੋ) ‘ਤੇ ਜਾਕੇ ਆਪਣੀਆਂ ਰਸੀਦਾਂ ਡਾਉਨਲੋਡ ਕਰ ਸਕਦੇ ਹਨ। ਲਾਲ ਅਤੇ ਚਿੱਟੇ ਹੈਲਥ ਕਾਰਡ ਵਾਲੇ ਇਸ ਸਬੰਧ ਵਿਚ 1-833-943-3900 ‘ਤੇ ਫ਼ੋਨ ਕਰ ਸਕਦੇ ਹਨ। 

ਜਿਹਨਾਂ ਲੋਕਾਂ ਨੇ ਸੂਬੇ ਤੋਂ ਬਾਹਰ ਆਪਣੀ ਪਹਿਲਾਂ ਜਾਂ ਦੂਸਰੀ ਡੋਜ਼ ਲਈ ਹੈ , ਉਹਨਾਂ ਨੂੰ ਮੁਕੰਮਲ ਦਸਤਾਵੇਜ਼ਾਂ ਲਈ ਆਪਣੇ ਲੋਕਲ ਹੈਲਥ ਯੂਨਿਟ ਨਾਲ ਸੰਪਰਕ ਕਰਨ ਲਈ ਆਖਿਆ ਗਿਆ ਹੈ। 

ਇੱਕ ਮਹੀਨੇ ਬਾਅਦ ਯਾਨੀ 22 ਅਕਤੂਬਰ ਤੋਂ ਉਨਟੇਰੀਅਨਜ਼ ਨੂੰ ਸਰਕਾਰ ਵੱਲੋਂ ਜਾਰੀ ਵੈਕਸੀਨ ਪ੍ਰਮਾਣ ਦਿਖਾਉਣਾ ਹੋਵੇਗਾ। ਸਰਕਾਰੀ ਪ੍ਰਮਾਣ ਪੱਤਰ ਇੱਕ ਕੁਇਕ ਰਿਸਪੌਂਸ (QR) ਕੋਡ ਦੇ ਜ਼ਰੀਏ ਫ਼ੋਨ ਰਾਹੀਂ ਵੀ ਸਕੈਨ ਕੀਤਾ ਜਾ ਸਕੇਗਾ ਅਤੇ ਇਸ ਦਾ ਕਾਗ਼ਜ਼ੀ ਪ੍ਰਮਾਣ ਵੀ ਪ੍ਰਾਪਤ ਕੀਤਾ ਜਾ ਸਕੇਗਾ। ਇਸ ਬਾਬਤ ਇੱਕ ਮੁਫ਼ਤ ਐਪ ਵੀ ਲੌਂਚ ਕੀਤੀ ਜਾ ਰਹੀ ਹੈ ਜਿਸ ਰਾਹੀਂ ਬਿਜ਼ਨਸੇਜ਼ ਅਤੇ ਹੋਰ ਅਦਾਰੇ ਕਿਸੇ ਦੇ ਵੈਕਸੀਨੇਟੇਡ ਹੋਣ ਜਾਂ ਨਾ ਹੋਣ ਦੀ ਤਸਦੀਕ ਕਰ ਸਕਣਗੇ।

ਅਸੋਸੀਏਟ ਮਿਨਿਸਟਰ ਔਫ਼ ਡਿਜਿਟਲ ਗਵਰਨਮੈਂਟ ਕਲੀਦ ਰਸ਼ੀਦ ਨੇ ਕਿਹਾ ਹੈ ਕਿ 22 ਅਕਤੂਬਰ ਤੋਂ ਬਾਅਦ ਵੀ ਲੋਕ ਪ੍ਰਿੰਟ ਕੀਤੀਆਂ ਰਸੀਦਾਂ ਦਾ ਇਸਤੇਮਾਲ ਵੀ ਜਾਰੀ ਰੱਖ ਸਕਦੇ ਹਨ। 

ਮਿਨਿਸਟਰ ਰਸ਼ੀਦ ਨੇ ਕਿਹਾ, ‘ਤੁਹਾਡੀ ਜਾਣਕਾਰੀ , ਐਪ ਵਿਚ ਕਿਤੇ ਵੀ ਸਟੋਰ ਨਹੀਂ ਕੀਤੀ ਜਾਵੇਗੀ, ਇਸ ਵਿਚ ਵੈਕਸੀਨੇਸ਼ਨ ਦੀ ਤਸਦੀਕ ਕਰਨ ਲਈ ਲੋੜੀਂਦੀ ਘੱਟ ਤੋਂ ਘੱਟ ਜਾਣਕਾਰੀ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਤੁਹਾਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਦੇਣਾ ਆਸਾਨ ਤੇ ਸੁਰੱਖਿਅਤ ਹੋਵੇਗਾ”।

ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਦੱਸਿਆ ਕਿ ਨਵੇਂ ਨਿਯਮਾਂ ਦੀ ਪਾਲਣਾ ਨੂੰ ਸੁਨਿਸ਼ਚਿਤ ਕਰਨ ਲਈ ਬਾਏ-ਲੌ ਐਨਫ਼ੋਰਸਮੈਂਟ ਅਧਿਕਾਰੀ ਕਾਰੋਬਾਰਾਂ ਅਤੇ ਸੰਸਥਾਵਾਂ ਦਾ ਜਾਇਜ਼ਾ ਲੈਂਦੇ ਰਹਿਣਗੇ। ਉਹਨਾਂ ਕਿਹਾ ਕਿ ਜੇ ਕੋਈ ਵੀ ਬਿਜ਼ਨਸ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਲੱਗਿਆਂ ਕਿਸੇ ਤੋਂ ਕੋਈ ਖ਼ਤਰਾ ਮਹਿਸੂਸ ਕਰੇ ਤਾਂ ਉਹ 911 ਤੇ ਕਾਲ ਕਰ ਸਕਦਾ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ