1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਚੋਣਾਂ : ਜਾਣੋ ਕੀ ਨੇ ਕਨੇਡੀਅਨ ਨੌਜਵਾਨਾਂ ਦੇ ਮੁੱਦੇ

ਪਿੱਛਲੀਆਂ ਚੋਣਾਂ ਦੌਰਾਨ ਬਾਕੀ ਉਮਰ ਵਰਗ ਨਾਲੋਂ ਘੱਟ ਸੀ ਨੌਜਵਾਨਾਂ ਦੀ ਵੋਟਿੰਗ ਦਰ

ਇਸ ਵਾਰ ਦੀਆਂ ਚੋਣਾਂ ਦੌਰਾਨ ਕੈਂਪਸ 'ਤੇ ਵੋਟਾਂ ਨਾ ਪੈਣ ਕਰਕੇ ਲੱਖਾਂ ਹੀ ਨੌਜਵਾਨ ਵਿਦਿਆਰਥੀ ਨਿਰਾਸ਼ ਹਨ I

ਇਸ ਵਾਰ ਦੀਆਂ ਚੋਣਾਂ ਦੌਰਾਨ ਕੈਂਪਸ 'ਤੇ ਵੋਟਾਂ ਨਾ ਪੈਣ ਕਰਕੇ ਲੱਖਾਂ ਹੀ ਨੌਜਵਾਨ ਵਿਦਿਆਰਥੀ ਨਿਰਾਸ਼ ਹਨ I

ਤਸਵੀਰ: CBC / Alvin Yu

Sarbmeet Singh

ਕੈਨੇਡਾ ਵਿੱਚ ਫ਼ੈਡਰਲ ਚੋਣਾਂ ਨਜ਼ਦੀਕ ਆ ਰਹੀਆਂ ਹਨ I ਵੱਖ- ਵੱਖ ਪਾਰਟੀਆਂ ਵੱਲੋਂ ਜਿੱਤ ਲਈ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ I ਜੇਕਰ 2019 ਦੀਆਂ ਫ਼ੈਡਰਲ ਚੋਣ ਦੀ ਗੱਲ ਕਰੀਏ ਤਾਂ ਨੌਜਵਾਨਾਂ ਦੀ ਵੋਟਿੰਗ ਦਰ ਬਾਕੀ ਉਮਰ ਵਰਗਾਂ ਦੇ ਮੁਕਾਬਲੇ ਘੱਟ ਸੀ I ਇਲੈਕਸ਼ਨਜ਼ ਕੈਨੇਡਾ ਦੇ ਅੰਕੜਿਆਂ ਮੁਤਾਬਿਕ 18-24 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਵੋਟਿੰਗ ਦਰ 53 .9 ਫ਼ੀਸਦੀ ਸੀ ਜਦਕਿ 25 -34 ਸਾਲ ਉਮਰ ਵਰਗ ਦੀ ਵੋਟਿੰਗ ਦਰ 58 .4 ਫ਼ੀਸਦੀ ਸੀ I 65 -74 ਸਾਲ ਉਮਰ ਵਰਗ ਦੇ ਵਿਅਕਤੀਆਂ ਦੀ ਵੋਟਿੰਗ ਦਰ ਸਭ ਤੋਂ ਜਿਆਦਾ 79.1 ਫ਼ੀਸਦੀ ਦਰਜ ਕੀਤੀ ਗਈ ਸੀ I ਜਾਣੋ ਕੁਝ ਅਜਿਹੇ ਮੁੱਦੇ ਜੋ ਇਹਨਾਂ ਚੋਣਾਂ ਦੌਰਾਨ ਕਨੇਡੀਅਨ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ I

ਕਿਫ਼ਾਇਤੀ ਪੜਾਈ : 12 ਵੀਂ ਜਮਾਤ ਤੋਂ ਬਾਅਦ ਅਗਲੇਰੀ ਪੜਾਈ ਦਾ ਕਿਫ਼ਾਇਤੀ ਹੋਣਾ ਕਨੇਡੀਅਨ ਨੌਜਵਾਨਾਂ ਲਈ ਫ਼ੈਡਰਲ ਚੋਣਾਂ ਦੌਰਾਨ ਇਕ ਵੱਡਾ ਮੁੱਦਾ ਹੈ I ਕਨੇਡੀਅਨ ਅਲਾਇੰਸ ਆਫ਼ ਸਟੂਡੈਂਟ ਅਸੋਸੀਏਸ਼ਨਜ਼ ਦੀ ਚੇਅਰ ਮਾਰਲੇ ਗਿਲੀਜ਼ ਨੇ ਕਿਹਾ ਕਿਫ਼ਾਇਤੀ ਪੜਾਈ ਇਕ ਵੱਡਾ ਚੁਣਾਵੀ ਮੁੱਦਾ ਹੈ I  ਮਹਿੰਗੀਆਂ ਫ਼ੀਸਾਂ ਵਿਦਿਆਰਥੀਆਂ ਦੇ ਪੜਾਈ ਜਾਰੀ ਰੱਖਣ ਵਿੱਚ ਰੁਕਾਵਟ ਹਨ I ਅਲਾਇੰਸ ਆਫ਼ ਬੀ ਸੀ ਸਟੂਡੈਂਟਸ ਤੋਂ ਅਰੰਨਿਆ ਚੈਟਰੈਂਡ ਅਤੇ ਜੇਰੇਮੀ ਲਾਅ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੋਰ ਫੰਡਿੰਗ ਦਿੱਤੇ ਜਾਣ ਦੀ ਲੋੜ ਹੈ I  ਅਰੰਨਿਆ ਨੇ ਕਿਹਾ ਵਿਦਿਆਰਥੀਆਂ ਵੱਲੋਂ ਪੜਾਈ ਲਈ ਲਏ ਲੋਨ 'ਤੇ ਕੋਈ ਵਿਆਜ ਨਹੀਂ ਹੋਣਾ ਚਾਹੀਦਾ I

ਇਸ ਮੁੱਦੇ ਬਾਰੇ ਐਨਡੀਪੀ ਬਾਕੀ ਪਾਰਟੀਆਂ ਤੋਂ ਅੱਗੇ ਨਜ਼ਰ ਆਉਂਦੀ ਹੈ I  ਐਨਡੀਪੀ ਵੱਲੋਂ ਵਿਦਿਆਰਥੀਆਂ ਨੂੰ ਬਿਨ੍ਹਾਂ ਵਿਆਜ ਲੋਨ , ਯੂਨੀਵਰਿਸਟੀ ਅਤੇ ਕਾਲਜਾਂ ਦੀਆਂ ਫ਼ੀਸਾਂ 'ਤੇ ਰੋਕ ਲਗਾਉਣ ਅਤੇ ਹੋਰ ਗ੍ਰਾਂਟਾ ਦੀ ਗੱਲ ਆਖੀ ਜਾ ਰਹੀ ਹੈ I  ਲਿਬਰਲਜ਼ ਵੱਲੋਂ ਸਟੂਡੈਂਟ ਲੋਨ 'ਤੇ 2 ਸਾਲਾਂ ਤੱਕ ਕੋਈ ਵਿਆਜ ਨਾ ਲਗਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ I  ਲਿਬਰਲਜ਼ ਦੇ ਪਲੈਟਫ਼ੌਰਮ ਮੁਤਾਬਿਕ ਪੜਾਈ ਲਈ ਸਟੂਡੈਂਟ ਲੋਨ ਲੈ ਚੁੱਕੇ ਮਾਪੇ ਆਪਣੇ ਬੱਚੇ ਦੇ 5 ਸਾਲ ਤੱਕ ਦਾ ਹੋਣ 'ਤੇ ਬਿਨ੍ਹਾਂ ਵਿਆਜ ਦੇ ਕਿਸ਼ਤਾਂ ਰੋਕ ਸਕਣਗੇ I  ਕੰਜ਼ਰਵੇਟਿਵਜ਼ ਵੱਲੋਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲੈਨ ਵਿੱਚ ਸਰਕਾਰੀ ਇਮਦਾਦ ਵਧਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ I

ਮਾਰਲੇ ਗਿਲੀਜ਼, ਚੇਅਰ , ਕਨੇਡੀਅਨ ਅਲਾਇੰਸ ਆਫ਼ ਸਟੂਡੈਂਟ ਅਸੋਸੀਏਸ਼ਨਜ਼

ਮਾਰਲੇ ਗਿਲੀਜ਼, ਚੇਅਰ , ਕਨੇਡੀਅਨ ਅਲਾਇੰਸ ਆਫ਼ ਸਟੂਡੈਂਟ ਅਸੋਸੀਏਸ਼ਨਜ਼

ਤਸਵੀਰ: ਧੰਨਵਾਦ ਸਾਹਿਤ ਮਾਰਲੇ ਗਿਲੀਜ਼

ਨੌਕਰੀਆਂ : ਕੋਵਿਡ -19 ਤੋਂ ਬਾਅਦ ਨੌਕਰੀਆਂ ਵਿੱਚ ਹੋਈ ਕਟੌਤੀ ਨੂੰ ਲੈ ਕੇ ਕਨੇਡੀਅਨ ਨੌਜਵਾਨ ਫ਼ਿਕਰਮੰਦ ਹਨ I  ਮਾਰਲੇ ਗਿਲੀਜ਼ ਨੇ ਕਿਹਾ ਸਾਡੀ ਮੰਗ ਹੈ ਕਿ ਜਦੋਂ ਵਿਦਿਆਰਥੀ ਪੜ ਰਹੇ ਹੋਣ ਓਦੋਂ ਹੀ ਉਹਨਾਂ ਲਈ ਕਾਲਜਾਂ ਵਿੱਚ ਹੀ ਕੁਝ ਨੌਕਰੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਕੁਝ ਪੈਸੇ ਕਮਾਉਣ ਦੇ ਨਾਲ ਨਾਲ ਤਜ਼ਰਬਾ ਹਾਸਲ ਕਰ ਸਕਣ I ਕਿਊਬੈਕ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਐਕਟਿੰਗ ਪ੍ਰੋਗਰਾਮ ਕਰਨ ਆਈ ਵਿਦਿਆਰਥਣ ਕੈਥ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਪਣੀਆਂ ਫ਼ੀਸਾਂ ਅਤੇ ਪੜਾਈ ਸੰਬੰਧੀ ਹੋਰ ਖਰਚਿਆ ਲਈ ਨਾਲ ਨਾਲ ਕੰਮ ਕਰਨਾ ਪੈਂਦਾ ਹੈ I  ਨੌਜਵਾਨਾਂ ਦੀ ਮੰਗ ਹੈ ਕਿ ਸਰਕਾਰਾਂ ਨੂੰ  ਨੌਜਵਾਨਾਂ ਦੇ ਪੜਾਈ ਦੇ ਖ਼ੇਤਰ ਵਿੱਚ ਹੀ ਨੌਕਰੀਆਂ ਪ੍ਰਦਾਨ ਕਰਨ ਸਬੰਧੀ ਹੋਰ ਕੰਮ ਕਰਨ ਦੀ ਲੋੜ ਹੈ I

ਲਿਬਰਲ ਪਾਰਟੀ ਰੁਜ਼ਗਾਰ , ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਲਿਆਉਣ ਅਤੇ ਕੋਵਿਡ ਰਿਕਵਰੀ ਹਾਇਰਿੰਗ ਪ੍ਰੋਗਰਾਮ ਨੂੰ 31 ਮਾਰਚ 2022 ਤੱਕ ਵਧਾਉਣ ਦਾ ਵਾਅਦਾ ਕਰ ਰਹੀ ਹੈ I ਕੰਜ਼ਰਵੇਟਿਵਜ਼ ਵੱਲੋਂ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਸਮਾਪਤ ਹੁੰਦਿਆਂ ਹੀ ਨੌਕਰਿਆਂ ਤੇ ਨਵੇਂ ਰੱਖੇ ਗਏ ਕਾਮਿਆਂ ਦੀ ਤਨਖ਼ਾਹ ਵਾਸਤੇ 50 ਫ਼ੀਸਦੀ ਤੱਕ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਗਈ ਹੈ I ਉਧਰ ਐਨਡੀਪੀ ਨੇ ਇਕ ਮਿਲੀਅਨ ਨੌਕਰੀਆਂ ਅਤੇ ਘੱਟੋ ਘੱਟ ਤਨਖ਼ਾਹ 20 ਡਾਲਰ ਪ੍ਰਤੀ ਘੰਟਾ ਕਰਨ ਦਾ ਵਾਅਦਾ ਕੀਤਾ ਹੈ I

ਇਹ ਵੀ ਪੜੋ :

ਕੈਂਪਸ 'ਤੇ ਵੋਟਾਂ : ਇਸ ਵਾਰ ਦੀਆਂ ਚੋਣਾਂ ਦੌਰਾਨ ਕੈਂਪਸ 'ਤੇ ਵੋਟਾਂ ਨਾ ਪੈਣ ਕਰਕੇ ਲੱਖਾਂ ਹੀ ਨੌਜਵਾਨ ਵਿਦਿਆਰਥੀ ਨਿਰਾਸ਼ ਹਨ I 2015 ਦੀਆਂ ਚੋਣਾਂ ਦੌਰਾਨ ਇਲੈਕਸ਼ਨਜ਼ ਕੈਨੇਡਾ ਵੱਲੋਂ ਕੈਂਪਸ 'ਤੇ ਹੀ ਵੋਟਾਂ ਪਵਾਉਣ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ I  ਇਸ ਸਦਕਾ 18 ਤੋਂ 24 ਸਾਲ ਉਮਰ ਵਰਗ ਦੇ ਨੌਜਵਾਨਾਂ ਦੀ ਵੋਟਿੰਗ ਦਰ ਵਿੱਚ 18. 3 ਪ੍ਰੀਤਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਸੀ I  ਨੌਜਵਾਨਾਂ ਵੱਲੋਂ ਕੈਂਪਸ 'ਤੇ ਵੋਟਾਂ ਨਾ ਪੈਣ ਨੂੰ ਡੈਮੋਕ੍ਰੇਸੀ ਲਈ ਖ਼ਤਰਾ ਕਰਾਰ ਦਿੱਤਾ ਜਾ ਰਿਹਾ ਹੈ I  ਸਿਆਸੀ ਮਾਹਰ ਨੌਜਵਾਨਾਂ ਦੀ ਵੋਟਿੰਗ ਫ਼ੀਸਦ ਘਟਣ ਦਾ ਖ਼ਦਸ਼ਾ ਜ਼ਾਹਰ ਕਰ ਰਹੇ ਹਨ I  20 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਇਲੈਕਸ਼ਨਜ਼ ਕੈਨੇਡਾ ਨੂੰ ਕੈਂਪਸ 'ਤੇ ਵੋਟਾਂ ਪਵਾਉਣ ਲਈ ਜ਼ੋਰ ਪਾਉਂਦਿਆਂ ਇਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ I

ਜੇਰੇਮੀ ਲਾਅ , ਵਿਦਿਆਰਥੀ , ਕਵਾਂਟਲਿਨ ਪੌਲੀਟੈਕਨਿਕ ਯੂਨੀਵਰਿਸਟੀ

ਜੇਰੇਮੀ ਲਾਅ , ਵਿਦਿਆਰਥੀ , ਕਵਾਂਟਲਿਨ ਪੌਲੀਟੈਕਨਿਕ ਯੂਨੀਵਰਿਸਟੀ

ਤਸਵੀਰ: ਧੰਨਵਾਦ ਸਾਹਿਤ ਜੇਰੇਮੀ ਲਾਅ

ਇੰਟਰਨੈਟ : ਮਹਿੰਗੇ ਇੰਟਰਨੈਟ ਬਿੱਲ ਵੀ ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿੱਚ ਇਕ ਵੱਡਾ ਚੁਣਾਵੀ ਮੁੱਦਾ ਬਣਿਆ ਹੋਇਆ ਹੈ I  ਭਾਵੇਂ ਕਿ ਇਹ ਹਰ ਉਮਰ ਵਰਗ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਪਰ ਨੌਜਵਾਨ ਅਤੇ ਪੜ ਰਹੇ ਵਿਦਿਆਰਥੀ ਇਸਤੋਂ ਖਾਸ ਤੌਰ 'ਤੇ ਪ੍ਰਭਾਵਿਤ ਹੋ ਰਹੇ ਹਨ I  ਪੜਾਈ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੋਵਿਡ -19 ਦੇ ਕਾਰਨ ਇੰਟਰਨੈਟ ਦੀ ਜ਼ਰੂਰਤ ਹੋਰ ਵਧੀ ਹੈ ਪਰ ਕੈਨੇਡਾ ਵਿੱਚ ਹੋਰਨਾਂ ਮੁਲਕਾਂ ਦੇ ਮੁਕਾਬਲੇ ਇੰਟਰਨੈਟ ਸੇਵਾਵਾਂ ਬਹੁਤ ਮਹਿੰਗੀਆਂ ਹਨ I 

ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਮੋਬਾਈਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕਰਵਾਉਣ ਲਈ ਕੰਮ ਕਰਨਗੇ I  ਲਿਬਰਲ ਪਾਰਟੀ ਵੱਲੋਂ 2019 ਦੌਰਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਇੰਟਰਨੈਟ ਕੀਮਤਾਂ ਵਿੱਚ ਕਟੌਤੀ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਵਫ਼ਾ ਨਹੀਂ ਹੋਇਆ ਅਤੇ ਇਸ ਵਾਰ ਪਾਰਟੀ ਇਸ ਮੁੱਦੇ 'ਤੇ ਚੁੱਪ ਹੈ I 

ਚਾਇਲਡ ਕੇਅਰ : ਅਰੰਨਿਆ ਚੈਟਰੈਂਡ ਦਾ ਮੰਨਣਾ ਹੈ ਕਿ ਬਹੁਤ ਸਾਰੇ ਵਿਅਕਤੀ ਜੋ ਆਪਣੀ ਪੜਾਈ ਪੂਰੀ ਕਰ ਰਹੇ ਹਨ ਉਹ ਮਾਪੇ ਵੀ ਹਨ ਅਤੇ ਇਸ ਕਰਕੇ ਚਾਇਲਡ ਕੇਅਰ ਦਾ ਮੁੱਦਾ ਉਹਨਾਂ ਨੂੰ ਪ੍ਰਭਾਵਿਤ ਕਰਦਾ ਹੈI ਅਰੰਨਿਆ ਨੇ ਕਿਹਾ ਮਾਪਿਆਂ ਦੀ ਕਮਾਈ ਦਾ ਇਕ ਵੱਡਾ ਹਿੱਸਾ ਚਾਇਲਡ ਕੇਅਰ ਵੱਲ ਚਲਾ ਜਾਂਦਾ ਹੈ I ਇਸਤੋਂ ਇਲਾਵਾ ਉਹਨਾਂ ਦੇ ਹੋਰ ਵੀ ਖ਼ਰਚੇ ਹੁੰਦੇ ਹਨ I ਕਿਫ਼ਾਇਤੀ ਚਾਇਲਡ ਕੇਅਰ ਨੌਜਵਾਨਾਂ ਨੂੰ ਆਪਣੀ ਪੜਾਈ 'ਤੇ ਧਿਆਨ ਦੇਣ ਵਿੱਚ ਮੱਦਦ ਕਰ ਸਕਦਾ ਹੈ I

ਲਿਬਰਲ ਪਾਰਟੀ ਨਵੀਆਂ ਚਾਇਲਡ ਕੇਅਰ ਥਾਂਵਾਂ ਬਣਾਉਣ ਦੀ ਗੱਲ ਕਰਦੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ , ਲਿਬਰਲ ਸਰਕਾਰ ਵੱਲੋਂ ਚਲਾਏ ਗਏ ਚਾਇਲਡ ਕੇਅਰ ਪਲੈਨ ਨੂੰ ਬੰਦ ਕਰਕੇ ਬੱਚਿਆਂ ਦੇ ਮਾਪਿਆਂ ਨੂੂੰ ਸਿੱਧੀ ਰਾਸ਼ੀ ਦੇਣ ਦਾ ਵਾਅਦਾ ਕਰਦੀ ਹੈ I  ਐਨਡੀਪੀ ਵੀ ਕਿਫ਼ਾਇਤੀ ਚਾਇਲਡ ਕੇਅਰ ਥਾਵਾਂ ਬਣਾਉਣ ਦੀ ਹਾਮੀ ਭਰਦੀ ਹੈ I

ਅਰੰਨਿਆ ਚੈਟਰੈਂਡ , ਚੇਅਰ , ਅਲਾਇੰਸ ਆਫ਼ ਬੀ ਸੀ ਸਟੂਡੈਂਟਸ

ਅਰੰਨਿਆ ਚੈਟਰੈਂਡ , ਚੇਅਰ , ਅਲਾਇੰਸ ਆਫ਼ ਬੀ ਸੀ ਸਟੂਡੈਂਟਸ

ਤਸਵੀਰ: ਧੰਨਵਾਦ ਸਾਹਿਤ ਅਰੰਨਿਆ ਚੈਟਰੈਂਡ

ਕਲਾਇਮੇਟ ਚੇਂਜ : ਕਨੇਡੀਅਨ ਅਲਾਇੰਸ ਆਫ਼ ਸਟੂਡੈਂਟ ਅਸੋਸੀਏਸ਼ਨਜ਼ ਦੀ ਚੇਅਰ ਮਾਰਲੇ ਗਿਲੀਜ਼ ਮੁਤਾਬਿਕ ਕਲਾਇਮੇਟ ਚੇਂਜ ਦਾ ਮੁੱਦਾ ਸਿਧੇ ਤੌਰ 'ਤੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਜਦਕਿ ਅਲਾਇੰਸ ਆਫ਼ ਬੀ ਸੀ ਸਟੂਡੈਂਟਸ ਦੀ ਚੇਅਰ ਅਰੰਨਿਆ ਚੈਟਰੈਂਡ ਇਸਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਇਕ ਚੋਣ ਮੁੱਦਾ ਮੰਨਦੀ ਹੈ I  ਅਰੰਨਿਆ ਨੇ ਕਿਹਾ ਕਿ ਅਲਾਇੰਸ ਵੱਲੋਂ ਇਸ ਬਾਬਤ ਇਕ ਮਤਾ ਵੀ ਪਾਸ ਕੀਤਾ ਗਿਆ ਹੈ I  ਬੀ ਸੀ ਵਿੱਚ ਪੜਾਈ ਕਰ ਰਹੀ ਵਿਦਿਆਰਥਣ ਕੈਥ ਨੇ ਕਿਹਾ ਕਲਾਇਮੇਟ ਚੇਂਜ ਇਕ ਅਹਿਮ ਮੁੱਦਾ ਹੈ ਕਿਉਂਕ ਇਸਦਾ ਅਸਰ ਸਾਡੇ ਭਵਿੱਖ 'ਤੇ ਪਵੇਗਾ Iਦੱਸਣਯੋਗ ਹੈ ਕਿ ਕੈਨੇਡਾ ਵਿਚ ਸਾਲ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 2005 ਦੇ ਪੱਧਰ ਤੋਂ 40 ਤੋਂ 45 ਫ਼ੀਸਦੀ ਦੇ ਘੱਟ ਦੇ ਪੱਧਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ I

ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਅਤੇ ਗੈਸ ਸੈਕਟਰ ਦੀਆਂ ਨਿਕਾਸੀਆਂ ਵਿਚ ਵਧੇਰੇ ਕਟੌਤੀ ਕੀਤੀ ਜਾਵੇਗੀ, ਥਰਮਲ ਕੋਲੇ ਦੇ ਨਿਰਯਾਤ ਤੇ ਪਾਬੰਦੀ ਲਗਾਈ ਜਾਵੇਗੀ ਅਤੇ 2023 ਤੱਕ ਫ਼ੌਸਿਲ ਫ਼ਿਉਲ ਦੀਆਂ ਸਬਸਿਡੀਆਂ  ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਗ੍ਰੀਨ ਪਾਰਟੀ ਨੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ 2005 ਦੇ ਪੱਧਰ ਤੋਂ 60 ਫ਼ੀਸਦੀ ਘੱਟ ਦੇ ਪੱਧਰ ਤੇ ਲਿਆਉਣ ਦੀ ਯੋਜਨਾ ਉਲੀਕੀ ਹੈ।

Sarbmeet Singh

ਸੁਰਖੀਆਂ