1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਬੇਵਕਤ ਗ਼ੈਰ-ਜ਼ਰੂਰੀ ਚੋਣਾਂ ਕਰਵਾਉਣ ਲਈ ਟ੍ਰੂਡੋ ਨੂੰ ਸਜ਼ਾ ਦੇਣ ਦੀ ੳ’ਟੂਲ ਦੀ ਕੈਨੇਡੀਅਨਜ਼ ਨੂੰ ਅਪੀਲ

ਟ੍ਰੂਡੋ ਨੇ ਕੰਜ਼ਰਵੇਟਿਵਜ਼ ਦੀ ਵੈਕਸੀਨ ਅਤੇ ਕਲਾਇਮੇਟ ਚੇਂਜ ਦੇ ਮੁੱਦੇ ਤੇ ਕੀਤੀ ਆਲੋਚਨਾ

13 ਸਤੰਬਰ 2021 ਦੀ ਕੰਜ਼ਰਵੇਟਿਵ ਲੀਡਰ ਐਰਿਨ ੳ'ਟੂਲ ਦੀ ਤਸਵੀਰ।

13 ਸਤੰਬਰ 2021 ਦੀ ਕੰਜ਼ਰਵੇਟਿਵ ਲੀਡਰ ਐਰਿਨ ੳ'ਟੂਲ ਦੀ ਤਸਵੀਰ।

ਤਸਵੀਰ: Adrian Wyld/Canadian Press

RCI

ਫ਼ੈਡਰਲ ਚੋਣਾਂ ਨੂੰ 6 ਦਿਨ ਰਹਿ ਗਏ ਹਨ ਅਤੇ ਸਿਆਸੀ ਤਕਰੀਰਾਂ ਵਿਚ ਇੱਕ ਦੂਸਰੇ ‘ਤੇ ਨਿਸ਼ਾਨਾ ਸਾਧਣ ਦੇ ਸਿਲਸਿਲੇ ਵੀ ਤੇਜ਼ ਹੋ ਗਏ ਹਨ। ਐਰਿਨ ੳ’ਟੂਲ ਨੇ ਅੱਜ ਕੈਨੇਡੀਅਨਜ਼ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਚੋਣਾਂ ਵਿਚ ਜਸਟਿਨ ਟ੍ਰੂਡੋ ਨੂੰ ਸਜ਼ਾ ਦੇਣ ਕਿਉਂਕਿ ਟ੍ਰੂਡੋ ਨੇ ਬੇਵਕਤੇ ਚੋਣਾਂ ਕਰਵਾਉਣ ਦਾ ਗ਼ੈਰ-ਵਾਜਬ ਫ਼ੈਸਲਾ ਲਿਆ ਹੈ। 

ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਵੈਸੈ ਸਾਰੇ ਲੀਡਰਾਂ ਨੇ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ‘ਤੇ ਲਿਬਰਲ ਲੀਡਰ ਜਸਟਿਨ ਟ੍ਰੂਡੋ ਨੂੰ ਘੇਰਿਆ ਹੈ ਅਤੇ ਕੋਵਿਡ ਦੀ ਚੌਥੀ ਵੇਵ ਦੇ ਦੌਰਾਨ ਚੋਣਾਂ ਕਰਵਾਉਣ ਦੇ ਫ਼ੈਸਲੇ ਤੋਂ ਨਾਰਾਜ਼ ਹੋਏ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਉਨਟੇਰਿਉ ਦੇ ਰਸਲ ਸ਼ਹਿਰ ਵਿਚ ਚੋਣ ਮੁਹਿੰਮ ਦੌਰਾਨ ਬੋਲਦਿਆਂ ੳ’ਟੂਲ ਨੇ ਕਿਹਾ ਕਿ ਮੌਜੂਦਾ ਸਿਹਤ ਸੰਕਟ ਦੌਰਾਨ ਚੋਣਾਂ ਕਰਵਾਉਣ ਵਾਲੇ ਲੀਡਰ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਟ੍ਰੂਡੋ ਨੇ ਸੱਤਾ ‘ਤੇ ਕਾਬਜ਼ ਹੋਣ ਦੇ ਆਪਣੇ ਨਿਜੀ ਹਿੱਤ ਨੂੰ ਤਰਜੀਹ ਦਿੱਤੀ ਹੈ। 

'ਵਿਕਲਪ ਸਪਸ਼ਟ ਹੈ'

ੳ’ਟੂਲ ਨੇ ਕਿਹਾ, ਕੈਨੈਡੀਅਨਜ਼ ਲਈ, ਵਿਕਲਪ ਸਪਸ਼ਟ ਹੈ। ਕੀ ਬੇਲੋੜੇ 600 ਮਿਲੀਅਨ ਦੇ ਚੋਣਾਂ ਦੇ ਖ਼ਰਚੇ ਲਈ ਸਾਨੂੰ ਮਿਸਟਰ ਟ੍ਰੂਡੋ ਨੂੰ ਇਨਾਮ ਦੇਣਾ ਚਾਹਿਦਾ ਹੈ?

ਜੋਡੀ ਵਿਲਸਨ ਰੇਬੋਲਡ ਨੇ ਟ੍ਰੂਡੋ ਨੂੰ ‘ਨਾ’ ਕਰਨ ਦੀ ਦਲੇਰੀ ਦਿਖਾਈ ਸੀ। ਤੁਸੀਂ ਵੀ ‘ਨਾ’ ਕਰ ਸਕਦੇ ਹੋ। ਆਪਣੀ ਬੇਕਦਰੀ ਤੋਂ ‘ਨਾ’ , ਭ੍ਰਿਸ਼ਟਾਚਾਰ ਨੂੰ ‘ਨਾ’ , ਅਤੇ ਅਜਿਹੇ ਹੋਰ ਸਿਲਸਿਲਿਆਂ ਨੂੰ ‘ਨਾ’ । ਜਸਟਿਨ ਟ੍ਰੂਡੋ ਨੇ ਇਹ ਚੋਣਾਂ ਸ਼ੁਰੂ ਕੀਤੀਆਂ ਹਨ ਪਰ ਤੁਸੀਂ ਇਹਨਾਂ ਨੂੰ ਸਮਾਪਤ ਕਰ ਸਕਦੇ ਹੋ। 
ਐਰਿਨ ੳ’ਟੂਲ, ਕੰਜ਼ਰਵੇਟਿਵ ਲੀਡਰ

ਬੀਸੀ ਦੇ ਰਿਚਮੰਡ ਇਲਾਕੇ ਵਿਚ ਆਪਣੀ ਚੋਣ ਮੁਹਿੰਮ ਦੌਰਾਨ ਜਸਟਿਨ ਟ੍ਰੂਡੋ ਵੀ ੳ’ਟੂਲ ਦੀ ਆਲੋਚਨਾ ਕਰਨ ਤੋਂ ਨਹੀਂ ਚੂਕੇ। 

ਉਹਨਾਂ ਕਿਹਾ ਕਿ ਕੈਨੇਡਾ ਮਹਾਮਾਰੀ ਦੇ ਇੱਕ ਪੇਚੀਦਾ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਇਸ ਦੌਰ ਦੇ ਅਗਲੇ ਪੜਾਅ ਵਿਚ ਦੇਸ਼ ਨੂੰ ਕਿਸ ਤਰਹਾਂ ਚਲਾਉਣਾ ਹੈ, ਵੋੋਟਰਾਂ ਨੂੰ ਇਸਦਾ ਫ਼ੈਸਲਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। 

ਟ੍ਰੂਡੋੋ ਨੇ ਕਿਹਾ ਕਿ ੳ’ਟੂਲ ਦੀ ਸਰਕਾਰ ਕੈਨੇਡਾ ਦੇ ਨਿਕਾਸੀਆਂ ਦੇ ਟੀਚਿਆਂ ਨੂੰ ਘਟਾ ਕੇ, ਸਟੀਫ਼ਨ ਹਾਰਪਰ ਦੇ ਦੌਰ ਵਾਲੇ ਟੀਚੇ ਅਪਨਾਏਗੀ ਅਤੇ ਕੈਨੇਡਾ ਨੂੰ ‘ਪਿੱਛੇ ਵੱਲ’ ਲੈ ਜਾਵੇਗੀ। 

ਟ੍ਰੂਡੋ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਦਾ ਕਲਾਇਮੇਟ ਪਲਾਨ ਹੀ ਸਰਬੋਤਮ ਪਲਾਨ ਹੈ ਜਿਸ ਨਾਲ ਨਿਕਾਸੀਆਂਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।  ਗ਼ੋਰਤਲਬ ਹੈ ਕਿ ਬੀਸੀ ਦੀ ਗ੍ਰੀਨ ਪਾਰਟੀ ਦੇ ਸਾਬਕਾ ਲੀਡਰ ਐਂਡ੍ਰੂ ਵੀਵਰ ਗ੍ਰੀਨ ਪਾਰਟੀ ਦੀ ਬਜਾਏ ਲਿਬਲਰਾਂ ਦੇ ਕਲਾਇਮੇਟ ਪਲਾਨ ਦਾ ਸਮਰਥਨ ਕਰ ਚੁੱਕੇ ਹਨ। 

ਇਸ ਤੋਂ ਇਲਾਵਾ ਟ੍ਰੂਡੋ ਨੇ ਵੈਕਸੀਨੇਸ਼ਨ ਦੇ ਮੁੱਦੇ ਤੇ ਵੀ ਉ’ਟੂਲ ਦੀ ਆਲੋਚਨਾ ਕੀਤੀ। ਊਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਮੁਲਕ ਲਈ ਖ਼ਤਰਾ ਹੈ - ਕਿਉਂਕਿ ਇਹ ਨਾਂ ਤਾਂ ਫ਼ੈਡਰਲ ਮੁਲਾਜ਼ਮਾਂ ਦੀ ਲਾਜ਼ਮੀ ਵੈਕਸੀਨੇਸ਼ਨ ਦੇ ਪੱਖ ਵਿਚ ਹਨ ਅਤੇ ਨਾ ਇਹ ਯਾਤਰਾ ਕਰਨ ਸਬੰਧੀ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਕਰਨਗੇ।

ਉਹਨਾਂ ਕਿਹਾ ਕਿ ੳ’ਟੂਲ ਤਾਂ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਵੈਕਸੀਨ ਲਗਵਾਉਣ ਲਈ ਰਜ਼ਾਮੰਦ ਨਹੀਂ ਕਰ ਸਕੇ ਹਨ।

‘ਇਹ 2015 ਨਹੀਂ 2021 ਹੈ’ : ੳ’ਟੂਲ

ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੇ ਕਿਹਾ ਕਿ ਜਸਟਿਨ ਟ੍ਰੂਡੋ ਗਰਭਪਾਤ ਅਤੇ ਦੋ ਪੱਧਰੀ ਹੈਲਥ ਕੇਅਰ ਦੇ ਮੁੱਦੇ ‘ਤੇ ਕੰਜ਼ਰਵੇਟਿਵ ਪਾਰਟੀ ਦੀ ਆਲੋਚਨਾ ਕਰ ਰਹੇ ਹਨ ਜਦਕਿ ਇਹ ਮੁੱਦੇ ਪਾਰਟੀ ਦੇ ਇਲੈਕਸ਼ਨ ਪਲੈਟਫ਼ੌਰਮ ਵਿਚ ਨਹੀਂ ਸਗੋਂ ਸਿਰਫ਼ ਟ੍ਰੂਡੋ ਦੇ ਜ਼ਿਹਨ ਵਿਚ ਹਨ।

ੳ’ਟੂਲ ਨੇ ਕਿਹਾ, ਇਹ 2015 ਨਹੀਂ, ਮਿਸਟਰ ਟ੍ਰੂਡੋ, 2021 ਹੈ। ਲੋਕਾਂ ਦੀ ਅਤੀਤ ਵਿਚ ਦਿਲਚਸਪੀ ਨਹੀਂ ਹੈ, ਉਹਨਾਂ ਨੂੰ ਭਵਿੱਖ ਦਾ ਫ਼ਿਕਰ ਹੈ।

ੳ’ਟੂਲ ਦਾ ਕਹਿਣਾ ਹੈ ਕਿ ਕੰਜ਼ਰਵੇਟਿਵਜ਼ ਤੋਂ ਇਲਾਵਾ ਕਿਸੇ ਹੋਰ ਨੂੰ ਵੋਟ ਦਿੱਤੇ ਜਾਣ ਦਾ ਮਤਲਬ ਟ੍ਰੂਡੋ ਜਾਂ ਉਹਨਾਂ ਵਰਗਿਆਂ ਨੂੰ ਹੀ ਵੋਟ ਦੇਣਾ ਹੋਵੇਗਾ। 

ਗ਼ੌਰਤਲਬ ਹੈ ਕਿ ਸੱਜੇ-ਪੱਖੀ ਪੀਪਲਜ਼ ਪਾਰਟੀ ਦੀ ਮਕਬੂਲੀਅਤ 2019 ਦੇ ਮੁਕਾਬਲੇ ਕਾਫ਼ੀ ਵਧੀ ਹੈ ਅਤੇ ਕੁਝ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਕੰਜ਼ਰਵੇਟਿਵਜ਼ ਦਾ ਵੋਟ ਬੈਂਕ ਵੰਢਿਆ ਜਾ ਸਕਦਾ ਹੈ ਜਿਸਦਾ ਫ਼ਾਇਦਾ ਟ੍ਰੂਡੋ ਨੂੰ ਹੋ ਸਕਦਾ ਹੈ। 

ਇਹ ਵੀ ਪੜ੍ਹੋ:

ੳ’ਟੂਲ ਨੂੰ ਪੁੱਛਿਆ ਗਿਆ ਕਿ ਟ੍ਰੂਡੋ ਨੂੰ ਨਿਸ਼ਾਨਾ ਬਣਾਉਣ ਵੇਲੇ ਉਹ ਪੌਜ਼ਿਟਿਵ ਚੋਣ ਮੁਹਿੰਮ ਦੇ ਆਪਣੇ ਦਾਅਵੇ ਨੂੰ ਕਿਵੇਂ ਦੇਖਦੇ ਹਨ ਤਾਂ ਉਹਨਾਂ ਜਵਾਬ ਦਿੱਤਾ, ਮੈਂ ਸ਼ੁਰੂਆਤੀ ਤੀਹ ਦਿਨ ਇਕੌਨਮੀ, ਮੈਂਟਲ ਹੈਲਥ ਅਤੇ ਪਰਿਵਾਰਾਂ ਲਈ ਬਣਾਈਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਹੈ। ਪਰ ਹੁਣ ਮੈਂ ਲੋਕਾਂ ਨੂੰ ਪੁੱਛ ਰਿਹਾ ਹਾਂ ਕਿ ਉਹ ਆਪਣੇ ਭਵਿੱਖ ਲਈ ਕਿਸ ‘ਤੇ ਭਰੋਸਾ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਕੈਨੇਡੀਅਨਜ਼ ਇੱਕ ਇਮਾਨਦਾਰ, ਨੈਤਿਕ ਅਤੇ ਯੋਜਨਾ-ਸਮਰੱਥ ਸਰਕਾਰ ਦੇ ਹੱਕਦਾਰ ਹਨ। 

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ