1. ਮੁੱਖ ਪੰਨਾ
  2. ਰਾਜਨੀਤੀ
  3. ਜਨਤਕ ਸਿਹਤ

ਐਲਬਰਟਾ ਵਿਚ ਕੋਵਿਡ ਦੀ ਹੁਣ ਤੱਕ ਦੀ ਸਭ ਤੋਂ ਗੰਭੀਰ ਸਥਿਤੀ

ਹਾਲਾਤ ਦੇ ਹੋਰ ਵਿਗੜਨ ਦਾ ਖ਼ਦਸ਼ਾ

ਕੈਲਗਰੀ ਦੇ ਇੱਕ ਹਸਪਤਾਲ ਵਿਚ ਮੌਜੂਦ ਆਈ ਸੀ ਯੂ ਦੀ ਇਕ ਤਸਵੀਰ।

ਕੈਲਗਰੀ ਦੇ ਇੱਕ ਹਸਪਤਾਲ ਵਿਚ ਮੌਜੂਦ ਆਈ ਸੀ ਯੂ ਦੀ ਇਕ ਤਸਵੀਰ।

ਤਸਵੀਰ: Leah Hennel

RCI

ਕੋਵਿਡ 19 ਦੀ ਚੌਥੀ ਵੇਵ ਐਲਬਰਟਾ ਦੇ ਹੈਲਥ ਕੇਅਰ ਸਿਸਟਮ ਨੂੰ ਬੁਰੀ ਤਰ੍ਹਾਂ ਨਾਲ ਝੰਜੋੜ ਰਹੀ ਹੈ ਅਤੇ ਸੂਬੇ ਵਿਚ ਕੋਵਿਡ ਦੀ ਹੁਣ ਤੱਕ ਦੀ ਸਭ ਤੋਂ ਵੱਧ ਬਿਪਤਾ ਵਾਲੀ ਸਥਿਤੀ ਪੈਦਾ ਹੋ ਗਈ ਹੈ। 200 ਤੋਂ ਵੱਧ ਮਰੀਜ਼ ਇਸ ਸਮੇਂ ਆਈ ਸੀ ਯੂ ਵਿਚ ਭਰਤੀ ਹਨ ਅਤੇ ਅਨੁਮਾਨਾਂ ਅਨੁਸਾਰ ਹਾਲਾਤ ਦੇ ਹੋਰ ਵੀ ਪੇਚੀਦਾ ਹੋ ਜਾਣ ਦਾ ਖ਼ਤਰਾ ਹੈ। 

ਐਲਬਰਟਾ ਹੈਲਥ ਸਰਵਿਸੇਜ਼ ਦੀ ਤਾਜ਼ਾ ਮੌਡਲਿੰਗ ਦੇ ਅਨੁਸਾਰ ਅਕਤੂਬਰ ਦੀ ਸ਼ੁਰੂਆਤ ਵਿਚ ਕਰੀਬ 365 ਮਰੀਜ਼ਾਂ ਨੂੰ ਆਈ ਸੀ ਯੂ ਦੀ ਜ਼ਰੂਰਤ ਪੈ ਸਕਦੀ ਹੈ ਜਦਕਿ ਸੂਬੇ ਵਿਚ ਸਿਰਫ਼ 286 ਆਈ ਸੀ ਯੂ ਬੈਡਜ਼ ਮੌਜੂਦ ਹਨ। 

ਮੌਡਲਿੰਗ ਵਿਚ ਤਿੰਨ ਤਰੀਕੇ ਦੇ ਸੰਭਾਵਿਤ ਹਾਲਾਤ ਪੇਸ਼ ਕੀਤੇ ਗਏ ਹਨ ਜਿਸ ਅਧੀਨ ਮੌਜੂਦਾ ਸਥਿਤੀ ਸਭ ਤੋਂ ਮਾੜੇ ਅਤੇ ਗੰਭੀਰ ਹਾਲਾਤ ਦੇ ਦਾਇਰੇ ਵਿਚ ਆਉਂਦੀ ਹੈ।  ਦਰਮਿਆਨੀ ਸੰਭਾਵਿਤ ਹਾਲਾਤ ਵਿਚ ਆਈ ਸੀ ਯੂ ਦਾਖ਼ਲਿਆਂ ਦੀ ਸੰਭਾਵਨਾ 280 ਅਤੇ ਤੀਜੀ ਸੰਭਾਵਿਤ ਤਸਵੀਰ ਵਿਚ ਆਈ ਸੀ ਯੂ ਦਾਖ਼ਲਿਆਂ ਦੀ ਗਿਣਤੀ 191 ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਆਈ ਸੀ ਯੂ ਬੈਡਜ਼ ਦੀ ਗਿਣਤੀ ਵਿਚ ਵੀ ਉਤਰਾਅ−ਚੜ੍ਹਾਅ ਹੋ ਸਕਦਾ ਹੈ। 

ਐਲਬਰਟਾ ਦਾ ਹੈਲਥ ਸਿਸਟਮ ਤਬਾਹ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਹੈ। ਮੈਨੂੰ ਲਗਦਾ ਹੈ ਕਿ ਐਲਬਰਟਾ ਵਾਸੀਆਂ ਨੂੰ ਪਤਾ ਹੈ ਕਿ ਅਸੀਂ ਇਸ ਗਹਿਰੇ ਸੰਕਟ ਦੀ ਕਿੰਨੀ ਡੂੰਘਾਈ ਵਿਚ ਪਹੁੰਚ ਗਏ ਹਾਂ। ਅਸੀਂ ਇੱਕ ਆਫ਼ਤ ਨਾਲ ਘਿਰੇ ਹਾਂ।
ਡਾ ਇਲੈਨ ਸ਼ਵੌਜ਼, ਅਸੋਸੀਏਟ ਪ੍ਰੋਫ਼ੈਸਰ ਔਫ਼ ਇਨਫ਼ੈਕਸ਼ਸ ਡਿਜ਼ੀਜ਼, ਯੂਨੀਵਰਸਿਟੀ ਔਫ਼ ਐਲਬਰਟਾ
ਐਲਬਰਟਾ ਹੈਲਥ ਸਰਵਿਸੇਜ਼ ਦੀ ਤਾਜ਼ਾ ਮੌਡਲਿੰਗ ਦੇ ਅਨੁਸਾਰ ਅਕਤੂਬਰ ਦੀ ਸ਼ੁਰੂਆਤ ਵਿਚ ਕਰੀਬ 365 ਮਰੀਜ਼ਾਂ ਨੂੰ ਆਈ ਸੀ ਯੂ ਦੀ ਜ਼ਰੂਰਤ ਪੈ ਸਕਦੀ ਹੈ ਜਦਕਿ ਸੂਬੇ ਵਿਚ ਸਿਰਫ਼ 286 ਆਈ ਸੀ ਯੂ ਬੈਡਜ਼ ਮੌਜੂਦ ਹਨ। ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਐਲਬਰਟਾ ਹੈਲਥ ਸਰਵਿਸੇਜ਼ ਦੀ ਤਾਜ਼ਾ ਮੌਡਲਿੰਗ ਦੇ ਅਨੁਸਾਰ ਅਕਤੂਬਰ ਦੀ ਸ਼ੁਰੂਆਤ ਵਿਚ ਕਰੀਬ 365 ਮਰੀਜ਼ਾਂ ਨੂੰ ਆਈ ਸੀ ਯੂ ਦੀ ਜ਼ਰੂਰਤ ਪੈ ਸਕਦੀ ਹੈ ਜਦਕਿ ਸੂਬੇ ਵਿਚ ਸਿਰਫ਼ 286 ਆਈ ਸੀ ਯੂ ਬੈਡਜ਼ ਮੌਜੂਦ ਹਨ।

ਤਸਵੀਰ: (Screenshot)

ਡਾ ਸ਼ਵੌਜ਼ ਉਹਨਾਂ 67 ਇਨਫ਼ੈਕਸ਼ਸ ਡਿਜ਼ੀਜ਼ ਦੇ ਮਾਹਰ ਡਾਕਟਰਾਂ ਵਿਚੋਂ ਇੱਕ ਹਨ ਜਿਹਨਾਂ ਨੇ ਬੀਤੇ ਸੋਮਵਾਰ ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਪ੍ਰੀਮੀਅਰ ਕੋਲੋਂ ਕੋਵਿਡ ਦੇ ਫ਼ੈਲਾਅ ਨੂੰ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਅਤੇ ਬਗ਼ੈਰ ਵੈਕਸੀਨ ਵਾਲੇ ਲੋਕਾਂ ਤੇ ਵਧੇਰੇ ਰੋਕਾਂ ਲਗਾਉਣ ਦੀ ਮੰਗ ਕੀਤੀ ਗਈ ਹੈ।

ਡਾਕਟਰਾਂ ਨੇ ਪੱਤਰ ਵਿਚ ਲਿਖਿਆ ਹੈ ਕਿ ਉਕਤ ਕਦਮਾਂ ਨਾਲ ਕੋਵਿਡ ਦੇ ਨਵੇਂ ਮਾਮਲਿਆਂ ਵਿਚ ਕਮੀ ਆਏਗੀ ਅਤੇ ਨਤੀਜੇ ਵੱਜੋਂ ਹਸਪਤਾਲਾਂ ਦੇ ਪਿਆ ਬੋਝ ਘਟੇਗਾ। ਨਾਲ ਹੀ ਭਵਿੱਖ ਵਿਚ ਹੋਣ ਵਾਲੇ ਲੌਕਡਾਉਨਜ਼ ਤੋਂ ਵੀ ਬਚਾਅ ਹੋ ਸਕੇਗਾ। 

ਕਈ ਸੂਬਿਆਂ ਵੱਲੋਂ ਰੈਸਟੋਰੈਂਟਾਂ, ਮੂਵੀ ਥੀਏਟਰਾਂ , ਜਿਮ ਅਤੇ ਹੋਰ ਇੰਡੋਰ ਥਾਂਵਾਂ ਤੇ ਵੈਕਸੀਨੇਸ਼ਨ ਪ੍ਰਮਾਣ ਲਾਜ਼ਮੀ ਕੀਤੇ ਜਾਣ ਦੇ ਬਾਵਜੂਦ ਪ੍ਰੀਮੀਅਰ ਜੇਸਨ ਕੈਨੀ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਤੋਂ ਕਈ ਵਾਰੀ ਇਨਕਾਰ ਕਰ ਚੁੱਕੇ ਹਨ। 

ਪਿਛਲੇ ਹਫ਼ਤੇ ਐਲਬਰਟਾ ਦੇ ਹੈਲਥ ਮਿਨਿਸਟਰ ਟਾਇਲਰ ਸ਼ੈਂਡਰੋ ਨੇ ਕਿਹਾ ਸੀ ਕਿ ਉਹ ਫ਼ਿਲਹਾਲ ਵੈਕਸੀਨ ਪ੍ਰਮਾਣ ਦੇ ਫ਼ੈਸਲੇ ਨੂੰ ਬਿਜ਼ਨਸਾਂ ਅਤੇ ਸੰਸਥਾਂਵਾਂ ਤੇ ਛੱਡ ਰਹੇ ਹਨ। 

ਆਈ ਸੀ ਯੂ ਵਿਚ ਦਾਖ਼ਲ ਮਰੀਜ਼ਾਂ ਦੀ ਸਟੀਕ ਗਿਣਤੀ ਹਰ ਘੰਟੇ ਬਦਲ ਸਕਦੀ ਹੈ। 

ਐਲਬਰਟਾ ਹੈਲਥ ਸਰਵਿਸੇਜ਼ ਅਨੁਸਾਰ, ਸੋਮਵਾਰ ਨੂੰ 202 ਮਰੀਜ਼ ਆਈ ਸੀ ਯੂ ਵਿਚ ਸਨ ਜੋ ਕਿ ਕੋਵਿਡ ਦੀ ਸ਼ੁਰੂਆਤ ਤੋਂ ਬਾਅਦ, ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਤੀਸਰੀ ਵੇਵ ਦੌਰਾਨ ਮਈ ਵਿਚ ਆਈ ਸੀ ਯੂ ਵਿਚ ਦਾਖ਼ਲ ਮਰੀਜ਼ਾਂ ਦੀ ਸਭ ਤੋਂ ਵੱਡੀ ਗਿਣਤੀ 182 ਸੀ। 

ਐਲਬਰਟਾ ਹੈਲਥ ਕੇਅਰ ਸਿਸਟਮ ਵਿਚ ਆਮ ਪੱਧਰ ਤੇ 173 ਆਈ ਸੀ ਯੂ ਬੈਡਜ਼ ਹਨ, ਪਰ ਮਹਾਮਰੀ ਦੌਰਾਨ ਇਹਨਾਂ ਦੀ ਗਿਣਤੀ ਸਮਰੱਥਾ ਮੁਤਾਬਕ ਘਟਦੀ ਵਧਦੀ ਰਹੀ ਹੈ। 

ਐਲਬਰਟਾ ਹੈਲਥ ਸਰਵਿਸੇਜ਼ ਮੁਤਾਬਕ 113 ਵਾਧੂ ਆਈ ਸੀ ਯੂ ਬੈਡਜ਼ ਤਿਆਰ ਕਰਨ ਤੋਂ ਬਾਅਦ ਹੁਣ ਕੁਲ 286 ਆਈ ਸੀ ਯੂ ਸਪੇਸੇਜ਼ ਉਪਲਬਧ ਹਨ।

ਇਹ ਬੈਡਜ਼ ਸਿਰਫ਼ ਕੋਵਿਡ ਮਰੀਜ਼ਾਂ ਲਈ ਹੀ ਨਹੀਂ ਸਗੋਂ ਹੋਰ ਵੀ ਕਈ ਗੰਭੀਰ ਬਿਮਾਰੀਆਂ ਅਤੇ ਆਪਰੇਸ਼ਨਾਂ ਵਾਲੀ ਸਥਿਤੀ ਵਿਚ ਲੋੜੀਂਦੇ ਹੁੰਦੇ ਹਨ। 

ਆਈ ਸੀ ਯੂ ਵਾਧੇ ਦੇ ਨਤੀਜੇ

ਭਾਂਵੇਂ ਕਿ ਕੁਝ ਵਾਧੂ ਆਈ ਸੀ ਯੂ ਉਪਲਬਧ ਕੀਤੇ ਗਏ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹਨਾਂ ਵਿਚ ਸਟਾਫ਼ ਦੀ ਕਮੀ ਇੱਕ ਵੱਡੀ ਚੁਣੌਤੀ ਹੈ। 

ਐਡਮੰਟਨ ਜ਼ੋਨ ਮੈਡਿਕਲ ਸਟਾਫ਼ ਅਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਡਾ ਐਰਿਕਾ ਮੈਕਲਿਨਟਾਇਰ ਦਾ ਕਹਿਣਾ ਹੈ ਕਿ ਸਟਾਫ ਅੱਕ- ਥੱਕ ਚੁੱਕਾ ਹੈ। ਆਈ ਸੀ ਯੂ ਨਰਸਾਂ ਅਤੇ ਰੈਸਪਾਇਰੇਟੋਰੀ (ਸਾਹ ਨਾਲ ਸਬੰਧਤ) ਥੈਰੇਪਿਸਟਸ ਦੀ ਕਾਫ਼ੀ ਕਮੀ ਪੇਸ਼ ਆ ਰਹੀ ਹੈ।

ਉਹਨਾਂ ਕਿਹਾ ਕਿ ਪਹਿਲਾਂ ਹਰੇਕ ਆਈ ਸੀ ਯੂ ਮਰੀਜ਼ ਲਈ ਇੱਕ ਨਰਸ ਹੁੰਦੀ ਸੀ ਪਰ ਹੁਣ ਹਰੇਕ ਤਿੰਨ ਆਈ ਸੀ ਯੂ ਮਰੀਜ਼ਾਂ ਪਿੱਛੇ ਇੱਕ ਨਰਸ ਹੈ। ਇਸਦਾ ਮਤਲਬ ਸਪਸ਼ਟ ਹੈ ਕਿ ਸੇਵਾਵਾਂ ਵਿਚ ਕਮੀ ਆ ਰਹੀ ਹੈ। 

ਆਈ ਸੀ ਯੂ ਵਿਚ ਸਟਾਫ਼ ਦੀ ਕਮੀ ਪੂਰਾ ਕਰਨ ਲਈ ਵਧੇਰੇ ਡਾਕਟਰਾਂ ਅਤੇ ਨਰਸਾਂ ਨੂੰ ਬੁਲਾਏ ਜਾਣ ਬਾਰੇ ਸੋਚਿਆ ਜਾ ਸਕਦਾ ਹੈ। 

ਤੁਸੀਂ ਸੋਚੋ ਕਿ ਜੇ ਤੁਸੀਂ ਇਸ ਕੰਮ ਲਈ ਮਾਹਰ ਨਹੀਂ ਹੋ ਤਾਂ ਇਹ ਕਿੰਨਾ ਮੁਸ਼ਕਲ ਹੋ ਜਾਵੇਗਾ। ਇਹ ਕੁਆਲਟੀ (ਗੁਣਵੱਤਾ) ਨਾਲ ਸਮਝੌਤਾ ਹੋਵੇਗਾ।
ਡਾ ਜੋਅ ਵਿਪੌਂਡ, ਐਮਰਜੈਂਸੀ ਡਾਕਟਰ, ਕੈਲਗਰੀ

ਰੱਦ ਹੋਈਆਂ ਸਰਜਰੀਆਂ

ਕੋਵਿਡ ਦੀ ਮੌਜੂਦਾ ਸਥਿਤੀ ਦਾ ਪ੍ਰਕੋਪ ਝੱਲ ਰਹੇ ਹਸਪਤਾਲਾਂ ਵਿਚ ਕਿਡਨੀ ਟ੍ਰਾਂਸਪਲਾਂਟ ਅਤੇ ਦਿਮਾਗ਼ ਦੇ ਕੈਂਸਰ ਵਰਗੀਆਂ ਕਈ ਅਹਿਮ ਸਰਜਰੀਆਂ ਵੀ ਮੁਲਤਵੀ ਕਰਨੀਆਂ ਪਈਆਂ ਹਨ। 

ਸੋਮਵਾਰ ਨੂੰ ਐਲਬਰਟਾ ਹੈਲਥ ਸਰਵਿਸੇਜ਼ ਨੇ ਐਲਾਨ ਕੀਤਾ ਸੀ ਕਿ ਕੈਲਗਰੀ ਵਿਚ ਤਕਰੀਬਨ ਸਾਰੀਆਂ ਸਰਜਰੀਆਂ ਦੁਬਾਰਾ ਇੱਕ ਹਫ਼ਤੇ ਲਈ ਮੁਲਤਵੀ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਸਟਾਫ਼ ਨੂੰ ਆਈ ਸੀ ਯੂ ਵਿਚ ਲਗਾਇਆ ਗਿਆ ਹੈ। 

ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ ਦੇ ਸਿਖਰ ਵੇਲੇ ਮੈਨਿਟੋਬਾ ਵਿਚ ਵੀ ਅਜਿਹੀਹੀ ਸਥਿਤੀ ਪੈਦਾ ਹੋਈ ਸੀ ਜਿਸ ਤੋਂ ਬਾਅਦ ਕਈ ਮਰੀਜ਼ਾਂ ਨੂੰ ਇਲਾਜ ਲਈ ਦੂਜੇ ਸੂਬਿਆਂ ਵਿਚ ਭੇਜਣਾ ਪਿਆ ਸੀ। 

ਡਾ ਸ਼ਵੌਜ਼ ਨੂੰ ਐਲਬਰਟਾ ਵਿਚ ਵੀ ਜਲਦੀ ਹੀ ਅਜਿਹੀ ਸਥਿਤੀ ਪੈਦਾ ਹੋ ਜਾਣ ਦੀ ਚਿੰਤਾ ਹੈ। 

ਡਾ ਵਿਪੌਂਡ ਦਾ ਕਹਿਣਾ ਹੈ ਐਲਬਰਟਾ ਦੇ ਗੁਆਂਢੀ ਸੂਬਿਆਂ ਬੀਸੀ ਅਤੇ ਸਸਕੈਚਵਨ ਵਿਚ ਵੀ ਕੋਵਿਡ ਕੇਸਾਂ ਦੀ ਗਿਣਤੀ ਵਧ ਰਹੀ ਹੈ ਅਤੇ ਉੱਥੇ ਵੀ ਆਈ ਸੀ ਯੂ ਉਪਲਬਧਤਾ ਸੀਮਤ ਹੋ ਸਕਦੀ ਹੈ। ਅਜਿਹੇ ਸਮੇਂ ਵਿਚ ਸਿਰਫ਼ ਸਭ ਤੋਂ ਵੱਧ ਜ਼ਰੂਰਤ ਵਾਲੇ ਮਰੀਜ਼ਾਂ ਨੂੰ ਆਈ ਸੀ ਯੂ ਮੁਹੱਈਆ ਕਰਵਾਏ ਜਾਣ ਵਰਗੇ ਖ਼ੌਫ਼ਨਾਕ ਹਾਲਾਤ ਵੀ ਪੈਦਾ ਹੋ ਸਕਦੇ ਹਨ।

ਰੌਬਸਨ ਫ਼ਲੈਚਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ