1. ਮੁੱਖ ਪੰਨਾ
  2. ਰਾਜਨੀਤੀ
  3. ਕੋਰੋਨਾਵਾਇਰਸ

ਐਡਮੰਟਨ ਵਿਚ ਰੈਸਟੋਰੈਂਟ ਅਤੇ ਮੂਵੀ ਥੀਏਟਰ ਸਮੇਤ ਕਈ ਇੰਡੋਰ ਥਾਂਵਾਂ ‘ਤੇ ਵੈਕਸੀਨ ਪ੍ਰਮਾਣ ਦੇਣਾ ਜ਼ਰੂਰੀ ਹੋਇਆ

ਵੈਕਸੀਨ ਪਾਸਪੋਰਟ ਬਾਬਤ ਐਲਬਰਟਾ ਸਰਕਾਰ ਦੇ ਨਾ-ਪੱਖੀ ਰਵੱਈਏ ਕਾਰਨ ਕਾਰੋਬਾਰਾਂ ਨੇ ਚੁੱਕੇ ਕਦਮ

20 ਸਤੰਬਰ ਤੋਂ ਮੈਟਰੋ ਸਿਨੇਮਾ ਜਾਣ ਵਾਲੇ ਲੋਕਾਂ ਕੋਲ ਵੈਕਸੀਨੇਸ਼ਨ ਦਾ ਪ੍ਰਮਾਣ ਜਾਂ ਕੋਵਿਡ ਦੇ ਨੈਗਿਟਿਵ ਟੈਸਟ ਦੀ ਰਿਪੋਰਟ ਹੋਣਾ ਜ਼ਰੂਰੀ ਹੋਵੇਗਾ।

20 ਸਤੰਬਰ ਤੋਂ ਮੈਟਰੋ ਸਿਨੇਮਾ ਜਾਣ ਵਾਲੇ ਲੋਕਾਂ ਕੋਲ ਵੈਕਸੀਨੇਸ਼ਨ ਦਾ ਪ੍ਰਮਾਣ ਜਾਂ ਕੋਵਿਡ ਦੇ ਨੈਗਿਟਿਵ ਟੈਸਟ ਦੀ ਰਿਪੋਰਟ ਹੋਣਾ ਜ਼ਰੂਰੀ ਹੋਵੇਗਾ।

ਤਸਵੀਰ: Radio-Canada /Jason Franson, La Presse canadienne

RCI

ਐਲਬਰਟਾ ਵਿਚ ਕੋਵਿਡ ਦੀ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ ਅਤੇ ਸੂਬਾ ਸਰਕਾਰ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਤੋਂ ਮੁਨਕਰ ਹੈ। ਪਰ ਐਡਮੰਟਨ ਵਿਚ ਕਈ ਕਾਰੋਬਾਰਾਂ ਅਤੇ ਸੰਸਥਾਵਾਂ ਨੇ ਆਪਣੇ ਗਾਹਕਾਂ ਅਤੇ ਮੁਲਾਜ਼ਮਾਂ ਲਈ ਕੋਵਿਡ ਵੈਕਸੀਨੇਸ਼ਨ ਦਾ ਸਬੂਤ ਦੇਣਾ ਜ਼ਰੂਰੀ ਕਰ ਦਿੱਤਾ ਹੈ। 

ਜਿਮ, ਰੈਸਟੋਰੈਂਟ, ਮੂਵੀ ਥੀਏਟਰ ਅਤੇ ਕਲੱਬਾਂ ਵਿਚ ਹੁਣ ਵੈਕਸੀਨ ਪਾਸਪੋਰਟ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। 

ਯਾਈ ਈ ਜੀ ਸਾਇਕਲ ਸਪਿਨ ਸਟੂਡਿਉ ਜਿਮ ਵਿੱਖੇ 15 ਸਤੰਬਰ ਤੋਂ ਵੈਕਸੀਨੇਸ਼ਨ ਦਾ ਪ੍ਰਮਾਣ ਦੇਣਾ ਜ਼ਰੂਰੀ ਹੋਵੇਗਾ।

ਜਿਮ ਦੇ ਕੋ-ਉਨਰ ਐਂਡ੍ਰੂ ਔਬਰੈਕਟ ਨੇ ਕਿਹਾ ਕਿ ਉਹਨਾਂ ਕਦੇ ਵੀ ਨਹੀਂ ਸੀ ਸੋਚਿਆ ਕਿ ਉਹਨਾਂ ਨੂੰ ਵੈਕਸੀਨ ਦਾ ਪ੍ਰਮਾਣ ਲਾਜ਼ਮੀ ਕਰਨਾ ਪਵੇਗਾ। ਪਰ ਉਹਨਾਂ ਕਿਹਾ ਕਿ ਕੋਵਿਡ ਕੇਸਾਂ ਵਿਚ ਲਗਾਤਾਰ ਹੁੰਦੇ ਵਾਧੇ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਸਖ਼ਤ ਪਾਬੰਦੀਆਂ ਦੀ ਘਾਟ ਨੇ ਉਹਨਾਂ ਨੂੰ ਇਹ ਫ਼ੈਸਲਾ ਲੈਣ ਲਈ ਮਜਬੂਰ ਕੀਤਾ ਹੈ। 

ਉਹਨਾਂ ਕਿਹਾ ਕਿ ਉਹਨਾਂ ਦੇ ਕਈ ਗਾਹਕ ਇਸ ਗੱਲ ਨੂੰ ਲੈਕੇ ਵਧੇਰੇ ਅਸੁਰੱਖਿਅਤ ਮਹਿਸੂਸ ਕਰਦੇ ਸਨ ਕਿਉਂਕਿ ਉਹਨਾਂ ਨੂੰ ਕੋਈ ਯਕੀਨ ਨਹੀਂ ਸੀ ਹੁੰਦਾ ਕਿ ਉਹਨਾਂ ਦੇ ਆਲੇ ਦੁਆਲੇ ਵਾਲੇ ਲੋਕਾਂ ਨੇ ਵੈਕਸੀਨ ਲਗਵਾਈ ਹੈ ਜਾਂ ਨਹੀਂ। 

ਪਰ ਹੁਣ ਕਲਾਇੰਟਸ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਵੈਕਸੀਨੇਸ਼ਨ ਦਾ ਕਾਗ਼ਜ਼ੀ ਪ੍ਰਮਾਣ ਪੱਤਰ ਜਾਂ ਮਾਈ ਹੈਲਥ ਐਲਬਰਟਾ ਤੋਂ ਪ੍ਰਾਪਤ ਡਿਜਿਟਲ ਪ੍ਰਮਾਣ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਅਧਿਕਾਰਕ ਵੈਕਸੀਨ ਪ੍ਰਮਾਣ ਵੀ ਵੈਧ ਹੋਵੇਗਾ। 

ਐਲਬਰਟਾ ਵਿਚ ਵਿਰੋਧੀ ਧਿਰ ਐਨਡੀਪੀ ਵੱਲੋਂ ਵੀ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ।

ਮੈਟਰੋ ਸਿਨੇਮਾ ਦੇ ਐਗਜ਼ੈਕਟਿਵ ਡਾਇਰੈਕਟਰ ਡੈਨ ਸਮਿੱਥ ਨੇ ਕਿਹਾ ਕਿ 20 ਸਤੰਬਰ ਤੋਂ ਉਹ ਵੀ ਵੈਕਸੀਨ ਦਾ ਸਬੂਤ ਦਿਖਾਉਣ ਨੂੰ ਲਾਜ਼ਮੀ ਕਰ ਰਹੇ ਹਨ।

ਉਹਨਾਂ ਕਿਹਾ , "ਲੋਕ ਹਮੇਸ਼ਾ ਹਮੇਸ਼ਾ ਲਈ ਮਾਸਕ ਅਤੇ ਕਪੈਸਿਟੀ ਲਿਮਿਟ ਨਹੀਂ ਚਾਹੁੰਦੇ, ਇਸ ਕਰਕੇ ਵੈਕਸੀਨ ਦਾ ਪ੍ਰਮਾਣ ਹੀ ਇੱਕ ਸੁਰੱਖਿਅਤ ਵਿਕਲਪ ਹੈ"।

ਸਮਿੱਥ ਨੇ ਬਾਕੀ ਸਾਰੇ ਬਿਜ਼ਨਸਾਂ ਕੋਲੋਂ ਵੀ ਅਜਿਹਾ ਕਦਮ ਚੁੱਕਣ ਦੀ ਉਮੀਦ ਜਤਾਈ ਹੈ। ਉਹਨਾਂ ਕਿਹਾ ਕਿ ਵਧੇਰੇ ਸੁਰੱਖਿਆ ਸੁਨਿਸ਼ਚਿਤ ਕਰਨ ਨਾਲ ਕਾਰੋਬਾਰਾਂ ਨੂੰ ਹੀ ਫ਼ਾਇਦਾ ਹੋਵੇਗਾ। 

ਫ਼ਿਲਹਾਲ ਸਿਟੀ ਔਫ਼ ਐਡਮੰਟਨ ਅਤੇ ਸੂਬਾ ਸਰਕਾਰ ਨੇ ਇੰਡੋਰ ਥਾਂਵਾਂ ‘ਤੇ ਮਾਸਕ ਪਹਿਨਣ ਨੂੰ ਦੁਬਾਰਾ ਲਾਜ਼ਮੀ ਕਰ ਦਿੱਤਾ ਹੈ। ਮੂਵੀ ਥੀਏਟਰ ਜਾਣ ਵਾਲੇ ਲੋਕ ਆਪਣੀਆਂ ਸੀਟਾਂ ਤੇ ਬੈਠਣ ਤੱਕ ਮਾਸਕ ਨਹੀਂ ਉਤਾਰ ਸਕਦੇ ਅਤੇ ਸਿਨੇਮਾ ਵਿਚ ਸੋਸ਼ਲ ਡਿਸਟੈਂਸਿੰਗ ਲਈ 2 ਮੀਟਰ ਦੀ ਦੂਰੀ ਵੀ ਸੁਨਿਸ਼ਚਿਤ ਕੀਤੀ ਗਈ ਹੈ। 

ਪਿਛਲੇ ਹਫ਼ਤੇ ਐਲਬਰਟਾ ਦੇ ਹੈਲਥ ਮਿਨਿਸਟਰ ਟਾਇਲਰ ਸ਼ੈਂਡਰੋ ਨੇ ਕਿਹਾ ਸੀ ਕਿ ਉਹ ਫ਼ਿਲਹਾਲ ਵੈਕਸੀਨ ਪ੍ਰਮਾਣ ਦੇ ਫ਼ੈਸਲੇ ਨੂੰ ਬਿਜ਼ਨਸਾਂ ਅਤੇ ਸੰਸਥਾਂਵਾਂ ਤੇ ਛੱਡ ਰਹੇ ਹਨ। 

ਕੁਝ ਲੋਕਾਂ ਵਿਚ ਨਾਰਾਜ਼ਗੀ

ਔਬਰੈਕਟ ਦਾ ਕਹਿਣਾ ਹੈ ਕਿ ਯਾਈ ਈ ਜੀ ਜਿਮ ਵਿਚ ਵੈਕਸੀਨ ਪ੍ਰਮਾਣ ਲਾਜ਼ਮੀ ਕੀਤੇਜ ਾਣ ਤੋਂ ਬਾਅਦ ਕੁਝ ਗਾਹਕਾਂ ਵੱਲੋਂ ਗ਼ੁੱਸਾ ਅਤੇ ਨਾਰਾਜ਼ਗੀ ਵੀ ਪ੍ਰਗਟਾਈ ਗਈ ਹੈ। 

ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਗ਼ੁੱਸਾ ਕੱਢਿਆ ਅਤੇ ਕੁਝ ਲੋਕਾਂ ਨੇ ਤਾਂ ਫ਼ੋਨ ਕਰਕੇ ਧਮਕੀਆਂ ਤੱਕ ਦੇ ਦਿੱਤੀਆਂ। 

ਸਾਨੂੰ ਆਪਣੀ ਪੂਰੀ ਟੀਮ ਨੂੰ ਇਸ ਚੀਜ਼ ਲਈ ਤਿਆਰ ਕਰਨਾ ਪਿਆ ਸੀ ਅਤੇ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਸਾਨੂੰ ਆਪਣੇ ਜਿਮ ਵਿਚ ਕਦੇ ਇੱਦਾਂ ਦਾ ਕੁਝ ਕਰਨਾ ਪਵੇਗਾ। 

ਐਡਮੰਟਨ ਚੈੰਬਰ ਔਫ਼ ਕੌਮਰਸ ਨੇ ਵੀ ਸੂਬਾ ਸਰਕਾਰ ਨੂੰ ਵੈਕਸੀਨ ਸਰਟੀਫ਼ਿਕੇਟ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਚੈਂਬਰ ਨੇ ਲੈਜਰ ਵੱਲੋਂ ਕਰਵਾਏ ਇੱਕ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ 70 ਫ਼ੀਸਦੀ ਕਾਰੋਬਾਰੀ ਅਤੇ 74 ਫ਼ੀਸਦੀ ਲੋਕ ਵੈਕਸੀਨ ਸਰਟੀਫ਼ਿਕੇਟ ਦਾ ਸਮਰਥਨ ਕਰਦੇ ਹਨ। 

ਗ਼ੋਰਤਲਬ ਹੈ ਕਿ ਸੋਮਵਾਰ ਨੂੰ ਯੂਨੀਵਰਸਿਟੀ ਔਫ ਐਲਬਰਟਾ ਸਮੇਤ ਕਈ ਵਿਦਿਅਕ ਅਦਾਰਿਆਂ ਨੇ, ਜਲਦੀ ਹੀ ਵੈਕਸੀਨ ਪ੍ਰਮਾਣ ਲਾਜ਼ਮੀ ਕੀਤੇ ਜਾਣ ਦਾ ਐਲਾਨ ਕੀਤਾ ਹੈ। 

ਨਤਾਸ਼ਾ ਰੀਬੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ