1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਕੀ ਕੰਜ਼ਰਵੇਟਿਵਜ਼ ਨੂੰ ਪੀਪਲਜ਼ ਪਾਰਟੀ ਔਫ਼ ਕੈਨੇਡਾ ਬਾਰੇ ਫ਼ਿਕਰਮੰਦ ਹੋਣਾ ਚਾਹੀਦਾ ਹੈ?

ਮੈਕਸਿਮ ਬਰਨੀਏ ਨੂੰ ਚੋਣਾਂ ਵਿਚ ਪੀਪੀਸੀ ਦੇ ਚੰਗੀਆਂ ਸੀਟਾਂ 'ਤੇ ਕਾਬਜ਼ ਹੋਣ ਦੀ ਉਮੀਦ

 ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ।

20 ਅਗਸਤ 2021 ਨੂੰ ਕਿਉਬੈਕ ਦੇ ਸੇਂਟ ਜੌਰਜ ਵਿਚ ਇੱਕ ਪ੍ਰੈਸ ਕਾਨਫ਼੍ਰੰਸ ਦੌਰਾਨ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਏ।

ਤਸਵੀਰ: (Jacques Boissinot/The Canadian Press)

RCI

ਲਿਬਰਲ ਪਾਰਟੀ ਦੇ ਨਾਲ ਫ਼ਸਵਾਂ ਮੁਕਾਬਲਾ ਹੋਣ ਦੀਆਂ ਸੰਭਾਵਨਾਵਾਂ ਦੇ ਦੌਰਾਨ ਕੀ ਕੰਜ਼ਰਵੇਟਿਵ ਪਾਰਟੀ ਨੂੰ ਪੀਪਲਜ਼ ਪਾਰਟੀ ਬਾਰੇ ਫ਼ਿਕਰ ਕਰਨ ਦੀ ਜ਼ਰੂਰਤ ਹੈ?

ਪੀਪਲਜ਼ ਪਾਰਟੀ ਦੇ ਲੀਡਰ ਮੈਕਸਿਮ ਬਰਨੀਏ ਤਾਂ ਇੱਦਾਂ ਜ਼ਰੂਰ ਸੋਚਦੇ ਹੋਣੇ। 

ਸਾਬਕਾ ਕੰਜ਼ਰਵੇਟਿਵ ਮੈਕਸਿਮ ਬਰਨੀਏ, ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੂੰ ਫ਼ਰਜ਼ੀ ਨੇਤਾ ਦੱਸ ਚੁੱਕੇ ਹਨ ਅਤੇ ਮੁਲਕ ਭਰ ਵਿਚ ਵੈਕਸੀਨ ਅਤੇ ਵੈਕਸੀਨ ਪਾਸਪੋਰਟ ਦੇ ਵਿਰੋਧ ਵਿਚ ਆਪਣਾ ਅਲੱਗ ਹੀ ਪ੍ਰਚਾਰ ਕਰ ਰਹੇ ਹਨ। 

ਭਾਵੇਂ ਪੀਪਲਜ਼ ਪਾਰਟੀ ਔਫ਼ ਕੈਨੇਡਾ (ਪੀਪੀਸੀ) ਨੂੰ ਉਪੀਨੀਅਨ ਪੋਲ ਮੁਤਾਬਕ ਕਰੀਬ 4 ਕੁ ਫ਼ੀਸਦੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਕੰਜ਼ਰਵੇਟਿਵਜ਼ ਤੋਂ ਖ਼ਾਸੀ ਪਿੱਛੇ ਹਨ, ਪਰ ਮੈਕਸਿਮ ਬਰਨੀਏ ਅਤੇ ਉਹਨਾਂ ਦੀ ਪਾਰਟੀ ਦੇ 311 ਉਮੀਦਵਾਰਾਂ ਨੂੰ ਐਦਕੀਂ ‘ਪਰਪਲ ਵੇਵ’ ਆਉਣ ਦੀ ਉਮੀਦ ਹੈ। (ਪਰਪਲ ਯਾਨੀ ਜਾਮਨੀ ਰੰਗ ਪੀਪੀਸੀ ਦਾ ਰੰਗ ਹੈ।)

ਜੀਟੀਏ ਵਿਚ ਚੋਣ ਮੁਹਿੰਮ ਦੌਰਾਨ ਐਰਿਨ ੳ’ਟੂਲ ਤੋਂ ਬਰਨੀਏ ਅਤੇ ਪੀਪੀਸੀ ਬਾਰੇ ਵੀ ਸੁਆਲ ਪੁੱਛਿਆ ਗਿਆ ਸੀ ਪਰ ਉਹ ਇਸਦਾ ਜਵਾਬ ਦੇਣ ਤੋਂ ਟਲ਼ਦੇ ਨਜ਼ਰ ਆਏ ਸਨ। ਉਹਨਾਂ ਕੁਝ ਸਪਸ਼ਟ ਕਹਿਣ ਤੋਂ ਬਚਦਿਆਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਹੀ ਮੁਲਕ ਨੂੰ ਇਕਨੌਮਿਕ ਰਿਕਵਰੀ ‘ਤੇ ਲਿਆਉਣ ਲਈ ਸਰਬੋਤਮ ਵਿਕਲਪ ਹੈ। 

ਟ੍ਰੂਡੋ ਨੂੰ ਸੱਤਾ ਚੋਂ ਬਾਹਰ ਕਰਨ ਦੇ ਮਕਸਦ ਵਾਲੇ ਥਰਡ ਪਾਰਟੀ ਐਡਵਰਟਾਇਜ਼ਰ, ਕੈਨੇਡਾ ਪ੍ਰਾਉਡ ਦੀ ਚਿਤਾਵਨੀ ਹੈ ਕਿ ਪੀਪੀਸੀ ਦੇ ਉਭਾਰ ਕਾਰਨ ਸੱਜੇ ਪੱਖੀ ਵੋਟਾਂ ਵੰਢੀਆਂ ਜਾਣਗੀਆਂ। 

ਸੋਸ਼ਲ ਮੀਡੀਆ ਪ੍ਰਚਾਰ

ਕੈਨੇਡਾ ਪ੍ਰਾਉਡ ਦੇ ਆਗੂ ਜੈਫ਼ ਬੈਲਿੰਗਲ, ਇਸ ਸੁਨੇਹੇ ਨੂੰ ਆਮ ਕਰਨ ਲਈ ਸੋਸ਼ਲ ਮੀਡੀਆ ਤੇ ਲਗਾਤਾਰ ਵਿਡਿਉਜ਼ ਅਤੇ ਮੀਮ ਪੋਸਟ ਕਰ ਰਹੇ ਹਨ। ਦਸ ਦਈਏ ਕਿ ਜੈਫ਼ ਬੈਲਿੰਗਲ, ਐਰਿਨ ੳ’ਟੂਲ ਦੀ 2020 ਦੀ ਕੰਜ਼ਰਵੇਟਿਵ ਲੀਡਰਸ਼ਿਪ ਮੁਹਿੰਮ ਦੌਰਾਨ ਡਿਜਿਟਲ ਡਾਇਰੈਕਟਰ ਸਨ। 

ਸੰਸਥਾ ਵੱਲੋਂ ਕਈ ਪੋਸਟਾਂ ਪਾਈਆਂ ਗਈਆਂ ਹਨ ਜਿਹਨਾਂ ਵਿਚ ਸਪਸ਼ਟ ਲਿਖਿਆ ਹੈ - ਜੇ ਵੋਟਾਂ ਵੰਢੀਆਂ ਜਾਂਦੀਆਂ ਹਨ ਤਾਂ ਟ੍ਰੂਡੋ ਦੁਬਾਰਾ ਜਿੱਤ ਜਾਣਗੇ ਅਤੇ ਜੇ ਤੁਸੀਂ ਪੀਪੀਸੀ ਨੂੰ ਵੋਟ ਪਾ ਰਹੇ ਹੋਂ ਤਾਂ ਤੁਸੀਂ ਟ੍ਰੂਡੋ ਨੂੰ ਵੋਟ ਪਾ ਰਹੇ ਹੋਂ। 

ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਪੀਪੀਸੀ ਸਮਰਥਕ ਦਰਅਸਲ ਟ੍ਰੂਡੋ ਵਿਰੋਧੀ ਹਨ, ਕਿਉਂਕਿ ਹਾਲ ਹੀ ਵਿਚ ਟ੍ਰੂਡੋ ਖ਼ਿਲਾਫ਼ ਹੋਈਆਂ ਨਾਅਰੇਬਾਜ਼ੀਆਂ ਦੌਰਾਨ ਤੈਸ਼ ਵਿਚ ਆਏ ਪ੍ਰਦਰਸ਼ਨਕਾਰੀਆਂ ਵਿਚੋਂ ਪੀਪੀਸੀ ਦੇ ਸਮਰਥਕਾਂ ਦੀ ਅੱਛੀ ਖ਼ਾਸੀ ਗਿਣਤੀ ਸੀ। 

ਕਿਉਬੈਕ ਦੇ ਗੈਟੀਨੌ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਲੀਡਰਾਂ ਦੀ ਡਿਬੇਟ ਤੋਂ ਪਹਿਲਾਂ ਰੋਸ ਮੁਜ਼ਾਹਰਾ ਕਰਦਾ ਪੀਪਲਜ਼ ਪਾਰਟੀ ਔਫ਼ ਕੈਨੇਡਾ ਦਾ ਇੱਕ ਸਮਰਥਕ।

ਕਿਉਬੈਕ ਦੇ ਗੈਟੀਨੌ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਲੀਡਰਾਂ ਦੀ ਡਿਬੇਟ ਤੋਂ ਪਹਿਲਾਂ ਰੋਸ ਮੁਜ਼ਾਹਰਾ ਕਰਦਾ ਪੀਪਲਜ਼ ਪਾਰਟੀ ਔਫ਼ ਕੈਨੇਡਾ ਦਾ ਇੱਕ ਸਮਰਥਕ।

ਤਸਵੀਰ: (Nathan Denette/The Canadian Press)

ਗ਼ੌਰਤਲਬ ਹੈ ਕਿ ਬੀਤੇ ਦਿਨੀਂ ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਲਿਬਰਲ ਲੀਡਰ ਜਸਟਿਨ ਟ੍ਰੂਡੋ ਤੇ ਕੰਕਰ ਮਾਰਨ ਦੀ ਘਟਨਾ ਦੇ ਮਾਮਲੇ ਵਿਚ ਪੀਪਲਜ਼ ਪਾਰਟੀ ਔਫ਼ ਕੈਨੇਡਾ ਦੇ ਰਾਇਡਿੰਗ ਪ੍ਰੈਜ਼ੀਡੈਂਟ ਸ਼ੇਨ ਮਾਰਸ਼ਲ ਨੂੰ ਪਾਰਟੀ ਨੇ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀ। 

ਬੀਤੇ ਸ਼ਨੀਵਾਰ ਲੰਡਨ ਪੁਲਸ ਨੇ ਸ਼ੇਨ ਮਾਰਸ਼ਲ ਨੂੰ ਹਮਲਾ ਕਰਨ ਦੇ ਦੋਸ਼ਾਂ ਲਈ ਚਾਰਜ ਵੀ ਕਰ ਦਿੱਤਾ ਹੈ। 

ਬੈਲਿੰਗਲ ਨੇ ਇੱਕ ਇੰਟਰਵਿਉ ਦੌਰਾਨ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਟ੍ਰੂਡੋ ਅਤੇ ਲਿਬਰਲ ਪਾਰਟੀ ਦੇ ਖ਼ਿਲਾਫ਼ ਹਨ ਅਤੇ ਖ਼ੁਦ ਨੂੰ ਮੌਜੂਦਾ ਸਿਆਸੀ ਪ੍ਰਕਿਰਿਆ ਤੋਂ ਵਾਂਝਾ ਮਹਿਸੂਸ ਕਰਦੇ ਹਨ। ਇਸ ਕਰਕੇ ਉਹ ਮੌਜੂਦਾ ਸਰਕਾਰ ਖ਼ਿਲਾਫ਼ ਆਪਣਾ ਇਤਰਾਜ਼ ਜ਼ਾਹਰ ਕਰਨ ਲਈ ਹੀ ਪੀਪੀਸੀ ਨੂੰ ਵੋਟ ਪਾਉਣਾ ਚਾਹੁੰਦੇ ਹਨ।

ਉਹ ਰੋਸ ਵੱਜੋਂ ਪੀਪੀਸੀ ਨੂੰ ਵੋਟ ਕਰਨਾ ਚਾਹੁੰਦੇ ਹਨ, ਉਹ ਟ੍ਰੂਡੋ ਤੋਂ ਛੁਟਕਾਰਾ ਚਾਹੁੰਦੇ ਹਨ, ਪਰ ਦੋਵੇਂ ਚੀਜ਼ਾਂ ਨਹੀਂ ਮਿਲ ਸਕਦੀਆਂ। 

ਖ਼ੁਦ ਨੂੰ ਵਾਂਝਾ ਮਹਿਸੂਸ ਕਰਨ ਵਾਲੇ ਕੈਨੇਡੀਅਨਜ਼ ਹੀ ਪੀਪੀਸੀ ਸਮਰਥਕ ਹਨ। ਮੈਕਸਿਮ ਬਰਨੀਏ ਵੀ ਲਾਜ਼ਮੀ ਵੈਕਸੀਨੇਸ਼ਨ ਅਤੇ ਵੈਕਸੀਨ ਪਾਸਪੋਰਟ ਨੂੰ ਲੈਕੇ ਤੈਸ਼ ਵਿਚ ਆਏੇ ਲੋਕਾਂ ਦੇ ਗ਼ੁੱਸੇ ਨੂੰ ਸਿਆਸੀ ਦਿਸ਼ਾ ਦੇਣ ਵਿਚ ਕਿਤੇ ਨਾ ਕਿਤੇ ਕਾਮਯਾਬ ਹੋ ਰਹੇ ਹਨ ਅਤੇ ਸਮਰਥਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। 

ੳ’ਟੂਲ ਦੇ ਵੈਕਸੀਨ ਨੂੰ ਲੈਕੇ ਨਜ਼ਰੀਏ ਤੋਂ ਬਾਅਦ ਵਧਿਆ ਗ਼ੁਸਾ

ਕੋਵਿਡ ਵੈਕਸੀਨੇਸ਼ਨ ਨੂੰ ਲੈਕੇ ੳ’ਟੂਲ ਇੱਕ ਸੰਤੁਲਿਤ ਅਪ੍ਰੋਚ ਨਾਲ ਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਕ ਪਾਸੇ ਉਹ ਕੋਵਿਡ ਤੋਂ ਕੈਨੇਡੀਅਨਜ਼ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਦੀ ਹਿਮਾਇਤ ਕਰਦੇ ਹਨ ਅਤੇ ਦੂਜੇ ਪਾਸੇ ਉਹ ਵੈਕਸੀਨ ਲਾਜ਼ਮੀ ਕੀਤੇ ਜਾਣ ਦੇ ਮਸਲੇ ਤੇ ਲੋਕਾਂ ਦੀ ਆਜ਼ਾਦੀ ਨੂੰ ਸੁਨਿਸ਼ਚਿਤ ਕਰਨ ਦੇ ਵੀ ਹਾਮੀ ਬਣਦੇ ਹਨ। 

ਉਹਨਾਂ ਦੇ ਇਸ ਦੋਹਰੇ ਨਜ਼ਰੀਏ ਨੇ ਕੁਝ ਕੰਜ਼ਰਵੇਟਿਵ ਉਮੀਦਵਾਰਾਂ ਲਈ ਵੀ ਮੁਸ਼ਕਿਲ ਪੈਦਾ ਕਰ ਦਿੱਤੀ ਹੈ। ਖ਼ਾਸ ਤੌਰ ਤੇ ਐਲਬਰਟਾ ਅਤੇ ਸਸਕੈਚਵਨ ਵਰਗੇ ਕੰਜ਼ਰਵੇਟਿਵ ਸਮਰਥਨ ਵਾਲੇ ਸੂਬਿਆਂ ਵਿਚ ਉਮੀਦਵਾਰਾਂ ਨੂੰ ਵੈਕਸੀਨੇਸ਼ਨ ਮਾਮਲੇ ਵਿਚ ਕੰਜ਼ਰਵੇਟਿਵ ਪਾਰਟੀ ਦਾ ਸਪਸ਼ਟ ਨਜ਼ਰੀਆ ਸਮਝਾਉਣ ਵਿਚ ਚੁਣੌਤੀ ਜ਼ਰੂਰ ਪੇਸ਼ ਆ ਰਹੀ ਹੈ। 

ਤੁਸੀਂ ਸਾਡਾ ਪਲੈਟਫ਼ੌਰਮ ਦੇਖ ਸਕਦੇ ਹੋ, ਇਹ ਲਿਬਰਲ ਪਾਰਟੀ ਤੋਂ ਬਹੁਤ ਵੱਖਰਾ ਹੈ। ਇਮਾਨਦਾਰੀ ਨਾਲ ਦੱਸਾਂ ਤਾਂ ਮੈਂ ਵੀ ਪਾਰਟੀ ਨਾਲ ਹਰੇਕ ਮੁੱਦੇ ‘ਤੇ ਸਹਿਮਤ ਨਹੀਂ ਹਾਂ। ਪਰ ਸਾਡੀ ਪਾਰਟੀ ਲਾਜ਼ਮੀ ਵੈਕਸੀਨੇਸ਼ਨ ਦੇ ਖ਼ਿਲਾਫ਼ ਹੈ ਅਤੇ ਜਸਟਿਨ ਟ੍ਰੂਡੋ ਦਾ ਇਹ ਹੀ ਸਭ ਤੋਂ ਬਿਹਤਰ ਬਦਲ ਹੈ। 
ਗਾਰਨੇਟ ਜੈਨੁਇਸ, ਕੰਜ਼ਰਵੇਟਿਵ ਐਮਪੀ ਅਤੇ ਉਮੀਦਵਾਰ, ਐਲਬਰਟਾ

ਵੈਕਸੀਨ ਇਕ ਅਜਿਹਾ ਮੁੱਦਾ ਹੈ ਜਿਸ ਨੂੰ ਲੈਕੇ ਉ’ਟੂਲ ਖ਼ਿਲਾਫ਼ ਸੱਜੇ ਪੱਖੀ ਲੋਕਾਂ ਵਿਚ ਗ਼ੁੱਸਾ ਸਾਫ਼ ਨਜ਼ਰ ਆਇਆ ਹੈ। ਵੈਸੇ ਕਾਰਬਨ ਟੈਕਸ ਲਗਾਉਣ ਦੇ ੳ’ਟੂਲ ਦੇ ਪਲਾਨ ਨੂੰ ਵੀ ਕੋਈ ਬਹੁਤਾ ਹੁੰਗਾਰਾ ਨਹੀਂ ਮਿਲੀਆ ਹੈ। 

ੳ’ਟੂਲ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਇਸ ਫ਼ੈਸਲੇ ਦਾ ਕਈ ਵਾਰੀ ਬਚਾਅ ਕਰਦੇ ਨਜ਼ਰ ਆਏ ਹਨ। ਉਹਨਾਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਕੈਨੇਡੀਅਨਜ਼ ਹੁਣ ਕਲਾਇਮੇਟ ਚੇਂਜ ਤੇ ਠੋਸ ਕਦਮ ਉਠਾਏ ਜਾਣ ਦੀ ਉਡੀਕ ਕਰ ਰਹੇ ਹਨ। 

ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਇੱਕ ਬਦਲੀ ਹੋਈ ਪਾਰਟੀ ਹੈ ਜੋ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ। 

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਲਾਇਮੇਟ ਚੇਂਜ ਤੋਂ ਲੈਕੇ ਗਰਭਪਾਤ ਤੱਕ ਦੇ ਮਾਮਲੇ ਬਾਬਤ ਉਟੂਲ ਦਾ ਨਰਮ ਰਵੱਈਆ ਅਤੇ ਖ਼ਾਸ ਤੌਰ ਤੇ ਵੈਕਸੀਨ ਦਾ ਮੁੱਦਾ, ਨਾਰਾਜ਼ ਹੋਏ ਕੰਜ਼ਰਵੇਟਿਵ ਸਮਰਥਕਾਂ ਨੂੰ ਪੀਪੀਸੀ ਦੇ ਖ਼ੇਮੇ ਵੱਲ ਕੂਚ ਕਰਵਾ ਸਕਦਾ ਹੈ।

ਸਟੈਫ਼ਨੀ ਟੇਲਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ