1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਗ੍ਰੀਨ ਪਰਟੀ ਨੇ ਵੀ ਜਾਰੀ ਕੀਤਾ ਇਲੈਕਸ਼ਨ ਪਲੈਟਫ਼ੌਰਮ

ਕਾਰਬਨ ਟੈਕਸ ਵਿਚ ਸਾਲਾਨਾ ਵਾਧਾ ਕਰਨ ਦੀ ਯੋਜਨਾ

Green Party Leader Annamie Paul released her party's election platform today but did not hold a press conference or take questions from the media to mark the milestone.

ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਵੱਲੋਂ ਫ਼ੈਡਰਲ ਚੋਣਾਂ ਲਈ ਆਪਣੀ ਪਾਰਟੀ ਦਾ ਇਲੈਕਸ਼ਨ ਪਲੈਟਫ਼ੌਰਮ ਜਾਰੀ ਕਰ ਦਿੱਤਾ ਗਿਆ ਹੈ।

ਤਸਵੀਰ: La Presse canadienne / (Christopher Katsarov/The Canadian Press)

RCI

ਕਿਸੇ ਲੰਬੇ ਚੌੜੇ ਲੌਂਚ ਪ੍ਰੋਗਰਾਮ ਦੇ ਆਯੋਜਨ ਤੋਂ ਬਿਨਾ ਹੀ ਗ੍ਰੀਨ ਪਾਰਟੀ ਨੇ ਖ਼ਾਮੋਸ਼ੀ ਨਾਲ ਆਪਣਾ ਇਲੈਕਸ਼ਨ ਪਲੈਟਫ਼ੌਰਮ ਜਾਰੀ ਕਰ ਦਿੱਤਾ ਹੈ।

ਯੂਨਿਵਰਸਲ ਹੈਲਥ ਕੇਅਰ, ਡੈਂਟਲ ਕੇਅਰ, ਕਿਫ਼ਾਇਤੀ ਚਾਇਲਡ ਕੇਅਰ ਤੋਂ ਲੈਕੇ ਸਟੂਡੈਂਟਸ ਦਾ ਕਰਜ਼ਾ ਮੁਆਫ਼ੀ ਸਮੇਤ ਮੁਫ਼ਤ ਯੂਨੀਵਰਸਿਟੀ ਸਿੱਖਿਆ ਵਰਗੀਆਂ ਕਈ ਸਮਾਜਿਕ ਯੋਜਨਾਵਾਂ ਗ੍ਰੀਨ ਪਾਰਟੀ ਦੇ ਚੋਣ ਏਜੰਡੇ ਵਿਚ ਸ਼ਾਮਲ ਹਨ। 

ਪਾਰਲੀਮੈਂਟ੍ਰੀ ਬਜਟ ਔਫ਼ਿਸਰ ਵੱਲੋਂ ਇਹਨਾਂ ਜ਼ਿਆਦਾਤਰ ਯੋਜਨਾਵਾਂ ਦਾ ਮੁਲਾਂਕਨ ਨਹੀਂ ਕੀਤਾ ਗਿਆ ਹੈ ਪਰ ਪਲੈਰਫ਼ਟੌਰਮ ਦਾ ਅਨੁਮਾਨ ਹੈ ਕਿ ਮੁਫ਼ਤ ਯੂਨਿਵਰਸਿਟੀ ਸਿੱਖਿਆ ‘ਤੇ ਸਲਾਨਾ 10.2 ਬਿਲੀਅਨ ਡਾਲਰ ਦਾ ਖ਼ਰਚ ਆਏਗਾ। 

ਗ੍ਰੀਨ ਪਾਰਟੀ ਵੱਲੋਂ ਇੱਕ ਯੂਨੀਵਰਸਲ ਲੌਂਗ-ਟਰਮ ਕੇਅਰ ਸਿਸਟਮ ਸ਼ੁਰੂ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ ਜੋਕਿ ਕੈਨੇਡਾ ਹੈਲਥ ਐਕਟ ਦੇ ਮਾਪਦੰਡਾਂ ਤੇ ਆਧਾਰਿਤ ਹੋਵੇਗਾ। 

ਇਹ ਸਿਸਟਮ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਫ਼ੈਡਰਲ ਹੈਲਥ ਟ੍ਰਾਂਸਫ਼ਰਜ਼ ਤੋਂ ਵੱਖ, ਫ਼ੈਡਰਲ ਸਰਕਾਰ ਤੋਂ ਪ੍ਰਾਪਤ ਇੱਕ ਹੋਰ ਵਿਸ਼ੇਸ਼ ਫ਼ੰਡਿੰਗ ਸੀਨੀਅਰਜ਼ ਕੇਅਰ ਟ੍ਰਾਂਸਫ਼ਰ ਰਾਹੀਂ ਫ਼ੰਡ ਕੀਤਾ ਜਾਵੇਗਾ।

ਗ੍ਰੀਨ ਪਾਰਟੀ ਵੱਲੋਂ ਹਰੇਕ ਕੈਨੇਡੀਅਨ ਲਈ ਇੱਕ ਘੱਟੋ ਘੱਟ ਬੁਨਿਆਦੀ 'ਗੁਜ਼ਾਰੇਯੋਗ' ਆਮਦਨ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਰੱਖਿਆ ਹੈ ਜਿਸ ਨਾਲ ਲੋਕਾਂ ਦੀ ਖਾਣ-ਪੀਣ ਅਤੇ ਰਹਿਣ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਸੁਨਿਸ਼ਚਿਤ ਕੀਤੀ ਜਾ ਸਕੇਗੀ। 

ਇਹ ਪ੍ਰੋਗਰਾਮ ਮੁਲਕ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ‘ਗੁਜ਼ਾਰੇਯੋਗ’ ਜ਼ਰੂਰਤਾਂ ਤੇ ਆਧਾਰਤ ਹੋਵੇਗਾ। ਪਲੈਟਫ਼ੌਰਮ ਮੁਤਾਬਕ ਇਸ ਪ੍ਰਣਾਲੀ ਨਾਲ ਸੂਬਾ ਸਰਕਾਰਾਂ ਦੇ ਲੋਕ ਭਲਾਈ ਯੋਜਨਾਵਾਂ ਦੀ ਲਾਗਤ ਵਿਚ ਕਮੀ ਆਵੇੇਗੀ ਜਿਸ ਨਾਲ ਸੂਬਾਈ ਬਜਟ ਵਿਚ ਹੈਲਥ ਸਿਸਟਮ ਵੱਲ ਬਿਹਤਰ ਤਰੀਕੇ ਨਾਲ ਵਧੇਰੇ ਤਵੱਜੋ ਦਿੱਤੀ ਜਾ ਸਕੇਗੀ। 

ਬੰਦ ਹੋਣਗੀਆਂ ਫ਼ੌਸਿਲ ਫ਼ਿਉਲ ਇੰਡਸਟ੍ਰੀਆਂ 

ਗ੍ਰੀਨ ਪਾਰਟੀ ਦੇ ਚੋਣ ਏਜੰਡੇ ਵਿਚ ਪੈਰਿਸ ਸਮਝੌਤੇ ਅਧੀਨ ਨਿਕਾਸੀਆਂ ਵਿਚ ਕਟੌਤੀ ਕਰਨ ਦੇ ਟੀਚਿਆਂ ਨੂੰ ਹੋਰ ਵੀ ਤੀਬਰ ਕਰਨ ਦੀ ਯੋਜਨਾ ਉਲੀਕੀ ਗਈ ਹੈ। ਕੈਨੇਡਾ ਵਿਚ ਸਾਲ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 2005 ਦੇ ਪੱਧਰ ਤੋਂ 40 ਤੋਂ 45 ਫ਼ੀਸਦੀ ਦੇ ਘੱਟ ਦੇ ਪੱਧਰ ਤੱਕ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ, ਪਰ ਗ੍ਰੀਨ ਪਾਰਟੀ ਨੇ ਇਹਨਾਂ ਟੀਚਿਆਂ ਨੂੰ 2005 ਦੇ ਪੱਧਰ ਤੋਂ 60 ਫ਼ੀਸਦੀ ਘੱਟ ਦੇ ਪੱਧਰ ਤੇ ਲਿਆਉਣ ਦੀ ਯੋਜਨਾ ਉਲੀਕੀ ਹੈ।

ਅਜਿਹਾ ਕਰਨ ਲਈ ਕਾਰਬਨ ਟੈਕਸ ਵਿਚ ਵਾਧੇ ਦਾ ਵੀ ਪ੍ਰਸਤਾਵ ਹੈ। ਫ਼ਿਲਹਾਲ ਕੈਨੇਡੀਅਨਜ਼ ਪ੍ਰਤੀ ਇੱਕ ਟਨ ਗ੍ਰੀਨ ਹਾਉਸ ਗੈਸਾਂ ਦੀ ਨਿਕਾਸੀ ਤੇ 50 ਡਾਲਰ ਦਾ ਭੁਗਤਾਨ ਕਰਦੇ ਹਨ ਅਤੇ ਇਸਨੂੰ ਸਲਾਨਾ 15 ਡਾਲਰ ਵਧਾ ਕੇ 2030 ਤੱਕ 170 ਡਾਲਰ ਪ੍ਰਤੀ ਟਨ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਪਰ ਗ੍ਰੀਨ ਪਾਰਟੀ ਨੇ ਸਲਾਨਾ 25 ਡਾਲਰ ਦਾ ਵਾਧਾ ਕਰਕੇ 2030 ਤੱਕ ਪ੍ਰਤੀ ਇੱਕ ਟਨ ਨਿਕਾਸੀ ਤੇ 250 ਡਾਲਰ ਟੈਕਸ ਦੀ ਯੋਜਨਾ ਬਣਾਈ ਹੈ। 

ਪਾਰਟੀ ਮੁਤਾਬਕ ਇਸ ਸਬੰਧ ਵਿਚ ਕਈ ਕਦਮ ਉਠਾਏ ਜਾਣਗੇ ਜਿਹਨਾਂ ਵਿਚ ਕੈਨੇਡਾ ਵਿਚ ਫ਼ੌਸਿਲ ਫ਼ਿਊਲ ਇੰਡਸਟਰੀ ਨੂੰ ਬੰਦ ਕਰਨਾ, ਮੁਲਕ ਵਿਚੋਂ ਫ਼ੌਸਿਲ ਫ਼ਿਊਲ ਕੱਢਣ ਤੇ ਪਾਬੰਦੀ, ਟ੍ਰਾਂਸ ਮਾਉਂਟੇਨ ਸਣੇ ਸਾਰੀਆਂ ਪਾਇਪਲਾਇਨਾਂ ਨੂੰ ਰੱਦ ਕਰਨਾ, ਤੇਲ ਦੀ ਖੁਦਾਈ ਨਾਲ ਸਬੰਧਤ ਸਾਰੇ ਪ੍ਰੋਜੈਕਟਾਂ ਨੂੰ ਰੱਦ ਕਰਨਾ, ਫ਼ੌਸਿਲ ਫ਼ਿਊਲ ਉਤਪਾਦਨ ਲਈ ਫ਼ੈਡਰਲ ਜ਼ਮੀਨ ਨੂੰ ਲੀਜ਼ ਤੇ ਦੇਣਾ ਅਤੇ ਫ਼ੌਸਿਲ ਫ਼ਿਊਲ ਸਬਸਿਡੀਆਂ ਤੇ ਵਿਰਾਮ ਲਗਾਉਣਾ ਸ਼ਾਮਲ ਹਨ। 

ਗ੍ਰੀਨ ਪਾਰਟੀ ਦੇ ਪਲੈਟਫ਼ੌਰਮ 'ਚ ਇਸ ਤੋਂ ਇਲਾਵਾ 2030 ਤੱਕ ਪੈਟਰੋਲ ਡੀਜ਼ਲ ਇੰਜਨ ਵਾਲੀਆਂ ਕਾਰਾਂ ‘ਤੇ ਪਾਬੰਦੀ ਲਗਾਉਣਾ ਅਤੇ ਪਬਲਿਕ ਟ੍ਰਾਜ਼ਿਟ ਨੂੰ ਇਲੈਕਟ੍ਰਿਕ ਜਾਂ ਹਾਇਬ੍ਰਿਡ ਬਣਾਏ ਜਾਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਤੇਲ ਅਤੇ ਗੈਸ ਦੇ ਸੈਕਟਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਮਦਦ ਲਈ ਪਾਰਟੀ ਇੱਕ ਜਸਟ ਟ੍ਰਾਂਜ਼ੀਸ਼ਨ ਐਕਟ  ਬਣਾਉਣ ਦਾ ਵੀ ਵਾਅਦਾ ਕਰ ਰਹੀ ਹੈ ਜਿਸ ਅਧੀਨ ਵਧੇਰੇ ਆਮਦਨ ਵਾਲੀਆਂ ਤੇਲ ਅਤੇ ਗੈਸ ਸੈਕਟਰ ਦੀਆਂ ਨੌਕਰੀਆਂ ਨੂੰ,ਵੇਜ ਇੰਸ਼ੋਰੈਂਸ, ਟ੍ਰੇਨਿੰਗ ਪ੍ਰੋਗਰਾਮਾਂ ਅਤੇ ਅਰਲੀ ਰਿਟਾਇਰਮੈਂਟ ਪਲੈਨ ਰਾਹੀਂ, ਵਧੇਰੇ ਆਮਦਨ ਵਾਲੀਆਂ ਗ੍ਰੀਨ ਨੌਕਰੀਆਂ ਵਿਚ ਤਬਦੀਲ ਕੀਤਾ ਜਾਵੇਗਾ। 

ਕੁਝ ਹੋਰ ਵਾਅਦੇ :

  • ਕਿਫ਼ਾਇਤੀ ਘਰਾਂ ਦੀ ਘਾਟ ਅਤੇ ਬੇਘਰੀ ਨੂੰ ਰਾਸ਼ਟਰੀ ਐਮਰਜੈਂਸੀ ਐਲਾਨਿਆ ਜਾਣਾ ਅਤੇ ਤੁਰੰਤ ਇੱਕ ਫ਼ੈਡਰਲ ਹਾਉਸਿੰਗ ਐਡਵੋਕੇਟ ਦੀ ਨਿਯੁਕਤੀ
  • ਅਗਲੇ 10 ਸਾਲਾਂ ਵਿਚ ਘੱਟੋ ਘੱਟ 300,000 ਕਿਫ਼ਾਇਤੀ ਘਰਾਂ ਦੀ ਉਸਾਰੀ
  • ਪੋਸਟ ਸੈਕੰਡਰੀ ਅਤੇ ਟ੍ਰੇਡ ਸਕੂਲਾਂ ਲਈ 10 ਬਿਲੀਅਨ ਡਾਲਰ ਰਾਖਵੇਂ
  • ਨਿੱਜੀ ਇਸਤੇਮਾਲ ਲਈ ਗ਼ੈਰ-ਕਾਨੂੰਨੀ ਨਸ਼ਿਆਂ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨਾ
  • ਲਿੰਗ ਪਰਿਵਰਤਨ (ਕਨਵਰਜ਼ਨ ਥੈਰਪੀ) ਤੇ ਪਾਬੰਦੀ
  • ਕੈਨੇਡਾ ਦੇ ਇੱਕ ਤਿਹਾਈ ਖਾਣ-ਪੀਣ ਦੀਆਂ ਵਸਤਾਂ ਦੇ ਇੰਪੋਰਟ (ਆਯਾਤ) ਨੂੰ ਘਰੇਲੂ ਉਤਪਾਦਨ ਨਾਲ ਬਦਲਣਾ ਤਾਂਕਿ ਮੁਲਕ ਦੀ ਅਰਥਵਿਵਸਥਾ ਵਿਚ 15 ਬਿਲੀਅਨ ਦੀ ਬੱਚਤ ਹੋਵੇ
  • ਰੈਜ਼ਿਡੈਂਸ਼ੀਅਲ ਸਕੂਲਾਂ ਵਿਚ ਕੈਥਲਿਕ ਚਰਚ ਦੀ ਭੂਮਿਕਾ ਬਾਬਤ ਪੋਪ ਕੋਲੋਂ ਮੁਆਫ਼ੀ ਮੰਗੇ ਜਾਣ ਦੀ ਆਵਾਜ਼ ਉਠਾਉਣੀ
  • ਨਵੀਂ ਨਿਉਕਲੀਅਰ ਉਰਜਾ ਦੇ ਵਿਕਾਸ ਤੇ ਪਾਬੰਦੀ

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ