1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਫ਼ੈਡਰਲ ਚੋਣਾਂ: ਲਿਬਰਲ ਪਾਰਟੀ ਵੱਲੋਂ ਇਲੈਕਸ਼ਨ ਪਲੈਟਫ਼ੌਰਮ ਜਾਰੀ

ੳ’ਟੂਲ ਮੁਲਕ ਦੀ ਯੋਗ ਅਗਵਾਈ ਦੇ ਸਮਰੱਥ ਨਹੀਂ : ਟ੍ਰੂਡੋ

ਜਸਟਿਨ ਟ੍ਰੂਡੋ

1 ਸਤੰਬਰ 2021 ਨੂੰ ਲਿਬਰਲ ਲੀਡਰ ਜਸਟਿਨ ਟ੍ਰੂਡੋ ਲਿਬਰਲ ਪਾਰਟੀ ਦਾ ਇਲੈਕਸ਼ਨ ਪਲੈਟਫ਼ੌਰਮ ਜਾਰੀ ਕਰਦਿਆਂ।

ਤਸਵੀਰ: La Presse canadienne / Nathan Denette

RCI

ਲਿਬਰਲ ਪਾਰਟੀ ਵੱਲੋਂ ਵੀ ਅੱਜ ਆਪਣਾ ਇਲੈਕਸ਼ਨ ਪਲੈਫ਼ੌਰਮ ਜਾਰੀ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਇਸ ਤਫ਼ਸੀਲੀ ਚੋਣ ਏਜੰਡੇ ਵਿਚ ਕੋਵਿਡ ਤੋਂ ਪ੍ਰਭਾਵਿਤ ਅਰਥ-ਵਿਵਸਥਾ ਦੀ ਰਿਕਵਰੀ ਸਮੇਤ ਪਿਛਲੇ ਲੰਬੇ ਸਮੇਂ ਤੋਂ ਮੁਲਕ ਵਿਚ ਮੌਜੂਦ ਸਮੱਸਿਆਵਾਂ ਦੇ ਨਿਵਾਰਨ ਲਈ ਕਈ ਬਿਲੀਅਨ ਡਾਲਰ ਖ਼ਰਚ ਕੀਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ।

53 ਪੰਨਿਆਂ ਦੇ ਇਸ ਚੋਣ ਏਜੰਡੇ ਵਿਚ 78 ਬਿਲੀਅਨ ਡਾਲਰ ਖ਼ਰਚ ਕੀਤੇ ਜਾਣ ਦਾ ਪਲਾਨ ਬਣਾਇਆ ਗਿਆ ਹੈ। ਲਿਬਰਲਾਂ ਦੇ ਪਲੈਟਫ਼ੌਰਮ ਵਿਚ ਕਲਾਇਮੇਟ ਚੇਂਜ ਨਾਲ ਨਜਿੱਠਣ, ਮੂਲਨਿਵਾਸੀਆਂ ਦੀ ਬਿਹਤਰੀ ਅਤੇ ਕਲਾ ਅਤੇ ਕਲਚਰ ਦੇ ਖੇਤਰ ਵਿਚ ਵਧੇਰੇ ਨਿਵੇਸ਼ ਦੇ ਨਾਲ ਨਾਲ ਹਥਿਆਰਾਂ ਦੀ ਖ਼ਰੀਦ ਫ਼ਰੋਖ਼ਤ ‘ਤੇ ਵਧੇਰੇ ਰੋਕਾਂ ਅਤੇ ਹੈਂਡ ਗੰਨਜ਼ ‘ਤੇ ਪਾਬੰਧੀ ਲਗਾਉਣ ਲਈ ਸੂਬਿਆਂ ਨੂੰ ਵਧੇਰੇ ਫ਼ੰਡਿੰਗ ਦਿੱਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ। 

ਇਸ ਤੋਂ ਇਲਾਵਾ ਮੁਲਕ ਵਿਚ ਰੁਜ਼ਗਾਰ ਵੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਲਿਆਉਣ ਅਤੇ ਪਹਿਲਾਂ ਕੀਤੇ ਇੱਕ ਮੀਲੀਅਨ ਨਵੀਂ ਨੌਕਰੀਆਂ ਦੇ ਵਾਅਦੇ ਤੋਂ ਵੀ ਗਾਂਹ ਦੇ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਗਿਆ ਹੈ। ਲਿਬਰਲਾਂ ਨੇ ਕੰਜ਼ਰਵੇਟਿਵਜ਼ ਤੇ ਕਾਮਿਆਂ ਅਤੇ ਕਾਰੋਬਾਰਾਂ ਦੀ ਵਿੱਤੀ ਮਦਦ ਦਾ ਵਿਰੋਧੀ ਹੋਣ ਦਾ ਇਲਜ਼ਾਮ ਵੀ ਲਗਾਇਆ। 

ੳ’ਟੂਲ ਆਪਣੇ ਉਮੀਦਵਾਰਾਂ ਤੱਕ ਦੇ ਵੈਕਸੀਨ ਨਹੀਂ ਲਗਵਾ ਸਕੇ - ਟ੍ਰੂਡੋ

ਲਿਬਰਲਾਂ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਮੁਲਕ ਲਈ ਖ਼ਤਰਾ ਹੈ - ਕਿਉਂਕਿ ਇਹ ਨਾਂ ਤਾਂ ਫ਼ੈਡਰਲ ਮੁਲਾਜ਼ਮਾਂ ਦੀ ਲਾਜ਼ਮੀ ਵੈਕਸੀਨੇਸ਼ਨ ਦੇ ਪੱਖ ਵਿਚ ਹਨ ਅਤੇ ਨਾ ਇਹ ਯਾਤਰਾ ਕਰਨ ਸਬੰਧੀ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਕਰਨਗੇ। ਲਿਬਰਲਾਂ ਨੇ ਕਿਹਾ ਕਿ ਕੰਜ਼ਰਵੇਟਿਵਜ਼ ਨੈਸ਼ਨਲ ਚਾਇਲਡ ਕੇਅਰ ਪ੍ਰੋਗਰਾਮ ਨੂੰ ਵੀ ਖ਼ਤਮ ਕਰ ਦੇਣਗੇ। 

ਜੋ ਐਰਿਨ ੳ’ਟੂਲ ਕਰ ਰਹੇ ਹਨ ਉਹ ਕੋਈ ਅਗਵਾਈ ਨਹੀਂ ਹੈ। ਵੈਕਸੀਨ ਵਿਰੋਧ ਤੋਂ ਲੈਕੇ ਕਲਾਇਮੇਟ ਚੇਂਜ ਤੋਂ ਮੁਨਕਿਰ ਹੋਣ ਤੱਕ, ਆਪਣੇ ਪਲੈਟਫ਼ੌਰਮ ਵਿਚ ਨਸਲਵਾਦ ਦਾ ਕੋਈ ਜ਼ਿਕਰ ਨਾ ਕਰਨ ਤੋਂ ਲੈਕੇ 10 ਡਾਲਰ ਪ੍ਰਤੀ ਦਿਨ ਵਾਲੇ ਚਾਇਲਡ ਕੇਅਰ ਨੂੰ ਖ਼ਤਮ ਕਰਨ ਦੀ ਯੋਜਨਾ ਤੱਕ, ਕਿਸੇ ਨੂੰ ਵੀ ਤਾਂ ਅਗਵਾਈ ਨਹੀਂ ਕਿਹਾ ਜਾ ਸਕਦਾ। 
ਜਸਟਿਨ ਟ੍ਰੂਡੋ, ਲਿਬਰਲ ਲੀਡਰ

ੳ’ਟੂਲ ਦੀ ਪ੍ਰਾਇਵੇਟ ਕੇਅਰ ਤੇ ਨਿਸ਼ਾਨਾ

ਲਿਬਰਲ ਪਲੈਟਫ਼ੌਰਮ ਮੁਤਾਬਕ, ਐਰਿਨ ੳ’ਟੂਲ ਕਹਿੰਦੇ ਹਨ ਕਿ ਉਹ ਦੌਲਤਮੰਦ ਲੋਕਾਂ ਨੂੰ ਮੁਨਾਫ਼ੇ ਵਾਲਾ ਹੈਲਥ ਕੇਅਰ ਸਿਸਟਮ ਬਣਾਕੇ ਦੇਣ ਦੇ ਜ਼ਰੀਏ ਸਿਸਟਮ ਵਿਚ ਨਿਵੇਕਲਾਪਣ ਲਿਆਉਣਾ ਚਾਹੁੰਦੇ ਹਨ। ਪਰ ਇਹ ਦੋ-ਪੱਧਰੀ ਸਿਸਟਮ ਸਾਡੇ ਹੈਲਥ ਸਿਸਟਮ ਨੂੰ ਵਿਗਾੜ ਦਵੇਗਾ। 

ਲਿਬਰਲ ਚੋਣ ਏਜੰਡੇ ਵਿਚ ਵਾਅਦਾ ਕੀਤਾ ਗਿਆ ਹੈ ਕਿ ਜੇ ਲਿਬਰਲ ਸਰਕਾਰ ਦੁਬਾਰਾ ਬਣਦੀ ਹੈ ਤਾਂ 7500 ਨਵੇਂ ਫ਼ੈਮਲੀ ਡਾਕਟਰ ਅਤੇ ਨਰਸਾਂ ਦੀ ਭਰਤੀ ਅਤੇ ਮਹਾਮਰੀ ਕਰਕੇ ਸਰਜਰੀਆਂ ਵਿਚ ਪੈਦਾ ਹੋਏ ਬੈਕਲੌਗ ਦਾ ਨਿਪਟਾਰਾ ਕਰਨ ਲਈ ਕਈ ਬਿਲੀਅਨ ਡਾਲਰ ਖ਼ਰਚ ਕੀਤੇ ਜਾਣਗੇ।

ਜਿੱਥੇ ੳ’ਟੂਲ ਨੇ ਲਿਬਰਲਾਂ ਦੀ ‘ਅਸੌਲਟ-ਸਟਾਇਲ’ (ਸੈਮੀ ਆਟੋਮੈਟਿਕ) ਹਥਿਆਰਾਂ ‘ਤੇ ਪਾਬੰਦੀ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ ਉੱਥੇ ਲਿਬਰਲਾਂ ਨੇ ਹਥਿਆਰਾਂ ਤੇ ਨਵੀਆਂ ਪਾਬੰਦੀਆਂ ਦਾ ਜ਼ਿਕਰ ਕੀਤਾ ਹੈ। ਨਵੀਆਂ ਪਾਬੰਦੀਆਂ ਅਧੀਨ ਹਥਿਆਰਾਂ ਦੇ ਮਾਲਕਾਂ ਨੂੰ ਜਾਂ ਤਾਂ ਹਥਿਆਰ ਸਰਕਾਰ ਨੂੰ ਵੇਚਣੇ ਹੋਣਗੇ ਤਾਂ ਕਿ ਊਹਨਾਂ ਨੂੰ ਨਸ਼ਟ ਕੀਤਾ ਜਾ ਸਕੇ ਤੇ ਜਾਂ ਫ਼ੇਰ ਸਰਕਾਰੀ ਖ਼ਰਚ ਤੇ ਪੱਕੇ ਤੌਰ ਤੇ ਸਰਕਾਰ ਦੀ ਨਿਗਰਾਨੀ ਵਿਚ ਜਮਾਂ ਕਰਵਾਉਣੇ ਹੋਣਗੇ। 

ਇਸ ਤੋਂ ਇਲਾਵਾ ਹੈਂਡ ਗੰਨਜ਼ ਤੇ ਪਾਬੰਦੀ ਲਗਾਉਣ ਲਈ ਸੂਬਿਆਂ ਨੂੰ ਇਕ ਬਿਲੀਅਨ ਡਾਲਰ ਦੀ ਫ਼ੰਡਿਗ ਦਾ ਵੀ ਵਾਅਦਾ ਕੀਤਾ ਗਿਆ ਹੈ। ਦਸ ਦਈਏ ਕਿ ਐਂਟੀ-ਗੰਨ ਹਮਾਇਤੀਆਂ ਵੱਲੋਂ ਲੰਬੇ ਸਮੇਂ ਤੋਂ ਇਸ ਚੀਜ਼ ਦੀ ਮੰਗ ਵੀ ਕੀਤੀ ਜਾ ਰਹੀ ਸੀ। 

ਪਲੈਟਫ਼ੌਰਮ ਵਿਚ ੳ’ਟੂਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਹੈ ਕਿ ਉਹ ਗੰਨ ਲੌਬੀ ਦੇ ਹੱਕ ਵਿਚ ਭੁਗਤਦੇ ਹਨ ਅਤੇ ਉਹਨਾਂ ਦੀ ਸਰਕਾਰ ਕੈਨੇਡਾ ਵਿਚ ਅਸੌਲਟ-ਸਟਾਇਲ ਹਥਿਆਰਾਂ ਦੀ ਤਸਕਰੀ ਨੂੰ ਵੀ ਖੁੱਲ ਦਵੇਗੀ। ਪਲੈਟਫ਼ੌਰਮ ਮੁਤਾਬਕ ਲਿਬਰਲ ਪਾਰਟੀ ਦਾ ਮੰਨਣਾ ਹੈ ਕਿ ਮਾਰੂ ਬੰਦੂਕਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ। 

ਇਸ ਤੋਂ ਇਲਾਵਾ ਮੈਂਟਲ ਹੈਲਥ ਅਤੇ ਹਾਉਸਿੰਗ ਵਿਚ ਵਧੇਰੇ ਨਿਵੇਸ਼ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਪਲੈਟਫ਼ੌਰਮ ਮੁਤਾਬਕ ਜੇ ਲਿਬਰਲ ਪਾਰਟੀ ਦੀ ਦੁਬਾਰਾ ਸਰਕਾਰ ਬਣਦੀ ਹੈ ਤਾਂ ਇੱਕ ਨਵਾਂ ‘ਫ਼ਸਟ ਹੋਮ ਸੇਵਿੰਗਜ਼ ਅਕਾਉਂਟ’ ਸ਼ੁਰੁ ਕੀਤਾ ਜਾਵੇਗਾ। ਇਸ ਅਧੀਨ 40 ਸਾਲ ਤੋਂ ਘੱਟ ਉਮਰ ਦੇ ਕਨੇਡੀਅਨਜ਼ ਆਪਣੇ ਘਰ ਵਾਸਤੇ 40,000 ਡਾਲਰ ਤੱਕ ਦੀ ਰਾਸ਼ੀ ਜੋੜ ਸਕਦੇ ਹਨ ਅਤੇ ਇਸ ਰਾਸ਼ੀ ਨੂੰ ਕਢਾਉਣ ਵੇਲੇ ਟੈਕਸ ਵੀ ਨਹੀਂ ਦੇਣਾ ਪਵੇਗਾ। ਇਸ ਖਾਤੇ ਵਿਚ ਪਾਏ ਜਾਣ ਵਾਲੇ ਪੈਸੇ ਤੇ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ। 

ਮੈਂਟਲ ਹੈਲਥ ਸੇਵਾਵਾਂ ਲਈ ਸੂਬਾ ਸਰਕਾਰਾਂ ਨੂੰ ਸਾਲਾਨਾ ਫ਼ੰਡਿੰਗ ਵਿਚ ਘੱਟੋ ਘੱਟ 2 ਬਿਲੀਅਨ ਦਾ ਵਾਧਾ ਕਰਨ ਦੀ ਯੋਜਨਾ ਵੀ ਉਲੀਕੀ ਗਈ ਹੈ। 

ਬਹੁਤ ਅਮੀਰਾਂ ਲਈ 'ਇੱਕ ਮਿਨਿਮਮ ਟੈਕਸ'

ਸਰਕਾਰ ਦੁਬਾਰਾ ਬਣਦੀ ਹੈ ਤਾਂ ਕੈਨੇਡਾ ਦੇ ਵੱਡੇ ਅਤੇ ਮੁਨਾਫ਼ਾ ਕਮਾਉਣ ਵਾਲੇ ਫ਼ਾਇਨੈਂਸ਼ੀਅਲ ਅਦਾਰਿਆਂ ਤੇ ਲੱਗਣ ਵਾਲੇ ਕਾਰਪੋਰੇਟ ਟੈਕਸ ਵਿਚ ਇਜ਼ਾਫ਼ਾ ਕੀਤਾ ਜਾਵੇਗਾ ਨਾਲ ਹੀ ਇੱਕ ਮਿਨਿਮਮ ਟੈਕਸ ਸੁਨਿਸ਼ਚਿਤ ਕੀਤਾ ਜਾਵੇਗਾ ਤਾਂ ਕਿ ਬਹੁਤਾ ਪੈਸਾ ਕਮਾਉਣ ਵਾਲੇ, ਕ੍ਰੈਡਿਟ ਪ੍ਰਾਪਤ ਕਰਕੇ ਅਤੇ ਖ਼ਰਚੇ ਪਾ ਕੇ ਟੈਕਸ ਦੇਣ ਤੋਂ ਨਾ ਬਚ ਸਕਣ। 

ਪਲੈਟਫ਼ੌਰਮ ਮੁਤਾਬਕ ਦੁਬਾਰਾ ਚੁਣੀ ਗਈ ਲਿਬਰਲ ਸਰਕਾਰ ਸੀਆਰਏ ਦੇ ਸਰੋਤਾਂ ਵਿਚ ਵੀ ਇਜ਼ਾਫ਼ਾ ਕਰੇਗੀ ਤਾਂ ਕਿ ਚਤਰਾਈ ਅਤੇ ਸੂਖਮ ਤਰੀਕੇ ਨਾਲ ਟੈਕਸ ਤੋਂ ਕਿਨਾਰਾਕਸ਼ੀ ਕਰਨ ਵਾਲੀਆਂ ਕੰਪਨੀਆਂ ਤੇ ਸ਼ਿਕੰਜਾ ਕੱਸਿਆ ਜਾ ਸਕੇ।ਪਾਰਟੀ ਮੁਤਾਬਕ ਇਹਨਾਂ ਉਪਾਵਾਂ ਰਾਹੀਂ 2022-23 ਦੇ ਵਿੱਤੀ ਸਾਲ ਵਿਚ ਹੀ 1.1 ਬਿਲੀਅਨ ਡਾਲਰ ਇੱਕਠਾ ਹੋ ਸਕੇਗਾ।

ਕਲਾਇਮੇਟ ਚੇਂਜ ਬਾਬਤ ਯੋਜਨਾ

ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ਅਤੇ ਗੈਸ ਸੈਕਟਰ ਦੀਆਂ ਨਿਕਾਸੀਆਂ ਵਿਚ ਵਧੇਰੇ ਕਟੌਤੀ ਕੀਤੀ ਜਾਵੇਗੀ, ਥਰਮਲ ਕੋਲੇ ਦੇ ਨਿਰਯਾਤ ਤੇ ਪਾਬੰਦੀ ਲਗਾਈ ਜਾਵੇਗੀ ਅਤੇ 2023 ਤੱਕ ਫ਼ੌਸਿਲ ਫ਼ਿਉਲ ਦੀਆਂ ਸਬਸਿਡੀਆਂ  ਨੂੰ ਖ਼ਤਮ ਕਰ ਦਿੱਤਾ ਜਾਵੇਗਾ। 

ਇਸ ਤੋਂ ਇਲਾਵਾ ਪੈਟਰੋਲ ਤੇ ਚੱਲਣ ਵਾਲੀਆਂ ਕਾਰਾਂ ਦੀ ਥਾਂ ਇਲੈਕਟ੍ਰਿਕ ਕਾਰਾਂ ਵੱਲ ਰੁਝਾਨ ਵਧਾਉਣ ਲਈ 1.5 ਬਿਲੀਅਨ ਡਾਲਰ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ ਜਿਸ ਅਧੀਨ ਇਲੈਕਟ੍ਰਿਕ ਵਾਹਨ ਖ਼ਰੀਦਣ ਵਾਲੇ ਸ਼ਖ਼ਸ ਨੂੰ 5000 ਡਾਲਰ ਦੀ ਸਰਕਾਰੀ ਰਿਬੇਟ ਦਿੱਤੀ ਜਾਵੇਗੀ। 

ਇਲੈਕਟ੍ਰਿਕ ਕਾਰ ਦੇ ਨਾਲ ਖੜੀ ਔਰਤ

ਉਨਟੇਰਿਉ ਦੇ ਮਾਰਖਮ ਵਿਚ ਇੱਕ ਔਰਤ ਆਪਣੀ ਇਲੈਕਟ੍ਰਿਕ ਕਾਰ ਨੂੰ ਚਾਰਜ ਕਰਦਿਆਂ।

ਤਸਵੀਰ: Frank Gunn/Canadian Press

ਨਵੇਂ ਪਲੈਟਫ਼ੌਰਮ ਵਿਚ ਲਿਬਰਲ ਸਰਕਾਰ ਦੇ ਕੈਨੇਡਾ ਵਿਚ ਸਾਲ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 2005 ਦੇ ਪੱਧਰ ਤੋਂ 40 ਤੋਂ 45 ਫ਼ੀਸਦੀ ਦੇ ਘੱਟ ਦੇ ਪੱਧਰ ਤੱਕ ਲਿਆਉਣ ਦੇ ਟੀਚੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦਸ ਦਈਏ ਕਿ ਕੰਜ਼ਰਵੇਟਿਵ ਲੀਡਰ ਐਰਿਨ ੳ’ਟੂਲ ਨੇ ਕਿਹਾ ਹਾਲ ਹੀ ਵਿਚ ਕਿਹਾ ਸੀ ਕਿ ਜੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਬਣਦੀ ਹੈ ਤਾਂ ਕਾਰਬਨ ਨਿਕਾਸੀ ਵਿਚ ਕਟੌਤੀ ਕੀਤੇ ਜਾਣੇ ਦੇ ਲਿਬਰਲਾਂ ਦੇ ਟੀਚਿਆਂ ਨੂੰ ਹਟਾਕੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੇ ਸਮੇਂ ਵਿਚ ਤੈਅ ਕੀਤੇ ਟੀਚਿਆਂ ਨੂੰ ਦੁਬਾਰਾ ਅਪਣਾਇਆ ਜਾਵੇਗਾ। 

ਜਦੋਂ ਕੈਨੇਡਾ ਨੇ 2015 ਵਿਚ ਪੈਰਿਸ ਸਮਝੌਤੇ ਤੇ ਦਸਤਖ਼ਤ ਕੀਤੇ ਸਨ ਤਾਂ ਉਦੋਂ ਸਾਬਕਾ ਕੰਜ਼ਰਵੇਟਿਵ ਸਰਕਾਰ ਵਾਲਾ, 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 2005 ਦੇ ਪੱਧਰ ਤੋਂ 30 ਫ਼ੀਸਦੀ ਘੱਟ ਦੇ ਪੱਧਰ ਤੱਕ ਲਿਆਉਣ ਦਾ ਟੀਚਾ ਹੀ ਅਪਣਾਇਆ ਗਿਆ ਸੀ।

ਔਰਤ ਵੋਟਰਾਂ ਲਈ ਵਾਅਦੇ

ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇ ਉਹਨਾਂ ਦੀ ਸਰਕਾਰ ਦੁਬਾਰਾ ਬਣਦੀ ਹੈ ਤਾਂ ’ਮਿਸਕੈਰੇਜ’ ਜਾਂ ਮ੍ਰਿਤ ਬੱਚਾ ਜੰਮਣ ਵਰਗੇ ਮਾਮਲਿਆਂ ਵਿਚ ਫ਼ੈਡਰਲ ਔਰਤ ਮੁਲਾਜ਼ਮਾਂ ਨੂੰ ਪੰਜ ਦਿਨਾਂ ਦੀ ਪੇਡ ਛੁੱਟੀ ਦਿੱਤੀ ਜਾਵੇਗੀ। 

ਇੱਕ ਔਰਤ ਅਤੇ ਤਿੰਨ ਬੱਚੇ

ਫ਼ੈਡਰਲ ਚੋਣਾਂ ਵਿਚ ਚਾਇਲਡਕਏਅਰ ਇੱਕ ਅਹਿਮ ਮੁੱਦਾ ਹੈ। ਸਾਰੀਆਂ ਪਾਰਟੀਆਂ ਔਰਤ ਵੋਟਰਾਂ ਤੇ ਵੀ ਧਿਆਨ ਕੇਂਦਰਤ ਕਰ ਰਹੀਆਂ ਹਨ।

ਤਸਵੀਰ: Radio-Canada / Carl Boivin

ਇਸ ਤੋਂ ਇਲਾਵਾ ਨਵੀਂਆਂ ਲੇਬਲ ਕੋਡ ਪ੍ਰੋਵੀਜ਼ਨ ਵੀ ਸ਼ਾਮਲ ਕੀਤੀਆਂ ਜਾਣਗੀਆਂ ਜਿਸ ਅਧੀਨ ਫ਼ੈਡਰਲ ਅਦਾਰਿਆਂ ਨੂੰ ਆਪਣੇ ਔਰਤ ਮੁਲਾਜ਼ਮਾਂ ਲਈ ਸੈਨੀਟਰੀ ਪੈਡਜ਼ ਅਤੇ ਟੈਮਪੋਨ ਮੁਹੱਈਆ ਕਰਵਾਉਣਾ ਜ਼ਰੂਰੀ ਹੋਵੇਗਾ। 

ਗਰਭਪਾਤ ਵਿਰੋਧੀ ਸੰਸਥਾਵਾਂ ਦਾ ਚੈਰਿਟੀ ਸਟੇਟਸ ਖ਼ਤਮ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। ਨਾਲ ਹੀ ਸੂਬਾ ਸਰਕਾਰਾਂ ਨੂੰ ਗਰਭਪਾਤ ਦੀ ਸੁਵਿਧਾਵਾਂ ਸੁਨਿਸ਼ਚਿਤ ਕਰਵਾਉਣ ਲਈ ਨਿਰਦੇਸ਼ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। 

ਕਲਾ ਅਤੇ ਸੱਭਿਆਚਾਰ ਸੈਕਟਰ ਦੀ ਮਦਦ

ਕੋਵਿਡ ਪ੍ਰਭਾਵਿਤ ਕਲਾ ਅਤੇ ਸੱਭਿਆਚਾਰ ਸੈਕਟਰ ਦੀ ਮਦਦ ਲਈ ਲਿਬਰਲ ਪਾਰਟੀ ਨੇ ਲਾਇਵ ਥੀਏਟਰਾਂ ਅਤੇ ਸੱਭਿਆਚਾਰਕ ਸੰਸਥਾਨਾਂ ਤੇ ਟਿਕਟ ਵਿਕਰੀ ਨੂੰ ‘ਮੈਚ’ ਕਰਨ ਦਾ ਵੀ ਵਾਅਦਾ ਕੀਤਾ ਹੈ ਭਾਵ ਕੋਵਿਡ ਰੋਕਾਂ ਕਰਕੇ ਸਮਰੱਥਾ ਤੋਂ ਘੱਟ ਦਰਸ਼ਕਾਂ ਦੀ ਇਜਾਜ਼ਤ ਕਰਕੇ ਬਾਕੀ ਖ਼ਾਲੀ ਸੀਟਾਂ ਦੇ ਹਿਸਾਬ ਨਾਲ, ਬਣਦੀ ਸਰਕਾਰੀ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਪ੍ਰੋਡਕਸ਼ਨਜ਼ ਲਈ ਵਧੇਰੇ ਫ਼ੰਡਿੰਗ ਅਤੇ ਇੰਸ਼ੋਰੈਂਸ ਕਵਰੇਜ ਵੀ ਉਪਲਬਧ ਕਰਵਾਈ ਜਾਵੇਗੀ। 

ਇਸ ਤੋਂ ਇਲਾਵਾ ਟੈਲਿਫ਼ਿਲਮ ਕੈਨੇਡਾ, ਨੇਸ਼ਨਲ ਫ਼ਿਲਮ ਬੋਰਡ, ਕੈਨੇਡਾ ਔਥਰਜ਼, ਇੰਡੀਜੀਨਸ ਸਕਰੀਨ ਔਫ਼ਿਸ ਅਤੇ ਹੋਰ ਕਲਾ ਨਾਲ ਸਬੰਧਤ ਪ੍ਰੋਗਰਾਮਿੰਗ ਲਈ ਵਧੇਰੇ ਫ਼ੰਡਿੰਗ ਰਾਖਵੀਂ ਕੀਤੀ ਜਾਵੇਗੀ। 

ਕੰਜ਼ਰਵੇਟਿਵਜ਼ ਵੱਲੋਂ ਸੀਬੀਸੀ ਨਿਊਜ਼ ਨੈਟਵਰਕ (ਅੰਗ੍ਰੇਜ਼ੀ) ਲਈ ਫ਼ੰਡਿੰਗ ਵਿਚ ਕਟੌਤੀ ਦੀ ਵੀ ਗੱਲ ਕੀਤੀ ਗਈ ਹੈ ਤਾਂ ਕਿ ਪ੍ਰਾਇਵੇਟ ਬ੍ਰੌਡਕਾਸਟਰਾਂ ਲਈ ਕੰਪਟੀਸ਼ਨ ਨੂੰ ਘਟਾਇਆ ਜਾ ਸਕੇ ਪਰ ਲਿਬਰਲ ਪਾਰਟੀ ਨੇ ਅਗਲੇ ਚਾਰ ਸਾਲਾਂ ਵਿਚ ਪਬਲਿਕ ਬ੍ਰੌਡਕਾਸਟਰ ਵਿਚ 400 ਮਿਲੀਅਨ ਦੇ ਵਧੇਰੇ ਨਿਵੇਸ਼ ਦਾ ਵਾਅਦਾ ਕੀਤਾ ਹੈ। 

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ