1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਚੋਣਾਂ

ਫ਼ੈਡਰਲ ਚੋਣਾਂ: ਕੰਜ਼ਰਵੇਟਿਵ ਪਾਰਟੀ ਵੱਲੋਂ ਇਲੈਕਸ਼ਨ ਪਲੈਟਫ਼ੌਰਮ ਜਾਰੀ

ਚਾਇਲਡ ਕੇਅਰ ਪਲੈਨ ਬੰਦ ਕਰਕੇ ਮਾਪਿਆਂ ਨੂੂੰ ਸਿੱਧੀ ਰਾਸ਼ੀ ਦੇਣ ਦੀ ਯੋਜਨਾ

14 ਅਗਸਤ 2021 ਨੂੰ ਇੱਕ ਨਿਉਜ਼ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੰਜ਼ਰਵੇਟਿਵ ਲੀਡਰ ਐਰਿਨ ੳ'ਟੂਲ।

14 ਅਗਸਤ 2021 ਨੂੰ ਇੱਕ ਨਿਉਜ਼ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੰਜ਼ਰਵੇਟਿਵ ਲੀਡਰ ਐਰਿਨ ੳ'ਟੂਲ।

ਤਸਵੀਰ: (Jacques Boissinot/The Canadian Press)

RCI

ਕੰਜ਼ਰਵੇਟਿਵ ਪਾਰਟੀ ਔਫ਼ ਕੈਨੇਡਾ ਵੱਲੋਂ ਅੱਜ 160 ਪੰਨਿਆਂ ਦਾ ਆਪਣਾ ਤਫ਼ਸੀਲੀ ਚੋਣ ਏਜੰਡਾ ਜਾਰੀ ਕੀਤਾ ਗਿਆ ਹੈ। ਇਸ ਨਵੇਂ ਇਲੈਕਸ਼ਨ ਪਲੈਟਫ਼ੌਰਮ ਵਿਚ ਕੋਵਿਡ ਤੋਂ ਪ੍ਰਭਾਵਿਤ ਹੋਈ ਅਰਥ-ਵਿਵਸਥਾ ਦੀ ਰਿਕਵਰੀ ਲਈ ਕਈ ਬਿਲੀਅਨ ਡਾਲਰ ਖ਼ਰਚ ਕੀਤੇ ਜਾਣ ਦੀ ਯੋਜਨਾ ਉਲੀਕੀ ਗਈ ਹੈ। 

ਪੁਰਾਣੇ ਕੰਜ਼ਰਵੇਟਿਵ ਚੋਣ ਏਜੰਡਿਆਂ ਤੋਂ ਵੱਖਰਾ ਰਾਹ ਇਖ਼ਤਿਆਰ ਕਰਦਿਆਂ ਇਸ ਵਾਰ ਦੇ ਏਜੰਡੇ ਵਿਚ ਇਕੌਨਮੀ ਵਿਚ ਸੁਧਾਰ ਅਤੇ ਕਾਰੋਬਾਰਾਂ ਦੀ ਮਦਦ ਲਈ ਸਿੱਧੀ ਕੈਸ਼ ਮਦਦ ਦਿੱਤੇ ਜਾਣ ਨੂੰ ਸ਼ਾਮਲ ਕੀਤਾ ਗਿਆ ਹੈ। 

ਫ਼ਿਲਹਾਲ ਇਸ ਕਈ ਬਿਲੀਅਨ ਡਾਲਰ ਦੀ ਯੋਜਨਾ ਦੀ ਸਪਸ਼ਟ ਲਾਗਤ ਨਹੀਂ ਅਨੁਮਾਨੀ ਗਈ ਹੈ ਕਿਉਂਕਿ ਪਾਰਲੀਮੈਂਟਰੀ ਬਜਟ ਔਫ਼ਿਸਰ ਵੱਲੋਂ ਅਜੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 

ੳ’ਟੂਲ ਦਾ ਕਹਿਣਾ ਹੈ ਕੰਜ਼ਰਵੇਟਿਵ ਸਰਕਾਰ ਦਸ ਸਾਲਾਂ ਦੇ ਦੌਰਾਨ ਸਰਕਾਰ ਦੇ ਬਜਟ ਨੂੰ ਸੰਤੁਲਿਤ ਕਰ ਦੇਵੇਗੀ। ਦਸ ਦਈਏ ਕਿ ਸਿਰਫ਼ ਇਸੇ ਸਾਲ ਦਾ ਬਜਟ ਘਾਟਾ $381.6 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। 

ਨਾਲ ਹੀ ਇਸ ਇਲੈਕਸ਼ਨ ਪਲੈਟਫ਼ੌਰਮ ਵਿਚ ਲਿਬਰਲ ਸਰਕਾਰ ਵੱਲੋਂ ਚਲਾਏ ਗਏ ਚਾਇਲਡ ਕੇਅਰ ਪਲੈਨ ਨੂੰ ਬੰਦ ਕਰਕੇ ਬੱਚਿਆਂ ਦੇ ਮਾਪਿਆਂ ਨੂੂੰ ਸਿੱਧੀ ਰਾਸ਼ੀ ਦੇਣ ਦੀ ਯੋਜਨਾ ਬਣਾਈ ਗਈ ਹੈ। 

ਇਸ ਤੋਂ ਇਲਾਵਾ ਕੈਨੇਡਾ ਹੈਲਥ ਟ੍ਰਾਂਸਫ਼ਰ ਵਿਚ ਮੌਜੂਦਾ ਦਰ ਦੇ ਮੁਕਾਬਲੇ 6 ਫ਼ੀਸਦੀ ਵਾਧਾ ਕਰਕੇ ਹੈਲਥ ਕੇਅਰ ਸੈਕਟਰ ਵਿਚ ਵੀ ਵਧੇਰੇ ਰਾਸ਼ੀ ਖ਼ਰਚ ਕਰਨ ਦੀ ਯੋਜਨਾ ਹੈ। ਪਾਰਟੀ ਮੁਤਾਬਕ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਹੈਲਥ ਟ੍ਰਾਂਸਫ਼ਰ ਵਿਚ ਵਾਧੇ ਕਾਰਨ ਫ਼ੈਡਰਲ ਸਰਕਾਰ ਨੂੰ ਅਗਲੇ ਦਸ ਸਾਲਾਂ ਵਿਚ 60 ਬਿਲੀਅਨ ਡੌਲਰ ਦਾ ਖ਼ਰਚ ਆਵੇਗਾ। 

ਪਰ ਇਸ ਯੋਜਨਾ ਦੇ ਕੇਂਦਰ ਵਿਚ ਲੱਖਾਂ ਨਵੀਆਂ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਵੀ ਸ਼ਾਮਲ ਹੈ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਕੰਜ਼ਰਵੇਟਿਵਜ਼ ਨੇ ਕੋਵਿਡ ਸੰਕਟ ਨਾਲ ਪ੍ਰਭਾਵਿਤ ਕਾਰੋਬਾਰੀਆਂ ਲਈ ਲਿਬਰਲ ਸਰਕਾਰ ਨਾਲੋਂ ਵੀ ਵਧੇਰੇ ਵਿੱਤੀ ਮਦਦ ਮੁਹੱਈਆ ਕਰਵਾਉਣ ਦਾ ਅਹਿਦ ਕੀਤਾ ਹੈ। 

ਦਸ ਦਈਏ ਕਿ ਕੋਵਿਡ ਮਹਾਮਾਰੀ ਕੈਨੇਡਾ ਵਿਚ 27,000 ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ ਮੁਲਕ ਵਿਚ ਬੇਰੁਜ਼ਗਾਰੀ ਦਰ 2008-09 ਦੇ ਆਰਥਿਕ ਸੰਕਟ ਦੇ ਪੱਧਰ ਤੇ ਪਹੁੰਚ ਗਈ ਹੈ। 

ਕਾਰੋਬਾਰੀਆਂ ਲਈ ਵਾਅਦੇ

ਆਪਣੇ ਕੈਨੇਡਾ ਜੌਬਸ ਸਰਜ ਪਲੈਨ ਦੇ ਜ਼ਰੀਏ ਕੰਜ਼ਰਵੇਟਿਵਜ਼ ਵੱਲੋਂ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਸਮਾਪਤ ਹੁੰਦਿਆਂ ਹੀ ਨੌਕਰਿਆਂ ਤੇ ਨਵੇਂ ਰੱਖੇ ਗਏ ਕਾਮਿਆਂ ਦੀ ਤਨਖ਼ਾਹ ਵਾਸਤੇ 50 ਫ਼ੀਸਦੀ ਤੱਕ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਗਈ ਹੈ। ਚੋਣਾਂ ਦੇ ਐਲਾਨ ਤੋਂ ਪਹਿਲਾਂ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ ਐਲਾਨ ਕੀਤਾ ਸੀ ਕਿ ਵੇਜ ਸਬਸਿਡੀ ਅਕਤੂਬਰ ਦੇ ਅੰਤ ਤੱਕ ਜਾਰੀ ਰਹੇਗੀ। 

ਟੋਰੌਂਟੋ ਵਿਚ ਇੱਕ ਰਿਟੇਲ ਸਟੋਰ ਦੇ ਬਾਹਰ ਇੱਕ ਰਾਹਗੀਰ ਦੀ ਤਸਵੀਰ।

ਟੋਰੌਂਟੋ ਵਿਚ ਇੱਕ ਰਿਟੇਲ ਸਟੋਰ ਦੇ ਬਾਹਰ ਇੱਕ ਰਾਹਗੀਰ ਦੀ ਤਸਵੀਰ।

ਤਸਵੀਰ: (Evan Mitsui/CBC)

ਕਾਰੋਬਾਰੀਆਂ ਨੂੰ ਨਿਵੇਸ਼ ਲਈ ਉਤਸਾਹਿਤ ਕਰਨ ਦੇ ਮਕਸਦ ਨਾਲ ਕੈਨੇਡਾ ਇਨਵੈਸਟਮੈਂਟ ਐਕਸੀਲਰੇਟਰ  ਨਾਂ ਦੀ ਇਕ ਨਵੀਂ ਪ੍ਰਣਾਲੀ ਵੀ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ ਜਿਸ ਅਧੀਨ 2022 ਅਤੇ 2023 ਵਿਚ ਪੂੰਜੀ ਨਿਵੇਸ਼ ਕਰਨ ਵਾਲੇ ਕਾਰੋਬਾਰੀਆਂ ਨੂੰ 5 % ਦਾ ਟੈਕਸ ਕ੍ਰੈਡਿਟ ਵੀ ਦਿੱਤਾ ਜਾਵੇਗਾ। 

ਇਸ ਤੋਂ ਇਲਾਵਾ ਅਗਲੇ ਦੋ ਸਾਲਾਂ ਵਿਚ ਛੋਟੇ ਕਾਰੋਬਾਰਾਂ ਵਿਚ 100,000 ਡਾਲਰ ਤੱਕ ਨਿਜੀ ਤੌਰ ਤੇ ਨਿਵੇਸ਼ ਕਰਨ ਵਾਲੇ ਕਨੇਡੀਅਨਜ਼ ਨੂੰ 25 ਫ਼ੀਸਦੀ ਤੱਕ ਦੇ ਟੈਕਸ ਕ੍ਰੈਡਿਟ ਦਿੱਤੇ ਜਾਣ ਦੀ ਯੋਜਨਾ ਹੈ। ਨਾਲ ਹੀ ਹੌਸਪਿਟੈਲਿਟੀ, ਰਿਟੇਲ ਅਤੇ ਟੂਰਿਜ਼ਮ ਸੈਕਟਰ ਵਿਚ ਸਮਾਲ ਅਤੇ ਮੀਡੀਅਮ ਬਿਜ਼ਨਸਾਂ ਲਈ 200,000 ਡਾਲਰ ਤੱਕ ਦੇ ਵਿਸ਼ੇਸ਼ ਲੋਨ ਦੀ ਵੀ ਯੋਜਨਾ ਹੈ ਜਿਸ ਵਿਚੋਂ 25 ਫ਼ੀਸਦੀ ਤੱਕ ਦਾ ਲੋਨ ਮੁਆਫ਼ ਵੀ ਕੀਤਾ ਜਾ ਸਕਦਾ ਹੈ। 

ਰੈਸਟੋਰੈਂਟਾਂ ਦੀ ਮਦਦ ਲਈ ਕੰਜ਼ਰਵੇਟਿਵ ਪਾਰਟੀ ਨੇ ਇੱਕ ਵੱਖਰੇ ਵਿੱਤੀ ਬੈਨਿਫ਼ਿਟ ਦੀ ਵੀ ਯੋਜਨਾ ਬਣਾਈ ਹੈ। ਸੋਮਵਾਰ ਤੋਂ ਬੁੱਧਵਾਰ ਦੌਰਾਨ ਰੈਸਟੋਰੈਂਟਾਂ ਵਿਚ ਡਾਇਨਿੰਗ ਵਾਸਤੇ ਮੰਗਵਾਏ ਖਾਣ-ਪੀਣ ਅਤੇ ਸ਼ਰਾਬ ਦੇ ਔਰਡਰਜ਼ ਉੱਤੇ ਰੈਸਟੋਰੈਂਟਾਂ ਨੂੰ 50 ਫ਼ੀਸਦੀ ਦੀ ਰਿਬੇਟ ਦਿੱਤੀ ਜਾਵੇਗੀ। 

ਜੀਐਸਟੀ ਮੁਆਫ਼ੀ

ਕੰਜ਼ਰਵੇਟਿਵ ਪਾਰਟੀ ਨੇ ਫ਼ੈਡਰਲ ਸੇਲ ਟੈਕਸ ਦੀ ਇੱਕ ਮਹੀਨੇ ਦੀ ਛੁੱਟੀ ਕਰਨ ਦੀ ਵੀ ਯੋਜਨਾ ਬਣਾਈ ਹੈ। ਯਾਨੀ ਕਿਸੇ ਦੁਕਾਨ ਤੋਂ ਖ਼ਰੀਦੀ ਚੀਜ਼ ਤੇ ਇੱਕ ਮਹੀਨੇ ਲਈ ਕੋਈ ਟੈਕਸ ਨਹੀਂ ਦੇਣਾ ਪਵੇਗਾ। ਰਿਟੇਲ ਸੈਕਟਰ ਦੀ ਵਿੱਤੀ ਸਹਾਇਤਾ ਲਈ ਇਹ ਯੋਜਨਾ ਉਲੀਕੀ ਗਈ ਹੈ। 

ਇਸ ਤੋਂ ਇਲਾਵਾ 24573 ਡਾਲਰ ਤੋਂ ਘੱਟ ਦੀ ਸਲਾਨਾ ਆਮਦਨ ਵਾਲੇ ਲੋਕਾਂ ਦੀ ਮਦਦ ਲਈ ਮਿਲਣ ਵਾਲੇ ਵਰਕਰਜ਼ ਬੈਨਿਫ਼ਿਟ ਵਿਚ ਵਾਧਾ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ ਅਤੇ ਇਹ ਰਾਸ਼ੀ ਟੈਕਸ ਰਿਫ਼ੰਡ ਦੀ ਬਜਾਏ ਹਰ ਤਿਮਾਹੀ ਵਿਚ ਸਿੱਧੀ ਖਾਤਾਧਾਰਕਾਂ ਦੇ ਅਕਾਉਂਟਾਂ ਵਿਚ ਜਮਾਂ ਕਰਵਾਈ ਜਾਵੇਗੀ। 

ਕੰਜ਼ਰਵੇਟਿਵ ਪਾਰਟੀ ਨੇ ਲਿਬਰਲਾਂ ਦੇ 30 ਬਿਲੀਅਨ ਡਾਲਰ ਵਾਲੇ ਚਾਇਲਡ ਕੇਅਰ ਪ੍ਰੋਗਰਾਮ ਤੇ ਵਿਰਾਮ ਲਗਾਉਣ ਦਾ ਵੀ ਪਲੈਨ ਬਣਾਇਆ ਹੈ। ਕੰਜ਼ਰਵੇਟਿਵ ਪਾਰਟੀ ਦਾ ਕਹਿਣਾ ਹੈ ਕਿ ਚਾਇਲਡ ਕੇਅਰ ਫ਼ੰਡਜ਼ ਨੂੰ ਸਿੱਧਾ ਮਾਪਿਆਂ ਨੂੰ ਦਿੱਤਾ ਜਾਵੇਗਾ। ਪਾਰਟੀ ਮੁਤਾਬਕ ਇਸ ਨਾਲ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਬਿਹਤਰ ਮਦਦ ਮਿਲ ਸਕੇਗੀ। 

13 ਜੁਲਾਈ 2021 ਨੂੰ ਹੈਲੀਫ਼ੈਕਸ ਦੇ ਇੱਕ ਚਾਇਲਡ ਕੇਅਰ ਸੈਂਟਰ ਵਿੱਖੇ ਖੇਡਦੇ ਬੱਚਿਆਂ ਦੀ ਤਸਵੀਰ।

13 ਜੁਲਾਈ 2021 ਨੂੰ ਹੈਲੀਫ਼ੈਕਸ ਦੇ ਇੱਕ ਚਾਇਲਡ ਕੇਅਰ ਸੈਂਟਰ ਵਿੱਖੇ ਖੇਡਦੇ ਬੱਚਿਆਂ ਦੀ ਤਸਵੀਰ।

ਤਸਵੀਰ: CBC / Michael Gorman

ਕੁਝ ਅਲੋਚਕਾਂ ਦਾ ਕਹਿਣਾ ਸੀ ਲਿਬਰਲ ਸਰਕਾਰ ਦਾ ਚਾਇਲਡ ਕੇਅਰ ਪਲੈਨ ਸਰਕਾਰ ਦੁਆਰਾ ਫ਼ੰਡਿੰਗ ਵਾਲੀਆਂ ਡੇ ਕੇਅਰਜ਼ ਉੱਤੇ ਹੀ ਕੇਂਦਰਤ ਹੈ ਜਿਸ ਕਰਕੇ ਰਿਵਾਇਤੀ ਡੇ ਕੇਅਰਾਂ ਤੋਂ ਬਿਨਾ ਇਹ ਸੇਵਾਵਾਂ ਦੇਣ ਵਾਲੇ ਸੈਕਟਰ ਨਾਲ ਸਬੰਧਤ ਕਾਮੇ ਅਤੇ ਮੁਲਾਜ਼ਮਾਂ ਨੂੰ ਇਸਦਾ ਫ਼ਾਇਦਾ ਨਹੀਂ ਹੋਵੇਗਾ। 

ਲਿਬਰਲ ਚਾਇਲਡ ਕੇਅਰ ਪਲੈਨ ਅਧੀਨ ਅਗਲੇ ਪੰਜ ਸਾਲਾਂ ਵਿਚ ਚਾਇਲਡ ਕੇਅਰ ਸੇਵਾਵਾਂ 10 ਡਾਲਰ ਪ੍ਰਤੀ ਦਿਨ ਦੇ ਖ਼ਰਚ ਤੇ ਮੁਹੱਈਆ ਕਰਵਾਉਣ ਦੀ ਯੋਜਨਾ ਹੈ। 

ਕੰਜ਼ਰਵੇਟਿਵ ਲੀਡਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਲੈਨ ਰਾਹੀਂ ਸਾਰੇ ਮਾਪਿਆਂ ਦੀ ਮਦਦ ਹੋਵੇਗੀ। ਉਹਨਾਂ ਦਾ ਦਾਅਵਾ ਹੈ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਲਾਗਤ ਦਾ 75 ਤੱਕ ਦਾ ਹਿੱਸਾ ਪਾਰਟੀ ਦੇ ਪਲੈਨ ਅਧੀਨ ਕਵਰ ਹੋ ਸਕੇਗਾ। 

ਵਿਦੇਸ਼ੀਆਂ ਦੇ ਘਰ ਖ਼ਰੀਦਣ ਤੇ ਅਸਥਾਈ ਰੋਕ

ਕੈਨੇਡਾ ਵਿਚ ਆਸਮਾਨ ਛੂਹੰਦੀਆਂ ਰੀਅਲ ਅਸਟੇਟ ਕੀਮਤਾਂ ਤੇ ਕਾਬੂ ਪਾਉਣ ਅਤੇ ਲੋਕਾਂ ਨੂੰ ਕਿਫ਼ਾਇਤੀ ਘਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ੳ’ਟੂਲ ਵਿਦੇਸ਼ੀਆਂ ਦੇ ਕੈਨੇਡਾ ਵਿਚ ਘਰ ਖ਼ਰੀਦਣ ਤੇ ਘੱਟੋ ਘੱਟ ਦੋ ਸਾਲ ਦੀ ਪਾਬੰਦੀ ਲਗਾਉਣਗੇ। ਦਸ ਦਈਏ ਕਿ ਪਿਛਲੇ ਫ਼ੈਡਰਲ ਬਜਟ ਵਿਚ ਲਿਬਰਲ ਸਰਕਾਰ ਨੇ ਵਿਦੇਸ਼ੀਆਂ ਦੇ ਖ਼ਾਲੀ ਪਏ ਮਕਾਨਾਂ ਤੇ 1 ਫ਼ੀਸਦੀ ਦਾ ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। 

ਇਸ ਤੋਂ ਇਲਾਵਾ ਬੈਕਿੰਗ ਵਿਚ ਸੁਧਾਰ ਅਤੇ ਮੋਬਾਇਲ ਸੇਵਾਵਾਂ ਦੀਆਂ ਕੀਮਤਾਂ ਘਟਾਉਣ ਲਈ ਵਿਦੇਸ਼ੀ ਕੰਪਨੀਆਂ ਨੂੰ ਨਿਵੇਸ਼ ਕਰਨ ਦੀ ਆਗਿਆ ਦੇਣ ਵਰਗੇ ਕਈ ਹੋਰ ਚੋਣ ਵਾਅਦੇ ਵੀ ਕੀਤੇ ਗਏ ਹਨ। 

ਜੌਨ ਪੌਲ ਟਸਕਰ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ