1. ਮੁੱਖ ਪੰਨਾ
  2. ਸਮਾਜ
  3. ਇਤਿਹਾਸ

ਕੈਨੇਡਾ ਭਰ ਵਿਚ ਪਹਿਲੀ ਵਾਰੀ 1 ਅਗਸਤ ਨੂੰ 'ਦਾਸ ਪ੍ਰਥਾ ਮੁਕਤੀ ਦਿਵਸ' ਦੇ ਤੌਰ ਤੇ ਮਨਾਇਆ ਗਿਆ

1834 ਵਿਚ ਕੈਨੇਡਾ ਨੂੰ ਗ਼ੁਲਾਮ ਪ੍ਰਥਾ ਤੋਂ ਨਿਜਾਤ ਮਿਲੀ ਸੀ

ਸਾਲ 1956 ਵਿਚ ਓਨਟੇਰੀਓ ਦੇ ਵਿੰਡਸਰ ਵਿਚ ਆਯੋਜਿਤ ਇਮੈਂਸੀਪੇਸ਼ਨ ਡੇ ਦੇ ਮੌਕੇ ਨਾਗਰਿਕ ਅਧਿਕਾਰਾਂ ਦੇ ਹਾਮੀ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਇੱਕ ਤਸਵੀਰ।

ਸਾਲ 1956 ਵਿਚ ਓਨਟੇਰੀਓ ਦੇ ਵਿੰਡਸਰ ਵਿਚ ਆਯੋਜਿਤ ਇਮੈਂਸੀਪੇਸ਼ਨ ਡੇ ਦੇ ਮੌਕੇ ਨਾਗਰਿਕ ਅਧਿਕਾਰਾਂ ਦੇ ਹਾਮੀ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਇੱਕ ਤਸਵੀਰ।

RCI

ਫੈਡਰਲ ਸਰਕਾਰ ਵੱਲੋਂ ਇਸ ਸਾਲ ਪਹਿਲੀ ਵਾਰੀ 'ਇਮੈਨਸੀਪੇਸ਼ਨ ਡੇ' ਯਾਨੀ ਮੁਕਤੀ ਦਿਵਸ ਨੂੰ ਮਾਨਤਾ ਦਿੱਤੀ ਗਈ ਹੈ। ਇਸ ਸਾਲ 24 ਮਾਰਚ ਨੂੰ ਪਾਰਲੀਮੈਂਟ ਮੈਂਬਰਾਂ ਨੇ ਸਰਬ ਸੰਮਤੀ ਨਾਲ ਪਹਿਲੀ ਅਗਸਤ ਨੂੰ ਦਾਸ ਪ੍ਰਥਾ ਤੋਂ ਮੁਕਤੀ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਸੀ।

ਦਸ ਦਈਏ ਕਿ ਕੈਨੇਡਾ ਸਮੇਤ ਸਾਰੀਆਂ ਬ੍ਰਿਟਿਸ਼ ਬਸਤੀਆਂ ਵਿਚ 1 ਅਗਸਤ 1834 ਨੂੰ ਗ਼ੁਲਾਮ ਪ੍ਰਥਾ ਨੂੰ ਅਧਿਕਾਰਕ ਤੌਰ ਤੇ ਖਤਮ ਕਰ ਦਿੱਤਾ ਗਿਆ ਸੀ।

1 ਅਗਸਤ ਨੂੰ ਦੇਸ਼ ਭਰ ਵਿਚ ਇਮੈਨਸੀਪੇਸ਼ਨ ਡੇ ਮਨਾਉਣ ਦਾ ਮਤਾ ਰਿਚਮੰਡ ਹਿਲ ਓਨਟੇਰੀਓ ਤੋਂ ਲਿਬਰਲ ਐਮ ਪੀ ਮਾਜਿਦ ਜੌਹਰੀ ਨੇ ਪੇਸ਼ ਕੀਤਾ ਸੀ। ਉਵਨ ਸਾਉਂਡ ਓਨਟੇਰੀਓ ਤੋਂ ਕੰਜ਼ਰਵੇਟਿਵ ਐਮ ਪੀ ਐਲਕਸ ਰਫ ਨੇ ਇਸ ਮਤੇ ਦੀ ਹਿਮਾਇਤ ਕੀਤੀ ਸੀ। ਗ਼ੌਰਤਲਬ ਹੈ ਕਿ ਉਵਨ ਸਾਉਂਡ ਇਲਾਕੇ ਵਿਚ 1862 ਤੋਂ ਹੀ 1 ਅਗਸਤ ਨੂੰ ਦਾਸ ਪ੍ਰਥਾ ਮੁਕਤੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। 

ਇਮੈਨਸੀਪੇਸ਼ਨ ਫੈਸਟੀਵਲ ਦੀ ਵੈਬਸਾਈਟ ਅਨੁਸਾਰ ਉਵਨ ਸਾਉਂਡ ਤੱਕ ਯੂ ਐਸ ਤੋਂ ਇਕ ਅੰਡਰ-ਗਰਾਊਂਡ ਰੇਲ ਨੈਟਵਰਕ ਫੈਲਿਆ ਹੋਇਆ ਸੀ। ਇਹ ਰੇਲ ਰਸਤਾ ਉਹਨਾਂ ਖੁਫੀਆ ਰਸਤਿਆਂ ਵਿਚੋਂ ਇੱਕ ਸੀ ਜਿਹਨਾਂ ਰਾਹੀਂ ਯੂ ਐਸ ਵਿਚ ਫਸੇ ਗ਼ੁਲਾਮ ਖੁਦ ਨੂੰ ਬਚਾ ਕੇ ਇਥੇ ਪਹੁੰਚ ਜਾਂਦੇ ਸਨ। 

ਇਤਿਹਾਸਕ ਦਿਨ 

ਇਮੈਨਸੀਪੇਸ਼ਨ ਫੈਸਟੀਵਲ ਬੋਰਡ ਦੇ ਚੇਅਰ ਜੈਫਰੀ ਸਮਿਥ ਦਾ ਕਹਿਣਾ ਹੈ ਕਿ ਉਵਨ ਸਾਉਂਡ ਵਿਚ 159 ਸਾਲ ਤੱਕ ਮਨਾਏ ਜਾਣ ਤੋਂ ਬਾਅਦ ਇਸ ਇਤਿਹਾਸਕ ਦਿਨ ਨੂੰ ਮੁਲਕ ਭਰ ਵਿਚ ਮਨਾਏ ਜਾਣ ਵੱਜੋਂ ਮਾਨਤਾ ਮਿਲਣਾ ਬੜੀ ਉਚਿਤ ਗੱਲ ਹੈ। 

ਮੇਰੇ ਮਾਂਪੇ ਸਵਰਗ ਵਿਚ ਬੈਠੇ ਇਸ ਚੀਜ਼ ਤੇ ਖੁਸ਼ ਹੋਕੇ ਤਾੜੀਆਂ ਮਾਰ ਰਹੇ ਹੋਣੇ।

ਸਮਿਥ ਨੇ ਕਿਹਾ, ਇਮੈਨਸੀਪੇਸ਼ਨ ਡੇ ਦੇ ਮਤੇ ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਸਿਆਸੀ ਪਾਰਟੀਆਂ ਨਸਲਵਾਦ, ਗ਼ਰੀਬੀ ਅਤੇ ਹੋਰ ਸਮਾਜਿਕ ਮੁੱਦਿਆਂ ਨੂੰ ਵਧੇਰੇ ਸੰਜੀਦਗੀ ਨਾਲ ਸਵੀਕਾਰ ਕਰਦੀਆਂ ਹਨ। 

ਸਮਿਥ ਦੇ ਦੱਸਣ ਮੁਤਾਬਕ ਇਮੈਨਸੀਪੇਸ਼ਨ ਡੇ ਫੈਸਟੀਵਲ ਦਾ ਪਿਛਲੇ ਕੁਝ ਸਾਲਾਂ ਵਿਚ ਵਿਸਤਾਰ ਵੀ ਹੋਇਆ ਹੈ। ਪਹਿਲਾਂ ਇਸ ਵਿਚ ਸਿਰਫ ਸਿਆਹ ਨਸਲ ਦੇ ਲੋਕ ਹੀ ਹਿੱਸਾ ਲੈਂਦੇ ਸਨ ਪਰ ਹੁਣ ਮੂਲਨਿਵਾਸੀ ਲੋਕਾਂ ਸਮੇਤ ਹੋਰ ਨਸਲਾਂ ਅਤੇ ਪਿਛੋਕੜਾਂ ਵਾਲੇ ਲੋਕਾਂ ਦੀ ਵੀ ਇਸ ਵਿਚ ਸ਼ਮੂਲੀਅਤ ਹੁੰਦੀ ਹੈ। 

1930 ਵਿਆਂ ਤੋਂ 1960 ਵਿਆਂ ਤੱਕ ਓਨਟੇਰੀਓ ਦੇ ਵਿੰਡਸਰ ਵਿਚ ਵੀ 1 ਅਗਸਤ ਗ਼ੁਲਾਮ ਪ੍ਰਥਾ ਤੋਂ ਨਿਜਾਤ ਮਿਲਣ ਦੇ ਦਿਨ ਵੱਜੋਂ ਮਨਾਇਆ ਜਾਂਦਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਾਲੇ ਇਸ ਵੱਡੇ ਆਯੋਜਨ ਵਿਚ ਯੂ ਐਸ ਤੋਂ ਵੀ ਵੱਡੀ ਤਾਦਾਦ ਵਿਚ ਸਮਾਜੀ ਕਾਰਕੁੰਨ ਅਤੇ ਸਿਲੈਬਰੇਟੀਜ਼ ਇਸ ਵਿਚ ਹਿੱਸਾ ਲੈਂਦੇ ਹਨ।

ਇਥੇ ਦੱਸਣਾ ਬਣਦਾ ਹੈ ਕਿ ਓਨਟੇਰੀਓ ਨੇ ਸਾਲ 2008 ਵਿਚ ਅਤੇ ਸਿਟੀ ਔਫ ਵੈਨਕੂਵਰ ਨੇ 2020 ਵਿਚ 1ਅਗਸਤ ਨੂੰ ਦਾਸ ਪ੍ਰਥਾ ਮੁਕਤੀ ਦਿਵਸ ਦੇ ਤੌਰ ਤੇ ਮਾਨਤਾ ਦੇ ਦਿੱਤੀ ਸੀ।

1 ਅਗਸਤ 2020 ਵਿਚ ਵੈਨਕੂਵਰ ਵਿਚ ਆਯੋਜਿਤ ਇਮੈਨਸੀਪੇਸ਼ਨ ਦੇ ਮਾਰਚ ਵਿਚ ਸ਼ਾਮਲ ਇਕ ਲੜਕੀ ਦੀ ਤਸਵੀਰ

1 ਅਗਸਤ 2020 ਵਿਚ ਵੈਨਕੂਵਰ ਵਿਚ ਆਯੋਜਿਤ ਇਮੈਨਸੀਪੇਸ਼ਨ ਦੇ ਮਾਰਚ ਵਿਚ ਸ਼ਾਮਲ ਇਕ ਲੜਕੀ ਦੀ ਤਸਵੀਰ

ਨੋਵਾ ਸਕੋਸ਼ਿਆ ਤੋਂ ਸੈਨੇਟਰ ਵੰਡਾ ਥਾਮਸ ਬਰਨਾਰਡ ਪਿਛਲੇ ਕਈ ਸਾਲ ਤੋਂ ਇਸ ਇਤਿਹਾਸਕ ਦਿਨ ਨੂੰ ਫੈਡਰਲ ਸਰਕਾਰ ਵੱਲੋਂ ਮਾਨਤਾ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ। ਉਹਨਾਂ ਨੇ 2018 ਵਿਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਵੀ ਪਾਰਲੀਮੈਂਟ ਵਿੱਚ ਪੇਸ਼ ਕੀਤਾ ਸੀ ਪਰ ਉਹ ਪਹਿਲੀ ਰੀਡਿੰਗ ਤੇ ਹੀ ਅਸਫਲ ਹੋ ਗਿਆ ਸੀ। 

ਸੀਬੀਸੀ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਸੀ , ਸਾਡੇ ਲਈ ਉਸ ਗ਼ੁਲਾਮੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਸ ਦੀਆਂ ਤੰਦਾਂ ਮੌਜੂਦਾ ਐਂਟੀ ਬਲੈਕ ਨਸਲਵਾਦ ਨਾਲ ਜੁੜੀਆਂ ਹੋਈਆਂ ਹਨ। ਮੌਜੂਦਾ ਨਸਲਵਾਦ ਜਿਸਨੂੰ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਉਸੇ ਗ਼ੁਲਾਮ ਪ੍ਰਥਾ ਦੇ ਬੀਜ ਚੋਂ ਪੁੰਘਰੀ ਚੁਣੌਤੀ ਹੈ।

ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੇ ਕਿਹਾ ਕਿ 'ਦਾਸ ਪ੍ਰਥਾ ਮੁਕਤੀ ਦਿਵਸ' ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਦਸ ਦਈਏ ਕਿ ਅਨੈਮੀ ਪੌਲ ਕਿਸੇ ਵੱਡੀ ਕਨੇਡੀਅਨ ਸਿਆਸੀ ਪਾਰਟੀ ਦੀ ਲੀਡਰ ਬਣਨ ਵਾਲੀ ਬਲੈਕ ਨਸਲ ਦੀ ਪਹਿਲੀ ਔਰਤ ਹਨ। 

ਉਹਨਾਂ ਕਿਹਾ , ਤਕਰੀਬਨ 200 ਸਾਲ ਤਕ ਕੈਨੇਡਾ ਵਿਚ ਗ਼ੁਲਾਮ ਪ੍ਰਥਾ ਮੁਕਤੀ ਦਿਵਸ ਨੂੰ ਨਾ ਮਨਾਇਆ ਗਿਆ ਅਤੇ ਨਾ ਹੀ ਇਸ ਬਾਰੇ ਪੜ੍ਹਾਇਆ ਗਿਆ। ਹਾਲਾਂਕਿ ਅਫ਼੍ਰੀਕੀ ਮੂਲ ਦੇ ਲੋਕ ਟ੍ਰਾੰਸ-ਅਟਲਾਂਟਿਕ ਸਲੇਵ ਟਰੇਡ ਦੇ ਦੌਰ ਤੋਂ ਹੀ ਕੈਨੇਡਾ ਦੇ ਵਸਨੀਕ ਹਨ। 

16 ਵੀਂ ਤੋਂ 19 ਵੀਂ ਸਦੀ ਦੇ ਦੌਰਾਨ ਬ੍ਰਿਟਿਸ਼ ਰਾਜ ਵਿਚ ਗ਼ੁਲਾਮਾਂ ਦਾ ਵਪਾਰ ਕੀਤਾ ਜਾਂਦਾ ਸੀ। ਇਸ ਨੂੰ ਟ੍ਰਾੰਸ-ਅਟਲਾਂਟਿਕ ਸਲੇਵ ਟ੍ਰੇਡ ਕਹਿੰਦੇ ਸਨ ਅਤੇ ਇਸ ਦੌਰਾਨ ਅਫ਼੍ਰੀਕੀ ਦੇਸ਼ਾਂ ਤੋਂ ਲੋਕਾਂ ਨੂੰ ਗ਼ੁਲਾਮ ਬਣਾਕੇ ਅਮਰੀਕੀ ਅਤੇ ਯੂਰਪੀਅਨ ਦੇਸ਼ਾਂ ਵਿਚ ਵੇਚਿਆ ਜਾਂਦਾ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ