1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਟੋਰੌਂਟੋ ਵਿਚ ਕੁਝ ਵਿਅਸਤ ਇੰਟਰਸੈਕਸ਼ਨਾਂ ਤੇ ਸਪੀਡ ਬੰਪ ਲੱਗਣੇ ਸ਼ੁਰੂ ਹੋਏ

ਖੱਬੇ ਹੱਥ ਮੋੜ ਕੱਟਣ ਵਾਲਿਆਂ ਦੀ ਰਫ਼ਤਾਰ ਹੌਲੀ ਕਰਨ ਲਈ ਚੁੱਕਿਆ ਗਿਆ ਕਦਮ

ਟੋਰੌਂਟੋ ਦੇ ਘੱਟੋ ਘੱਟ 7 ਇੰਟਰਸੇਕਸ਼ਨਾਂ ਤੇ ਸਪੀਡ ਬੰਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ।

ਟੋਰੌਂਟੋ ਦੇ ਘੱਟੋ ਘੱਟ 7 ਇੰਟਰਸੇਕਸ਼ਨਾਂ ਤੇ ਸਪੀਡ ਬੰਪ ਲਗਾਉਣ ਦੀ ਯੋਜਨਾ ਬਣਾਈ ਗਈ ਹੈ।

ਤਸਵੀਰ:  CBC / Martin Trainor

RCI

ਵੀਰਵਾਰ ਤੋਂ ਟੋਰੌਂਟੋ ਸ਼ਹਿਰ ਵਿਚ ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਅਧੀਨ ਸ਼ਹਿਰ ਦੇ ਵਿਅਸਤ ਅਤੇ ਭੀੜ ਭਾੜ ਵਾਲੇ ਇੰਟਰਸੈਕਸ਼ਨਾਂ ਤੇ ਸਪੀਡ ਬੰਪ ਲਗਾਏ ਜਾ ਰਹੇ ਹਨ।

ਇਹ ਪ੍ਰੋਜੈਕਟ ਟੋਰੌਂਟੋ ਦੇ ਵਿਜ਼ਨ ਜ਼ੀਰੋ ਰੋਡ ਸੇਫਟੀ ਪਲੈਨ ਦਾ ਹਿੱਸਾ ਹੈ ਜਿਸਦਾ ਮਕਸਦ ਟ੍ਰੈਫ਼ਿਕ ਨਾਲ ਸਬੰਧਤ ਹਾਦਸਿਆਂ ਅਤੇ ਮੌਤਾਂ ਨੂੰ ਕੰਟਰੋਲ ਕਰਨਾ ਹੈ। 

ਇੰਟਰਸੈਕਸ਼ਨ ਉਸ ਲਾਂਘੇ ਨੂੰ ਕਹਿੰਦੇ ਨੇ ਜਿਥੇ ਦੋ ਜਾਂ ਵੱਧ ਸੜਕਾਂ ਇੱਕ ਦੂਸਰੇ ਨੂੰ ਕੱਟਦੀਆਂ ਹਨ। ਕਨੇਡੀਅਨ ਟ੍ਰੈਫਿਕ ਨਿਯਮਾਂ ਅਧੀਨ ਖੱਬੇ ਹੱਥ ਮੁੜਨ ਵਾਲੇ ਵਾਹਨ ਸਿਰਫ ਹਰੀ ਬੱਤੀ ਹੋਣ ਤੇ ਹੀ ਮੁੜ ਸਕਦੇ ਹਨ ਪਰ ਉਸੇ ਸਮੇਂ ਦੂਜੇ ਪਾਸੇ ਤੋਂ ਸਾਹਮਣਿਓਂ ਆਉਂਦੇ ਟ੍ਰੈਫ਼ਿਕ ਦੀ ਵੀ ਹਰੀ ਬੱਤੀ ਹੁੰਦੀ ਹੈ ਇਸ ਲਈ ਸੁਰੱਖਿਅਤ ਮੌਕਾ ਦੇਖ ਕੇ ਹੀ ਮੋੜ ਕੱਟਿਆ ਜਾ ਸਕਦਾ ਹੈ। ਪਰ ਟ੍ਰੈਫ਼ਿਕ ਦੇ ਨਾਲ ਹੀ ਰਾਹਗੀਰਾਂ ਲਈ ਬਣੇ ਵਿਸ਼ੇਸ਼ ਕ੍ਰੌਸਵਾਕ ਦੀ ਬੱਤੀ ਵੀ ਲਾਲ ਅਤੇ ਹਰੀ ਹੁੰਦੀ ਹੈ। ਭਾਵ ਅਜਿਹਾ ਅਕਸਰ ਹੁੰਦਾ ਹੈ ਕਿ ਸੜਕ ਦੇ ਸਾਹਮਣੇ ਤੋਂ ਕੋਈ ਵਾਹਨ ਨਹੀਂ ਆ ਰਿਹਾ ਹੁੰਦਾ ਪਰ ਖੱਬੇ ਹੱਥ ਮੋੜ ਕੱਟਣ ਵੇਲੇ ਕ੍ਰੌਸਵਾਕ ਤੇ ਰਾਹਗੀਰ ਸੜਕ ਪਾਰ ਕਰ ਰਹੇ ਹੁੰਦੇ ਹਨ। 

ਇਸ ਨਵੇਂ ਪ੍ਰੋਜੈਕਟ ਦੇ ਅਧੀਨ ਸ਼ਹਿਰ ਦੇ ਵਿਅਸਤ ਇੰਟਰਸੇਕਸ਼ਨਾਂ ਤੇ ਰਬੜ ਤੇ ਬਣੇ ਸਪੀਡ ਬੰਪ ਲਗਾਏ ਜਾਣਗੇ ਤਾਂ ਕਿ ਰਾਹਗੀਰਾਂ ਅਤੇ ਸਾਈਕਲ ਸਵਾਰਾਂ ਨੂੰ ਖੱਬੇ ਹੱਥ ਮੁੜ ਰਹੇ ਵਾਹਨਾਂ ਤੋਂ ਟਕਰਾਉਣ ਤੋਂ ਬਚਾਇਆ ਜਾ ਸਕੇ। ਟੋਰੌਂਟੋ ਸਿਟੀ ਦੀ ਰਿਲੀਜ਼ ਮੁਤਾਬਕ ਸ਼ਹਿਰ ਵਿਚ ਜ਼ਿਆਦਾਤਰ ਐਕਸੀਡੈਂਟ ਮੋੜ ਕੱਟਦੇ ਵਾਹਨਾਂ ਅਤੇ ਕ੍ਰੋਸਵਾਕ ਤੇ ਜਾਂਦੇ ਲੋਕਾਂ ਦਰਮਿਆਨ ਹੀ ਵਾਪਰਦੇ ਹਨ। 

ਸਪੀਡ ਬੰਪ ਲੱਗਣ ਨਾਲ ਮੋੜ ਕੱਟਣ ਵਾਲੇ ਡਰਾਈਵਰਾਂ ਨੂੰ ਸੜਕ ਤੇ ਖੁੱਲ੍ਹਾ ਮੋੜ ਕੱਟਣ ਦੀ ਬਜਾਏ ਤਿੱਖਾ ਅਤੇ ਦੁਰੁਸਤ ਮੋੜ ਕੱਟਣ ਦੀ ਸੇਧ ਮਿਲੇਗੀ ਤੇ ਨਾਲ ਹੀ ਰਫਤਾਰ ਹੌਲੀ ਹੋਣ ਕਰਕੇ ਉਹਨਾਂ ਨੂੰ ਸਾਈਕਲ ਸਵਾਰ ਅਤੇ ਕਰੌਸਵਾਕ ਤੇ ਜਾਂਦੇ ਰਾਹਗੀਰ ਵੀ ਬਿਹਤਰ ਨਜ਼ਰ ਆਇਆ ਕਰਨਗੇ। 

ਇੱਕ ਸਪੀਡ ਬੰਪ ਸ਼ੈਪਰਡ ਐਵਨਿਊ ਅਤੇ ਕੈਨੇਡੀ ਰੋਡ ਅਤੇ ਦੂਸਰਾ ਸਪੀਡ ਬੰਪ ਫਿੰਚ ਐਵਨਿਊ ਅਤੇ ਸੈਂਡਹਸਟ ਸਰਕਲ ਤੇ ਲਗਾਇਆ ਜਾ ਚੁੱਕਾ ਹੈ। ਅਗਸਤ ਮਹੀਨੇ ਵਿਚ ਕੁਝ ਹੋਰ ਇੰਟਰਸੇਕਸ਼ਨਾਂ ਤੇ ਵੀ ਅਜਿਹੇ ਬੰਪ ਲਗਾਏ ਜਾਣਗੇ। 

ਸਕਾਰਬਰੋ ਨੌਰਥ ਤੋਂ ਕੌਂਸਿਲਰ ਸਿੰਥੀਆ ਲੇ ਦਾ ਕਹਿਣਾ ਹੈ ਕਿ ਇਹ ਸਪੀਡ ਬੰਪ ਟੋਰੌਂਟੋ ਦੀਆਂ ਸ਼ਹਿਰਾਂ ਨੂੰ ਸੁਰੱਖਿਅਤ ਬਣਾਉਣ ਵਿਚ ਬਹੁਤ ਅਹਿਮ ਸਾਬਤ ਹੋਣਗੇ। 

ਸਕਾਰਬਰੋ ਨੌਰਥ ਤੋਂ ਕੌਂਸਿਲਰ ਸਿੰਥੀਆ ਲੇ

ਸਕਾਰਬਰੋ ਨੌਰਥ ਤੋਂ ਕੌਂਸਿਲਰ ਸਿੰਥੀਆ ਲੇ

ਤਸਵੀਰ: CBC/Paula Duhatschek

ਮੈਨੂੰ ਮੇਰੇ ਵਾਰਡ ਵਿਚ ਪਿਛਲੇ ਲੰਬੇ ਸਮੇਂ ਤੋਂ ਸਪੀਡ ਬ੍ਰੇਕਰ ਲਗਵਾਉਣ ਅਤੇ ਟ੍ਰੈਫ਼ਿਕ ਦੀ ਰਫਤਾਰ ਘਟਾਉਣ ਸਬੰਧਤ ਉਪਰਾਲੇ ਕਰਨ ਲਈ ਬੇਨਤੀਆਂ ਆ ਰਹੀਆਂ ਸਨ। ਮੇਰੇ ਖਿਆਲ ਨਾਲ ਸਾਨੂੰ ਟੋਰੌਂਟੋ ਦੇ ਨਾਲ ਲਗਦੇ ਹੋਰ ਇਲਾਕਿਆਂ ਵਿਚ ਵੀ ਇਸ ਕਿਸਮ ਦੇ ਪ੍ਰੋਜੈਕਟ ਸ਼ੁਰੂ ਕਰਨੇ ਚਾਹੀਦੇ ਹਨ ਕਿਉਂਕਿ ਅਕਸਰ ਲੋਕ ਤੇਜ਼ ਰਫਤਾਰ ਤੇ ਹੁੰਦੇ ਹਨ ਅਤੇ ਸਾਵਧਾਨੀ ਨਹੀਂ ਵਰਤਦੇ।
ਸਿੰਥੀਆ ਲੇ, ਕੌਂਸਿਲਰ, ਸਕਾਰਬਰੋ ਨੌਰਥ

ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਵਿਚ ਰਹਿੰਦੇ ਕਈ ਲੋਕ ਅੰਗਰੇਜ਼ੀ ਨਹੀਂ ਜਾਣਦੇ ਇਸ ਕਰਕੇ ਉਹਨਾਂ ਲੋਕਾਂ ਨੂੰ ਵੀ ਟ੍ਰੈਫ਼ਿਕ ਨਿਯਮਾਂ ਅਤੇ ਉਪਰਾਲਿਆਂ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਯਤਨ ਕਰਨੇ ਚਾਹੀਦੇ ਹਨ। ਟੋਰੌਂਟੋ ਸਿਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਜ਼ਨ ਜ਼ੀਰੋ ਰੋਡ ਸੇਫਟੀ ਪਲੈਨ ਬਾਬਤ ਸਮੱਗਰੀ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। 

ਸਪੀਡ ਬੰਪ ਇੱਕ ਸਫ਼ਲ ਉਪਰਾਲਾ 

ਇਸੇ ਤਰ੍ਹਾਂ ਦੇ ਉਪਰਾਲੇ ਦੁਨੀਆ ਦੇ ਹੋਰ ਕਈ ਸ਼ਹਿਰਾਂ ਵਿਚ ਕੀਤੇ ਗਏ ਸਨ ਅਤੇ ਉਹ ਕਾਫੀ ਸਫ਼ਲ ਸਾਬਤ ਹੋਏ ਹਨ। 

ਨਿਊਯੌਰਕ ਵਿਚ 2016 ਤੋਂ ਇਹ ਪ੍ਰੋਜੈਕਟ ਚਲ ਰਿਹਾ ਹੈ ਅਤੇ ਸ਼ਹਿਰ ਵਿਚ ਜਿਥੇ ਜਿਥੇ ਸਪੀਡ ਬੰਪ ਲਗਾਏ ਗਏ ਹਨ ਉਥੇ ਰਾਹਗੀਰਾਂ ਦੇ ਜ਼ਖਮੀ ਹੋਣ ਦੇ ਮਾਮਲਿਆਂ ਵਿਚ 20 ਫ਼ੀਸਦੀ ਦੀ ਕਮੀ ਆਈ ਹੈ ਅਤੇ ਖੱਬੇ ਹੱਥ ਮੁੜਦੇ ਵਾਹਨਾਂ ਦੀ ਰਫਤਾਰ ਵਿਚ 52 ਫ਼ੀਸਦੀ ਤੋਂ ਵੱਧ ਦੀ ਕਮੀ ਵੀ ਦਰਜ ਕੀਤੀ ਗਈ ਹੈ। 

ਨਿਊਯੌਰਕ ਦੇ ਟ੍ਰਾੰਸਪੋਰਟ ਵਿਭਾਗ ਵਿਚ ਸੇਫਟੀ ਪੌਲੀਸੀ ਦੇ ਡਾਇਰੈਕਟਰ ਰੌਬ ਵਿਓਲਾ ਨੇ ਕਿਹਾ, ਇਹ ਕਾਫੀ ਸਸਤਾ, ਸੌਖਾ ਅਤੇ ਸਫਲਤਾ ਦੇਣ ਵਾਲਾ ਉਪਰਾਲਾ ਹੈ।

ਮਰੀਅਮ ਖ਼ਾਜਾ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ