1. ਮੁੱਖ ਪੰਨਾ
  2. ਰਾਜਨੀਤੀ
  3. ਸਿਹਤ

ਐਲਬਰਟਾ ਵਿਚ ਅਗਸਤ ਦੇ ਮੱਧ ਤੱਕ ਜ਼ਿਆਦਾਤਰ ਕੋਵਿਡ ਰੋਕਾਂ ਹਟਾਈਆਂ ਜਾਣਗੀਆਂ

ਨਿਯਮਾਂ ਵਿਚ ਤਬਦੀਲੀ ਦੋ ਪੜਾਅ ਵਿਚ ਹੋਵੇਗੀ, ਪਹਿਲਾ ਪੜਾਅ ਵੀਰਵਾਰ ਤੋਂ ਸ਼ੁਰੂ

ਐਲਬਰਟਾ ਦੀ ਚੀਫ ਮੈਡੀਕਲ ਔਫ਼ੀਸਰ ਔਫ ਹੈਲਥ ਡਾ ਦੀਨਾ ਹਿੰਸ਼ਾ ਦਾ ਕਹਿਣਾ ਹੈ ਕਿ ਸੂਬੇ ਦੇ ਹੈਲਥ ਢਾਂਚੇ ਨੂੰ ਹੁਣ ਸੀਜ਼ਨਲ ਫਲੂ ਅਤੇ ਹੋਰ ਸਿਹਤ ਚੁਣੌਤੀਆਂ ਲਈ ਤਿਆਰ ਹੋਣ ਦੀ ਵੀ ਜ਼ਰੂਰਤ ਹੈ।

ਐਲਬਰਟਾ ਦੀ ਚੀਫ ਮੈਡੀਕਲ ਔਫ਼ੀਸਰ ਔਫ ਹੈਲਥ ਡਾ ਦੀਨਾ ਹਿੰਸ਼ਾ ਦਾ ਕਹਿਣਾ ਹੈ ਕਿ ਸੂਬੇ ਦੇ ਹੈਲਥ ਢਾਂਚੇ ਨੂੰ ਹੁਣ ਸੀਜ਼ਨਲ ਫਲੂ ਅਤੇ ਹੋਰ ਸਿਹਤ ਚੁਣੌਤੀਆਂ ਲਈ ਤਿਆਰ ਹੋਣ ਦੀ ਵੀ ਜ਼ਰੂਰਤ ਹੈ।

ਤਸਵੀਰ: Chris Schwarz/Government of Alberta

RCI

ਕੋਵਿਡ ਟੈਸਟ ਪੌਜ਼ਿਟਿਵ ਆਉਣ ਦੇ ਬਾਵਜੂਦ ਐਲਬਰਟਾ ਵਿਚ ਇਕਾਂਤਵਾਸ ਦੀ ਜ਼ਰੂਰਤ ਨਹੀਂ ਹੋਵੇਗੀ। ਅਗਸਤ ਦੇ ਮੱਧ ਤੋਂ ਐਲਬਰਟਨਜ਼ ਨੂੰ ਇਹ ਢਿੱਲ ਦਿਤੀ ਜਾ ਰਹੀ ਹੈ।

ਸੂਬੇ ਦੀ ਚੀਫ ਮੈਡੀਕਲ ਔਫ਼ੀਸਰ ਡਾਕਟਰ ਦੀਨਾ ਹਿੰਸ਼ਾ ਨੇ ਕਿਹਾ ਕਿ ਭਾਵੇਂ ਹਾਲ ਹੀ ਵਿਚ ਕੋਵਿਡ ਕੇਸਾਂ ਵਿਚ ਹੋਇਆ ਇਜ਼ਾਫਾ ਕੁਝ ਚਿੰਤਾ ਦਾ ਬਾਇਸ ਬਣਿਆ ਹੈ ਪਰ ਵੈਕਸੀਨੇਸ਼ਨ ਦਰ ਵਿਚ ਆ ਰਹੀ ਤੇਜ਼ੀ ਇਸ ਵਾਇਰਸ ਨਾਲ ਨਜਿੱਠਣ ਦੀ ਦਿਸ਼ਾ ਵਲ ਬਿਹਤਰੀਨ ਕਦਮ ਹੈ ਅਤੇ ਇਸ ਨਾਲ ਸਾਡੇ ਸਿਹਤ ਸਿਸਟਮ ਤੇੇ ਬੋਝ ਪੈਣ ਦਾ ਖਦਸ਼ਾ ਵੀ ਘਟ ਗਿਆ ਹੈ। 

ਅਸੀਂ ਜਦੋ ਇਸ ਵਾਇਰਸ ਬਾਰੇ ਸੁਣਿਆ ਸੀ ਉਦੋਂ ਸਾਨੂੰ ਇਸ ਬਾਰੇ ਬਹੁਤਾ ਨਹੀਂ ਸੀ ਪਤਾ, ਨਾ ਸਾਡੇ ਕੋਲ ਇਲਾਜ ਸੀ ਅਤੇ ਨਾ ਕੋਈ ਵੈਕਸੀਨ ਸੀ....ਪਰ ਹੁਣ ਸਥਿਤੀ ਬਦਲ ਗਈ ਹੈ।
ਦੀਨਾ ਹਿੰਸ਼ਾ, ਚੀਫ ਮੈਡੀਕਲ ਔਫ਼ੀਸਰ, ਐਲਬਰਟਾ

ਇਸ ਦੇ ਨਤੀਜੇ ਵੱਜੋਂ ਸੂਬਾ ਸਰਕਾਰ ਹੁਣ ਕੋਵਿਡ ਦੇ ਨਿਯਮਾਂ ਨੂੰ ਵੀ ਬਾਕੀ ਫਲੂ ਜਾਂ ਫੈਲਣ ਵਾਲੀਆਂ ਬਿਮਾਰੀਆਂ ਦੀ ਤਰਜ਼ ਤੇ ਹੀ ਲਾਗੂ ਕਰੇਗੀ।

ਨਿਯਮਾਂ ਵਿਚ ਤਬਦੀਲੀਆਂ ਦੋ ਪੜਾਅ ਵਿਚ ਕੀਤੀਆਂ ਜਾਣਗੀਆਂ। 

ਪਹਿਲੇ ਪੜਾਅ ਦੇ ਅਧੀਨ ਕੋਵਿਡ 19 ਦੇ ਲੱਛਣ ਵਾਲੇ ਲੋਕ ,ਜਾਂ ਜਿਹਨਾਂ ਦਾ ਕੋਵਿਡ ਟੈਸਟ ਪੌਜ਼ਿਟਿਵ ਆਇਆ ਹੋਵੇ, ਉਹਨਾਂ ਨੂੰ ਇਕਾਂਤਵਾਸ ਵਿਚ ਜਾਣਾ ਲਾਜ਼ਮੀ ਹੋਵੇਗਾ ਪਰ ਉਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਨਜ਼ਦੀਕੀਆਂ ਲਈ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ ਰਿਹਾ ਹੈ, ਪਰ ਕੁਆਰੰਟੀਨ ਦੀ ਸਿਫਾਰਿਸ਼ ਕੀਤੀ ਗਈ ਹੈ। 

ਯਾਨੀ ਹੁਣ ਜਿਸਦਾ ਕੋਵਿਡ ਟੈਸਟ ਪੌਜ਼ਿਟਿਵ ਆਏਗਾ ਉਸਨੂੰ ਸੂਚਿਤ ਕੀਤਾ ਜਾਵੇਗਾ ਪਰ ਉਸਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਕੰਟੈਟ ਟਰੇਸਰ ਸੂਚਿਤ ਨਹੀਂ ਕਰਨਗੇ, ਸਗੋਂ ਇਹ ਟੈਸਟ ਪੌਜ਼ਿਟਿਵ ਆਉਣ ਵਾਲੇ ਸ਼ਖਸ ਦੀ ਆਪਣੀ ਜਿੰਮੇਵਾਰੀ ਹੋਵੇਗੀ। 

ਨਾਲ ਹੀ ਡਾਕਟਰ ਹਿੰਸ਼ਾ ਨੇ ਕਿਹਾ ਹੈ ਕਿ ਹਾਈ ਰਿਸਕ ਥਾਵਾਂ ਜਾਂ ਕੋਵਿਡ ਦੀ ਆਊਟਬ੍ਰੇਕ ਦੀ ਕੁਝ ਸਥਿਤੀਆਂ ਵਿਚ ਕੁਆਰੰਟੀਨ ਲਾਜ਼ਮੀ ਕੀਤਾ ਜਾ ਸਕਦਾ ਹੈ। 

ਇਸ ਤੋਂ ਇਲਾਵਾ ਪਬਲਿਕ ਟ੍ਰਾੰਸਪੋਰਟ ਜਿਵੇਂ ਬੱਸਾਂ ਟੈਕਸੀਆਂ ਵਿੱਚ ਮਾਸਕ ਪਹਿਨਣਾ ਲਾਜ਼ਮੀ ਰਹੇਗਾ।

ਅਧਿਕਾਰੀਆਂ ਵੱਲੋਂ ਇਹਨਾਂ ਤਬਦੀਲੀਆਂ ਦਾ ਬੜੀ ਸਾਵਧਾਨੀ ਨਾਲ ਜਾਇਜ਼ਾ ਲਿਆ ਜਾਵੇਗਾ ਅਤੇ ਸਥਿਤੀ ਦੇ ਮੁਤਾਬਕ ਅਗਲੇ ਦੋ ਹਫਤਿਆਂ ਬਾਅਦ ਅਗਲੇ ਪੜਾਅ ਵੱਲ ਕੂਚ ਕੀਤਾ ਜਾਵੇਗਾ। 

ਅਗਸਤ ਵਿਚ ਸ਼ੁਰੂ ਹੋਵੇਗਾ ਦੂਸਰਾ ਪੜਾਅ 

ਸਭ ਤੋਂ ਅਹਿਮ ਤਬਦੀਲੀਆਂ 16 ਅਗਸਤ ਨੂੰ ਕੀਤੀਆਂ ਜਾਣਗੀਆਂ ਜਦੋਂ ਕੋਵਿਡ ਪੌਜ਼ਿਟਿਵ ਸ਼ਖਸ ਲਈ ਵੀ ਇਕਾਂਤਵਾਸ ਜ਼ਰੂਰੀ ਨਹੀਂ ਹੋਵੇਗਾ। 

ਸਰਕਾਰੀ ਰਿਲੀਜ਼ ਦੇ ਅਨੁਸਾਰ ਅਜਿਹੀ ਸਥਿਤੀ ਵਿਚ ਹਾਲਾਂਕਿ ਇਕਾਂਤਵਾਸ ਦੀ 'ਪੁਰਜ਼ੋਰ ਸਿਫਾਰਸ਼' ਕੀਤੀ ਗਈ ਹੈ। ਜਿਹਨਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਦੇ ਲੱਛਣ ਹੋਣ ਉਹਨਾਂ ਨੂੰ ਉਦੋਂ ਤੱਕ ਘਰੇ ਰਹਿਣ ਦੀ ਹੀ ਸਲਾਹ ਦਿੱਤੀ ਗਈ ਹੈ ਜਦੋਂ ਤਕ ਇਹ ਲੱਛਣ ਚਲੇ ਨਹੀਂ ਜਾਂਦੇ। 

ਮਾਸਕ ਪਹਿਨਣਾ ਵੀ ਲਾਜ਼ਮੀ ਨਹੀਂ ਰਹੇਗਾ ਪਰ ਕੁਝ ਜ਼ਰੂਰੀ ਕੇਅਰ ਫੈਸਿਲਟੀਆਂ ਵਿਚ ਇਸਨੂੰ ਜ਼ਰੂਰੀ ਰੱਖਿਆ ਜਾਵੇਗਾ। 

ਆਈਸੋਲੇਸ਼ਨ ਹੋਟਲ ਅਤੇ ਕੁਆਰੰਟੀਨ ਸਹਾਇਤਾ ਵੀ ਉਪਲਬਦ ਨਹੀਂ ਹੋਵੇਗੀ। 

ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ 16 ਅਗਸਤ ਤੋਂ ਐਲਬਰਟਾ ਦੇ ਸਕੂਲਾਂ ਵਿਚ ਮਾਸਕ ਪਹਿਨਣਾ ਵੀ ਲਾਜ਼ਮੀ ਨਹੀਂ ਹੋਵੇਗਾ।

ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ 16 ਅਗਸਤ ਤੋਂ ਐਲਬਰਟਾ ਦੇ ਸਕੂਲਾਂ ਵਿਚ ਮਾਸਕ ਪਹਿਨਣਾ ਵੀ ਲਾਜ਼ਮੀ ਨਹੀਂ ਹੋਵੇਗਾ।

ਤਸਵੀਰ: Halfpoint/Shutterstock

ਕੋਵਿਡ ਟੈਸਟ ਵੀ ਸਿਰਫ ਉਹਨਾਂ ਲੋਕਾਂ ਦੇ ਲੋਕਾਂ ਦੇ ਕੀਤੇ ਜਾਣਗੇ ਜਿਹਨਾਂ ਨੂੰ ਹਸਪਤਾਲ ਜਾਂ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੋਵੇਗੀ, ਹਲਕੇ ਲੱਛਣਾਂ ਵਾਲੇ ਲੋਕਾਂ ਦਾ ਕੋਵਿਡ ਟੈਸਟ ਨਹੀਂ ਕੀਤਾ ਜਾਵੇਗਾ। 

ਨਿਊਜ਼ ਰਿਲੀਜ਼ ਮੁਤਾਬਕ ਐਲਬਰਟਾ ਵਿਚ 12 ਸਾਲ ਅਤੇ ਉਸਤੋਂ ਵੱਧ ਉਮਰ ਦੇ 75.6 ਫ਼ੀਸਦੀ ਆਬਾਦੀ ਕੋਵਿਡ ਦੀ ਘੱਟੋ ਘੱਟ ਇੱਕ ਖੁਰਾਕ ਲੈ ਚੁੱਕੀ ਹੈ ਅਤੇ 64.3 ਫ਼ੀਸਦੀ ਅਬਾਦੀ ਪੂਰੀ ਤਰਾਂ ਵੈਕਸਿਨੇਟ ਹੋ ਚੁੱਕੀ ਹੈ। 

ਨਿਕੋਲਸ ਫਰੂ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ