1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯੂ.ਐਸ. ਰਾਜਨੀਤੀ

ਯੂ ਐਸ ਵੱਲੋਂ ਕਨੇਡੀਅਨਜ਼ ਵਾਸਤੇ ਫਿਲਹਾਲ ਬੌਰਡਰ ਬੰਦ ਰੱਖਣ ਦੇ ਕਾਰਨ ਅਜੇ ਵੀ ਅਸਪਸ਼ਟ

ਸਾਬਕਾ ਸਫ਼ੀਰ ਅਨੁਸਾਰ ਸ਼ਾਇਦ ਯੂ ਐਸ ਅਜੇ ਬੌਰਡਰ ਖੋਲਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ

ਕੈਨੇਡਾ ਅਤੇ ਯੂ ਐਸ ਦਰਮਿਆਨ ਜ਼ਮੀਨੀ ਸਰਹੱਦ ਨੂੰ ਗ਼ੈਰਜ਼ਰੂਰੀ ਯਾਤਰਾ ਲਈ ਘੱਟੋ ਘੱਟ 21 ਅਗਸਤ ਤੱਕ ਬੰਦ ਰੱਖਿਆ ਗਿਆ ਹੈ।

ਕੈਨੇਡਾ ਅਤੇ ਯੂ ਐਸ ਦਰਮਿਆਨ ਜ਼ਮੀਨੀ ਸਰਹੱਦ ਨੂੰ ਗ਼ੈਰਜ਼ਰੂਰੀ ਯਾਤਰਾ ਲਈ ਘੱਟੋ ਘੱਟ 21 ਅਗਸਤ ਤੱਕ ਬੰਦ ਰੱਖਿਆ ਗਿਆ ਹੈ।

ਤਸਵੀਰ: Ryan Remiorz/CP

RCI

ਯੂ ਐਸ ਵੱਲੋਂ ਕੈਨੇਡਾ ਬੌਰਡਰ ਫਿਲਹਾਲ ਬੰਦ ਹੀ ਰੱਖਣ ਦੇ ਹੈਰੀਜਨਕ ਫੈਸਲੇ ਤੋਂ ਇੱਕ ਹਫਤੇ ਬਾਅਦ ਵੀ ਇਸ ਫੈਸਲੇ ਦੇ ਕਾਰਨ ਸਪਸ਼ਟ ਨਹੀਂ ਹੋ ਪਾਏ ਹਨ।

ਯੂ ਐਸ ਦੇ ਕੌਂਗਰਸ ਮੈਂਬਰਾਂ ਨੇ ਵੀ ਇਸ ਬਾਬਤ ਕੋਈ ਤਫ਼ਸੀਲੀ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ। ਨਿਊਯੌਰਕ ਤੋਂ ਕੌਂਗਰਸ ਮੈਂਬਰ ਬ੍ਰਾਇਨ ਹਿਗਿਨਜ਼ ਨੇ ਕਿਹਾ ਕਿ ਸਪਸ਼ਟ ਜਾਣਕਾਰੀ ਨਾ ਹੋਣ ਕਰਕੇ ਲੋਕਾਂ ਵਿਚ ਭੰਬਲਭੂਸਾ ਪੈਦਾ ਹੋ ਰਿਹਾ ਹੈ। 

ਉੱਤਰੀ ਬੌਰਡਰ [ਕੈਨੇਡਾ] ਬਾਰੇ ਪ੍ਰਸ਼ਾਸਨ ਦੀ ਚੁੱਪੀ ਝੱਲਾ ਕਰ ਦੇਣ ਵਾਲੀ ਹੈ। 

ਯੂ ਐਸ ਦੀ ਪਾਰਲੀਮੈਂਟ ਨੂੰ ਕੌਂਗਰਸ ਕਿਹਾ ਜਾਂਦਾ ਹੈ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਕੌਂਗਰਸ ਮੈਂਬਰ ਜਾਂ ਕੌਂਗਰਸ ਮੈਨ/ਵੁਮਨ ਕਿਹਾ ਜਾਂਦਾ ਹੈ।

ਹਿਗਿਨਜ਼ ਇਸ ਫੈਸਲੇ ਦੇ ਸਪਸ਼ਟੀਕਰਨ ਲੈਣ ਲਈ ਬਾਇਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਉਹਨਾਂ ਕਿਹਾ , ਪਿਛਲੇ 16 ਮਹੀਨਿਆਂ ਤੋਂ ਦੋਵੇਂ ਮੁਲਕਾਂ ਵਿਚ ਸਰਹੱਦਾਂ ਬੰਦ ਹਨ, ਲੋਕਾਂ ਨੂੰ ਇਹ ਜਾਨਣ ਦਾ ਅਧਿਕਾਰ ਹੈ ਕਿ ਕਨੇਡੀਅਨਜ਼ ਲਈ ਬੌਰਡਰ ਕਦੋਂ ਦੁਬਾਰਾ ਖੋਲਿਆ ਜਾਵੇਗਾ।

ਵਾਸ਼ਿੰਗਟਨ ਤੋਂ ਕੌਂਗਰਸ ਵੁਮਨ ਸੂਜ਼ਨ ਡੈਲਬੀਨ ਨੇ ਕਿਹਾ , ਇਹ ਬੇਹੱਦ ਮਾਯੂਸ ਅਤੇ ਖਿਜ ਚੜਾਉਣ ਵਾਲੀ ਗੱਲ ਹੈ ਕਿ ਸਾਨੂੰ ਬੌਰਡਰ ਰੋਕਾਂ ਵਧਾਏ ਜਾਣ ਦਾ ਕੋਈ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਹੈ। 

ਵਾਸ਼ਿੰਗਟਨ ਸਟੇਟ ਰੈਪਰੈਜ਼ੈਂਟੇਟਿਵ ਸੂਜ਼ਨ ਡੈਲਬੀਨ।

ਵਾਸ਼ਿੰਗਟਨ ਸਟੇਟ ਰੈਪਰੈਜ਼ੈਂਟੇਟਿਵ ਸੂਜ਼ਨ ਡੈਲਬੀਨ।

ਤਸਵੀਰ: Associated Press / Elaine Thompson

ਕੈਨੇਡਾ ਸਰਕਾਰ ਵੱਲੋਂ ਹਾਲ ਹੀ ਵਿਚ ਐਲਾਨ ਕੀਤਾ ਗਿਆ ਸੀ ਕਿ 9 ਅਗਸਤ ਤੋਂ ਪੂਰੀ ਤਰ੍ਹਾਂ ਵੈਸਕੀਨੇਟ ਹੋ ਚੁੱਕੇ ਅਮਰੀਕੀਆਂ ਲਈ ਕੈਨੇਡਾ ਦਾਖ਼ਲ ਹੋਣਾ ਮੁਮਕਿਨ ਹੋਵੇਗਾ। ਇਸ ਤੋਂ ਕੁਝ ਦਿਨ ਬਾਅਦ ਹੀ ਯੂ ਐਸ ਨੇ ਐਲਾਨ ਕੀਤਾ ਕਿ ਬੌਰਡਰ ਰੋਕਾਂ ਘੱਟੋ ਘੱਟ 21 ਅਗਸਤ ਤੱਕ ਵਧਾਈਆਂ ਜਾ ਰਹੀਆਂ ਹਨ। 

ਬਹੁਤੇ ਲੋਕਾਂ ਨੂੰ ਉਮੀਦ ਸੀ ਕਿ ਯੂ ਐਸ ਵੀ ਕੈਨੇਡਾ ਦੀ ਤਰਜ਼ ਤੇ ਹੀ ਬੌਰਡਰ ਬਾਬਤ ਆਪਣੇ ਫੈਸਲੇ ਲਵੇਗਾ। ਵੈਸੇ ਸ਼ੁਰੂਆਤ ਤੋਂ ਹੀ ਯੂ ਐਸ ਦੇ ਨਿਯਮ ਕੈਨੇਡਾ ਨਾਲੋਂ ਘੱਟ ਸਖ਼ਤ ਰਹੇ ਹਨ। ਮਸਲਨ ਯੂ ਐਸ ਵਿਚ ਹਮੇਸ਼ਾ ਹੀ ਹਵਾਈ ਸਫ਼ਰ ਦੀ ਇਜਾਜ਼ਤ ਦਿੱਤੀ ਗਈ ਸੀ। ਦਸ ਦਈਏ ਕਿ ਯੂ ਐਸ ਦੇ ਮੁਕਾਬਲੇ ਕੈਨੇਡਾ ਵਿਚ ਕੋਵਿਡ ਕੇਸ ਵੀ ਘੱਟ ਰਿਪੋਰਟ ਹੋ ਰਹੇ ਹਨ ਅਤੇ ਕੈਨੇਡਾ ਦੀ ਵੈਸਕੀਨੇਸ਼ਨ ਦਰ ਵੀ ਯੂ ਐਸ ਨਾਲੋਂ ਜ਼ਿਆਦਾ ਹੈ। 

ਬੌਰਡਰ ਰੋਕਾਂ ਵਧਾਏ ਜਾਣ ਦੇ ਇਕ ਹਫਤੇ ਬਾਅਦ ਵੀ ਯੂ ਐਸ ਦੇ ਡਿਪਾਰਟਮੈਂਟ ਔਫ ਹੋਮਲੈਂਡ ਸਿਕਿਉਰਿਟੀ ਨੇ ਅਸਪਸ਼ਟ ਜਿਹਾ ਬਿਆਨ ਦਿੱਤਾ ਹੈ।

ਡੈਲਟਾ ਵੇਰੀਐਂਟ ਸਮੇਤ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ, ਯੂ ਐਸ ਵੱਲੋਂ ਕੈਨੇਡਾ ਅਤੇ ਮੈਕਸੀਕੋ ਦੇ ਦਰਮਿਆਨ, ਜ਼ਮੀਨੀ ਸਰਹੱਦ ਅਤੇ ਫ਼ੈਰੀ ਕ੍ਰੌਸਿੰਗਾਂ ਨੂੰ 21 ਅਗਸਤ ਤੱਕ ਗ਼ੈਰ-ਜ਼ਰੂਰੀ ਯਾਤਰਾ ਲਈ ਬੰਦ ਰਖਿਆ ਜਾ ਰਿਹਾ ਹੈ। ਅਸੈਂਸ਼ੀਅਲ ਚੀਜ਼ਾਂ ਦੇ ਆਵਾਗੌਣ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ।
ਐਂਜਲੋ ਫਰਨੈਨਡੀਜ਼, ਹੋਮਲੈਂਡ ਸਿਕਿਉਰਿਟੀ

ਡਿਪਾਰਟਮੈਂਟ ਔਫ ਹੋਮਲੈਂਡ ਸਿਕਿਉਰਿਟੀ ਕੈਨੇਡਾ ਅਤੇ ਮੈਕਸੀਕੋ ਦੇ ਸਬੰਧਤ ਵਿਭਾਗਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਤਾਂ ਕਿ ਰੋਕਾਂ ਵਿਚ ਢਿੱਲ ਦੇਣ ਦੀਆਂ ਸ਼ਰਤਾਂ ਅਤੇ ਸਥਿਤੀਆਂ ਸੁਰੱਖਿਅਤ ਤਰੀਕੇ ਨਾਲ ਨਿਸ਼ਚਿਤ ਕੀਤੀਆਂ ਜਾ ਸਕਣ।

ਡੈਲਟਾ ਵੇਰੀਐਂਟ ਦਾ ਖ਼ਤਰਾ

ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਜੈਨ ਜ਼ਾਕੀ ਨੇ ਯੂ ਐਸ ਦੇ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹਨਾਂ ਦੇ ਨਵੇਂ ਨਿਰਦੇਸ਼ਾਂ ਕਰਕੇ ਯੂ ਐਸ ਪ੍ਰਸ਼ਾਸਨ ਨੇ ਬੌਰਡਰ ਰੋਕਾਂ ਵਧਾਉਣ ਦਾ ਫੈਸਲਾ ਲਿਆ ਹੈ।

ਪਰ CDC ਨੇ ਇਸ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। 

ਬੀਤੇ ਮੰਗਲਵਾਰ CDC ਨੇ ਕਿਹਾ ਸੀ ਕਿ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਲੋਕ ਵੀ ਡੈਲਟਾ ਵੇਰੀਐਂਟ ਨੂੰ ਫੈਲਾਉਣ ਦਾ ਜ਼ਰੀਏ ਬਣ ਸਕਦੇ ਹਨ ਇਸ ਕਰਕੇ ਇੰਡੋਰ ਪਬਲਿਕ ਥਾਵਾਂ ਨੇ ਪੂਰੀ ਤਰ੍ਹਾਂ ਵੈਕਸਿਨੇਟ ਹੋ ਲੋਕਾਂ ਨੂੰ ਬੀ ਮਾਸਕ ਪਹਿਨਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਗਈ ਹੈ। 

ਕੈਨੇਡਾ ਲਈ ਯੂ ਐਸ ਦੇ ਸਾਬਕਾ ਸਫ਼ੀਰ ਬਰੂਸ ਹੇਮਨ ਨੇ ਕਿਹਾ ਸ਼ਾਇਦ ਯੂ ਐਸ ਫਿਲਹਾਲ ਕੈਨੇਡਾ ਵਾਂਗੂ ਬੌਰਡਰ ਖੋਲਣ ਲਈ ਤਿਆਰ ਨਹੀਂ ਹੈ। 

ਯੂ ਐਸ ਲਈ ਅਜੇ ਜ਼ਮੀਨੀ ਸਰਹੱਦ ਨਾਲ ਜੁੜੇ ਹੋਰ ਕਈ ਮਸਲਿਆਂ ਨੂੰ ਹਲ ਕਰਨਾ ਹੈ। ਅਜੇ ਇਹ ਫੈਸਲਾ ਵੀ ਕਰਨਾ ਹੋਵੇਗਾ ਕਿ ਕਨੇਡੀਅਨ ਪਾਸਿਉਂ ਆਉਂਦੇ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਬੂਤ ,ਕੋਈ ਦਸਤਾਵੇਜ਼ ਦਿਖਾਉਣਾ ਹੋਵੇਗਾ ਜਾਂ ਨਹੀਂ। ਕਿਹੜੀ ਵੈਕਸੀਨ ਮਨਜ਼ੂਰਸ਼ੁਦਾ ਹੋਵੇਗੀ, ਕਿਹੜੀ ਨਹੀਂ ਹੋਵੇਗੀ, ਮੈਨੂੰ ਲੱਗਦਾ ਹੈ ਇਸ ਬਾਰੇ ਅਜੇ ਵੀ ਅਸਪਸ਼ਟਤਾ ਹੈ।
ਬਰੂਸ ਹੇਮਨ, ਕੈਨੇਡਾ ਲਈ ਯੂ ਐਸ ਦੇ ਸਾਬਕਾ
ਕੈਨੇਡਾ ਲਈ ਯੂ ਐਸ ਦੇ ਸਾਬਕਾ ਸਫ਼ੀਰ ਬਰੂਸ ਹੇਮਨ।

ਕੈਨੇਡਾ ਲਈ ਯੂ ਐਸ ਦੇ ਸਾਬਕਾ ਸਫ਼ੀਰ ਬਰੂਸ ਹੇਮਨ।

ਤਸਵੀਰ:  CBC

ਦੋ ਸਰਹੱਦਾਂ ਦੀ ਚੁਣੌਤੀ 

ਹੇਮਨ ਨੇ ਕਿਹਾ ਕਿ ਕੈਨੇਡਾ ਨੂੰ ਸਿਰਫ ਅਮਰੀਕਾ ਦੀ ਸਰਹੱਦ ਲੱਗਦੀ ਹੈ ਪਰ ਅਮਰੀਕਾ ਨੂੰ ਕੈਨੇਡਾ ਅਤੇ ਮੈਕਸੀਕੋ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ਲਗਦੀਆਂ ਹਨ। ਇਸ ਕਰਕੇ ਇੱਕ ਦੇਸ਼ ਨਾਲ ਸਰਹੱਦ ਬਾਰੇ ਵੱਖਰੀ ਨੀਤੀ ਤੇ ਦੂਸਰੇ ਦੇਸ਼ ਨਾਲ ਵੱਖਰੀ ਨੀਤੀ ਕਾਫੀ ਪੇਚੀਦਾ ਮਾਮਲਾ ਹੁੰਦੀ ਹੈ। ਨਾਲ ਹੀ ਮੈਕਸੀਕੋ ਵਿਚ ਵੈਕਸੀਨੇਸ਼ਨ ਦਰ ਦੀ ਹਾਲਾਤ ਵੀ ਮੁਕਲਾਬਤਨ ਮਾੜੀ ਹੀ ਹੈ ਅਤੇ ਇਹ ਸੂਰਤੇ ਹਾਲ ਲਾਜ਼ਮੀ ਹੀ ਯੂ ਐਸ ਪ੍ਰਸ਼ਾਸਨ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੀ ਹੋਣੀ। 

ਉਹਨਾਂ ਕਿਹਾ ਕਿ ਯੂ ਐਸ ਬੌਰਡਰ ਖੋਲਣ ਬਾਰੇ ਅਜਿਹਾ ਫੈਸਲਾ ਲਵੇਗਾ ਜਿਸਨੂੰ ਛੇਤੀ ਕੀਤੇ ਬਦਲਣਾ ਜਾਂ ਪਲਟਨਾਂ ਨਾ ਪਵੇ। 

ਕਨੇਡੀਅਨ-ਅਮੈਰੀਕਨ ਬਿਜ਼ਨਸ ਕਾਉਂਸਿਲ ਦੀ ਮੁਖੀ ਮੈਰਿਸਕੌਟ ਗ੍ਰੀਨਵੁਡ ਦਾ ਕਹਿਣਾ ਹੈ ਕਿ ਬੌਰਡਰ ਰੋਕਾਂ ਕਰਕੇ ਦੋਵੇਂ ਮੁਲਕਾਂ ਦੇ ਕਾਰੋਬਾਰੀ ਬਹੁਤ ਪ੍ਰਭਾਵਿਤ ਹੋ ਰਹੇ ਹਨ ਅਤੇ ਯੂ ਐਸ ਪ੍ਰਸ਼ਾਸਨ ਦੇ ਇਸ ਫੈਸਲੇ ਨੇ ਉਹਨਾਂ ਦੀਆਂ ਮੁਸ਼ਕਿਲਾਂ ਵਧ ਦਿੱਤੀਆਂ ਹਨ। ਗ੍ਰੀਨਵੁਡ ਨੂੰ ਉਮੀਦ ਹੈ ਕਿ ਜਲਦੀ ਹੀ ਯੂ ਐਸ ਪ੍ਰਸ਼ਾਸਨ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਲੋਕਾਂ ਲਈ ਆਪਣੇ ਮੌਜੂਦਾ ਫੈਸਲੇ ਦਾ ਰੀਵਿਊ ਕਰੇਗਾ ਅਤੇ ਬੌਰਡਰ ਖੋਲ ਦਵੇਗਾ। 

ਐਲਿਜ਼ਾਬੇਥ ਥੋਮਪਸਨ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ