1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਅੰਤਰਰਾਸ਼ਟਰੀ ਰਾਜਨੀਤੀ

ਇੰਗਲੈਂਡ ਯਾਤਰਾ ਲਈ ਕੁਆਰੰਟੀਨ ਤੋਂ ਛੋਟ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੇਡਾ ਨੂੰ ਨਹੀਂ ਕੀਤਾ ਗਿਆ ਸ਼ਾਮਲ

ਯੂਰਪੀਅਨ ਯੂਨੀਅਨ ਅਤੇ ਯੂ ਐਸ ਨੂੰ ਮਿਲੀ ਕੁਆਰੰਟੀਨ ਤੋਂ ਛੋਟ

ਹੀਥਰੋ ਹਵਾਈ ਅੱਡੇ ਤੇ ਇੱਕ ਮੁਸਾਫ਼ਰ ਦੀ ਤਸਵੀਰ। ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕਨੇਡੀਅਨ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਤੇ ਕੁਆਰੰਟੀਨ ਤੋਂ ਛੋਟ ਨਹੀਂ ਦਿੱਤੀ ਗਈ।

ਹੀਥਰੋ ਹਵਾਈ ਅੱਡੇ ਤੇ ਇੱਕ ਮੁਸਾਫ਼ਰ ਦੀ ਤਸਵੀਰ। ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕਨੇਡੀਅਨ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਤੇ ਕੁਆਰੰਟੀਨ ਤੋਂ ਛੋਟ ਨਹੀਂ ਦਿੱਤੀ ਗਈ।

ਤਸਵੀਰ: Reuters / Hannah McKay

RCI

ਯੂ ਕੇ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਯੂਰਪ ਅਤੇ ਅਮਰੀਕਾ ਵਿਚ ਵੈਕਸੀਨ ਪ੍ਰਾਪਤ ਕਰ ਚੁੱਕੇ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਤੇ ਲਾਜ਼ਮੀ ਕੁਆਰੰਟੀਨ ਦੇ ਨਿਯਮ ਤੋਂ ਛੋਟ ਮਿਲੇਗੀ - ਪਰ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਕਨੇਡੀਅਨ ਲੋਕਾਂ ਨੂੰ ਅਜੇ ਵੀ ਕੁਆਰੰਟੀਨ ਹੋਣਾ ਪਵੇਗਾ।

ਯੂ ਕੇ ਸਰਕਾਰ ਵੱਲੋਂ ਜਾਰੀ ਨਿਊਜ਼ ਰਿਲੀਜ਼ ਮੁਤਾਬਕ ਆਉਂਦੀ 2 ਅਗਸਤ ਤੋਂ ਇਹ ਨਵੀਂ ਨੀਤੀ ਲਾਗੂ ਹੋ ਜਾਵੇਗੀ। ਯੂ ਕੇ ਟ੍ਰਾੰਸਪੋਰਟ ਵਿਭਾਗ ਨੇ ਸੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਇਸ ਛੋਟ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੇਡਾ ਸ਼ਾਮਲ ਨਹੀਂ ਹੈ ਪਰ ਕੈਨੇਡਾ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ। 

ਅਸੀਂ ਅੰਤਰਰਾਸ਼ਟਰੀ ਟ੍ਰੈਵਲ ਨੂੰ ਮੁੜ ਸ਼ੁਰੂ ਕਰਨ ਦੇ ਨਾਲ ਨਾਲ ਲੋਕਾਂ ਦੀ ਸਿਹਤ ਸੁਰੱਖਿਆ ਸੁਨਿਸ਼ਚਿਤ ਕਰਦਿਆਂ ਇੱਕ ਪੜਾਅਵਾਰ ਅਪਰੋਚ ਇਖ਼ਤਿਆਰ ਕਰ ਰਹੇ ਹਾਂ। ਅਸੀਂ ਯੂਕੇ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਸੁਆਗਤ ਕਰਦੇ ਹਾਂ ਅਤੇ ਅਸੀਂ ਹੋਰ ਮਹੱਤਵਪੂਰਨ ਦੇਸ਼ਾਂ ਤੋਂ ਵੈਕਸੀਨ ਲਗਵਾ ਚੁੱਕੇ ਯਾਤਰੀਆਂ ਲਈ ਵੀ ਅਜਿਹੀ ਹੀ ਨੀਤੀ ਅਪਨਾਏ ਜਾਣ ਬਾਬਤ ਕਾਰਜਸ਼ੀਲ ਹਾਂ।

ਇਸਦਾ ਅਰਥ ਹੈ ਕਿ ਕੈਨੇਡਾ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟੀਨ ਵੀ ਕਰਨਾ ਹੋਵੇਗਾ ਅਤੇ ਇੰਗਲੈਂਡ ਪਹੁੰਚਣ ਤੇ ਅਤੇ ਪਹੁੰਚਣ ਤੋਂ ਅੱਠ ਦਿਨ ਬਾਅਦ ਕੋਵਿਡ ਟੈਸਟ ਵੀ ਕਰਵਾਉਣੇ ਪੈਣਗੇ। 

ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟਿਆ ਫਰੀਲੈਂਡ ਨੇ ਕੈਨੇਡਾ ਨੂੰ ਇਸ ਛੋਟ ਤੋਂ ਬਾਹਰ ਰੱਖੇ ਜਾਣ ਬਾਰੇ ਸੁਆਲ ਪੁੱਛੇ ਜਾਣ ਤੇ ਕਿਹਾ, ਕੋਵਿਡ ਦੌਰਾਨ ਦੇਸ਼ ਵਿਚ ਕੌਣ ਆ ਸਕਦਾ ਹੈ ਅਤੇ ਕਿਹਨਾਂ ਸ਼ਰਤਾਂ ਤੇ ਆ ਸਕਦਾ ਹੈ ਇਹ ਹਰੇਕ ਦੇਸ਼ ਦਾ ਆਪਣਾ ਅਧਿਕਾਰ ਹੈ ਅਤੇ ਮੈਂ ਉਹਨਾਂ ਦੇ ਇਸ ਅਧਿਕਾਰ ਦਾ ਸਤਿਕਾਰ ਕਰਦੀ ਹਾਂ।

ਨਿਊਜ਼ ਰਿਲੀਜ਼ ਮੁਤਾਬਕ ਜਿਹਨਾਂ ਲੋਕਾਂ ਨੇ ਯੂਰਪੀਅਨ ਯੂਨੀਅਨ ਵਿਚ ਯੂਰਪੀਅਨ ਮੈਡੀਸਨ ਏਜੰਸੀ (EMA) ਦੁਆਰਾ ਮੰਜ਼ੂਰਸ਼ੁਦਾ ਵੈਕਸੀਨ ਲਗਵਾਈ ਹੋਵੇ ਅਤੇ ਜਿਹਨਾਂ ਲੋਕਾਂ ਨੇ ਯੂ ਐਸ ਵਿਚ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੁਆਰਾ ਮੰਜ਼ੂਰਸ਼ੁਦਾ ਵੈਕਸੀਨ ਲਗਵਾਈ ਹੋਵੇ, ਉਹਨਾਂ ਨੂੰ ਵੀ ਇੰਗਲੈਂਡ ਪਹੁੰਚਣ ਤੇ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੋਵੇਗੀ।  

ਇਹ ਛੋਟ ਨੌਰਵੇ ਅਤੇ ਆਇਸਲੈਂਡ ਵਰਗੇ ਯੂਰਪੀਅਨ ਯੂਨੀਅਨ ਦੇ ਗ਼ੈਰ-ਮੈਂਬਰ ਯੂਰਪੀਅਨ ਦੇਸ਼ਾਂ ਤੇ ਵੀ ਲਾਗੂ ਹੁੰਦੀ ਹੈ ਪਰ ਫਰਾਂਸ ਨੂੰ ਵੀ ਛੋਟ ਵਾਲੇ ਦੇਸ਼ਾਂ ਦੀ ਸੂਚੀ ਤੋਂ ਬਾਹਰ ਰਖਿਆ ਗਿਆ ਹੈ। ਫਰਾਂਸ ਦੇ ਪੂਰੀ ਤਰ੍ਹਾਂ ਨਾਲ ਵੈਸਕੀਨੇਟ ਹੋ ਚੁੱਕੇ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਤੇ 10 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ। 

ਸਕੌਟਲੈਂਡ ਦੇ ਟ੍ਰਾੰਸਪੋਰਟ ਸਕੱਤਰ ਮਾਇਕਲ ਮੈਥੇਸਨ ਨੇ ਇਸ ਫੈਸਲੇ ਦਾ ਕਾਰਨ ਯੂਰਪੀਅਨ ਯੂਨੀਅਨ ਅਤੇ ਯੂ ਐਸ ਵਿਚ ਵੈਕਸੀਨ ਮੁਹਿੰਮ ਦੀ ਸਫਲਤਾ ਨੂੰ ਦੱਸਿਆ ਹੈ।

ਵੇਲਜ਼ ਅਤੇ ਨੌਰਦਰਨ ਆਇਰਲੈਂਡ ਦੀਆਂ ਸਰਕਾਰਾਂ ਵੱਲੋਂ ਯੂ ਕੇ ਇਲਾਵਾ ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਕੁਆਰੰਟੀਨ ਛੋਟ ਬਾਰੇ ਆਪਣੇ ਨਿਯਮ ਫਿਲਹਾਲ ਤੱਕ ਅਪਡੇਟ ਨਹੀਂ ਕੀਤੇ ਗਏ ਹਨ।

ਰਿਚਰਡ ਰੇਕਰਾਫਟ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ