1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਉਦਯੋਗ

ਕੈਨੇਡਾ ਵਿਚ ਸਾਲਾਨਾ ਮਹਿੰਗਾਈ ਦਰ 3.1 ਫ਼ੀਸਦੀ ਤੇ ਪਹੁੰਚੀ

ਪਿਛਲੇ 12 ਮਹੀਨਿਆਂ ਵਿਚ ਗੈਸ ਦੀਆਂ ਕੀਮਤਾਂ 32 ਫ਼ੀਸਦੀ ਵਧੀਆਂ

ਪਿਛਲੇ ਇੱਕ ਸਾਲ ਵਿਚ ਗੈਸ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਦਰਜ ਹੋਇਆ ਹੈ।

ਪਿਛਲੇ ਇੱਕ ਸਾਲ ਵਿਚ ਗੈਸ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਦਰਜ ਹੋਇਆ ਹੈ।

ਤਸਵੀਰ: Reuters / Brandon Wade

RCI

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਜੂਨ ਮਹੀਨੇ ਵਿਚ ਕੈਨਡਾ ਦੀ ਸਲਾਨਾ ਮਹਿੰਗਾਈ ਦਰ 3.1 ਫ਼ੀਸਦੀ ਦਰਜ ਕੀਤੀ ਗਈ ਹੈ। 

ਹਾਲਾਂਕਿ ਇਹ ਮਹਿੰਗਾਈ ਦਰ ਮਈ ਮਹੀਨੇ ਵਿਚ 3.6 ਫ਼ੀਸਦੀ ਦਰਜ ਹੋਈ ਸੀ ਜੋ ਕਿ ਪਿਛਲੇ ਇੱਕ ਦਹਾਕੇ ਦਾ ਮਹਿੰਗਾਈ ਦਰ ਦਾ ਸਭ ਤੋਂ ਵੱਡਾ ਅੰਕੜਾ ਸੀ। 

ਅੰਕੜਿਆਂ ਅਨੁਸਾਰ ਜੂਨ ਵਿਚ ਮਈ ਦੇ ਮੁਕਾਬਲੇ ਰਿਹਾਇਸ਼ ਅਤੇ ਆਵਾਜਾਈ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਹੋਈ ਅਤੇ ਫ਼ੂਡ, ਕਲੋਦਿੰਗ ਅਤੇ ਹੋਰ ਮਨੋਰੰਜਨ ਗਤਿਵਿਧਿਆਂ ਦੀਆਂ ਕੀਮਤਾਂ ਵਿਚ ਮੁਕਾਬਲਤਨ ਕਮੀ ਦਰਜ ਹੋਈ। 

ਅੰਕੜਿਆਂ ਮੁਤਾਬਕ ਬੀਤੇ ਸਾਲ ਦੇ ਜੂਨ ਦੇ ਮੁਕਾਬਲੇ ਰਿਹਾਇਸ਼ੀ ਲਾਗਤ ਵਿਚ 4.4 ਫੀਸਦੀ ਅਤੇ ਆਵਾਜਾਈ ਦੀ ਲਾਗਤ ਵਿਚ 5.6 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ। 

ਪਰ ਬੀਤੇ ਸਾਲ ਦੇ ਜੂਨ ਮਹੀਨੇ ਦੇ ਮੁਕਾਬਲੇ ਇਸ ਸਾਲ ਜੂਨ ਵਿਚ ਕਈ ਵਸਤਾਂ ਦੀਆਂ ਕੀਮਤਾਂ ਵਿਚ ਕਟੌਤੀ ਵੀ ਦਰਜ ਹੋਈ ਹੈ। ਬੀਫ ਦੀਆਂ ਕੀਮਤਾਂ ਵਿਚ 11 ਫ਼ੀਸਦੀ ਕਮੀ, ਤਾਜ਼ੀਆਂ ਸਬਜ਼ੀਆਂ ਦੀਆਂ ਕੀਮਤਾਂ ਵਿਚ 7.5 ਫ਼ੀਸਦੀ ਕਮੀ ਅਤੇ ਸੈਲੂਲਰ ਫੋਨ ਸੇਵਾਵਾਂ ਦੀਆਂ ਕੀਮਤਾਂ ਵਿਚ 21 ਫ਼ੀਸਦੀ ਦੀ ਕਮੀ ਆਈ ਹੈ।

ਰਿਹਾਇਸ਼ੀ ਲਾਗਤਾਂ ਜੂਨ ਵਿਚ ਸਾਲਾਨਾ ਮਹਿੰਗਾਈ ਦਰ ਵਧਾਉਣ ਦਾ ਅਹਿਮ ਕਾਰਨ ਰਹੀਆਂ ਕਿਉਂਕਿ ਮੁਲਕ ਭਰ ਵਿਚ ਘਰ ਦੀ ਖਰੀਦ ਅਤੇ ਕਿਰਾਏ ਲਗਾਤਾਰ ਉੱਪਰ ਵੱਲ ਜਾ ਰਹੇ ਹਨ। 

ਗੈਸ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਦੇ ਵਕਫ਼ੇ ਦੌਰਾਨ 32 ਫ਼ੀਸਦੀ ਵੱਧ ਚੁੱਕੀਆਂ ਹਨ। ਪਿਛਲੇ ਮਈ ਮਹੀਨੇ ਵਿਚ ਇਹ ਇਜ਼ਾਫਾ 43 ਫ਼ੀਸਦੀ ਦਰਜ ਹੋਇਆ ਸੀ। ਦਰਅਸਲ ਬੀਤੇ ਸਾਲ ਕੋਵਿਡ ਮਹਾਮਾਰੀ ਦੇ ਦੌਰਾਨ ਤੇਲ ਦੀਆਂ ਕੀਮਤਾਂ ਵਿਚ ਵੀ ਵੱਡੀ ਗਿਰਾਵਟ ਆਉਣ ਕਰਕੇ ਹੌਲੀ ਹੌਲੀ ਹੁਣ ਤੇਲ ਦੀਆਂ ਕੀਮਤਾਂ ਸਥਿਰਤਾ ਵੱਲ ਵਧੀਆਂ ਹਨ। 

ਜੇ ਗੈਸ ਦੀਆਂ ਕੀਮਤਾਂ ਨੂੰ ਮਨਫ਼ੀ ਕਰ ਦਈਏ ਤਾਂ ਮਹਿੰਗਾਈ ਦਰ 2.2 ਫ਼ੀਸਦੀ ਰਹੀ ਜਾਵੇਗੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ