1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਐਲਬਰਟਾ ਵਿਚ ਕੋਵਿਡ ਦੇ ਫੈਲਣ ਦੀ ਰਫ਼ਤਾਰ ਤੀਸਰੀ ਵੇਵ ਨਾਲੋਂ ਵੀ ਵੱਧ

ਕੁਝ ਮਾਹਰਾਂ ਮੁਤਾਬਕ ਮੌਜੂਦਾ ਰੁਝਾਨ ਕੋਵਿਡ ਦੀ ਚੌਥੀ ਵੇਵ ਦੇ ਸੰਕੇਤ

ਕੈਲਗਰੀ ਦੇ ਇੱਕ ਹੌਸਪੀਟਲ ਗੇਟ ਦੀ ਅਪ੍ਰੈਲ 2020 ਦੀ ਇਕ ਤਸਵੀਰ। ਉਦੋਂ ਕੋਵਿਡ ਦੇ ਮੱਦੇਨਜ਼ਰ ਹੌਸਪੀਟਲ ਵਿਚ ਸਿਰਫ਼ ਅਸੈਂਸ਼ੀਅਲ ਵਿਜ਼ਿਟਰਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਡਾਕਟਰਾਂ ਅਤੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਐਲਬਰਟਾ ਵਿਚ ਵਾਇਰਸ ਤੀਸਰੀ ਵੇਵ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਕੈਲਗਰੀ ਦੇ ਇੱਕ ਹੌਸਪੀਟਲ ਗੇਟ ਦੀ ਅਪ੍ਰੈਲ 2020 ਦੀ ਇਕ ਤਸਵੀਰ। ਉਦੋਂ ਕੋਵਿਡ ਦੇ ਮੱਦੇਨਜ਼ਰ ਹੌਸਪੀਟਲ ਵਿਚ ਸਿਰਫ਼ ਅਸੈਂਸ਼ੀਅਲ ਵਿਜ਼ਿਟਰਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਡਾਕਟਰਾਂ ਅਤੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਐਲਬਰਟਾ ਵਿਚ ਵਾਇਰਸ ਤੀਸਰੀ ਵੇਵ ਨਾਲੋਂ ਵੀ ਜ਼ਿਆਦਾ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਤਸਵੀਰ: The Canadian Press / Jeff Mcintosh

RCI

ਐਲਬਰਟਾ ਵਿਚ ਜਿਸ ਰਫ਼ਤਾਰ ਤੇ ਕੋਵਿਡ ਮਾਮਲੇ ਵੱਧ ਰਹੇ ਹਨ ਉਸਨੇ ਹੈਲਥ ਮਾਹਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਹੁਣ ਇਹ ਵਾਇਰਸ ਕੋਵਿਡ ਦੀ ਤੀਸਰੀ ਵੇਵ ਦੇ ਸਿਖਰ ਤੇ ਪਹੁੰਚਣ ਦੇ ਸਮੇਂ ਨਾਲੋਂ ਵੀ ਵੱਧ ਤੇਜ਼ੀ ਨਾਲ ਫ਼ੈਲ ਰਿਹਾ ਹੈ।

ਜਦੋਂ ਸੂਬੇ ਵਿਚ ਕੋਵਿਡ ਦੇ ਹਰ ਰੋਜ਼ 1500 ਦੇ ਕਰੀਬ ਮਾਮਲੇ ਰਿਪੋਰਟ ਹੋ ਰਹੇ ਸਨ ਉਦੋਂ ਸੂਬੇ ਵਿਚ ਆਰ-ਵੈਲਿਊ 1.15 ਦੇ ਕਰੀਬ ਦਰਜ ਹੁੰਦੀ ਸੀ। 

ਆਰ-ਵੈਲਿਊ ਇਹ ਜ਼ਾਹਰ ਕਰਦੀ ਹੈ ਕਿ ਵਾਇਰਸ ਦੀ ਲਪੇਟ ਵਿਚ ਆਏ ਇੱਕ ਵਿਅਕਤੀ ਦੇ ਜ਼ਰੀਏ ਹੋਰ ਕਿੰਨੇ ਲੋਕਾਂ ਤੱਕ ਇਹ ਵਾਇਰਸ ਪਹੁੰਚਿਆ। ਭਾਵ 1.15 ਆਰ-ਵਾਲਿਉ ਦਾ ਮਤਲਬ ਹੋਇਆ ਕਿ ਜੇ 100 ਲੋਕ ਵਾਇਰਸ ਨਾਲ ਇੰਫੈਕਟੇਡ ਸਨ ਤਾਂ ਉਹਨਾਂ ਜ਼ਰੀਏ 115 ਲੋਕਾਂ ਵਿਚ ਇਹ ਵਾਇਰਸ ਪਹੁੰਚਿਆ।

ਹੁਣ ਚਿੰਤਾ ਇਸ ਗੱਲ ਦੀ ਹੈ ਕਿ ਮੌਜੂਦਾ ਆਰ-ਵਾਲਿਉ 1.48 ਰਿਕਾਰਡ ਕੀਤੀ ਗਈ ਹੈ। 

ਯੂਨੀਵਰਸਿਟੀ ਔਫ਼ ਕੈਲਗਰੀ ਦੇ ਇਮਿਊਨੋਲੋਜਿਸਟ ਕ੍ਰੇਗ ਜੈਨੀ ਨੇ ਕਿਹਾ, ਸੂਬੇ ਵਿਚ ਮੌਜੂਦਾ ਆਰ-ਵੈਲਿਊ ਮਹਾਮਾਰੀ ਦੌਰਾਨ ਦਰਜ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ। ਭਾਵੇਂ ਅੱਜ ਕੋਵਿਡ ਮਾਮਲੇ ਘੱਟ ਰਿਪੋਰਟ ਹੋਏ ਹਨ ਪਰ ਇਸ ਵਾਇਰਸ ਦੇ ਫੈਲਣ ਦੀ ਮੌਜੂਦਾ ਦਰ ਕੋਵਿਡ ਮਹਾਮਾਰੀ ਦੌਰਾਨ ਕਿਸੇ ਵੀ ਸਮੇਂ ਦੀ ਸਭ ਤੋਂ ਤੇਜ਼ ਦਰ ਹੈ।

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਮਾਹਰ ਕੈਰੋਲੀਨ ਕੋਲਜਿਨ ਦਾ ਕਹਿਣਾ ਹੈ ਕਿ ਆਰ-ਵੈਲਿਊ ਵਿਚ ਵਾਧਾ ਕੋਵਿਡ ਕੇਸਾਂ ਵਿਚ ਵਾਧੇ ਨਾਲੋਂ ਜ਼ਿਆਦਾ ਚਿੰਤਾਜਨਕ ਹੁੰਦਾ ਹੈ। 

ਇਹ ਸਿਰਫ਼ ਵਧਦੀ ਨਹੀਂ ਸਗੋਂ ਹੋਰ ਤੇਜ਼ੀ ਨਾਲ ਵਧਦੀ ਹੈ।

ਐਲਬਰਟਾ ਵਿਚ ਕੋਵਿਡ ਕੇਸ ਅਤੇ ਪੌਜ਼ਿਟਿਵਿਟੀ ਰੇਟ ਫਿਲਹਾਲ ਘੱਟ ਹਨ ਪਰ ਬਹੁਤੇ ਨਵੇਂ ਮਾਮਲੇ ਡੈਲਟਾ ਵੇਰੀਐਂਟ ਕਰਕੇ ਸਾਹਮਣੇ ਆ ਰਹੇ ਹਨ। 

ਐਲਬਰਟਾ ਦੇ ਸਾਬਕਾ ਚੀਫ ਮੈਡੀਕਲ ਔਫ਼ੀਸਰ ਅਤੇ ਯੂਨੀਵਰਸਿਟੀ ਔਫ਼ ਐਲਬਰਟਾ ਦੇ ਪ੍ਰੋਫੈਸਰ ਡਾ ਜੇਮਜ਼ ਟੈਲਬੋਟ ਨੇ ਕਿਹਾ, ਇਹ ਸਭ ਕੋਵਿਡ ਦੀ ਚੌਥੀ ਵੇਵ ਦੀ ਆਮਦ ਦੇ ਸੰਕੇਤ ਹਨ।

ਉਹਨਾਂ ਕਿਹਾ ਕਿ ਮੌਜੂਦਾ ਅੰਕੜੇ ਖ਼ਤਰੇ ਦੀ ਘੰਟੀ ਹਨ ਅਤੇ ਜਿਹਨਾਂ ਲੋਕਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਉਹ ਹੋਰ ਦੇਰ ਨਾ ਕਰਨ ਕਿਉਂਕਿ ਵੈਕਸੀਨ ਹੀ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। 

ਐਲਬਰਟਾ ਹੈਲਥ ਦੇ ਅਨੁਸਾਰ ਸੂਬੇ ਦੀ ਕੁਲ ਅਬਾਦੀ ਵਿਚੋਂ 35.8 ਫ਼ੀਸਦੀ ਅਬਾਦੀ ਅਜਿਹੀ ਹੈ ਜਿਸਨੇ ਫਿਲਹਾਲ ਕੋਵਿਡ ਵੈਕਸੀਨ ਦਾ ਇੱਕ ਟੀਕਾ ਵੀ ਨਹੀਂ ਲਗਵਾਇਆ ਹੈ ਅਤੇ 45 ਫ਼ੀਸਦੀ ਤੋਂ ਵੱਧ ਅਬਾਦੀ ਪੂਰੀ ਤਰਾਂ ਵੈਕਸੀਨੇਟ ਨਹੀਂ ਹੋਈ ਹੈ। 

ਜੈਨੀ ਮੁਤਾਬਕ ਇਸ ਨਵੀਂ ਸੰਭਾਵਿਤ ਵੇਵ ਦੇ ਫੈਲਣ ਦੇ ਕਈ ਕਾਰਨ ਹੋ ਸਕਦੇ ਹਨ। 1 ਜੁਲਾਈ ਤੋਂ ਸੂਬਾ ਸਰਕਾਰ ਵੱਲੋਂ ਜਨਤਕ ਰੋਕਾਂ ਹਟਾਈਆਂ ਗਈਆਂ ਹਨ ਅਤੇ ਵੱਡੀ ਤਾਦਾਦ ਵਿਚ ਲੋਕ ਹੁਣ ਮਾਸਕ ਵੀ ਨਹੀਂ ਪਹਿਨ ਰਹੇ ਹਨ। ਵੱਡੇ ਵੱਡੇ ਇਕੱਠ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹੇ ਵਿਚ ਇਸ ਨਵੀਂ ਵੇਵ ਨੂੰ ਸਮਝਣ ਲਈ ਕੰਟੈਕਟ ਟਰੇਸਿੰਗ ਬਹੁਤ ਅਹਿਮ ਹੋਵੇਗੀ। 

ਮਾਹਰਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਅਨੁਮਾਨ ਮੁਤਾਬਕ ਜ਼ਿਆਦਾਤਰ ਨਵੇਂ ਕੇਸ ਉਹਨਾਂ ਲੋਕਾਂ ਵਿਚ ਹੋਣਗੇ ਜਿਹਨਾਂ ਨੇ ਵੈਕਸੀਨ ਨਹੀਂ ਗਵਾਈ ਹੈ। 

ਹੁਣ ਸੁਆਲ ਇਹ ਉੱਠਦਾ ਹੈ ਕਿ ਇਹ ਸੰਭਾਵਿਤ ਵੇਵ ਕਿੰਨੀ ਵੱਡੀ ਹੋ ਸਕਦੀ ਹੈ?

ਸੈਰਾ ਰੀਜਰ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ