1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਕੋਲ ਹੁਣ ਆਪਣੀ ਸਾਰੀ ਯੋਗ ਅਬਾਦੀ ਲਈ ਲੋੜੀਂਦੀਆਂ ਵੈਕਸੀਨ ਡੋਜ਼ਾਂ ਉਪਲਬਦ : ਟਰੂਡੋ

ਪ੍ਰਾਪਤ ਕੀਤੀਆਂ 66 ਮਿਲੀਅਨ ਡੋਜ਼ਾਂ 12 ਸਾਲ ਤੋਂ ਵੱਧ ਉਮਰ ਦੀ ਸਾਰੀ ਅਬਾਦੀ ਲਈ ਕਾਫ਼ੀ

ਕੋਵਿਡ ਵੈਕਸੀਨ ਤਿਆਰ ਕਰਦੀ ਇੱਕ ਫਾਰਮਾਸਿਸਟ ਦੀ ਤਸਵੀਰ

ਕੋਵਿਡ ਵੈਕਸੀਨ ਤਿਆਰ ਕਰਦੀ ਇੱਕ ਫਾਰਮਾਸਿਸਟ ਦੀ ਤਸਵੀਰ

ਤਸਵੀਰ: Nathan Denette

RCI

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਕੋਲ ਉੰਨੀ ਮਾਤਰਾ ਵਿਚ ਕੋਵਿਡ ਵੈਕਸੀਨਾਂ ਉਪਲਬਦ ਹੋ ਚੁੱਕੀਆਂ ਹਨ ਜਿਸ ਨਾਲ ਕੈਨੇਡਾ ਦੀ ਸਾਰੀ ਯੋਗ ਆਬਾਦੀ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕੀਤਾ ਜਾ ਸਕਦਾ ਹੈ।

12 ਸਾਲ ਅਤੇ ਉਸਤੋਂ ਵੱਧ ਉਮਰ ਦੀ 33.2 ਮਿਲੀਅਨ ਦੀ ਆਬਾਦੀ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨ ਲਈ ਲਗਭਗ 66 ਮਿਲੀਅਨ ਤੋਂ ਵੱਧ ਵੈਕਸੀਨਾਂ ਦੀ ਜ਼ਰੂਰਤ ਪੈਣੀ ਸੀ। ਇਸ ਹਫਤੇ ਕੈਨੇਡਾ ਨੂੰ 5 ਮਿਲੀਅਨ ਡੋਜ਼ਾਂ ਪ੍ਰਾਪਤ ਹੋਣ ਨਾਲ ਕੁਲ ਉਪਲਬਦ ਵੈਕਸੀਨਾਂ ਦੀ ਗਿਣਤੀ 66 ਮਿਲੀਅਨ ਤੋਂ ਵਧੇਰੇ ਹੋ ਚੁੱਕੀ ਹੈ। 

ਟਰੂਡੋ ਨੇ ਕਿਹਾ, ਸਭ ਲਈ ਲੋੜੀਂਦੀਆਂ ਖੁਰਾਕਾਂ ਉਪਲਬਦ ਹੋਣ ਤੋਂ ਬਾਅਦ ਹੁਣ ਵੈਕਸੀਨ ਨਾ ਲਗਵਾਉਣ ਦਾ ਬਹਾਨਾ ਨਹੀਂ ਹੋਵੇਗਾ।

ਪਹਿਲਾਂ ਸਰਕਾਰ ਵੱਲੋਂ ਸਾਰੇ ਯੋਗ ਕਨੇਡੀਅਨਾਂ ਨੂੰ ਮੁਕੰਮਲ ਵੈਕਸੀਨ ਉਪਲਬਦ ਕਰਵਾਉਣ ਦਾ ਸਤੰਬਰ ਮਹੀਨੇ ਦਾ ਟੀਚਾ ਮਿੱਥਿਆ ਗਿਆ ਸੀ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ, ਨਾ ਸਿਰਫ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਸਗੋਂ ਤੈਅਸ਼ੁਦਾ ਸਮੇਂ ਤੋਂ ਦੋ ਮਹੀਨੇ ਪਹਿਲਾਂ ਅਸੀਂ ਇਹ ਮੁਮਕਿਨ ਬਣਾਇਆ।

ਸ਼ੁਕਰਵਾਰ ਨੂੰ ਜਾਰੀ ਕੀਤੇ ਗਏ ਤਾਜ਼ੇ ਅੰਕੜਿਆਂ ਮੁਤਾਬਕ ਕੈਨੇਡਾ ਵਿਚ 12 ਸਾਲ ਅਤੇ ਉਸਤੋਂ ਵੱਧ ਉਮਰ ਦੀ 79.66 ਫ਼ੀਸਦੀ ਅਬਾਦੀ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਦੋਜ਼ ਦਿੱਤੀ ਜਾ ਚੁੱਕੀ ਹੈ ਅਤੇ 57.45 ਫ਼ੀਸਦੀ ਯੋਗ ਅਬਾਦੀ ਪੂਰੀ ਤਰ੍ਹਾਂ ਵੈਸਕੀਨੇਟ ਹੋ ਚੁੱਕੀ ਹੈ। 

ਕੈਨੇਡਾ ਦੀ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਨੇ ਕਿਹਾ ਹੈ ਕਿ ਸਤੰਬਰ ਮਹੀਨੇ ਦੇ ਅੰਤ ਤੱਕ ਕੈਨੇਡਾ ਕੋਲ ਇੰਨੀ ਤਾਦਾਦ ਵਿਚ ਵੈਕਸੀਨਾਂ ਪ੍ਰਾਪਤ ਹੋ ਜਾਣਗੀਆਂ ਕਿ ਹੋਰ ਉਮਰ ਵਰਗ ਨੂੰ ਵੀ ਵੈਕਸੀਨੇਸ਼ਨ ਵਿਚ ਸ਼ਾਮਲ ਕੀਤਾ ਜਾ ਸਕੇ। 

ਭਾਵੇਂ ਕੈਨੇਡਾ ਕੋਲ ਹੁਣ ਆਪਣੀ ਸਾਰੀ ਅਬਾਦੀ ਨੂੰ ਵੈਕਸੀਨੇਟ ਕਰ ਸਕਣ ਜਿੰਨੀਆਂ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਪਰ ਹੁਣ ਅਗਲੀ ਚੁਣੌਤੀ ਉਹਨਾਂ 6 ਮਿਲੀਅਨ ਲੋਕਾਂ ਤੱਕ ਰਸਾਈ ਕਰਨਾ ਹੈ ਜਿਹਨਾਂ ਨੇ ਆਪਣੇ ਸ਼ੰਕਿਆਂ ਦੇ ਚਲਦਿਆਂ ਵੈਕਸੀਨ ਦਾ ਪਹਿਲਾ ਟੀਕਾ ਵੀ ਨਹੀਂ ਲਗਵਾਇਆ ਹੈ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਸੁਆਲ ਵੀ ਪੁੱਛਿਆ ਗਿਆ ਕਿ ਉਹਨਾਂ ਦੀ ਸਰਕਾਰ ਵੈਕਸੀਨ ਨੂੰ ਲੈਕੇ ਝਿਜਕ ਰਹੇ ਲੋਕਾਂ ਨੂੰ ਮਨਾਉਣ ਲਈ ਕੀ ਜਤਨ ਕਰੇਗੀ। ਟਰੂਡੋ ਨੇ ਇਸ ਦੇ ਜਵਾਬ ਵਿਚ ਵੈਕਸੀਨ ਪਾਸਪੋਰਟ ਸਿਸਟਮ ਵੱਲ ਇਸ਼ਾਰਾ ਕੀਤਾ ਅਤੇ ਸਰਕਾਰ ਵੱਲੋਂ ਐਡ ਕੈਂਪੇਨਾਂ ਚਲਾਏ ਜਾਣ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕੀ ਵੈਸਕੀਨ ਪਾਸਪੋਰਟ ਵਰਗੇ ਇੰਸੈਂਟਿਵ ਕਰਕੇ ਲੋਕ ਆਰਾਮ ਨਾਲ ਦੁਨੀਆ ਭਰ ਵਿਚ ਘੁੰਮ ਸਕਣਗੇ। 

ਉਹਨਾਂ ਕਿਹਾ, ਅਜਿਹੀਆਂ ਕਈ ਚੀਜ਼ਾਂ ਹਨ ਜਿਹਨਾਂ ਤੋਂ ਵੈਕਸੀਨ ਨਾ ਲਗਵਾਉਣ ਵਾਲੇ ਲੋਕ ਵਾਂਝੇ ਵੀ ਰਹਿਣਗੇ ਅਤੇ ਉਹਨਾਂ ਨੂੰ ਖੁਦ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ ਇਸ ਖ਼ਤਰਨਾਕ ਬਿਮਾਰੀ ਦੀ ਜ਼ਦ ਵਿਚ ਆਉਣ ਤੋਂ ਬਚਾਉਣ ਲਈ ਵੀ ਜੂਝਣਾ ਪੈ ਸਕਦਾ ਹੈ। 

ਰਿਚਰਡ ਰੇਕਰਾਫਟ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ