1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕਨੇਡੀਅਨ ਬੌਰਡਰ ਅਧਿਕਾਰੀਆਂ ਵੱਲੋਂ ਹੜਤਾਲ ਉੱਤੇ ਜਾਣ ਦੀ ਤਿਆਰੀ

ਸਰਹੱਦ ਖੋਲ੍ਹੇ ਜਾਣ ਦੀ ਪ੍ਰਕਿਰਿਆ ਵਿਚ ਅੜਿੱਕੇ ਦੀ ਸੰਭਾਵਨਾ

ਮਾਰਚ 2020 ਵਿਚ ਬੀਸੀ ਦੇ ਸਰੀ ਵਿਚ ਪੈਂਦੇ ਪੀਸ ਆਰਕ ਚੈਕਪੋਸਟ ਤੇ ਇਕ ਬੌਰਡਰ ਅਧਿਕਾਰੀ ਵਾਹਨਾਂ ਨੂੰ ਚੈੱਕ ਕਰਦੇ ਹੋਏ। ਬੌਰਡਰ ਅਧਿਕਾਰੀਆਂ ਦੀ ਹੜਤਾਲ ਕਾਰਨ ਸਰਹੱਦੀ ਕੰਮਕਾਜ ਵਿਚ ਵਿਘਨ ਪੈਣ ਦੀ ਸੰਭਾਵਨਾ।

ਮਾਰਚ 2020 ਵਿਚ ਬੀਸੀ ਦੇ ਸਰੀ ਵਿਚ ਪੈਂਦੇ ਪੀਸ ਆਰਕ ਚੈਕਪੋਸਟ ਤੇ ਇਕ ਬੌਰਡਰ ਅਧਿਕਾਰੀ ਵਾਹਨਾਂ ਨੂੰ ਚੈੱਕ ਕਰਦੇ ਹੋਏ। ਬੌਰਡਰ ਅਧਿਕਾਰੀਆਂ ਦੀ ਹੜਤਾਲ ਕਾਰਨ ਸਰਹੱਦੀ ਕੰਮਕਾਜ ਵਿਚ ਵਿਘਨ ਪੈਣ ਦੀ ਸੰਭਾਵਨਾ।

ਤਸਵੀਰ: The Canadian Press / Jonathan Hayward

RCI

ਕੈਨੇਡਾ ਦੇ ਹਜ਼ਾਰਾਂ ਬੌਰਡਰ ਅਧਿਕਾਰੀਆਂ ਦੇ ਹੜਤਾਲ ਕਰਨ ਲਈ ਕਮਰ ਕਸ ਲਏ ਜਾਣ ਕਰਕੇ ਮੁਲਕ ਦੀ ਰਿਉਪਨਿੰਗ ਦੀਆਂ ਯੋਜਨਾਵਾਂ ਉੱਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾਉਣ ਲੱਗ ਪਏ ਹਨ।

ਕੈਨੇਡਾ ਬੌਰਡਰ ਸਰਵਿਸੇਜ਼ ਏਜੰਸੀ (ਸੀ ਬੀ ਐਸ ਏ) ਦੇ 8500 ਤੋਂ ਵੱਧ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀਆਂ ਦੋ ਯੂਨੀਅਨਾਂ ਨੇ ਅੱਜ ਸਵੇਰੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਬਹੁਗਿਣਤੀ ਮੁਲਾਜ਼ਮਾਂ ਨੇ ਹੜਤਾਲ ਕਰਨ ਦਾ ਸੱਦਾ ਦਿੱਤਾ ਹੈ। 

ਪਬਲਿਕ ਸਰਵਿਸ ਅਲਾਇੰਸ ਔਫ ਕੈਨੇਡਾ ਅਤੇ ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਨੇ ਇੱਕ ਨਿਊਜ਼ ਰਿਲੀਜ਼ ਵਿਚ ਪੁਸ਼ਟੀ ਕੀਤੀ ਹੈ ਕਿ ਆਉਂਦੀ 6 ਅਗਸਤ ਤੋਂ ਇਹ ਹੜਤਾਲ ਸ਼ੁਰੂ ਹੋ ਸਕਦੀ ਹੈ। ਦਸ ਦਈਏ ਕਿ 9 ਅਗਸਤ ਤੋਂ ਕੈਨੇਡਾ ਵੱਲੋਂ ਬੌਰਡਰ ਰੋਕਣ ਨਰਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਯੂਨੀਅਨ ਦਾ ਕਹਿਣਾ ਹੈ ਕਿ ਇਸ ਹੜਤਾਲ ਕਰਕੇ ਕੈਨੇਡਾ ਬੌਰਡਰ ਉੱਤੇ ਵਪਾਰਿਕ ਗਤੀਵਿਧੀਆਂ ਧੀਮੀਆਂ ਹੋਣਗੀਆਂ, ਕੈਨੇਡਾ ਪੋਸਟ ਅਤੇ ਹੋਰ ਸ਼ਿਪਿੰਗ ਕੰਪਨੀਆਂ ਦੀਆਂ ਚਿਠੀਆਂ ਅਤੇ ਅੰਤਰਰਾਸ਼ਟਰੀ ਪਾਰਸਲ ਵਗ਼ੈਰਾ ਪ੍ਰਭਾਵਿਤ ਹੋਣਗੇ ਤੇ ਨਾਲ ਹੀ ਕੈਨੇਡਾ ਦਾਖ਼ਲ ਹੋਣ ਵਾਲੇ ਸਮਾਨ ਤੇ ਲੱਗਣ ਵਾਲੇ ਟੈਕਸ ਨੂੰ ਇਕੱਠਾ ਕਰਨ ਦੀਆਂ ਗਤੀਵਿਧੀਆਂ ਵਿਚ ਵੀ ਵਿਘਨ ਪਵੇਗਾ। 

ਦਰਅਸਲ ਜੂਨ 2018 ਤੋਂ ਯੂਨੀਅਨ ਦੇ ਮੈਂਬਰ ਬਿਨਾ ਕਿਸੇ ਕੰਟ੍ਰੈਕਟ ਦੇ ਕੰਮ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਵਿਚ ਏਅਰਪੋਰਟਾਂ, ਜ਼ਮੀਨੀ ਦਾਖ਼ਲੇ, ਸਮੁੰਦਰੀ ਦਾਖ਼ਲੇ ਅਤੇ ਵਪਾਰਕ ਬੰਦਰਗਾਹਾਂ ਤੇ ਤੈਨਾਤ ਬੌਰਡਰ ਸਰਵਿਸ ਅਧਿਕਾਰੀ; ਇਨਲੈਂਡ ਇੰਫੋਰਸਮੈਂਟ ਅਫਸਰ; ਖ਼ੁਫ਼ੀਆ ਅਧਿਕਾਰੀ, ਟਰੇਡ ਅਧਿਕਾਰੀ; ਇਨਵੇਸਟੀਗੇਟਰ; ਅਤੇ ਬਿਨਾ ਵਰਦੀ ਵਾਲੇ ਮੈਂਬਰ ਸ਼ਾਮਲ ਹਨ। 

ਅਸੈਂਸ਼ੀਅਲ ਸਰਵਿਸੇਜ਼ ਐਗਰੀਮੈਂਟ 2600 ਮੁਲਾਜ਼ਮਾਂ ਨੂੰ ਮੁਕੰਮਲ ਹੜਤਾਲ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਅਸੈਂਸ਼ੀਅਲ ਵਰਕਰ ਵਰਕ-ਟੁ-ਰੂਲ ਦੀ ਨੀਤੀ ਵੀ ਇਖ਼ਤਿਆਰ ਕਰ ਸਕਦੇ ਹਨ। 

ਵਰਕ-ਟੁ-ਰੂਲ ਉਹ ਸਥਿਤੀ ਹੁੰਦੀ ਹੈ ਜਿੱਥੇ ਕਾਮੇ ਮੁਕੰਮਲ ਹੜਤਾਲ ਕਰਨ ਦੀ ਬਜਾਏ ਐਨ ਉੰਨਾ ਹੀ ਕੰਮ ਕਰਦੇ ਹਨ ਜਿੰਨਾ ਉਹਨਾਂ ਦੇ ਕੰਟ੍ਰੈਕਟਾਂ ਵਿਚ ਲਿਖਿਆ ਹੁੰਦਾ ਹੈ। ਵਰਕ-ਟੁ-ਰੂਲ ਰਾਹੀਂ ਕਾਮੇ ਇਹ ਸੁਨੇਹਾ ਦਿੰਦੇ ਹਨ ਕਿ ਉਹ ਕੰਮਕਾਜ ਦੀਆਂ ਸ਼ਰਤਾਂ ਅਤੇ ਹਾਲਾਤ ਤੋਂ ਨਾਖੁਸ਼ ਹਨ। 

ਹੜਤਾਲ ਟਲਣ ਦੀ ਘਟਦੀ ਗੁੰਜਾਇਸ਼ 

ਯੂਨੀਅਨਾਂ ਦੀ ਲੜਾਈ ਤਿੰਨ ਮੰਗਾਂ ਨੂੰ ਲੈਕੇ ਹੈ :

  • ਇੱਕ, ਕੈਨੇਡਾ ਦੇ ਹੋਰ ਲਾਅ ਇੰਫੋਰਸਮੈਂਟ ਕਾਮਿਆਂ ਦੀ ਤਨਖ਼ਾਹ ਨਾਲ ਬਰਾਬਰਤਾ 
  • ਦੋ, ਸ਼ੋਸ਼ਣ ਅਤੇ ਪੱਖਪਾਤ ਵਿਰੁੱਧ ਬਿਹਤਰ ਸੁਰੱਖਿਆ 
  • ਅਤੇ ਤਿੰਨ, ਬਿਨਾ ਵਰਦੀ ਵਾਲੇ ਵਰਕਰਾਂ ਲਈ ਘਰੋਂ ਕੰਮ ਕਰਨ ਦੀ ਸੁਵਿਧਾ

ਪੀ ਐਸ ਏ ਸੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਕ੍ਰਿਸ ਐਲਵਾਰਡ ਮੁਤਾਬਕ ਯੂਨੀਅਨਾਂ ਨੂੰ ਉਮੀਦ ਹੈ ਕਿ ਸਰਕਾਰ ਸਮਝੌਤੇ ਲਈ ਗੱਲਬਾਤ ਲਈ ਦੁਬਾਰਾ ਤਿਆਰ ਹੋਵੇਗੀ। 

ਇੱਕ ਬਿਆਨ ਵਿਚ ਉਹਨਾਂ ਕਿਹਾ , ਪਰ ਹੜਤਾਲ ਟਲਣ ਦੀ ਗੁੰਜਾਇਸ਼ ਘਟਦੀ ਜਾ ਰਹੀ ਹੈ। 

ਬੀਤੇ ਹਫਤੇ ਸੀ ਬੀ ਐਸ ਏ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਹੜਤਾਲ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਬੌਰਡਰ ਏਜੰਸੀ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। 

ਲੁਈਸ ਕਾਰਲ ਲਿਸੇਜ ਨੇ ਸੀਬੀਸੀ ਨੂੰ ਭੇਜੀ ਇੱਕ ਈ-ਮੇਲ ਵਿਚ ਲਿਖਿਆ ਸੀ, ਕਿਸੇ ਹੜਤਾਲ ਜਾਂ ਕੰਮ ਦੇ ਵਿਘਨ ਦੀ ਸਥਿਤੀ ਵਿਚ ਸਰਹੱਦ ਦੀ ਸੁਰੱਖਿਆ ਬਣਾਈ ਰੱਖਣ, ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸਰਹੱਦ ਉੱਤੇ ਵਾਜਬ ਚੀਜ਼ਾਂ ਅਤੇ ਲੋਕਾਂ ਦੇ ਆਵਾਗੌਣ ਨੂੰ ਸੁਨਿਸ਼ਚਿਤ ਕਰਨ ਲਈ ਕੈਨੇਡਾ ਬੌਰਡਰ ਸਰਵਿਸੇਜ਼ ਏਜੰਸੀ ਤੁਰੰਤ ਕਾਰਜਸ਼ੀਲ ਹੋਵੇਗੀ।

ਅਸੀਂ ਆਸ ਰੱਖਦੇ ਹਾਂ ਕਿ ਸਾਡੇ ਅਧਿਕਾਰੀ ਪੂਰੀ ਇਮਾਨਦਾਰੀ ਅਤੇ ਪੇਸ਼ੇਵਰ ਢੰਗ ਨਾਲ ਆਪਣਾ ਫਰਜ਼ ਨਿਭਾਉਣਾ ਜਾਰੀ ਰੱਖਣਗੇ। 

ਦਸ ਦਈਏ ਕਿ 9 ਅਗਸਤ ਤੋਂ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਅਮਰੀਕਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟ ਗ਼ੈਰ-ਜ਼ਰੂਰੀ ਯਾਤਰਾ ਲਈ ਵੀ ਕੈਨੇਡਾ ਦਾਖ਼ਲ ਹੋ ਸਕਦੇ ਹਨ। 7 ਸਤੰਬਰ ਤੋਂ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਯਾਤਰੀਆਂ ਲਈ ਵੀ ਕੈਨੇਡਾ ਦੇ ਦਰਵਾਜ਼ੇ ਖੋਲ੍ਹੇ ਜਾਣ ਦੀ ਯੋਜਨਾ ਹੈ।  

ਕੈਥਰੀਨ ਟਨੀ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ