1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਟੋਰੌਂਟੋ ਖੇਤਰ ਵਿਚ ਹਵਾ ਦੀ ਗੁਣਵੱਤਾ ਵਿਚ ਗਿਰਾਵਟ, ਮੌਸਮ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ

ਧੂਏਂ ਦੀ ਜ਼ਦ ਚ ਆਏ ਲੋਕਾਂ ਨੂੰ ਖਾਂਸੀ, ਗਲੇ ਵਿਚ ਖ਼ਰਾਸ਼ ਅਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਦੀ ਸੰਭਾਵਨਾ

ਉੱਤਰ ਪੱਛਮੀ ਓਨਟੇਰੀਓ ਦੇ ਜੰਗਲੀ ਅੱਗਾਂ ਦੇ ਧੂਏਂ ਨੇ ਦੱਖਣੀ ਓਨਟੇਰੀਓ ਦੇ ਕਈ ਇਲਾਕਿਆਂ ਵਿਚ ਹਵਾ ਨੂੰ ਗੰਧਲਾ ਕਰ ਦਿੱਤਾ ਹੈ।

ਉੱਤਰ ਪੱਛਮੀ ਓਨਟੇਰੀਓ ਦੇ ਜੰਗਲੀ ਅੱਗਾਂ ਦੇ ਧੂਏਂ ਨੇ ਦੱਖਣੀ ਓਨਟੇਰੀਓ ਦੇ ਕਈ ਇਲਾਕਿਆਂ ਵਿਚ ਹਵਾ ਨੂੰ ਗੰਧਲਾ ਕਰ ਦਿੱਤਾ ਹੈ।

ਤਸਵੀਰ:  CBC / Paul Smith

RCI

ਓਨਟੇਰੀਓ ਦੇ ਉੱਤਰ-ਪੱਛਮੀ ਇਲਾਕੇ ਵਿਚ ਜੰਗਲੀ ਅੱਗ ਦਾ ਧੁਆਂ ਹਵਾ ਦੇ ਵਹਾਅ ਨਾਲ ਟੋਰੌਂਟੋ ਅਤੇ ਨਾਲ ਲੱਗਦੇ ਖੇਤਰ ਵਿਚ ਦਾਖ਼ਲ ਹੋ ਗਿਆ ਹੈ ਜਿਸ ਕਰਕੇ ਇਲਾਕੇ ਵਿਚ ਹਵਾ ਕੁਆਲਟੀ ਪ੍ਰਭਾਵਿਤ ਹੋਈ ਹੈ।

ਇਨਵਾਇਰਨਮੈਂਟ ਕੈਨੇਡਾ (ਕੈਨੇਡਾ ਦਾ ਮੌਸਮ ਵਿਭਾਗ) ਵੱਲੋਂ ਜੀਟੀਏ ਅਤੇ ਸੂਬੇ ਦੇ ਕੁਝ ਹੋਰ ਦੱਖਣੀ ਇਲਾਕਿਆਂ ਵਿਚ ਏਅਰ ਕੁਆਲਟੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਸ ਧੂਏਂ ਕਰਕੇ ਹਵਾ ਦੇ ਪ੍ਰਦੂਸ਼ਣ ਵਿਚ ਵੀ ਇਜ਼ਾਫਾ ਹੋਇਆ ਹੈ ਅਤੇ ਵਿਜ਼ੀਬਿਲਿਟੀ ਵਿਚ ਵੀ ਕਮੀ ਦਰਜ ਕੀਤੀ ਗਈ ਹੈ। 

ਪ੍ਰਭਾਵਿਤ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਖਾਂਸੀ, ਗਲੇ ਚ ਖ਼ਰਾਸ਼, ਸਿਰਦਰਦ ਅਤੇ ਸਾਹ ਲੈਣ ਵਿਚ ਦੁਸ਼ਵਾਰੀ ਵਰਗੇ ਲੱਛਣ ਹੋ ਸਕਦੇ ਹਨ।

ਇਨਵਾਇਰਨਮੈਂਟ ਕੈਨੇਡਾ ਨੇ ਲੋਕਾਂ ਨੂੰ ਹਿਦਾਇਤ ਦਿਤੀ ਹੈ ਕਿ ਜੋ ਲੋਕ ਜੰਗਲੀ ਅੱਗ ਦੇ ਧੂਏਂ ਨਾਲ ਪ੍ਰਭਾਵਿਤ ਹੋਏ ਹਨ ਉਹ ਵਧੇਰੇ ਅਹਿਤਿਆਤ ਤੋਂ ਕੰਮ ਲੈਣ। 

ਜੰਗਲੀ ਅੱਗ ਦਾ ਧੂੰਆਂ ਅਜਿਹੇ ਕਣਾਂ ਅਤੇ ਗੈਸਾਂ ਦਾ ਲਗਾਤਾਰ ਬਦਲਦਾ ਮਿਸ਼ਰਣ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੇ ਰਸਾਇਣ ਵੀ ਸ਼ਾਮਲ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ। 

ਦਸ ਦਈਏ ਕਿ ਇਨਵਾਇਰਨਮੈਂਟ ਕੈਨੇਡਾ ਵੱਲੋਂ ਏਅਰ ਕੁਆਲਟੀ ਇੰਡੈਕਸ ਨੂੰ 1 ਤੋਂ 10 + ਦੇ ਪੈਮਾਨੇ ਤੇ ਮਾਪਿਆ ਜਾਂਦਾ ਹੈ। ਪੈਮਾਨੇ ਉੱਤੇ 1 ਤੋਂ 3 ਨੂੰ ਘੱਟ ਖ਼ਤਰਾ, 4 ਤੋਂ 6 ਨੂੰ ਨਿਯਮਿਤ ਖ਼ਤਰਾ ਅਤੇ 7 ਤੋਂ ਵੱਧ ਨੂੰ ਕਾਫ਼ੀ ਖ਼ਤਰਨਾਕ ਮੰਨਿਆ ਜਾਂਦਾ ਹੈ। ਮੌਜੂਦਾ ਹਵਾ ਦੀ ਗੁਣਵੱਤਾ ਏਅਰ ਕੁਆਲਟੀ ਦੇ ਪੈਮਾਨੇ ਤੇ 4 ਤੋਂ 5 ਦੇ ਦਰਮਿਆਨ ਯਾਨੀ ਨਿਯਮਿਤ ਖ਼ਤਰੇ ਵਾਲੀ ਹੈ।

ਫ਼ਿਲਹਾਲ ਮੰਗਲਵਾਰ ਰਾਤ ਤੱਕ ਹਵਾ ਦੀ ਗੁਣਵੱਤਾ ਇਸੇ ਤਰ੍ਹਾਂ ਪ੍ਰਭਾਵਿਤ ਰਹਿਣ ਦਾ ਅਨੁਮਾਨ ਹੈ। ਮੀਂਹ ਪੈ ਜਾਣ ਦੀ ਸਥਿਤੀ ਵਿਚ ਹਵਾ ਦੇ ਸਾਫ਼ ਹੋਣ ਦੇ ਆਸਾਰ ਪੈਦਾ ਹੋ ਸਕਦੇ ਹਨ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ