1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਅਫ਼ਗ਼ਾਨ ਯੁੱਧ ਦੌਰਾਨ ਕਨੇਡੀਅਨ ਫੌਜ ਦੀ ਮਦਦ ਕਰਨ ਵਾਲੇ ਅਫ਼ਗ਼ਾਨੀ ਕਾਮਿਆਂ ਲਈ ਕੈਨੇਡਾ ਖੋਲੇਗਾ ਦਰਵਾਜ਼ੇ

ਦੁਭਾਸ਼ੀਏ ਅਤੇ ਹੋਰ ਕੰਟਰੈਕਟਰਾਂ ਨੂੰ ਤਾਲਿਬਾਨ ਦੁਆਰਾ ਬਦਲਾ ਲਏ ਜਾਣ ਦਾ ਖੌਫ਼

ਕਨੇਡੀਅਨ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨੀ ਅਨੁਵਾਦਕਾਂ ਅਤੇ ਸਟਾਫ ਮੈਂਬਰਾਂ ਦੇ ਪਰਿਵਾਰਾਂ ਨੂੰ ਤਾਲਿਬਾਨ ਕੋਲੋਂ ਬਦਲਾ ਲਏ ਜਾਣ ਦਾ ਡਰ ਹੈ।  ਇਸ ਕਰਕੇ ਕਨੇਡੀਅਨ ਸਰਕਾਰ ਵੱਲੋਂ ਉਹਨਾਂ ਨੂੰ ਕੈਨੇਡਾ ਵਿਚ ਸੈਟਲ ਕਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਕਨੇਡੀਅਨ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨੀ ਅਨੁਵਾਦਕਾਂ ਅਤੇ ਸਟਾਫ ਮੈਂਬਰਾਂ ਦੇ ਪਰਿਵਾਰਾਂ ਨੂੰ ਤਾਲਿਬਾਨ ਕੋਲੋਂ ਬਦਲਾ ਲਏ ਜਾਣ ਦਾ ਡਰ ਹੈ। ਇਸ ਕਰਕੇ ਕਨੇਡੀਅਨ ਸਰਕਾਰ ਵੱਲੋਂ ਉਹਨਾਂ ਨੂੰ ਕੈਨੇਡਾ ਵਿਚ ਸੈਟਲ ਕਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ: Baz Ratner/Reuters

RCI

ਫ਼ੈਡਰਲ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਉਹਨਾਂ ਇੰਟਰਪ੍ਰੇਟਰਾਂ (ਦੋ-ਭਾਸ਼ੀਆ) ਅਤੇ ਹੋਰ ਕਾਮਿਆਂ ਲਈ ਕੈਨੇਡਾ ਵਿਚ ਆ ਕੇ ਵੱਸਣ ਦਾ ਰਾਹ ਪੱਧਰਾ ਕਰਨ ਦਾ ਵਾਅਦਾ ਕੀਤਾ ਹੈ ਜਿਹਨਾਂ ਨੇ ਅਫ਼ਗ਼ਾਨਿਸਤਾਨ ਯੁੱਧ ਦੌਰਾਨ ਕਨੇਡੀਅਨ ਆਰਮਡ ਫੋਰਸਾਂ ਦੀ ਮਦਦ ਕੀਤੀ ਸੀ।

ਇੰਟਰਪ੍ਰੇਟਰ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਹੋਰ ਭਾਸ਼ਾ ਵਿਚ ਬੋਲੀ ਜਾ ਰਹੀ ਗੱਲ ਦਾ ਜ਼ੁਬਾਨੀ ਅਨੁਵਾਦ ਕਰਦਾ ਹੈ। ਦੂਸਰੇ ਦੇਸ਼ਾਂ ਵਿਚ ਚਲ ਰਹੇ ਯੁੱਧ ਅਤੇ ਸੰਘਰਸ਼ਾਂ ਵਿਚ ਸ਼ਾਮਲ ਬਾਹਰਲੀਆਂ ਫੌਜਾਂ ਅਕਸਰ ਉਸ ਇਲਾਕੇ ਨੂੰ ਬਿਹਤਰ ਢੰਗ ਨਾਲ ਸਮਝਕੇ ਆਪਣੀਆਂ ਨੀਤੀਆਂ ਬਣਾਉਣ ਲਈ ਇੰਟਰਪ੍ਰੇਟਰਾਂ ਕੋਲੋਂ ਕੰਮ ਲੈਂਦੀਆਂ ਹਨ। 

ਅੱਜ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਚੀਨੋ ਨੇ ਕਨੇਡੀਅਨ ਆਰਮਡ ਫੋਰਸੇਜ਼ ਦੀ ਮਦਦ ਕਰਨ ਵਾਲੇ ਦੁਭਾਸ਼ੀਆਂ ਅਤੇ ਕਨੇਡੀਅਨ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਬਾਵਰਚੀਆਂ, ਡਰਾਈਵਰਾਂ, ਕਲੀਨਰਾਂ, ਉਸਾਰੀ ਕਾਮਿਆਂ, ਸਿਕਿਊਰਟੀ ਗਾਰਡਾਂ ਅਤੇ ਬਾਕੀ ਸਟਾਫ ਅਤੇ ਉਹਨਾਂ ਦੇ ਪਰਿਵਾਰ ਨੂੰ ਕੈਨੇਡਾ ਵਿਚ ਵਸਾਉਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 

ਯੁੱਧ ਦੌਰਾਨ ਅਫ਼ਗ਼ਾਨੀ ਦੁਭਾਸ਼ੀਆਂ ਨੇ ਕਨੇਡੀਅਨ ਫੌਜਾਂ ਦੀ ਸਥਾਨਕ ਲੀਡਰਾਂ ਨਾਲ ਗੱਲਬਾਤ ਕਰਵਾਉਣ ਅਤੇ ਗੱਲਬਾਤ ਦਾ ਤਰਜਮਾ ਕਰਨ ਵਿਚ ਮਦਦ ਕੀਤੀ ਸੀ ਜਿਸ ਨਾਲ ਫੌਜਾਂ ਜ਼ਮੀਨੀ ਪੱਧਰ ਤੇ ਲੋਕਾਂ ਦਾ ਵਿਸ਼ਵਾਸ ਜਿੱਤ ਸਕੀਆਂ ਸਨ। 

ਪਰ ਕਈ ਲੋਕ ਇਹਨਾਂ ਇੰਟਰਪ੍ਰੇਟਰਾਂ ਨੂੰ ਗ਼ੱਦਾਰ ਦੱਸਦੇ ਹਨ। ਇਹਨਾਂ ਅਨੁਵਾਦਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਮਾਰੇ ਜਾਣ ਦੇ ਖੌਫ਼ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ। ਕਈਆਂ ਨੂੰ ਮੌਤ ਦੀਆਂ ਧਮਕੀਆਂ ਵਾਲੇ ਫੋਨ ਅਤੇ ਚਿਠੀਆਂ ਵੀ ਪ੍ਰਾਪਤ ਹੋਈਆਂ ਹਨ। 

2009 ਵਿਚ ਕੈਨੇਡਾ ਨੇ ਤਕਰੀਬਨ 800 ਇੰਟਰਪ੍ਰੇਟਰਾਂ ਨੂੰ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਪ੍ਰੋਗਰਾਮ ਲਈ ਯੋਗਤਾ ਮਾਪਦੰਡ ਕਾਫੀ ਸਖ਼ਤ ਸੀ। ਕਨੇਡੀਅਨ ਪ੍ਰੈਸ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ ਤਕਰੀਬਨ ਦੋ-ਤਿਹਾਈ ਬਿਨੈਕਾਰਾਂ ਦੀਆਂ ਅਰਜ਼ੀਆਂ ਖ਼ਾਰਜ ਹੋ ਗਈਆਂ ਸਨ। 

ਪੁਰਾਣੇ ਪ੍ਰੋਗਰਾਮ ਲਈ ਬਿਨੈਕਾਰਾਂ ਨੂੰ ਇਹ ਸਾਬਤ ਕਰਨਾ ਹੁੰਦਾ ਸੀ ਕਿ ਉਹਨਾਂ ਨੇ ਅਕਤੂਬਰ 2007 ਤੋਂ ਜੁਲਾਈ 2011 ਦੇ ਦੌਰਾਨ ਲਗਾਤਾਰ 12 ਮਹੀਨੇ ਕਨੇਡੀਅਨ ਫੌਜ ਜਾਂ ਸਫੀਰਾਂ ਲਈ ਕੰਮ ਕੀਤਾ ਹੋਵੇ। ਜਿਸ ਕਰਕੇ ਬਹੁਤੇ ਇੰਟਰਪ੍ਰੇਟਰ ਇਸ ਪ੍ਰੋਗਰਾਮ ਤੋਂ ਬਾਹਰ ਹੋ ਗਏ ਸਨ। 

ਸਰਕਾਰੀ ਪ੍ਰੈਸ ਰਿਲੀਜ਼ ਅਨੁਸਾਰ ਨਵਾਂ ਮਾਪਦੰਡ 'ਬਿਨੈਕਾਰਾਂ ਦੇ ਕਨੇਡੀਅਨ ਸਰਕਾਰ ਨਾਲ ਰਿਸ਼ਤਿਆਂ ਦੀ ਮਹੱਤਤਾ' ਤੇ ਅਧਾਰਿਤ ਹੋਵੇਗਾ। 

ਇਸ ਤੋਂ ਇਲਾਵਾ ਬਿਨੈਕਾਰਾਂ ਨੂੰ ਕੈਨੇਡਾ ਦਾਖ਼ਲ ਹੋਣ ਲਈ ਸਿਕਿਊਰਟੀ, ਅਪਰਾਧਕ ਪਿਛੋਕੜ ਅਤੇ ਸਿਹਤ ਸਬੰਧੀ ਜਾਂਚ ਕਰਵਾਉਣੀ ਵੀ ਲਾਜ਼ਮੀ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਅਮਲੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਜਾਵੇਗਾ। 

ਸੁਰੱਖਿਆ ਕਾਰਨਾਂ ਕਰਕੇ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਸਾਬਕਾ ਅਫ਼ਗ਼ਾਨੀ ਕਾਮਿਆਂ ਨੂੰ ਕਿਵੇਂ ਉਥੋਂ ਕੱਢ ਕੇ ਕੈਨੇਡਾ ਲਿਆਇਆ ਜਾਵੇਗਾ ਪਰ ਮਿਨਿਸਟਰ ਦੇ ਕਹਿਣ ਮੁਤਾਬਕ ਉਹਨਾਂ ਦਾ ਵਿਭਾਗ ਇਸ ਮਾਮਲੇ ਵਿਚ ਤੁਰੰਤ ਕੰਮ ਸ਼ੁਰੂ ਕਰ ਰਿਹਾ ਹੈ। 

ਮਿਨਿਸਟਰ ਮੈਂਡੀਚੀਨੋ ਅਨੁਸਾਰ ਨਵੇਂ ਪ੍ਰੋਗਰਾਮ ਅਧੀਨ ਹਜ਼ਾਰਾਂ ਦੀ ਤਾਦਾਦ ਵਿਚ ਅਫ਼ਗ਼ਾਨ ਕੈਨੇਡਾ ਆ ਸਕਣਗੇ। 

ਅਫ਼ਗ਼ਾਨਿਸਤਾਨ ਵਿਚ ਤੈਨਾਤ ਕਨੇਡੀਅਨ ਫੌਜੀ ਦਸਤਿਆਂ ਦੀ ਇੱਕ ਪੁਰਾਣੀ ਤਸਵੀਰ

ਅਫ਼ਗ਼ਾਨਿਸਤਾਨ ਵਿਚ ਤੈਨਾਤ ਕਨੇਡੀਅਨ ਫੌਜੀ ਦਸਤਿਆਂ ਦੀ ਇੱਕ ਪੁਰਾਣੀ ਤਸਵੀਰ

ਤਸਵੀਰ: The Canadian Press / Murray Brewster

ਵਿਰੋਧੀ ਧਿਰ ਨੇ ਜਲਦ ਕਾਰਵਾਈ ਦੀ ਮੰਗ ਕੀਤੀ 

ਕੰਜ਼ਰਵੇਟਿਵ ਲੀਡਰ ਐਰਿਨ ਉ'ਟੂਲ ਨੇ ਕਿਹਾ ਕਿ ਸਰਕਾਰ ਨੂੰ ਕਈ ਹਫਤਿਆਂ ਪਹਿਲਾਂ ਇਹ ਐਲਾਨ ਕਰਨਾ ਚਾਹੀਦਾ ਸੀ। 

ਅਮਰੀਕੀ ਫੌਜਾਂ ਨੇ ਕਈ ਮਹੀਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਅਫ਼ਗ਼ਾਨਿਸਤਾਨ ਤੋਂ ਬਾਹਰ ਹੋ ਰਹੇ ਹਨ, ਜਿਸ ਤੋਂ ਬਾਅਦ ਤਾਲਿਬਾਨ ਦਾ ਦੁਬਾਰਾ ਉੱਭਰਨਾ ਵੀ ਤੈਅ ਸੀ। ਉਹਨਾਂ ਬਹਾਦਰ ਅਫ਼ਗ਼ਾਨ ਇੰਟਰਪ੍ਰੇਟਰਾਂ, ਸਟਾਫ ਮੈਂਬਰਾ ਅਤੇ ਉਹਨਾਂ ਦੀ ਪਰਿਵਾਰਾਂ ਦੀ ਮਦਦ ਦੀ ਕੋਈ ਯੋਜਨਾ ਬਣਾਉਣ ਦੀ ਬਜਾਏ ਟਰੂਡੋ ਸਰਕਾਰ ਹੱਥ ਤੇ ਹੱਥ ਧਰੀਂ ਬੈਠੀ ਰਹੀ। ਇਹ ਬਹੁਤ ਨਿਰਾਸ਼ਾਜਨਕ ਹੈ ਕਿ ਜਿਹਨਾਂ ਲੋਕਾਂ ਨੇ ਸਾਡੇ ਫੌਜੀਆਂ ਦੀ ਮਦਦ ਕੀਤੀ ਲਿਬਰਲ ਸਕਰਾਰ ਨੇ ਉਹਨਾਂ ਦੀ ਖ਼ੈਰਖਬਰ ਨਹੀਂ ਲਿੱਤੀ।

ਐਨਡੀਪੀ ਡਿਫੈਂਸ ਕ੍ਰਿਟਿਕ ਰੈਂਡਲ ਗੈਰਿਸਨ ਨੇ ਵੀ ਸਕਰਾਰ ਕੋਲੋਂ ਇਹਨਾਂ ਅਫ਼ਗ਼ਾਨੀ ਅਨੁਵਾਦਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੋਰ ਤੇਜ਼ੀ ਨਾਲ ਕਦਮ ਉਠਾਉਣ ਦੀ ਮੰਗ ਕੀਤੀ ਹੈ। 

ਅਫ਼ਗ਼ਾਨਿਸਤਾਨ ਵਿਚ ਕਨੇਡੀਅਨ ਫੌਜੀ ਕਾਰਵਾਈ 2014 ਵਿਚ ਅਧਿਕਾਰਕ ਤੌਰ ਤੇ ਰੋਕ ਦਿੱਤੀ ਗਈ ਸੀ। 

ਕੈਥਰੀਨ ਟਨੀ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ