1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਜੰਗਲੀ ਅੱਗਾਂ ਕਾਰਨ ਲੱਕੜ ਦੀਆਂ ਕੀਮਤਾਂ ਵਿਚ ਇਜ਼ਾਫਾ

ਰੇਲ ਨੈੱਟਵਰਕ ਠੱਪ ਹੋਣ ਕਰਕੇ ਕਈ ਕੰਪਨੀਆਂ ਉਤਪਾਦਨ ਚ ਕਟੌਤੀ ਲਈ ਮਜਬੂਰ

ਦੋ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਲੰਬਰ ਕੀਮਤਾਂ ਵਿਚ ਦੁਬਾਰਾ ਤੇਜ਼ੀ ਆ ਗਈ ਹੈ।

ਦੋ ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਲੰਬਰ ਕੀਮਤਾਂ ਵਿਚ ਦੁਬਾਰਾ ਤੇਜ਼ੀ ਆ ਗਈ ਹੈ।

ਤਸਵੀਰ:  CBC / Robert Short

RCI

ਇੱਕ ਸਾਲ ਤੋਂ ਘੱਟ ਦੇ ਸਮੇਂ ਵਿਚ ਹੀ ਲੱਕੜ ਦੀਆਂ ਕੀਮਤਾਂ ਵਿਚ ਦੁਬਾਰਾ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਲੱਕੜ ਕੰਪਨੀਆਂ ਦਾ ਕਹਿਣਾ ਹੈ ਮੁਲਕ ਦੇ ਪੱਛਮੀ ਹਿੱਸੇ ਵਿਚ ਲੱਗੀਆਂ ਜੰਗਲੀ ਅੱਗਾਂ ਦੀ ਵਜ੍ਹਾ ਕਰਕੇ ਉਹਨਾਂ ਦੇ ਕਾਰੋਬਾਰ ਖ਼ਾਸੇ ਪ੍ਰਭਾਵਿਤ ਹੋ ਰਹੇ ਹਨ।

ਬੀਤੇ ਵੀਰਵਾਰ ਇੱਕੋਂ ਦਿਨ ਵਿਚ ਲੰਬਰ ਦੀਆਂ ਕੀਮਤਾਂ ਵਿਚ 10 ਫੀਸਦੀ ਵਾਧਾ ਦਰਜ ਹੋਇਆ। 1000 ਬੋਰਡ ਫੀਟ ਦੀ ਲੰਬਰ ਦੀ ਕੀਮਤ 647 ਅਮਰੀਕੀ ਡਾਲਰ ਦਰਜ ਹੋਈ ਜੋ ਕਿ ਇੱਕ ਦਿਨ ਪਹਿਲਾਂ 60 ਡਾਲਰ ਘਟ ਕੀਮਤ ਤੇ ਵੇਚੀ ਗਈ ਸੀ। 

ਵੈਨਕੂਵਰ ਆਧਾਰਤ ਕੈਨਫੌਰ ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਤਿਮਾਹੀ ਵਿਚ ਲੰਬਰ ਦੇ ਉਤਪਾਦਨ ਵਿਚ 115 ਮਿਲੀਅਨ ਬੋਰਡ ਫੀਟ ਦੀ ਕਟੌਤੀ ਕਰੇਗੀ ਕਿਉਂਕਿ ਜੰਗਲੀ ਅੱਗਾਂ ਨੇ ਰੇਲ ਨੈੱਟਵਰਕ ਤਬਾਹ ਕਰ ਦਿੱਤਾ ਹੈ ਅਤੇ ਕੰਪਨੀ ਦੇ ਕਾਰੋਬਾਰ ਦਾ ਵੱਡਾ ਹਿੱਸਾ ਰੇਲ ਨੈੱਟਵਰਕ ਤੇ ਹੀ ਅਧਾਰਤ ਹੈ। 

ਜੰਗਲੀ ਅੱਗਾਂ ਕਰਕੇ ਰੇਲ ਨੈੱਟਵਰਕ ਖਾਸ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਕਾਰੋਬਾਰੀਆਂ ਨੂੰ ਵੀ ਵੱਡੀ ਢਾਹ ਲੱਗੀ ਹੈ।

ਜੰਗਲੀ ਅੱਗਾਂ ਕਰਕੇ ਰੇਲ ਨੈੱਟਵਰਕ ਖਾਸ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਕਾਰੋਬਾਰੀਆਂ ਨੂੰ ਵੀ ਵੱਡੀ ਢਾਹ ਲੱਗੀ ਹੈ।

ਤਸਵੀਰ: Bloomberg / James Macdonald

ਬੈਂਕ ਔਫ ਮੌਂਟਰੀਅਲ ਦੇ ਐਨਾਲਿਸਟ ਮਾਰਕ ਵਾਈਲਡ ਦਾ ਕਹਿਣਾ ਹੈ ਕਿ ਕੌਨਫੌਰ ਵਾਂਗ ਕਈ ਹੋਰ ਲੰਬਰ ਕੰਪਨੀਆਂ ਵੀ ਉਤਪਾਦਨ ਵਿਚ ਕਟੌਤੀ ਕਰ ਸਕਦੀਆਂ ਹਨ। 

ਕੋਰੋਨਾ ਮਹਾਮਾਰੀ ਦੀ ਵਜ੍ਹਾ ਕਰਕੇ ਹੋਰ ਇੰਡਸਟਰੀਆਂ ਵਾਂਗ ਲੰਬਰ ਇੰਡਸਟਰੀ ਵਿਚ ਵੀ ਗਿਰਾਵਟ ਆਈ ਸੀ ਪਰ ਘਰਾਂ ਦੀ ਮੁਰੰਮਤ ਅਤੇ ਉਸਾਰੀ ਦੇ ਦੁਬਾਰਾ ਤੇਜ਼ੀ ਨਾਲ ਸ਼ੁਰੂ ਹੋਣ ਕਰਕੇ ਲੰਬਰ ਦੀ ਮੰਗ ਵਿਚ ਵੀ ਤੇਜ਼ੀ ਆਈ ਸੀ। ਇਸੇ ਤੇਜ਼ੀ ਕਰਕੇ ਮਈ ਮਹੀਨੇ ਵਿਚ ਲੰਬਰ ਦੀਆਂ ਕੀਮਤਾਂ ਵਿਚ ਰਿਕਾਰਡ ਇਜ਼ਾਫਾ ਹੋਇਆ ਸੀ। ਪਰ ਹੌਲੀ ਹੌਲੀ ਵੱਧ ਕੀਮਤਾਂ ਨੇ ਇਸਦੀ ਮੰਗ ਘਟਾ ਦਿੱਤੀ ਅਤੇ ਕੀਮਤਾਂ ਇੱਕ ਵਾਰੀ ਫੇਰ ਥੱਲੇ ਵੱਲ ਆ ਗਈਆਂ ਸਨ। 

ਦੱਸ ਦਈਏ ਕਿ ਜੰਗਲੀ ਅੱਗਾਂ ਤੋਂ ਇਲਾਵਾ ਹਰਿਕੇਨ ਵਰਗੇ ਤੇਜ਼ ਤੂਫ਼ਾਨ ਵੀ ਲੱਕੜ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ। ਤੂਫ਼ਾਨਾਂ ਵਿਚ ਅਕਸਰ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਅਤੇ ਖਿੜਕੀਆਂ ਵਗ਼ੈਰਾ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਕਰਕੇ ਮੁਰੰਮਤ ਕਾਰਜਾਂ ਦੌਰਾਨ ਲੱਕੜ ਦੀ ਮੰਗ ਵੱਧ ਜਾਂਦੀ ਹੈ ਅਤੇ ਕੀਮਤਾਂ ਵਿਚ ਵੀ ਤਬਦੀਲੀ ਹੁੰਦੀ ਹੈ। 

ਪੀਟਰ ਇਵੈਨਸ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ