1. ਮੁੱਖ ਪੰਨਾ
  2. ਰਾਜਨੀਤੀ
  3. ਸਮਾਜ

ਕੈਨੇਡਾ ਵਿਚ ਇਸਲਾਮੋਫੋਬੀਆ ਬਾਰੇ ਰਾਸ਼ਟਰੀ ਸਿਖਰ ਸੰਮੇਲਨ ਦਾ ਆਯੋਜਨ

'ਸਾਡੇ ਦੇਸ਼ ਵਿਚ ਇਸਲਾਮੋਫੋਬੀਆ ਦੀ ਕੋਈ ਜਗ੍ਹਾ ਨਹੀਂ', ਟਰੂਡੋ

ਉਂਟੇਰੀਓ ਦੇ ਲੰਡਨ ਸ਼ਹਿਰ ਵਿਚ ਇਸਲਾਮ ਵਿਰੋਧੀ ਨਫਰਤੀ ਹਮਲੇ ਵਿਚ ਮਾਰੇ ਗਏ ਪਰਿਵਾਰ ਦੀ ਯਾਦ ਵਿਚ ਨਮਾਜ਼ ਪੜ੍ਹਦੇ ਮੁਸਲਿਮ ਭਾਈਚਾਰੇ ਦੇ ਲੋਕ

ਉਂਟੇਰੀਓ ਦੇ ਲੰਡਨ ਸ਼ਹਿਰ ਵਿਚ ਇਸਲਾਮ ਵਿਰੋਧੀ ਨਫਰਤੀ ਹਮਲੇ ਵਿਚ ਮਾਰੇ ਗਏ ਪਰਿਵਾਰ ਦੀ ਯਾਦ ਵਿਚ ਨਮਾਜ਼ ਪੜ੍ਹਦੇ ਮੁਸਲਿਮ ਭਾਈਚਾਰੇ ਦੇ ਲੋਕ

ਤਸਵੀਰ:  CBC / Evan MItsui

RCI

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸਲਾਮੋਫੋਬੀਆ ਬਾਰੇ ਰਾਸ਼ਟਰੀ ਸਿਖਰ ਸੰਮੇਲਨ ਵਿਚ ਹਿੱਸਾ ਲੈਂਦਿਆਂ ਆਖਿਆ ਕਿ ਮੁਲਕ ਦੇ ਸਰਕਾਰੀ ਅਦਾਰਿਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਬਿਹਤਰ ਉਪਾਅ ਕਰਨ ਦੀ ਜ਼ਰੂਰਤ ਹੈ। 

ਜੂਨ ਮਹੀਨੇ ਵਿਚ ਉਂਟੇਰੀਓ ਦੇ ਲੰਡਨ ਸ਼ਹਿਰ ਵਿਚ ਹੋਏ ਘਾਤਕ ਹਮਲੇ ਤੋਂ ਬਾਅਦ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੇ ਇਸਲਾਮੋਫੋਬੀਆ ਬਾਰੇ ਇੱਕ ਰਾਸ਼ਟਰੀ ਸਿਖਰ ਸੰਮੇਲਨ ਦੀ ਮੰਗ ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ ਸੀ । 21 ਜੁਲਾਈ ਨੂੰ ਇਸ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ।

ਆਪਣੇ ਭਾਸ਼ਣ ਵਿਚ ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਕਿ ਕੈਨੇਡਾ ਰੈਵਨਿਊ ਏਜੰਸੀ (ਸੀ ਆਰ ਏ) ਅਤੇ ਫ਼ੈਡਰਲ ਸੁਰੱਖਿਆ ਏਜੰਸੀਆਂ ਨੂੰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਅਮਲ ਰੋਕਣਾ ਚਾਹੀਦਾ ਹੈ। 

ਅਦਾਰਿਆਂ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। 

ਸੀ ਆਰ ਏ ਉੱਤੇ ਕਈ ਸਿਵਲ ਲਿਬਰਟੀ ਸੰਗਠਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਏਜੰਸੀ ਜਾਣ ਬੁਝ ਕੇ ਬੇਤੁਕੇ ਅਧਾਰ ਬਣਾ ਕੇ ਮੁਸਲਿਮ ਚੈਰਿਟੀ (ਦਾਨ-ਪੁੰਨ) ਸੰਸਥਾਵਾਂ ਦਾ ਆਡਿਟ ਕਰਦੀ ਹੈ। 

ਸੂਤਰਾਂ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਰੈਵਨਿਊ ਮਿਨਿਸਟਰ ਡੀਐਨ ਲਿਬੂਥਲੀਅਰ ਨੇ ਸੀ ਆਰ ਏ ਤੇ ਲੱਗੇ ਇਹਨਾਂ ਕਥਿਤ ਇਲਜ਼ਾਮਾਂ ਦੀ ਜਾਂਚ ਕਰਵਾਉਣ ਦੀ ਵੀ ਗੱਲ ਆਖੀ ਹੈ।

ਆਪਣੇ ਭਾਸ਼ਣ ਵਿਚ ਟਰੂਡੋ ਨੇ ਕਿਹਾ, ਕੈਨੇਡੀਅਨ ਲੋਕਾਂ ਨੂੰ ਇਕ ਅਜਿਹਾ ਮੁਲਕ ਬਣਾਉਣ ਲਈ ਲੜਦੇ ਰਹਿਣਾ ਚਾਹੀਦਾ ਹੈ ਜਿੱਥੇ ਵੰਨ-ਸੁਵੰਨਤਾ, ਅਤੇ ਵਿਭਿੰਨਤਾ ਦੀ ਮਾਨਤਾ ਸੁਨਿਸ਼ਚਿਤ ਹੋਵੇ ਅਤੇ ਅਸੀਂ ਸਭ ਇੱਕ ਦੂਸਰੇ ਲਈ ਖੜੇ ਹੋਈਏ।

ਨੈਸ਼ਨਲ ਕਾਉਂਸਿਲ ਔਫ਼ ਕਨੇਡੀਅਨ ਮੁਸਲਿਮਜ਼ ਦੇ ਸੀ ਈ ਉ ਮੁਸਤਫ਼ਾ ਫ਼ਾਰੂਕ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰੇਕ ਪੱਧਰ ਦੀ ਸਰਕਾਰ ਇਸ ਮਾਮਲੇ ਵਿਚ ਠੋਸ ਕਦਮ ਉਠਾਏ। 

ਬੀਤੇ ਹਫਤੇ ਫ਼ਾਰੂਕ਼ ਅਤੇ ਨੈਸ਼ਨਲ ਕਾਉਂਸਿਲ ਔਫ਼ ਕਨੇਡੀਅਨ ਮੁਸਲਿਮਜ਼ ਨੇ ਮੁਲਕ ਵਿਚ ਇਸਲਾਮੋਫੋਬੀਆ ਅਤੇ ਨਸਲੀ ਨਫ਼ਰਤ ਨਾਲ ਨਜਿੱਠਣ ਬਾਬਤ ਸਰਕਾਰ ਨੂੰ 60 ਸਿਫਾਰਸ਼ਾਂ ਪੇਸ਼ ਕੀਤੀਆਂ ਸਨ। 

ਇਹਨਾਂ ਸਿਫਾਰਸ਼ਾਂ ਵਿਚ ਨਫ਼ਰਤ ਅਧਾਰਤ ਹਿੰਸਾ ਦੇ ਮਾਮਲਿਆਂ ਨਾਲ ਬਿਹਤਰ ਤਰੀਕੇ ਨਾਲ ਨਜਿੱਠਣ ਲਈ ਕੈਨੇਡਾ ਦੇ ਕ੍ਰਿਮੀਨਲ ਕੋਡ ਵਿਚ ਸੋਧ, ਵਿਦਿਆਰਥੀਆਂ ਦੇ ਕਰੀਕੁਲਮ (ਪਾਠਕ੍ਰਮ) ਦਾ ਰੀਵਿਊ ਅਤੇ ਇਸਲਾਮੋਫੋਬੀਆ ਦੇ ਪੀੜਤਾਂ ਦੇ ਲਈ ਇਕ ਨੈਸ਼ਨਲ ਫੰਡ ਸਥਾਪਿਤ ਕੀਤਾ ਜਾਣਾ ਸ਼ਾਮਲ ਹੈ।

(ਖੱਬੇ ਤੋਂ ਸੱਜੇ )ਯਮਨਾ ਅਫ਼ਜ਼ਾਲ 15 ,ਮਦੀਹਾ ਸਲਮਾਨ, 44 ,ਤਲਤ ਅਫ਼ਜ਼ਾਲ , 74 ਅਤੇ ਸਲਮਾਨ ਅਫ਼ਜ਼ਾਲ 46 । 6 ਜੂਨ ਨੂੰ ਪੈਦਲ ਜਾਂਦੇ ਇਸ ਪਰਿਵਾਰ ਨੂੰ ਪਿਕ-ਅਪ ਚਲਾ ਰਹੇ ਵਿਅਕਤੀ ਨੇ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ ਸੀ।

(ਖੱਬੇ ਤੋਂ ਸੱਜੇ )ਯਮਨਾ ਅਫ਼ਜ਼ਾਲ 15 ,ਮਦੀਹਾ ਸਲਮਾਨ, 44 ,ਤਲਤ ਅਫ਼ਜ਼ਾਲ , 74 ਅਤੇ ਸਲਮਾਨ ਅਫ਼ਜ਼ਾਲ 46 । 6 ਜੂਨ ਨੂੰ ਪੈਦਲ ਜਾਂਦੇ ਇਸ ਪਰਿਵਾਰ ਨੂੰ ਪਿਕ-ਅਪ ਚਲਾ ਰਹੇ ਵਿਅਕਤੀ ਨੇ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ ਸੀ।

ਮਹਿਜ਼ ਬਿਆਨਬਾਜ਼ੀ 

ਟੋਰੌਂਟੋ ਦੇ ਨੂਰ ਕਲਚਰਲ ਸੈਂਟਰ ਦੇ ਪ੍ਰੋਗਰਾਮਿੰਗ ਡਾਇਰੈਕਟਰ ਅਤੇ ਲੀਗਲ ਸਕੌਲਰ ਅਜ਼ੀਜ਼ਾ ਕਾਂਜੀ ਨੂੰ ਇਸ ਸੰਮੇਲਨ ਤੋਂ ਬਹੁਤੀ ਉਮੀਦ ਨਹੀਂ ਹੈ। 

ਇਹ ਕਿਸੀ ਸਿਆਸਤ ਜਾਂ ਚੋਣਾਂ ਦੀ ਗੱਲ ਨਹੀਂ ਇਹ ਸਾਡੀ ਹੋਂਦ ਸਾਡੇ ਭਾਈਚਾਰੇ ਦੀ ਗੱਲ ਹੈ।

ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਇਸ ਸੰਮੇਲਨ ਤੋਂ ਜੇ ਕੋਈ ਫਰਕ ਨਾ ਪਵੇ। ਅਸੀਂ ਇਸ ਸਰਕਾਰ ਤੋਂ ਪਹਿਲਾਂ ਵੀ ਕਈ ਵਾਰੀ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਸੁਨ ਚੁੱਕੇ ਹਾਂ।

ਸਰਕਾਰ ਨੂੰ ਬਹੁਤ ਪਹਿਲਾਂ ਕਦਮ ਉਠਾਉਣੇ ਚਾਹੀਦੇ ਸਨ : ਐਨਡੀਪੀ 

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਬੁਧਵਾਰ ਨੂੰ ਕਿਹਾ ਸੀ ਕਿ ਇਸਲਾਮੋਫੋਬੀਆ ਤੇ ਰਾਸ਼ਟਰੀ ਸੰਮੇਲਨ ਹੋਣਾ ਇੱਕ ਚੰਗਾ ਕਦਮ ਹੈ ਪਰ ਸਰਕਾਰ ਨੂੰ ਇਸ ਕਿਸਮ ਦੇ ਵਰਤਾਰੇ ਅਤੇ ਇੰਤਹਾਪਸੰਦੀ ਵਾਲੀ ਸੋਚ ਤੇ ਕਾਬੂ ਪਾਉਣ ਲਈ ਬਹੁਤ ਪਹਿਲਾਂ ਯਤਨ ਕਰਨੇ ਚਾਹੀਦੇ ਸਨ। 

ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਸਰਕਾਰ ਨੂੰ ਇੰਟਰਨੈੱਟ ਤੇ ਫੈਲਾਈ ਜਾ ਰਹੀ ਨਫਰਤ ਤੇ ਕਾਬੂ ਪਾਉਣ ਅਤੇ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਇਖਤਿਆਰ ਦੇਣ ਦੀ ਜ਼ਰੂਰਤ ਹੈ। 

ਸੁਰਖੀਆਂ