1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਗ੍ਰੀਨ ਲੀਡਰ ਅਨੈਮੀ ਪੌਲ ਪਾਰਟੀ ਨਾਲ ਚਲ ਰਹੇ ਵਿਵਾਦ ਦੇ ਅਦਾਲਤ ਵਿਚ ਪਹੁੰਚਣ ਤੇ 'ਫ਼ਿਕਰਮੰਦ' ਨਹੀਂ

'ਪਾਰਟੀ ਵਿਚਲੇ ਇੱਕ ਛੋਟੇ ਜਿਹੇ ਸਮੂਹ ਦੀ ਕਾਰਵਾਈ', ਅਨੈਮੀ ਪੌਲ

22 ਜੁਲਾਈ,2021 ਨੂੰ ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਟੋਰੌਂਟੋ ਸੈਂਟਰ ਦੇ ਕੈਂਪੇਨ ਔਫਿਸ ਵਿਖੇ

22 ਜੁਲਾਈ, 2021 ਨੂੰ ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਟੋਰੌਂਟੋ ਸੈਂਟਰ ਦੇ ਕੈਂਪੇਨ ਔਫਿਸ ਵਿਖੇ

ਤਸਵੀਰ:  CBC / Evan MItsui

RCI

ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੇ ਆਖਿਆ ਕਿ ਪਾਰਟੀ ਨਾਲ ਚਲ ਰਹੇ ਉਹਨਾਂ ਦੇ ਵਿਵਾਦ ਦਾ ਮਾਮਲਾ ਅਦਾਲਤ ਵਿਚ ਪਹੁੰਚਣ ਦਾ ਉਹਨਾਂ ਨੂੰ ਕੋਈ ਖੌਫ਼ ਨਹੀਂ ਹੈ।

ਲੰਘੇ ਕਲ ਗ੍ਰੀਨ ਪਾਰਟੀ ਨੇ ਐਲਾਨ ਕੀਤਾ ਸੀ ਕਿ ਪੌਲ ਨਾਲ ਚਲ ਰਿਹਾ ਵਿਵਾਦ ਹੁਣ ਕਚਹਿਰੀ ਵਿਚ ਲਿਜਾਇਆ ਜਾ ਰਿਹਾ ਹੈ। ਗ਼ੌਰਤਲਬ ਹੈ ਕਿ ਅਗਲੇ ਕੁਝ ਹਫਤਿਆਂ ਅੰਦਰ ਹੀ ਫੈਡਰਲ ਚੋਣਾਂ ਹੋਣ ਦੀਆਂ ਸੰਭਾਵਨਾਵਾਂ ਦੌਰਾਨ ਪਾਰਟੀ ਲੀਡਰ ਅਤੇ ਪਾਰਟੀ ਵਿਚਲੇ ਹੀ ਕੁਝ ਐਗਜ਼ੈਕਟਿਵਜ਼ ਦੀ ਆਪਸੀ ਖਿੱਚੋਤਾਣ ਨੇ ਸਿਆਸੀ ਮਾਹਰਾਂ ਵਿਚ ਚਰਚਾ ਛੇੜੀ ਹੋਈ ਹੈ। 

ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੇ ਕਿਹਾ, ਇਹ ਪਾਰਟੀ ਵਿਚਲੇ ਇੱਕ ਛੋਟੇ ਜਿਹੇ ਗਰੁੱਪ ਦੀ ਹਰਕਤ ਹੈ। ਇਸ ਕਾਰਵਾਈ ਨੂੰ ਪਾਰਟੀ ਦੀ ਫੈਡਰਲ ਕਾਉਂਸਿਲ ਵੱਲੋਂ ਮਾਨਤਾ ਪ੍ਰਾਪਤ ਨਹੀਂ ਸੀ। ਇਸ ਕਾਰਵਾਈ ਨੂੰ ਫੈਡਰਲ ਕਾਉਂਸਿਲ ਦੇ ਸਨਮੁੱਖ ਪੇਸ਼ ਵੀ ਨਹੀਂ ਕੀਤਾ ਗਿਆ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪੌਲ ਵੱਲੋਂ ਆਪਣੇ ਖਿਲਾਫ ਬੇਭਰੋਸਗੀ ਦੇ ਮਤੇ ਅਤੇ ਮੈਂਬਰਸ਼ਿਪ ਰੀਵਿਊ ਕਰਨ ਨੂੰ ਰੋਕਿਆ ਗਿਆ ਸੀ। 

ਇਹਨਾਂ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਵਿਵਾਦ ਇੱਕ ਆਰਬਿਟ੍ਰੇਟਰ (ਫੈਸਲਾ ਕਰਵਾਉਣ ਵਾਲਾ ਵਿਚੋਲਾ) ਕੋਲ ਪਹੁੰਚਿਆ ਸੀ ਜਿਸਨੇ ਪੌਲ ਖਿਲਾਫ 20 ਜੁਲਾਈ ਨੂੰ ਤੈਅ ਹੋਏ ਬੇਭਰੋਸਗੀ ਦੇ ਮਤੇ ਨੂੰ ਰੱਦ ਕਰਕੇ ਉਹਨਾਂ ਦੀ ਮੈਂਬਰਸ਼ਿਪ ਰੀਵਿਊ ਕਰਨ ਨੂੰ ਵੀ ਰੋਕ ਦਿੱਤਾ ਸੀ। 

ਮੁਕਦਮਾ ਦਾਇਰ ਕਰਨ ਵਾਲੇ ਗ੍ਰੀਨ ਪਾਰਟੀ ਔਫ ਕੈਨੇਡਾ ਫੰਡ ਅਤੇ ਗ੍ਰੀਨ ਪਾਰਟੀ ਔਫ ਕੈਨੇਡਾ ਨੇ ਅਦਾਲਤ ਨੂੰ ਮੰਗ ਕੀਤੀ ਹੈ ਕਿ ਉਹ ਪੌਲ ਦੇ ਪੱਖ ਵਿਚ ਭੁਗਤੇ ਆਰਬਿਟ੍ਰੇਸ਼ਨ ਔਰਡਰਾਂ ਤੇ ਉਦੋਂ ਤੱਕ ਰੋਕ ਲਗਾ ਦੇਵੇ ਜਦੋਂ ਤੱਕ 19 ਅਗਸਤ ਨੂੰ ਪਾਰਟੀ ਨਵੀਂ ਫੈਡਰਲ ਕਾਉਂਸਿਲ ਨਹੀਂ ਚੁਣ ਲੈਂਦੀ। 

ਗ੍ਰੀਨ ਪਾਰਟੀ ਦੇ ਮੈਂਬਰਾਂ ਵੱਲੋਂ ਇੱਕ ਫੈਡਰਲ ਕਾਉਂਸਿਲ ਚੁਣੀ ਜਾਂਦੀ ਹੈ ਅਤੇ ਇੱਕ ਤਰ੍ਹਾਂ ਨਾਲ ਪਾਰਟੀ ਦੀ ਵਾਗਡੋਰ ਅਤੇ ਇੰਤਜ਼ਾਮ ਇਸ ਕਾਉਂਸਿਲ ਕੋਲ ਹੀ ਹੁੰਦੇ ਹਨ। ਪਾਰਟੀ ਦਾ ਕਹਿਣਾ ਹੈ ਕਿ ਅਰਬਿਟ੍ਰੇਟਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋਕੇ ਬੇਭਰੋਸਗੀ ਦੇ ਮਤੇ ਨੂੰ ਰੱਦ ਕੀਤਾ ਹੈ। 

ਦਰਅਸਲ ਅਨੈਮੀ ਪੌਲ ਅਤੇ ਉਹਨਾਂ ਦੀ ਪਾਰਟੀ ਦੇ ਕੁਝ ਮੈਂਬਰਾਂ ਨਾਲ ਉਹਨਾਂ ਦਾ ਵਿਵਾਦ ਮਈ ਮਹੀਨੇ ਵਿਚ ਸ਼ੁਰੂ ਹੋਇਆ ਸੀ। ਇਜ਼ਰਾਈਲ ਅਤੇ ਫਿਲਿਸਤੀਨ ਵਿਚਕਾਰ ਚਲ ਰਹੇ ਯੁੱਧ ਬਾਰੇ ਉਹਨਾਂ ਨੇ ਯੁੱਧ ਵਿਰਾਮ ਅਤੇ ਆਪਸੀ ਗੱਲਬਾਤ ਬਹਾਲ ਕੀਤੇ ਜਾਣ ਦੀ ਟਿੱਪਣੀ ਕੀਤੀ ਸੀ। 

ਫਰੈੱਡਰਿਕਟਨ ਤੋਂ ਮੈਂਬਰ ਪਾਰਲੀਮੈਂਟ ਜੈਨਿਕਾ ਐਟਵਿਨ ਨੇ ਪੌਲ ਦੀ ਇਜ਼ਰਾਇਲ ਖਿਲਾਫ ਟਿੱਪਣੀ ਨੂੰ ਬਿਲਕੁਲ ਬੇਤੁਕਾ ਆਖਿਆ ਸੀ। ਜੂਨ ਵਿਚ ਜੈਨਿਕਾ ਗ੍ਰੀਨ ਪਾਰਟੀ ਨੂੰ ਛੱਡ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ ਸਨ।

ਫਿਰ 14 ਜੂਨ ਨੂੰ ਪੌਲ ਦੇ ਸਿਆਸੀ ਸਲਾਹਕਾਰ ਨੋਆਹ ਜ਼ੇਜ਼ਮਨ ਨੇ ਇੱਕ ਫੇਸਬੁੱਕ ਪੋਸਟ ਵਿਚ ਦਾਅਵਾ ਕੀਤਾ ਕਿ ਉਹਨਾਂ ਨੇ ਪਾਰਟੀ ਅੰਦਰ ਯਹੂਦੀ ਵਿਰੋਧੀ ਭਾਵਨਾਵਾਂ ਮਹਿਸੂਸ ਕੀਤੀਆਂ ਹਨ ਅਤੇ ਉਹਨਾਂ ਪਾਰਟੀ ਅੰਦਰ ਪੱਖਪਾਤ ਹੋਣ ਦਾ ਵੀ ਇਲਜ਼ਾਮ ਲਗਾਇਆ ਸੀ। 

ਪਾਰਟੀ ਦੀ ਫੈਡਰਲ ਕਾਉਂਸਿਲ ਨੇ ਨੋਆਹ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਜਨਤਕ ਤੌਰ ਤੇ ਭੰਡਣ ਦੇ ਨਿਰਦੇਸ਼ ਦਿੱਤੇ ਸਨ ਅਤੇ ਪੌਲ ਨੂੰ ਇਹਨਾਂ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਸੀ। 

ਹਾਲਾਂਕਿ ਪੌਲ ਵੱਲੋਂ ਨੋਆਹ ਦੀ ਟਿੱਪਣੀਆਂ ਦਾ ਖੰਡਨ ਕਰਨ ਤੋਂ ਮੁਨਕਰ ਹੋਣ ਦੇ ਬਾਵਜੂਦ ਪਾਰਟੀ ਨੇ ਸੋਮਵਾਰ ਨੂੰ ਬੇਭਰੋਸਗੀ ਦੇ ਮਤੇ ਦੇ ਖ਼ਾਰਿਜ ਹੋਣ ਦੀ ਪੁਸ਼ਟੀ ਕੀਤੀ ਸੀ। 

ਕੈਥਰੀਨ ਟਨੀ · ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ