1. ਮੁੱਖ ਪੰਨਾ
  2. ਸਮਾਜ
  3. ਮੱਤ ਅਤੇ ਧਰਮ

ਅਸਾਨ ਨਹੀਂ ਰਿਹਾ ਕੈਨੇਡਾ 'ਚ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮੇਟ ਪਹਿਨਣ ਦੀ ਛੋਟ ਦਾ ਸਫ਼ਰ

ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਗਰੂਕਤਾ ਫ਼ੈਲਾ ਰਹੇ ਨੇ ਮੋਟਰ ਸਾਈਕਲ ਕਲੱਬ

ਇਸ ਸਮੇਂ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ ਸੀ) , ਓਨਟੇਰੀਓ , ਐਲਬਰਟਾ ਅਤੇ ਮੈਨੀਟੋਬਾ ਵਿੱਚ ਦਸਤਾਰਧਾਰੀ ਵਿਅਕਤੀਆਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਲੋੜ ਨਹੀਂ ਹੈ I

ਇਸ ਸਮੇਂ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ ਸੀ) , ਓਨਟੇਰੀਓ , ਐਲਬਰਟਾ ਅਤੇ ਮੈਨੀਟੋਬਾ ਵਿੱਚ ਦਸਤਾਰਧਾਰੀ ਵਿਅਕਤੀਆਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਲੋੜ ਨਹੀਂ ਹੈ I

ਤਸਵੀਰ: ਧੰਨਵਾਦ ਸਾਹਿਤ ਜਗਜੀਤ ਸੰਧੂ

Sarbmeet Singh

ਗਰਮੀ ਦੇ ਦਿਨਾਂ ਵਿੱਚ ਤੁਸੀਂ ਦਸਤਾਰਧਾਰੀ ਵਿਅਕਤੀਆਂ ਨੂੰ ਕੈਨੇਡਾ ਵਿੱਚ ਮੋਟਰਸਾਈਕਲ ਚਲਾਉਂਦੇ ਆਮ ਹੀ ਦੇਖ ਸਕਦੇ ਹੋ I ਸਿੱਖਾਂ ਵੱਲੋਂ ਕਾਇਮ ਕੀਤੇ ਵੱਖ ਵੱਖ ਮੋਟਰਸਾਈਕਲ ਕਲੱਬ ਅੱਜਕਲ ਦੇਸ਼ ਵਿੱਚ ਅਲੱਗ ਅਲੱਗ ਮਸਲਿਆਂ 'ਤੇ ਜਾਗਰੂਕਤਾ ਫੈਲਾਉਣ ਲਈ ਸੜਕਾਂ 'ਤੇ ਹਨ ਪਰ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਦੀ ਇਹ ਲੜਾਈ ਸ਼ਾਇਦ ਐਨੀ ਸੌਖੀ ਨਹੀਂ ਸੀ I

ਇਸ ਸਮੇਂ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ ਸੀ) , ਓਨਟੇਰੀਓ , ਐਲਬਰਟਾ ਅਤੇ ਮੈਨੀਟੋਬਾ ਵਿੱਚ ਦਸਤਾਰਧਾਰੀ ਵਿਅਕਤੀਆਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਲੋੜ ਨਹੀਂ ਹੈ I ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਨੇ ਸਭ ਤੋਂ ਪਹਿਲਾਂ ਸਾਲ 1999 ਦੌਰਾਨ ਜਦਕਿ ਓਨਟੇਰੀਓ ਅਤੇ ਐਲਬਰਟਾ ਨੇ 2018 ਦੌਰਾਨ ਦਸਤਾਰਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦਿੱਤੀ ਸੀ I

ਰੋਡ ਟੈਸਟ ਦੇਣ ਲਈ ਜਾਣਾ ਪਿਆ ਹਿਊਮਨ ਰਾਈਟਸ ਕਮਿਸ਼ਨ ਕੋਲ

ਬੀ ਸੀ ਨਿਵਾਸੀ ਅਵਤਾਰ ਸਿੰਘ ਢਿੱਲੋਂ ਨੂੰ ਮੋਟਰਸਾਈਕਲ ਦਾ ਲਾਇਸੈਂਸ ਲੈਣ ਸਮੇਂ ਪੱਗ ਬੰਨ ਕੇ ਰੋਡ ਟੈਸਟ ਦੇਣ ਲਈ ਲੰਬੀ ਜੱਦੋ-ਜਹਿਦ ਕਰਨੀ ਪਈ I ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਿਤ ਅਵਤਾਰ ਸਿੰਘ ਢਿੱਲੋਂ 1970 ਵਿੱਚ ਕੈਨੇਡਾ ਆਏ ਸਨ I ਢਿੱਲੋਂ ਨੇ 1977 ਦੌਰਾਨ ਜਦੋਂ ਪੱਗ ਬੰਨ ਕੇ ਰੋਡ ਟੈਸਟ ਦੇਣ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ I ਇਸਤੋਂ ਬਾਅਦ 1994 ਵਿੱਚ ਢਿੱਲੋਂ ਨੇ ਦੁਬਾਰਾ ਫਿਰ ਤੋਂ ਇਹ ਯਤਨ ਕੀਤਾ ਤਾਂ ਉਹਨਾਂ ਦੇ ਪੱਲੇ ਨਿਰਾਸ਼ਾ ਹੀ ਪਈ I

ਪਰ ਇਸ ਦੌਰਾਨ ਅਵਤਾਰ ਢਿੱਲੋਂ ਨੇ ਹੌਂਸਲਾ ਨਾ ਹਾਰਿਆ I ਬੀ ਸੀ ਦੀਆਂ ਵੱਖ ਵੱਖ ਸਿੱਖ ਸੋਸਾਇਟੀਜ਼ ਨਾਲ ਮਿਲ ਕੇ ਢਿੱਲੋਂ ਨੇ 1995 ਦੌਰਾਨ ਇਸ ਮਸਲੇ ਨੂੰ ਬੀ ਸੀ ਹਿਊਮਨ ਰਾਈਟਸ ਕਮਿਸ਼ਨ ਕੋਲ ਲਿਜਾਣ ਦਾ ਫ਼ੈਸਲਾ ਲਿਆ I ਇਸ ਮਸਲੇ ਦੀ ਸੁਣਵਾਈ ਦੌਰਾਨ ਸਿੱਖ ਇਤਿਹਾਸ ਨਾਲ ਸੰਬੰਧਿਤ ਤੱਥ ਪੇਸ਼ ਕੀਤੇ ਗਏ I ਮਾਰਚ ,1999 ਦੌਰਾਨ ਕਮਿਸ਼ਨ ਨੇ ਇੱਕ ਇਤਿਹਾਸਿਕ ਫ਼ੈਸਲੇ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਬਿਨ੍ਹਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਦੇ ਦਿੱਤੀ I

ਦਸਤਾਰ ਨਾਲ ਮੋਟਰਸਾਈਕਲ ਉੱਪਰ ਅਵਤਾਰ ਸਿੰਘ I

ਦਸਤਾਰ ਨਾਲ ਮੋਟਰਸਾਈਕਲ ਉੱਪਰ ਅਵਤਾਰ ਸਿੰਘ I

ਤਸਵੀਰ: ਧੰਨਵਾਦ ਸਾਹਿਤ ਅਵਤਾਰ ਸਿੰਘ

ਅਵਤਾਰ ਸਿੰਘ ਢਿੱਲੋਂ ਨੇ ਕਿਹਾ ਇਸ ਲੜਾਈ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਮੇਰਾ ਪੂਰਾ ਸਾਥ ਦਿੱਤਾ I ਮੇਰਾ ਮੁੱਖ ਮਕਸਦ ਦਸਤਾਰ ਨੂੰ ਉਤਸ਼ਾਹਿਤ ਕਰਨਾ ਹੈI ਆਪਣੀ ਇਸ ਲੜਾਈ ਬਾਰੇ ਗੱਲਬਾਤ ਕਰਦਿਆਂ ਢਿੱਲੋਂ ਨੇ ਕਿਹਾ ,ਇਸ ਸਮੇਂ ਮੈਂ ਸਿਰਫ਼ 75 ਸਾਲ ਦਾ ਹਾਂ ਅਤੇ ਮੋਟਰਸਾਈਕਲ ਚਲਾਉਣਾ ਮੈਨੂੰ ਬੇਹੱਦ ਪਸੰਦ ਹੈ I ਸਾਡੀ ਪੁਰਾਣੀ ਪੀੜੀ ਨੇ ਆ ਕੇ ਬਹੁਤ ਕੁਝ ਕੀਤਾ ਅਤੇ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ I

ਓਨਟੇਰੀਓ ਵਿੱਚ ਵੀ ਅਦਾਲਤ ਵਿੱਚ ਗਿਆ ਮਸਲਾ

ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਦਾ ਮਸਲਾ ਓਨਟੇਰੀਓ ਸੂਬੇ ਵਿੱਚ ਵੀ ਅਦਾਲਤ ਵਿੱਚ ਗਿਆ I ਬਲਜਿੰਦਰ ਸਿੰਘ ਬਦੇਸ਼ਾ ਨਾਮੀ ਪੰਜਾਬੀ ਮੂਲ ਦੇ ਵਿਅਕਤੀ ਨੂੰ ਸਾਲ 2005 ਦੌਰਾਨ ਬਿਨ੍ਹਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਕਰਕੇ ਜੁਰਮਾਨਾ ਕੀਤਾ ਗਿਆ , ਜਿਸਤੋਂ ਬਾਅਦ ਬਦੇਸ਼ਾ ਵੱਲੋਂ ਅਦਾਲਤ ਦਾ ਰੁੱਖ ਕੀਤਾ ਗਿਆ I ਭਾਵੇਂ ਕਿ ਬਲਜਿੰਦਰ ਸਿੰਘ ਬਦੇਸ਼ਾ ਅਦਾਲਤ ਵਿੱਚ ਇਹ ਕੇਸ ਹਾਰ ਗਏ ਪਰ ਸੂਬਾਈ ਸਰਕਾਰ ਵੱਲੋਂ ਅਕਤੂਬਰ 2018 ਦੌਰਾਨ ਦਸਤਾਰਧਾਰੀ ਸਿੱਖਾਂ ਨੂੰ ਬਿਨ੍ਹਾਂ ਹੈਲਮੇਟ ਤੋਂ ਮੋਟਰਸਾਈਕਲ ਚਲਾਉਣ ਦੀ ਆਗਿਆ ਦੇ ਦਿੱਤੀ ਗਈ I

ਇਸ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ , ਵਰਲਡ ਸਿੱਖ ਆਰਗੇਨਾਈਜ਼ੇਸ਼ਨ ਤੋਂ ਬਲਪ੍ਰੀਤ ਸਿੰਘ ਨੇ ਕਿਹਾ ਇਹ ਸ਼ਲਾਘਾਯੋਗ ਹੈ , ਪੁਰਾਣੇ ਸਮੇਂ ਵਿੱਚ ਇਹ ਆਜ਼ਾਦੀ ਨਹੀਂ ਸੀ I ਇਹ ਲੜਾਈ ਕਾਨੂੰਨੀ ਲੜਾਈ ਨਹੀਂ ਹੈ I ਇਹ ਲੜਾਈ ਸਿਆਸੀ ਤਰੀਕੇ ਨਾਲ ਵੀ ਜਿੱਤੀ ਜਾ ਸਕਦੀ ਹੈ ਕਿਉਂਕਿ ਸਰਕਾਰਾਂ ਆਪਣੇ ਪੱਧਰ 'ਤੇ ਨਿਯਮ ਬਦਲ ਸਕਦੀਆਂ ਹਨ I

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਮੂਲ ਦੇ ਵਿਅਕਤੀ ਸਿਆਸਤ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਹਨ ਪਰ ਸਿਆਸਤ ਸਦਕਾ ਪੰਜਾਬੀ ਭਾਈਚਾਰੇ ਦੀ ਭਲਾਈ ਲਈ ਅਜੇ ਬਹੁਤ ਸਾਰੇ ਹੋਰ ਉੱਦਮ ਕਰਨ ਦੀ ਲੋੜ ਹੈ
ਬਲਪ੍ਰੀਤ ਸਿੰਘ , ਵਰਲਡ ਸਿੱਖ ਆਰਗੇਨਾਈਜ਼ੇਸ਼ਨ

ਬਣੇ ਹੋਏ ਹਨ ਵੱਖ ਵੱਖ ਮੋਟਰਸਾਈਕਲ ਕਲੱਬ

ਕੈਨੇਡਾ ਭਰ ਵਿੱਚ ਵੱਖ ਵੱਖ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਕਲੱਬ ਬਣੇ ਹੋਏ ਹਨ ਅਤੇ ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਦਸਤਾਰਧਾਰੀ ਪੰਜਾਬੀ ਸ਼ਾਮਿਲ ਹਨ I ਸ਼ੌਂਕੀਆਂ ਤੌਰ 'ਤੇ ਮੋਟਰਸਾਈਕਲ ਚਲਾਉਣ ਤੋਂ ਇਲਾਵਾ ਇਹਨਾਂ ਮੋਟਰਸਾਈਕਲ ਕਲੱਬਾਂ ਵੱਲੋਂ ਅਲੱਗ ਅਲੱਗ ਤਰਾਂ ਦੀਆਂ ਮੁਹਿੰਮਾਂ ਵਿੱਚ ਹਿੱਸਾ ਵੀ ਲਿਆ ਜਾਂਦਾ ਹੈ I ਸਿੱਖ ਰਾਈਡਰਜ਼ ਆਫ ਕੈਨੇਡਾ ਮੋਟਰਸਾਈਕਲ ਕਲੱਬ ਸਮੇਤ ਹੋਰਨਾਂ ਕਲੱਬਾਂ ਵੱਲੋਂ ਬੀ ਸੀ ਦੇ ਕੈਮਲੂਪਸ ਦੇ ਸਾਬਕਾ ਇੰਡੀਅਨ ਰੇਜ਼ੀਡੈਂਸ਼ੀਅਲ ਸਕੂਲ ਵਿੱਚ 215 ਬੱਚਿਆਂ ਦੇ ਅਵਸ਼ੇਸ਼ ਮਿਲਣ 'ਤੇ ਮੂਲਨਿਵਾਸੀ ਭਾਈਚਾਰੇ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਗਿਆ I

ਇਸੇ ਤਰ੍ਹਾਂ ਹੀ ਗਾਜ਼ਾ ਪੱਟੀ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਇਸਲਾਮਿਕ ਰਿਲੀਫ਼ ਕੈਨੇਡਾ , ਮੁਸਲਿਮ ਰਾਈਡਰਜ਼ ਆਫ ਕੈਨੇਡਾ ਅਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਵੈਨਕੂਵਰ ਤੋਂ ਲੈ ਕੇ ਐਡਮੰਟਨ ਤੱਕ ਯਾਤਰਾ ਕੀਤੀ ਗਈ I

ਇਸ਼ੋਰੈਸ਼ ਮਾਹਿਰ ਪਰਮਜੀਤ ਗਿੱਲ ਦਾ ਕਹਿਣਾ ਹੈ ਕਿ ਉਹ ਬਹੁਤ ਸਾਰੇ ਪੰਜਾਬੀਆਂ ਨੂੰ ਜਾਣਦੇ ਹਨ ਜੋ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਂਦੇ ਹਨ I ਪਰਮਜੀਤ ਗਿੱਲ ਨੇ ਕਿਹਾ ਸਰਕਾਰ ਵੱਲੋਂ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਹੈ I ਮੇਰੇ ਧਿਆਨ ਵਿੱਚ ਅਜਿਹਾ ਕੋਈ ਕੇਸ ਨਹੀਂ ਹੈ ਜਿਸ ਵਿੱਚ ਦਸਤਾਰਧਾਰੀ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਹੋਵੇ ਅਤੇ ਦੁਰਘਟਨਾ ਹੋਣ ਕਰਕੇ ਉਸਨੂੰ ਕਲੇਮ ਲੈਣ ਵਿੱਚ ਕੋਈ ਮੁਸ਼ਕਿਲ ਆਈ ਹੋਵੇI

ਓਨਟੇਰੀਓ ਦੇ 37 ਸਾਲ ਨੌਜਵਾਨ ਵਿਕ ਬਾਠ ਦਾ ਕਹਿਣਾ ਹੈ ਕਿ ਉਹ ਅਜਿਹੇ ਫੈਬਰਿਕ ਨਾਲ ਦਸਤਾਰ ਤਿਆਰ ਕਰਨ 'ਤੇ ਕੰਮ ਕਰ ਰਹੇ ਹਨ ਜੋ ਕਿ ਬੁਲੇਟ ਪਰੂਫ਼ ਹੋਵੇਗਾ I ਬਾਠ ਨੇ ਕਿਹਾ ਇਸ ਉਪਰ ਕੰਮ ਚੱਲ ਰਿਹਾ ਹੈ I ਦਸਤਾਰ ਦੇ ਡਿਜ਼ਾਇਨ ਤਿਆਰ ਹਨ ਅਤੇ ਜਲਦੀ ਹੀ ਅਜਿਹੀ ਦਸਤਾਰ ਉਪਲਬਧ ਹੋਵੇਗੀ ਜਿਸ ਸਦਕਾ ਸੇਫ਼ਟੀ ਹੋਰ ਵਧੇਗੀ I

ਸਿੱਖ ਰਾਈਡਰਜ਼ ਆਫ ਕੈਨੇਡਾ ਦੇ ਪ੍ਰੈਜ਼ੀਡੈਂਟ ਜਗਜੀਤ ਸਿੰਘ ਸੰਧੂ ਨੇ ਕਿਹਾ ਜਦੋਂ ਅਸੀਂ ਦਸਤਾਰ ਬੰਨ ਕੇ ਮੋਟਰਸਾਈਕਲ ਚਲਾਉਂਦੇ ਹਾਂ ਤਾਂ ਬਹੁਤ ਸਾਰੇ ਕਨੇਡੀਅਨਜ਼ ਸਾਨੂੰ ਹੈਲਮੇਟ ਬਾਰੇ ਪੁੱਛਦੇ ਹਨ I ਇਸਤੋਂ ਇਲਾਵਾ ਇਹ ਆਪਣੇ ਇਤਿਹਾਸ ਅਤੇ ਧਰਮ ਬਾਰੇ ਜਾਗਰੂਕਤਾ ਫੈਲਾਉਣ ਦਾ ਇਕ ਬਿਹਤਰੀਨ ਮੌਕਾ ਹੁੰਦਾ ਹੈ ਕਿਉਂਕਿ ਹਾਲ਼ੇ ਵੀ ਬਹੁਤ ਸਾਰੇ ਲੋਕ ਸਿੱਖ ਅਤੇ ਮੁਸਲਿਮ ਭਾਈਚਾਰੇ ਵਿੱਚ ਫ਼ਰਕ ਨਹੀਂ ਸਮਝ ਪਾਉਂਦੇ I

Sarbmeet Singh

ਸੁਰਖੀਆਂ